ਭਾਰਟੇ ਪਿੰਡ ਦੀ ਫਿਰਨੀ ਤੋਂ ਬੋਸਟਨ ਮੈਰਾਥਨ ਤੱਕ…ਜਗਜੀਤ ਸਿੰਘ ਗਣੇਸ਼ਪੁਰ

ਦੁਨੀਆ ਤੇ ਸ਼ਾਇਦ ਹੀ ਕੋਈ ਅਜਿਹਾ ਅਭਾਗਾ ਇਨਸਾਨ ਹੋਵੇਗਾ ਜਿਸ ਨੂੰ ਆਪਣੀ ਜਨਮ ਭੋਇ ਨਾਲ ਪਿਆਰ ਨਾ ਹੋਵੇ ਜਾਂ ਜਿਸ ਸਥਾਨ ਉੱਪਰ ਉਸ ਨੇ ਆਪਣੇ ਬਚਪਨ ਦੇ ਸੁਨਹਿਰੀ ਦਿਨਾਂ ਦਾ ਅਨੰਦ ਮਾਣਿਆਂ ਹੋਵੇ, ਉਸ ਨੂੰ, ਉਹ ਆਪਣੀਆਂ ਯਾਦਾਂ ਵਿੱਚੋਂ ਵਿਸਾਰ ਦੇਵੇ। ਮੇਰਾ ਪਿੰਡ ਹੁਸ਼ਿਆਰਪੁਰ ਜ਼ਿਲ੍ਹੇ ਵਿੱਚ ਫੁੱਟਬਾਲ ਦੀ ਨਰਸਰੀ ਵਜੋਂ ਜਾਣੇ ਜਾਂਦੇ ‘ਮਾਹਿਲਪੁਰ’ ਸ਼ਹਿਰ ਦੇ ਨਜ਼ਦੀਕ ਮਾਹਿਲਪੁਰ-ਫਗਵਾੜਾ ਸੜਕ ਤੇ ਸਥਿਤ ‘ਭਾਰਟਾ ਗਣੇਸ਼ਪੁਰ’ ਹੈ। ਪੰਜਾਬ ਦੇ ਕਈ ਪਿੰਡਾਂ ਵਾਂਗ ‘ਭਾਰਟਾ ਗਣੇਸ਼ਪੁਰ’ ਵੀ ਦੋ ਪਿੰਡਾਂ (ਭਾਰਟਾ ਅਤੇ ਗਣੇਸ਼ਪੁਰ) ਦਾ ਸਾਂਝਾ ਨਾਮ ਹੈ। ਹੋਰਨਾਂ ਵਾਂਙ ਮੈਨੂੰ ਵੀ ਆਪਣੇ ਪਿੰਡ ਨਾਲ ਅੰਤਾਂ ਦਾ ਮੋਹ ਹੈ। ਜਦੋਂ ਵੀ ਮੈਨੂੰ ਆਪਣੇ ਪਿੰਡ ਦੇ ਕਿਸੇ ਬਾਸ਼ਿੰਦੇ/ਪਰਵਾਸੀ ਦੀ ਕੋਈ ਮਾਣਮੱਤੀ ਪ੍ਰਾਪਤ ਨਜ਼ਰ ਪੈਂਦੀ ਹੈ ਤਾਂ ਮੈਂ ਕਲਮ ਚੁੱਕ ਲਿੱਖਣ ਬੈਠ ਜਾਂਦਾ ਹਾਂ, ਅੱਜ ਵੀ ਤੁਹਾਡੇ ਨਾਲ ਆਪਣੇ ਪਿੰਡ ਦੇ ਪਰਵਾਸੀ ਸ਼੍ਰੀ ਸੁਰਿੰਦਰ ਸਿੰਘ ਬੈਂਸ ਜੀ ਦੇ ਸ਼ੋਕ, ਜਜ਼ਬੇ ਅਤੇ ਮਾਣਮੱਤੀ ਪ੍ਰਾਪਤੀਆਂ ਬਾਰੇ ਜਾਣਕਾਰੀ ਸਾਂਝੀ ਕਰਾਂਗਾ ਜਿਹੜੇ ਕਿ ਇੱਕ ਮੈਰਾਥਨ ਦੌੜਾਕ ਹਨ ਅਤੇ ਅੱਜਕੱਲ੍ਹ ਕੈਨੇਡਾ ਦੇ ਸਰੀ ਸ਼ਹਿਰ ਵਿੱਚ ਰਹਿੰਦੇ ਹੋਏ ‘ਪੰਜਾਬ ਰਨਿੰਗ ਕਲੱਬ ਸਰੀ’ ਦੇ ਮੈਂਬਰ ਵਜੋਂ ਸਰਗਰਮ ਭੂਮਿਕਾ ਨਿਭਾ ਰਹੇ ਹਨ।
ਜੇਕਰ ਆਪਣੇ ਪਿੰਡ ਦੀ ਖੇਡ ਦੇ ਖੇਤਰ ਦੇ ਤੌਰ ਤੇ ਗੱਲ ਕਰਾਂ ਤਾਂ ਮੇਰੇ ਪਿੰਡ ਨੇ ਕਈ ਪ੍ਰਸਿੱਧ ਫੁੱਟਬਾਲ ਖਿਡਾਰੀ ਪੈਦਾ ਕੀਤੇ ਹਨ। ਇਸ ਦੇ ਨਾਲ ਹੀ ਇੰਗਲੈਂਡ ਨਿਵਾਸੀ ਮਨਜੀਤ ਸਿੰਘ ਜਿਸ ਨੂੰ ‘ਲੋਹ ਪੁਰਸ਼’ ਵਜੋਂ ਜਾਣਿਆ ਜਾਂਦਾ ਹੈ ਅਤੇ ਜੋ ਆਪਣੇ ਹੈਰਾਨੀਜਨਕ ਕਰਤੱਵਾਂ ਕਾਰਨ ਆਪਣਾ ਨਾਮ ‘ਗਿੰਨਿਜ਼ ਬੁੱਕ ਆਫ ਰਿਕਾਰਡ’ ਵਿੱਚ ਦਰਜ ਕਰਵਾ ਚੁੱਕੇ ਹਨ, ਉਹ ਵੀ ਇਸ ਪਿੰਡ ਤੋਂ ਹੀ ਹਨ, ਹੋਰ ਤਾਂ ਹੋਰ ਸਰੀ ਨਿਵਾਸੀ ਜਸਵੀਰ ਸਿੰਘ ਪੰਧੇਰ ਨੇ ਆਪਣੇ ਸਾਥੀਆ ਨਾਲ ਮਿਲ ਕੇ ਲੀਕ ਤੋਂ ਹੱਟ ‘ਨਿਊਟਨ ਟੈਨਿਸ ਕਲੱਬ’ ਬਣਾ ਕੇ ਇਕ ਨਵੀਂ ਪਿਰਤ ਪਾਈ ਹੈ। ਅਜਿਹੀ ਹੀ ਇੱਕ ਹੋਰ ਮਾਣਮੱਤੀ ਮੇਰੇ ਪਿੰਡ ਦੀ ਸ਼ਖ਼ਸੀਅਤ ਹੈ, ਸੁਰਿੰਦਰ ਸਿੰਘ ਬੈਂਸ ਜੋ ਕਿ ਇੱਕ ਮੈਰਾਥਨ ਦੌੜਾਕ ਹਨ ਅਤੇ ‘ਪੰਜਾਬ ਰਨਿੰਗ ਕਲੱਬ ਸਰੀ’ ਦੇ ਮੋਢੀ ਮੈਂਬਰਾਂ ਵਿੱਚੋਂ ਇੱਕ ਹਨ।

ਜੇ ਸੁਰਿੰਦਰ ਸਿੰਘ ਦੇ ਬਚਪਨ ਅਤੇ ਸਕੂਲੀ ਸਿੱਖਿਆ ਦੀ ਗੱਲ ਕਰਾਂ ਤਾਂ ਉਨ੍ਹਾਂ ਦਾ ਜਨਮ 1955 ਵਿੱਚ ਹੋਇਆ ਅਤੇ ਉਹ ਪਿੰਡ ਦੀਆ ਸੱਥਾਂ, ਫਿਰਨੀਆਂ ਅਤੇ ਖਦਰਾਂ ਵਾਲੀ ਗਰਾਊਂਡ ਵਿਚ ਵਿਚਰਦੇ, ਘੁੰਮਦੇ, ਦੋੜਦੇ ਅਤੇ ਖੇਡਦੇ ਵੱਡੇ ਹੋਏ। 1971-72 ਮਾਹਿਲਪੁਰ ਸਰਕਾਰੀ ਸਕੂਲ ਵਿੱਚ ਪੜ੍ਹਦਿਆਂ ਉਨ੍ਹਾਂ ਨੇ ਜ਼ਿਲ੍ਹਾ ਪੱਧਰੀ ਸਕੂਲ ਖੇਡਾਂ ਵਿੱਚ ਵਿੱਚ ਦੂਜਾ ਅਤੇ ਤੀਜਾ ਸਥਾਨ ਹਾਸਿਲ ਕੀਤਾ। ਇਸ ਉੱਪਰੰਤ 1974-75 ਵਿੱਚ ਉਹ ਖ਼ਾਲਸਾ ਕਾਲਜ ਮਾਹਿਲਪੁਰ ਦੀ ਅਥਲੈਟਿਕ ਟੀਮ ਦੇ ਮੈਂਬਰ ਵੀ ਰਹੇ। 1976 ਵਿੱਚ ਉਹ ਇੰਗਲੈਂਡ ਆ ਗਏ, ਇੱਥੇ ਮਸ਼ੀਨਨਿਸਟ ਦਾ ਕੰਮ ਕਰਨ ਦੇ ਨਾਲ-ਨਾਲ ਉਨ੍ਹਾਂ ਆਪਣਾ ਸ਼ੋਕ ਵੀ ਜਾਰੀ ਰੱਖਿਆ। ਫਿਰ 1990 ਵਿੱਚ ਉਹ ਪੁਆਇੰਟ ਸਿਸਟਮ ਦੇ ਅਧਾਰ ਤੇ ਕੈਨੇਡਾ ਦੇ ਸ਼ਹਿਰ ਸਰੀ ਵਿਖੇ ਆ ਵਸੇ। ਪਰਵਾਸ ਇੱਕ ਅਜਿਹੀ ਪੀੜ ਹੈ, ਜਿਸ ਨੂੰ ਬਹੁਗਿਣਤੀ ਪੰਜਾਬੀ ਆਪਣੇ ਅਤੇ ਆਪਣੇ ਪਰਿਵਾਰ ਦੇ ਸੁਨਹਿਰੀ ਭਵਿੱਖ ਲਈ ਬੜੀਆਂ ਤੰਗੀਆਂ-ਤੁਰਸ਼ੀਆਂ ਨਾਲ ਹੰਢਾਉਂਦੇ ਹਨ। ਜਦੋਂ ਵਿਦੇਸ਼ੀ ਧਰਤੀ ਉੱਪਰ ਆਪਣਾ ਗੁਜ਼ਾਰਾ-ਬੱਸਰ ਕਰਨ ਲਈ ਤਲਖ਼ ਹਕੀਕਤਾਂ ਨਾਲ ਦੋ-ਚਾਰ ਹੋਣਾ ਪੈਂਦਾ ਹੈ, ਉਸ ਸਮੇਂ ਬਹੁਤੇ ਲੋਕ ਆਪਣੇ ਸੁਪਨੇ, ਸ਼ੋਕ ਅਤੇ ਖਵਾਹਿਸ਼ਾ ਨੂੰ ਤਿਲਾਂਜਲੀ ਦੇ ਕੇ ਕੋਹਲੂ ਦੇ ਬਲਦ ਵਾਂਗ ਦਿਨ-ਬ-ਦਿਨ ਮਕਾਨਾਂ/ਗੱਡੀਆਂ/ਬਿੱਲਾਂ ਦੀਆਂ ਕਿਸ਼ਤਾਂ ਭਰਦੇ ਹੋਏ ਜ਼ਿੰਦਗੀ ਬਿਤਾਉਣ ਦੇ ਰਾਹ ਪੈ ਜਾਂਦੇ ਹਨ। ਪਰੰਤੂ ਸੁਰਿੰਦਰ ਸਿੰਘ ਉਨ੍ਹਾਂ ਖ਼ੁਸ਼ਕਿਸਮਤ ਇਨਸਾਨਾਂ ਵਿੱਚੋਂ ਇੱਕ ਹੈ, ਜਿਨ੍ਹਾਂ ਨੇ ਆਪਣੇ ਕੰਮਕਾਰ ਦੇ ਨਾਲ-ਨਾਲ ਆਪਣੇ ਸ਼ੋਕ ਵੀ ਜਿੰਦਾ ਰੱਖੇ।
ਗੱਲ 2000 ਦੀ ਹੈ, ਜਦੋਂ ਉਨ੍ਹਾਂ ਨੇ ਗੰਭੀਰ ਰੂਪ ਵਿੱਚ ਦੌੜਨ ਨੂੰ ਆਪਣੀ ਜ਼ਿੰਦਗੀ ਦਾ ਮਕਸਦ ਬਣਾਇਆ ਅਤੇ ਉਹ ਆਪਣੇ ਕੁੱਝ ਸਾਥੀਆ ਨਾਲ ਮਿਲ ਕੇ ਹਰ ਸਨਿਚਰਵਾਰ ਨੂੰ 60-65 ਕਿੱਲੋਮੀਟਰ ਦੋੜ ਲਾਉਂਦੇ, ਉਹ ਜਿਸ ਵੀ ਕਿਸੇ ਇਨਸਾਨ ਵਿੱਚ ਦੌੜਨ ਦੀ ਰੁਚੀ ਵੇਖਦੇ, ਉਸ ਨਾਲ ਸੰਪਰਕ ਕਰ ਲੈਂਦੇ, ਕਿਸੇ ਨੂੰ ਪਾਰਕ ਵਿੱਚ ਤੇਜ਼ ਸੈਰ ਕਰਦੇ ਵੇਖਣਾ ਤਾਂ ਉਸ ਨਾਲ ਰਾਬਤਾ ਕਰਨਾ, ਇੰਝ ਇਹ ਕਾਰਵਾਂ ਬਣਦਾ ਗਿਆ ਅਤੇ ਉਨ੍ਹਾਂ ਨੇ ਆਪਣੇ ਸਾਥੀਆ ਨਾਲ ਮਿਲ ਕੇ 2017 ਵਿੱਚ ‘ਪੰਜਾਬ ਰਨਿੰਗ ਕਲੱਬ ਸਰੀ’ ਦਾ ਗਠਨ ਕੀਤਾ। ਅੱਜ ਉਹ ‘ਪੰਜਾਬ ਰਨਿੰਗ ਕਲੱਬ ਸਰੀ’ ਵਿੱਚ ਕਹਿ ਸਕਦੇ ਹਾਂ ਕਿ ਕਈ ਨਵੇਂ ਮੈਂਬਰਾਂ ਨੂੰ ਦੌੜਨ ਦੇ ਹੁਨਰ ਸਿਖਾਂ ਚੁੱਕੇ ਹਨ। ਇਸ ਕਲੱਬ ਵਿੱਚ ਵੱਖ-ਵੱਖ ਵਰਗ, ਉਮਰ ਅਤੇ ਪੇਸ਼ੇ ਦੇ ਮੈਂਬਰ ਸ਼ਾਮਿਲ ਹਨ।ਕਲੱਬ ਮੈਂਬਰਾਂ ਦਾ ਇਹੀ ਪ੍ਰਣ ਹੈ ਕਿ ਅਸੀਂ ਆਪਣੀ ਆਉਣ ਵਾਲੀ ਪੀੜੀ ਨੂੰ ਕੁਰਾਹੇ ਪੈਣ ਤੋਂ ਬਚਾ ਕੇ ਇੱਕ ਨਰੋਈ ਸੇਧ ਦੇਈਏ।

 ਸੁਰਿੰਦਰ ਜੀ ਦੁਆਰਾ ਮੈਰਾਥਨ ਦੌੜਨ ਦੀ ਸ਼ੁਰੂਆਤ ਸੰਨ 2002  'ਵੈਨਕੂਵਰ ਫੁੱਲ ਮੈਰਾਥਨ'(42.2 ਕਿੱਲੋਮੀਟਰ) ਤੋ ਹੋਈ।ਉਹ 'ਵਿਕਟੋਰੀਆ ਮੈਰਾਥਨ', 'ਸਕੈਗਿਟ ਮੈਰਾਥਨ', ਅਮਰੀਕਾ, 'ਬੋਸਟਨ ਮੈਰਾਥਨ', ਅਮਰੀਕਾ ਆਦਿ ਵਿੱਚ ਦੋੜ ਚੁੱਕੇ ਹਨ। ਉਨ੍ਹਾਂ ਦੇ ਦੱਸਣ ਮੁਤਾਬਿਕ ਉਨ੍ਹਾਂ ਨੂੰ ਜੋ ਖ਼ੁਸ਼ੀ 'ਬੋਸਟਨ ਮੈਰਾਥਨ' 2005 ਵਿੱਚ ਦੋੜ ਕੇ ਮਿਲੀ, ਉਹ ਇੱਕ ਅਲੱਗ ਹੀ ਸੁਖਦ ਅਹਿਸਾਸ ਸੀ ਕਿਉਂਕਿ 'ਬੋਸਟਨ ਮੈਰਾਥਨ' ਵਿੱਚ ਹਿੱਸਾ ਲੈਣ ਲਈ ਨਿਯਮ ਅਧਾਰਿਤ ਹਨ, ਜਿਨ੍ਹਾਂ ਦੀ ਪੂਰਤੀ ਕਰਨ ਤੋਂ ਬਾਅਦ ਹੀ ਤੁਸੀਂ ਇਸ ਸੰਸਾਰ ਪ੍ਰਸਿੱਧ ਫੁੱਲ ਮੈਰਾਥਨ ਵਿੱਚ ਦੋੜ ਸਕਦੇ ਹੋ।ਇਹ ਉਨ੍ਹਾਂ ਦੇ ਜੀਵਨ ਦਾ ਕੀਮਤੀ ਤੋਹਫ਼ਾ ਸੀ। 'ਬੋਸਟਨ' ਅਮਰੀਕਾ ਦੇ ਮੈਸੇਚਿਉਸਟੇਸ ਰਾਜ ਦੀ ਰਾਜਧਾਨੀ ਹੈ ਅਤੇ ਇੱਥੇ ਹਰ ਸਾਲ ਅਪ੍ਰੈਲ ਦੇ ਤੀਜੇ ਸੋਮਵਾਰ ਨੂੰ ਵਿਸ਼ਵ ਦੀ ਸਭ ਤੋਂ ਪ੍ਰਸਿਧ ਮੈਰਾਥਨ ਦਾ ਆਯੋਜਨ ਕੀਤਾ ਜਾਂਦਾ ਹੈ। 'ਪਟਿਆਲਾ ਫੁੱਲ ਮੈਰਾਥਨ', ਪੰਜਾਬ ਅਕਤੂਬਰ 2016 ਤੋਂ ਬਾਅਦ ਉਹ ਹੁਣ ਫੁੱਲ ਮੈਰਾਥਨ ਨਹੀਂ ਦੋੜ ਰਹੇ ਪਰ ਘੱਟ ਦੂਰੀ ਵਾਲੀਆ ਜਿਵੇਂ 'ਵੈਨਕੂਵਰ ਸਨ ਰਨ' ਆਦਿ ਮੈਰਾਥਨ ਵਿੱਚ ਹਿੱਸਾ ਲੈ ਰਹੇ ਹਨ।
ਇੱਕ ਡੈਨਿਸ਼ ਕਹਾਵਤ ਵੀ ਹੈ ਕਿ 'ਉਮਰ ਨਾਲ ਸਿਰਫ਼ ਚਿਹਰੇ 'ਤੇ ਹੀ ਝੁਰੜੀਆਂ ਪੈਂਦੀਆਂ ਹਨ ਪਰ ਉਤਸ਼ਾਹ ਮੁੱਕ ਜਾਵੇ ਤਾਂ ਰੂਹ ਉੱਪਰ ਵੀ ਝੁਰੜੀਆਂ ਪੈ ਜਾਂਦੀਆਂ ਹਨ'। ਇਸ ਹੀ ਸੰਦਰਭ ਵਿੱਚ ਜੇਕਰ ਗੱਲ ਕਰੀਏ ਤਾਂ ਇਹ ਇੱਕ ਸਚਾਈ ਹੈ ਕਿ ਉਮਰ ਦੇ ਇਸ ਪੜਾਅ ਤੇ ਪੁੱਜ ਕੇ ਬਹੁਤੇ ਇਨਸਾਨ ਨਿਰ-ਉਤਸ਼ਾਹਿਤ ਹੋ ਜਾਂਦੇ ਹਨ ਲੇਕਿਨ ਸੁਰਿੰਦਰ ਸਿੰਘ ਪੂਰੇ ਉਤਸ਼ਾਹ ਨਾਲ ਭਰਪੂਰ ਹਨ। ਉਹ 'ਪੀਸੀਬੀ ਪੋਰਪਰਾਟੀਜ਼ ਲਿਮਟਿਡ ਸਰੀ' ਵਿੱਚ ਆਪਣੀਆ ਸੇਵਾਵਾਂ ਨਿਭਾਉਂਦੇ ਹੋਏ ਜ਼ਿੰਦਗੀ ਦੇ ਪੈਂਡੇ ਬੜੇ ਹੀ ਜ਼ਿੰਦਾ-ਦਿਲੀ ਨਾਲ ਤੈਅ ਕਰ ਰਹੇ ਹਨ। 'ਟਰਬਨੇਡ ਟੋਰਾਡੋਂ' ਵਜੋਂ ਪ੍ਰਸਿੱਧੀ ਹਾਸਲ ਕਰਨ ਵਾਲੇ ਫੌਜ਼ਾ ਸਿੰਘ ਤੋਂ ਉਹ ਬੇਹੱਦ ਪ੍ਰਭਾਵਿਤ ਹਨ ਅਤੇ ਜ਼ਿੰਦਗੀ ਨੂੰ ਇੱਕ ਸੁਹਾਵਣੇ ਸਫ਼ਰ ਵਾਗ ਜਿਊਣ ਵਿੱਚ ਵਿਸ਼ਵਾਸ ਰੱਖਦੇ ਹਨ।
ਸੁਰਿੰਦਰ ਸਿੰਘ, ਜਦੋਂ ਵੀ ਕਿਤੇ ਪੰਜਾਬ ਫੇਰੀ ਪਾਉਂਦੇ ਤਾਂ ਜ਼ਿਆਦਾਤਰ ਪਿੰਡ ਵਿੱਚ ਹੀ ਰਹਿਣਾ ਪਸੰਦ ਕਰਦੇ ਹਨ। ਉਨ੍ਹਾਂ ਨੇ ਇਕ ਹੋਰ ਦਿਲਚਸਪ ਜਾਣਕਾਰੀ ਸਾਂਝੀ ਕੀਤੀ ਕਿ ਉਹ ਅਕਸਰ ਬਹਿਰਾਮ ਜੋ ਕਿ ਸਾਡੇ ਪਿੰਡ ਤੋਂ ਤਕਰੀਬਨ 20-22 ਕਿੱਲੋਮੀਟਰ ਹੈ, ਨੂੰ ਪਿੰਡ ਤੋਂ ਦੋੜ ਕੇ ਜਾਂਦੇ ਤੇ ਵਾਪਸ ਬਸ ਵਿੱਚ ਬੈਠ ਕੇ ਘਰ ਆ ਜਾਂਦੇ, ਇਕ ਵਾਰ ਤਾਂ ਉਹ ਆਪਣੇ ਸਹੁਰੇ ਪਿੰਡ ਰਿਹਾਣਾ ਜੱਟਾ ਨੂੰ ਵੀ ਦੋੜ ਕੇ ਗਏ (ਤਕਰੀਬਨ 44 ਕਿੱਲੋਮੀਟਰ)। ਅਜਿਹੇ ਕਈ ਹੋਰ ਵੀ ਕਿੱਸੇ- ਕਹਾਣੀਆਂ ਉਨ੍ਹਾਂ ਕੋਲ ਆਪਣੇ ਪਿੰਡ ਨਾਲ ਸਬੰਧਿਤ ਜਾਂ ਮੈਰਾਥਨ ਦੋੜ ਨਾਲ ਸਬੰਧਿਤ ਹਨ। ਆਪਣੇ ਆਲੇ-ਦੁਆਲੇ ਦੇਸ਼-ਦੁਨੀਆ ਦੀਆ ਘਟਨਾਵਾਂ ਖ਼ਾਸਕਰ ਪੰਜਾਬ ਉੱਪਰ ਆਪਣੇ ਦੋਸਤਾ-ਮਿੱਤਰਾਂ ਨਾਲ ਚਰਚਾ ਕਰਨੀ ਉਨ੍ਹਾਂ ਨੂੰ ਬੇਹੱਦ ਪਸੰਦ ਹੈ। ਉਨ੍ਹਾਂ ਦੀ ਇੱਛਾ ਹੈ ਕਿ ਸਾਡਾ ਪਿੰਡ ਖੇਡਾਂ ਵਿੱਚ ਹੋਰ ਨਾਮਣਾ ਖੱਟੇ। ਵਰਤਮਾਨ ਸਮੇਂ 65 ਸਾਲ ਨੂੰ ਢੁੱਕ ਚੁੱਕੇ ਸੁਰਿੰਦਰ ਜੀ ਅੱਜ ਵੀ ਨੌਜਵਾਨਾਂ ਵਾਂਗ ਹੌਸਲਾ ਅਤੇ ਹਿੰਮਤ ਨਾਲ ਆਪਣੀਆਂ ਪਰਿਵਾਰਕ ਜ਼ਿੰਮੇਵਾਰੀਆਂ ਨਿਭਾਉਂਦੇ ਹੋਏ 'ਪੰਜਾਬ ਰਨਿੰਗ ਕਲੱਬ' ਵਿੱਚ ਸਹਿਯੋਗ ਦੇ ਰਹੇ ਹਨ। ਸਾਨੂੰ ਸਾਰਿਆਂ ਨੂੰ ਆਪਣੇ ਇਨ੍ਹਾਂ ਪਰਵਾਸੀ ਪਿੰਡ ਵਾਸੀਆਂ ਉੱਪਰ ਹਮੇਸ਼ਾ ਮਾਣ ਮਹਿਸੂਸ ਕਰਨਾ ਚਾਹੀਦਾ ਹੈ  ਜਿਹੜੇ ਸੱਤ ਸਮੁੰਦਰੋਂ ਪਾਰ ਬੈਠੇ ਵੀ ਆਪਣੇ ਪਿੰਡ ਦੀ ਅਤੇ ਪੰਜਾਬ ਦੀ ਸਦਾ ਚੜ੍ਹਦੀ ਕਲਾਂ ਲਈ ਦੁਆਵਾਂ ਮੰਗਦੇ ਰਹਿੰਦੇ ਹਨ। ਸਾਡੇ ਹਰ ਸੁੱਖ-ਦੁੱਖ ਨੂੰ ਆਪਣਾ ਸੁੱਖ-ਦੁੱਖ ਜਾਣ ਕੇ ਸਦਾ ਫ਼ਿਕਰਮੰਦ ਰਹਿੰਦੇ ਹਨ। ਉਮੀਦ ਕੀਤੀ ਜਾ ਸਕਦੀ ਹੈ ਕਿ ਇਨ੍ਹਾਂ ਪਰਵਾਸੀ ਪੰਜਾਬੀਆ ਤੋਂ ਖ਼ਾਸਕਰ ਸੁਰਿੰਦਰ ਸਿੰਘ ਤੋਂ ਸਾਡੀ ਆਉਣ ਵਾਲੀ ਪੀੜੀ ਇੱਕ ਸਕਾਰਾਤਮਿਕ ਸੇਧ ਲੈ ਕੇ ਆਪਣੇ ਜੀਵਨ ਪੈਂਡੇ ਵਿੱਚ ਜ਼ਰੂਰ ਅਜਿਹਾ ਕੁੱਝ ਸਾਰਥਿਕ ਕਰੇਗੀ ਜਿਸ ਉਪਰ ਸਾਨੂੰ ਸਾਰਿਆਂ ਨੂੰ ਮਾਣ ਹੋਵੇਗਾ....ਆਮੀਨ !

ਜਗਜੀਤ ਸਿੰਘ ਗਣੇਸ਼ਪੁਰ,
ਪਿੰਡ ਤੇ ਡਾਕ: ਭਾਰਟਾ ਗਣੇਸ਼ਪੁਰ,
ਜ਼ਿਲ•ਾਂ-ਹੁਸ਼ਿਆਰਪੁਰ,
ਮੋਬਾਇਲ-94655-76022

Leave a Reply

Your email address will not be published. Required fields are marked *