ਖੁਸ਼ੀ ਦੀ ਤਲਾਸ਼ ਕਰਦਿਆਂ-ਕਰਦਿਆਂ-ਜਸਪਾਲ ਸਿੰਘ ਨਾਗਰਾ ‘ਮਹਿੰਦਪੁਰੀਆ

ਦੁਨੀਆਂ ਦੀ ਬਹੁ-ਗਿਣਤੀ ਖੁਸ਼ੀ ਦੀ ਤਲਾਸ਼ ਕਰਦੀ-ਕਰਦੀ ਪੂਰੀ ਜਿੰਦਗੀ ਬਤੀਤ ਕਰ ਦਿੰਦੀ ਹੈ।ਜਿਹਨਾਂ ਕੰਮਾਂ ਜਾਂ ਚੀਜਾਂ ਵਿੱਚੋਂ ਉਹ ਖੁਸ਼ੀ ਲੱਭਦੇ ਹਨ ਦਰਅਸਲ ਖੁਸ਼ੀ ਉਹਨਾਂ ਵਿੱਚ ਹੁੰਦੀ ਹੀ ਨਹੀਂ।ਬਹੁਤੇ ਲੋਕਾਂ ਦਾ ਵਹਿਮ ਹੈ ਕਿ ਜਿਆਦਾ ਪੈਸਾ ਕਮਾਉਣ ਨਾਲ ਜੀਵਨ ਖੁਸ਼ਹਾਲ ਹੋ ਜਾਂਦਾ ਹੈ।ਅਜਿਹੇ ਲੋਕ ਅਮੇਰ ਹੋਣ ਲਈ ਕਈ ਪੁੱਠੇ-ਸਿੱਧੇ ਢੰਗ ਤਰੀਕੇ ਵਰਤਦੇ ਹਨ।ਦੂਜਿਆਂ ਦਾ ਹੱਕ ਮਾਰਕੇ ਪੈਸਾ ਇਕੱਤਰ ਕਰਨ ਦੀ ਵੀ ਕੋਸ਼ਿਸ ਕਰਦੇ ਹਨ।ਉਹਨਾਂ ਨੂੰ ਸਿਰਫ ਇਹ ਹੀ ਲੱਗਦਾ ਹੈ ਕਿ ਸਾਡੀਆਂ ਲੋੜਾਂ ਹੀ ਜਿਆਦਾ ਹਨ,ਦੂਜਿਆਂ ਨੂੰ ਤਾਂ ਐਨਾ ਪੈਸਾ ਚਾਹੀਦਾ ਹੀ ਨਹੀਂ ਹੁੰਦਾ।ਉਹਨਾਂ ਦੇ ਦਿਮਾਗ ਵਿੱਚ ਦਿਨ-ਰਾਤ ਪੈਸੇ ਦਾ ਚੱਕਰ ਹੀ ਚੱਲਦਾ ਰਹਿੰਦਾ ਹੈ।ਖੁਹਾਇਸ਼ਾਂ ਵੱਡੀਆਂ ਹੁੰਦੀਆਂ ਜਾਂਦੀਆਂ ਹਨ।ਲੋਕ ਵਿਖਾਵੇ ਦੇ ਗੇੜ ਵਿੱਚ ਆ ਜਾਂਦੇ ਹਨ।ਵੱਡਾ ਘਰ,ਵੱਡੀ ਗੱਡੀ ਇਹਨਾਂ ਦੀ ਪਹਿਲੀ ਤਰਜੀਹ ਬਣਦੇ ਹਨ।ਇਹ ਸਾਰਾ ਕੁੱਝ ਆ ਜਾਣ ਮਗਰੋਂ ਵੀ ਖੁਸ਼ੀ ਨਸੀਬ ਨਹੀਂ ਹੁੰਦੀ ਸਗੋਂ ਪਹਿਲਾਂ ਨਾਲੋਂ ਵੀ ਤਣਾਅ ਪੂਰਨ ਹੋ ਜਾਂਦੀ ਹੈ।
ਪੈਸੇ ਦੀ ਅਮੀਰੀ ਨਾਲੋਂ ਦਿਲ ਦੀ ਅਮੀਰੀ ਜਿਆਦਾ ਮਹੱਤਵ ਪੂਰਨ ਹੈ।ਪੈਸਾ ਬਹੁਤ ਕੁੱਝ ਤਾਂ ਹੈ ਪਰ ਸਾਰਾ ਕੁੱਝ ਨਹੀਂ ਹੁੰਦਾ।ਸਾਨੂੰ ਰੋਜਾਨਾ ਦੀਆਂ ਲੋੜਾਂ ਜੋਗਾ ਪੈਸਾ ਜਰੂਰ ਚਾਹੀਦਾ ਹੈ।ਜਦੋਂ ਅਸੀਂ ਪੈਸੇ ਨੂੰ ਹੀ ਸਾਰਾ ਕੁੱਝ ਸਮਝਣ ਲੱਗ ਪੈਂਦੇ ਹਾਂ,ਉਦੋਂ ਅਸੀਂ ਆਪਣਿਆਂ ਰਿਸ਼ਤੇਦਾਰਾਂ ਅਤੇ ਸੱਜਣਾ-ਮਿੱਤਰਾਂ ਤੋਂ ਹੀ ਦੂਰ ਨਹੀਂ ਹੁੰਦੇ,ਆਪਣੇ ਪਰਿਵਾਰਿਕ ਮੈਂਬਰਾਂ ਤੋਂ ਵੀ ਦੂਰ ਹੋਣ ਲੱਗ ਪੈਂਦੇ ਹਾਂ।ਦਿਨ ਰਾਤ ਪੈਸੇ ਪਿੱਛੇ ਭੱਜਣ ਨਾਲ ਬੱਚੇ ਖੁਦ ਨੂੰ ਅਣਗੌਲਿਆ ਮਹਿਸੂਸ ਕਰਦੇ ਹਨ।ਉਹ ਪਿਆਰ ਤੋਂ ਵਾਂਝੇ ਰਹਿ ਜਾਂਦੇ ਹਨ।ਪਿਆਰ ਵਿਹੂਣੇ ਬੱਚੇ ਜਿੰਦਗੀ ਦੇ ਸਹੀ ਟਰੈਕ ਤੋਂ ਉਤਰ ਜਾਂਦੇ ਹਨ।ਜਦੋਂ ਤੱਕ ਪੈਸਾ ਇਕੱਠਾ ਹੁੰਦਾ ਹੈ,ਉਦੋਂ ਤੱਕ ਔਲਾਦ ਵਿਗੜ ਚੁੱਕੀ ਹੁੰਦੀ ਹੈ।ਔਲਾਦ ਦਾ ਵਿਗੜ ਜਾਣਾ ਹੋਰ ਦੁਖੀ ਕਰਦਾ ਹੈ।ਖੁਸੀ ਦੀ ਥਾਂ ਦੁੱਖਾਂ ਵਿੱਚ ਵਾਧਾ ਹੋ ਜਾਂਦਾ ਹੈ।
ਇੱਥੇ ਮੈਂ ਇੱਕ ਬਹੁਤ ਹੀ ਮਹੱਤਵਪੂਰਨ ਉਦਾਹਰਣ ਦੇਣੀ ਚਾਹਵਾਂਗਾ।ਇੱਕ ਵਾਰੀ ਕੋਈ ਸ਼ਹਿਰੀ ਬਾਬੂ ਪਿੰਡ ਵਿੱਚ ਦੀ ਲੰਘ ਰਿਹਾ ਸੀ।ਗਰਮੀ ਦੀ ਰੁੱਤ ਸੀ।ਉਹ ਕੁੱਝ ਸਮਾਂ ਅਰਾਮ ਕਰਨ ਲਈ ਇੱਕ ਦਰੱਖਤ ਦੀ ਛਾਵੇਂ ਰੁਕ ਗਿਆ।ਉਥੇ ਪਹਿਲਾਂ ਤੋਂ ਹੀ ਇੱਕ ਪੇਂਡੂ ਬੰਦਾ ਮੰਜੇ ਤੇ ਪਿਆ ਅਰਾਮ ਫਰਮਾ ਰਿਹਾ ਸੀ।ਸ਼ਹਿਰੀ ਬਾਬੂ ਨੇ ਉਸ ਬੰਦੇ ਨੂੰ ਉਹਦੇ ਕੰਮਕਾਰ ਬਾਰੇ ਪੁੱਛਿਆ ਤਾਂ ਉਸਨੇ ਕਿਹਾ ਕਿ ਮੈਂ ਜੰਗਲ ਵਿੱਚ ਸਵੇਰੇ ਜਾਂਦਾ ਹਾਂ,ਉਥੋਂ ਲੱਕੜਾਂ ਕੱਟਕੇ ਲਿਆਉਂਦਾ ਹਾਂ ਤੇ ਫਿਰ ਇੱਕ ਗੇੜਾ ਸ਼ਹਿਰ ਦਾ ਲਾ ਕੇ ਵੇਚ ਦਿੰਦਾ ਹਾਂ,ਇਸ ਤਰਾਂ ਮੇਰਾ ਗੁਜਾਰਾ ਸੋਹਣਾ ਚੱਲੀ ਜਾਂਦਾ ਹੈ।ਸ਼ਹਿਰੀ ਬਾਬੂ ਨੇ ਗੱਲ ਅੱਗੇ ਤੋਰਦਿਆਂ ਪੁੱਛਿਆ ਕਿ ਇਹ ਕੰਮ ਕਿੰਨੇ ਕੁ ਸਮੇਂ ਵਿੱਚ ਹੋ ਜਾਂਦਾ ਹੈ।ਪੇਂਡੂ ਬੰਦੇ ਨੇ ਕਿਹਾ ਕਿ ਤਿੰਨ ਕੁ ਘੰਟੇ ਦਾ ਸਮਾਂ ਲੱਗ ਹੀ ਜਾਂਦਾ ਹੈ।ਸ਼ਹਿਰੀ ਬਾਬੂ ਨੇ ਆਪਣਾ ਸੁਝਾਅ ਦਿੰਦਿਆਂ ਕਿਹਾ ਕਿ ਤੂੰ ਇੱਕ ਦੀ ਥਾਂ ਦੋ ਗੇੜੇ ਲਾਇਆ ਕਰ ਕਿਉਂਕਿ ਤੇਰੇ ਕੋਲ ਟਾਈਮ ਬਹੁਤ ਹੁੰਦਾ ਹੈ।ਪੇਂਡੂ ਬੰਦਾ ਕਹਿਣ ਲੱਗਾ ਕਿ ਫਿਰ ਕੀ ਹੋਵੇਗਾ।ਸ਼ਹਿਰੀ ਬਾਬੂ ਵਿਸਥਾਰ ਨਾਲ ਸਮਝਾਉਂਦਿਆਂ ਕਹਿਣ ਲੱਗਾ ਕਿ ਫਿਰ ਤੇਰੇ ਕੋਲ ਜਿਆਦਾ ਪੈਸਾ ਆਵੇਗਾ।ਪੇਂਡੂ ਕਹਿਣ ਲੱਗਾ ਫਿਰ ਕੀ ਹੋਵੇਗਾ।ਸ਼ਹਿਰੀ ਬਾਬੂ ਕਹਿਣ ਲੱਗਾ ਫਿਰ ਤੇਰੇ ਕੋਲ ਵੱਡਾ ਘਰ ਹੋਵੇਗਾ, ਕਾਰ ਹੋਵੇਗੀ ਤੇ ਤੇਰੀ ਟੌਹਰ ਹੋਵੇਗੀ।ਪੇਂਡੂ ਬੰਦਾ ਕਹਿਣ ਲੱਗਾ ਫਿਰ ਕੀ ਹੋਵੇਗਾ।ਸ਼ਹਿਰੀ ਬਾਬੂ ਕਹਿੰਦਾ ਬੱਸ ਫਿਰ ਅਰਾਮ ਕਰੀਂ।ਪੇਂਡੂ ਬੰਦਾ ਅੱਗਿਉਂ ਬੋਲਿਆ ਕਿ ਭਲਿਆ ਮਾਣਸਾ ਉਹ ਤਾਂ ਮੈਂ ਹੁਣ ਵੀ ਕਰ ਰਿਹਾ ਹਾਂ।ਉਸ ਪੇਂਡੂ ਬੰਦੇ ਦਾ ਇਹ ਜਵਾਬ ਸੁਣਕੇ ਸ਼ਹਿਰੀ ਬਾਬੂ ਨਿਮੋਝੂਣਾ ਜਿਹਾ ਹੋਇਆ ਤੁਰਦਾ ਬਣਿਆ।
ਸਾਡਾ ਜੀਵਨ ਮ੍ਰਿਗ ਤ੍ਰਿਸ਼ਨਾ ਵਾਲਾ ਹੋ ਜਾਂਦਾ ਹੈ।ਪਹਿਲਾਂ ਖੁਸ਼ੀ ਦੂਰ ਵਿਖਾਈ ਦਿੰਦੀ ਹੈ।ਜਦੋਂ ਅਸੀਂ ਖੁਸ਼ੀ ਵੱਲ ਨੂੰ ਵੱਧਣ ਲੱਗਦੇ ਹਾਂ ਤਾਂ ਉਹ ਹੋਰ ਦੂਰ ਜਾਪਣ ਲੱਗ ਪੈਂਦੀ ਹੈ।ਅਸੀਂ ਸਾਰੀ ਉਮਰ ਭੱਜਦੇ-ਭੱਜਦੇ ਲੰਘਾ ਦਿੰਦੇ ਹਾਂ,ਖੁਸ਼ੀ ਫਿਰ ਵੀ ਨਹੀਂ ਮਿਲਦੀ।ਸਾਨੂੰ ਇਸ ਗੱਲ ਦੀ ਸਮਝ ਹੀ ਨਹੀਂ ਪੈਂਦੀ ਕਿ ਖੁਸ਼ੀ ਬਾਹਰੋਂ ਨਹੀਂ,ਆਪਣੇ ਅੰਦਰੋਂ ਲੱਭਣੀ ਪੈਂਦੀ ਹੈ।ਖੁਸ਼ੀ ਵੱਡੀਆਂ ਚੀਜਾਂ ਵਿੱਚ ਹੀ ਨਹੀਂ ਛੋਟੀਆਂ-ਛੋਟੀਆਂ ਚੀਜਾਂ ਵਿੱਚ ਵੀ ਹੁੰਦੀ ਹੈ।ਅਮੀਰ ਦਾ ਬੱਚਾ ਕਾਰ ਲੈਣ ਨਾਲ ਨਹੀਂ ਸਗੋਂ ਮਹਿੰਗੀ ਕਾਰ ਲੈਣ ਨਾਲ ਖੁਸ਼ ਹੁੰਦਾ ਹੈ,ਦੂਜੇ ਪਾਸੇ ਗਰੀਬ ਦਾ ਬੱਚਾ ਸਾਈਕਲ ਮਿਲਣ ਤੇ ਹੀ ਬਾਘੀਆਂ ਪਾਉਂਦਾ ਫਿਰਦਾ ਹੈ।ਉਹ ਸਾਈਕਲ ਲੈ ਕੇ ਸਾਰਾ ਦਿਨ ਸੜਕਾਂ ਤੇ ਦੌੜਾਈ ਫਿਰਦਾ ਹੈ।ਆਪਣੇ ਸੰਗੀ ਸਾਥੀਆਂ ਨੂੰ ਝੂਟੇ ਦੇ ਕੇ ਹੀ ਬਹੁਤ ਖੁਸ਼ ਹੁੰਦਾ ਹੈ।ਇਸਦੇ ਮੁਕਾਬਲੇ ਮਹਿੰਗੀ ਕਾਰ ਵਾਲਾ ਬੱਚਾ ਕਿਸੇ ਹੋਰ ਨੂੰ ਕਾਰ ਦੇ ਨੇੜੇ ਵੀ ਨਹੀਂ ਢੁੱਕਣ ਦਿੰਦਾ।ਮਹਿੰਗੀ ਕਾਰ ਵਾਲੇ ਦੀ ਖੁਸ਼ੀ ਹੁੰਦੀ ਵੀ ਦੋ-ਚਾਰ ਦਿਨ ਦੀ ਹੀ ਹੈ।ਸਾਈਕਲ ਵਾਲਾ ਬੱਚਾ ਹਮੇਸ਼ਾ ਹੀ ਖੁਸ਼ ਰਹਿੰਦਾ ਹੈ।
ਜਿਹੜੇ ਲੋਕ ਖੁਸ਼ੀ ਦਾ ਭੇਦ ਜਾਣ ਜਾਂਦੇ ਹਨ,ਉਹ ਮੱਝ ਤੇ ਝੂਟੇ ਲੈ ਕੇ ਵੀ ਹੀਰ ਰਾਂਝਾ ਗਾਉਂਦੇ ਹੋਏ ਢੋਲੇ ਦੀਆਂ ਲਾਈ ਜਾਂਦੇ ਹਨ।ਇਸਦੇ ਉਲਟ ਕਈ ਉਹ ਵੀ ਹੁੰਦੇ ਹਨ ਜਿਹੜੇ ਹਵਾਈ ਜਹਾਜ ਦੀ ਫਸਟ ਕਲਾਸ’ਚ ਸਫਰ ਕਰਦੇ ਹੋਏ ਵੀ ਚਿੰਤਾਵਾਂ ਦੇ ਸਮੁੰਦਰ ਵਿੱਚ ਡੁੱਬੇ ਹੁੰਦੇ ਹਨ।ਖੁਸ਼ੀ ਦਾ ਸਿੱਧੇ ਤੌਰ ਤੇ ਪੈਸੇ ਨਾਲ ਸਬੰਧ ਨਹੀਂ ਹੁੰਦਾ।ਖੁਸ਼ੀ ਹਰ ਇੱਕ ਦੀ ਅੰਦਰੂਂਨੀ ਹੁੰਦੀ ਹੈ।ਅਸਲ ਖੁਸ਼ੀ ਇਮਾਨਦਾਰੀ ਅਤੇ ਲੋੜਵੰਦਾਂ ਦੀ ਮਦੱਦ ਕਰਕੇ ਮਿਲਦੀ ਹੈ।ਦੂਜਿਆਂ ਦੇ ਹੱਕ ਮਾਰਕੇ ਕੋਈ ਵੀ ਖੁਸ਼ ਨਹੀਂ ਰਹਿ ਸਕਦਾ।ਕਿਸੇ ਨਾਲ ਕੀਤੀ ਧੋਖਾਧੜੀ ਦਿਲ-ਦਿਮਾਗ ਨੂੰ ਕਿਸੇ ਨਾ ਕਿਸੇ ਵਕਤ ਤੇ ਠੋਕਰ ਜਰੂਰ ਮਾਰਦੀ ਹੈ।ਵਕਤ ਬੀਤਣ ਨਾਲ ਅਜਿਹੀਆਂ ਗੱਲਾਂ ਦਾ ਪਛਤਾਵਾ ਜਰੂਰ ਹੁੰਦਾ ਹੈ ਪਰ ਉਦੋਂ ਕੀਤਾ ਕੁੱਝ ਨਹੀਂ ਜਾ ਸਕਦਾ ਹੁੰਦਾ।ਗਲਤ ਤਰੀਕਿਆਂ ਨਾਲ ਇਕੱਠਾ ਕੀਤਾ ਧਨ ਨਾ ਅੱਜ ਤੱਕ ਕਿਸੇ ਨੂੰ ਖੁਸ਼ ਕਰ ਸਕਿਆ ਹੈ ਅਤੇ ਨਾ ਹੀ ਕਦੇ ਕਿਸੇ ਨੂੰ ਕਰੇਗਾ।ਸਮਾਜ ਵਿੱਚ ਨਜਰ ਮਾਰਕੇ ਵੇਖੋ ਸਹੀ ਤੁਹਾਨੂੰ ਗਲਤ ਤਰੀਕਿਆਂ ਨਾਲ ਪੈਸੇ ਕਮਾਉਣ ਵਾਲਿਆਂ ਦਾ ਹਸ਼ਰ ਜਰੂਰ ਨਜਰ ਆ ਜਾਵੇਗਾ।
ਮਨੁੱਖ ਨੂੰ ਆਪਣੀਆਂ ਇਛਾਵਾਂ ਕਾਬੂ ਰੱਖਣ ਦੀ ਜਾਚ ਆਉਣੀ ਚਾਹੀਦੀ ਹੈ।ਜਦੋਂ ਇਛਾਵਾਂ ਸਾਡੇ ਕੰਟਰੋਲ ਵਿੱਚ ਹੋਣਗੀਆਂ,ਫਿਰ ਖੁਸ਼ੀਆਂ ਵੀ ਆਪ ਮੁਹਾਰੇ ਹੀ ਭੱਜੀਆਂ ਆਉਂਦੀਆਂ ਹਨ।ਹੱਕ ਹਲਾਲ ਦਾ ਕਮਾਇਆ ਪੈਸਾ ਹੀ ਖੁਸ਼ੀਆਂ ਲੈ ਕੇ ਆਉਂਦਾ ਹੈ।ਪੈਸੇ ਨੂੰ ਕਦੇ ਵੀ ਆਪਣੇ ਤੇ ਹਾਵੀ ਨਾ ਹੋਣ ਦਿਓ।ਹਾਵੀ ਹੋਇਆ ਪੈਸਾ ਖੁਸ਼ੀਆਂ ਨੂੰ ਦੂਰ ਕਰਨ ਲੱਗ ਪੈਂਦਾ ਹੈ।ਪੈਸੇ ਮਗਰ ਐਨਾ ਵੀ ਨਾ ਭੱਜੋ ਕਿ ਭੱਜਦੇ-ਭੱਜਦੇ ਹੰਭ ਹੀ ਜਾਓ।ਇਹ ਹਮੇਸ਼ਾ ਹੀ ਚੇਤੇ ਵਿੱਚ ਰੱਖਣਾ ਚਾਹੀਦਾ ਹੈ ਕਿ ਮਰਨ ਵੇਲੇ ਕੁੱਝ ਵੀ ਨਾਲ ਨਹੀਂ ਜਾਂਦਾ।ਜਿਹਨਾਂ ਲੋਕਾਂ ਨੂੰ ਸਹਿਯੋਗ ਦੇਣ ਅਤੇ ਸਹਿਯੋਗ ਲੈਣ ਦੀ ਜਾਚ ਆ ਜਾਂਦੀ ਹੈ,ਉਹਨਾਂ ਨੂੰ ਖੁਸ਼ ਰਹਿਣ ਦੀ ਜਾਚ ਫਿਰ ਆਪਣੇ-ਆਪ ਹੀ ਆ ਜਾਂਦੀ ਹੈ।ਬਾਹਰੀ ਵਸਤੂਆਂ ਵਿੱਚੋਂ ਖੁਸ਼ੀ ਲੱਭਣ ਦੀ ਕੀਸਸ਼ ਨਾ ਕਰੋ ਸਗੋਂ ਆਪਣੇ ਅੰਦਰ ਛੁਪੀ ਹੋਈ ਖੁਸ਼ੀ ਨੂੰ ਬਾਹਰ ਲਿਆਓ।ਜਿਹਨਾਂ ਲੋਕਾਂ ਵਿੱਚ ਹਊਮੇਂ ਆ ਜਾਂਦੀ ਹੈ,ਉਹ ਵੀ ਖੁਸ਼ ਨਹੀਂ ਰਹਿ ਸਕਦੇ।ਖੁਸ਼ੀ ਹਮੇਸ਼ਾ ਆਮ ਲੋਕਾਂ ਵਿੱਚ ਵਿਚਰਨ ਨਾਲ ਮਿਲਦੀ ਹੈ।ਜੋ ਵੀ ਤੁਹਾਡੇ ਕੋਲ ਹੈ ਉਹਦੇ ਵਿੱਚ ਖੁਸ਼ ਰਹਿਣਾ ਸਿੱਖੋ ਨਾ ਕਿ ਆਪਣੀ ਖੁਸ਼ੀ ਨੂੰ ਕਿਸੇ ਖਾਸ ਚੀਜ ਦੇ ਮਿਲਣ ਤੱਕ ਮੁਲਤਵੀ ਕਰੋ।
ਮਨੁੱਖ ਦਾ ਜੀਵਨ ਥੋੜਚਿਰਾ ਹੈ।ਇਸਨੂੰ ਖੁਸ਼ੀ-ਖੁਸ਼ੀ ਜੀਊਣ ਦੀ ਕੋਸ਼ਿਸ ਕਰੋ।ਬਹੁਤੇ ਲੋਕਾਂ ਦੇ ਪੱਲੇ ਬਾਅਦ ਵਿੱਚ ਪਛਤਾਵਾ ਹੀ ਰਹਿ ਜਾਂਦਾ ਹੈ।ਕਿਤੇ ਅਜਿਹਾ ਨਾ ਹੋਵੇ ਕਿ ਖੁਸ਼ੀ ਦੀ ਤਲਾਸ਼ ਕਰਦਿਆਂ-ਕਰਦਿਆਂ ਹੀ ਪੂਰੀ ਜਿੰਦਗੀ ਲੰਘ ਜਾਵੇ।ਬੀਤੇ ਤੇ ਕਦੇ ਝੂਰੋ ਨਾ,ਭਵਿੱਖ ਦਾ ਪਤਾ ਕੁੱਝ ਨਹੀਂ।ਹਮੇਸ਼ਾ ਹੀ ਮੌਜੂਦਾ ਦੌਰ ਵਿੱਚ ਖੁਸ਼ ਰਹਿਣ ਦੀ ਕੋਸ਼ਿਸ ਕਰੋ।ਮੌਤ ਅਟੱਲ ਸਚਾਈ ਹੈ।ਇਹਦਾ ਕੁੱਝ ਵੀ ਨਹੀਂ ਪਤਾ ਕਿ ਕਿਹੜੇ ਵੇਲੇ ਆ ਕੇ ਸਾਹਾਂ ਦੀ ਤੰਦ ਤੋੜ ਦੇਵੇ।ਖੁਸ਼ ਰਹੋ ਆਬਾਦ ਰਹੋ।ਇਹ ਹੀ ਅਸਲ ਜੀਵਨ ਹੈ।

     ਜਸਪਾਲ ਸਿੰਘ ਨਾਗਰਾ 'ਮਹਿੰਦਪੁਰੀਆ'
      ਯੂਬਾ ਸਿਟੀ-ਕੈਲੇਫੋਰਨੀਆ (ਅਮਰੀਕਾ)
    ਫੋਨ-੦੦੧-੩੬੦-੪੪੮-੧੯੮੯

ਨੋਟ- ਫੋਟੋ ਵੱਖਰੀ ਭੇਜ ਰਿਹਾ ਹਾਂ

Leave a Reply

Your email address will not be published. Required fields are marked *