ਕਲਮ ਦੀ ਸ਼ਕਤੀ ਦਾ ਸਾਪੇਖੀ ਅਹਿਸਾਸ : ਜਸਵੀਰ ਚੋਟੀਆਂ

ਮਾਲਵੇ ਖੇਤਰ ਦੇ ਇਨਕਲਾਬੀ ਨੌਜਵਾਨ ਸ਼ਾਇਰ ਜਸਵੀਰ ਚੋਟੀਆਂ ਦਾ ਜਨਮ 23 ਮਾਰਚ, 1988 ਈ: ਨੂੰ ਪਿਤਾ ਸ੍ਰ. ਭਗਤ ਸਿੰਘ ਦੇ ਗ੍ਰਹਿ, ਮਾਤਾ ਸ੍ਰੀਮਤੀ ਕਮਲਾ ਦੇਵੀ ਦੀ ਕੁੱਖੋਂ ਇੱਕ ਸਧਾਰਨ ਪਰਿਵਾਰ ਵਿੱਚ ਪਿੰਡ ਚੋਟੀਆਂ ਜਿਲਾ ਸੰਗਰੂਰ ਵਿਖੇ ਹੋਇਆ। ਜਸਵੀਰ ਨੇ ਆਪਣੀ ਮੁੱਢਲੀ ਸਿੱਖਿਆ ਪਿੰਡ ਦੇ ਸਰਕਾਰੀ ਹਾਈ ਸਕੂਲ ਤੋਂ ਪਾਸ ਕਰਨ ਉਪਰੰਤ ਮਾਲਵਾ ਕਾਲਜ, ਸੰਗਰੂਰ ਤੋਂ ਕਲਾ ਅਤੇ ਸ਼ਿਲਪ ਅਧਿਐਨ ਦਾ ਕੋਰਸ ਪੂਰਾ ਕੀਤਾ। ਇਸ ਤੋਂ ਬਾਅਦ ਐਮ. ਏ. (ਪੰਜਾਬੀ) ਅਤੇ ਬੀ. ਐਡ. ਪਹਿਲੇ ਦਰਜੇ ਵਿੱਚ ਰਹਿ ਕੇ ਪੰਜਾਬੀ ਯੂਨੀਵਰਸਿਟੀ, ਪਟਿਆਲਾ ਤੋਂ ਪਾਸ ਕੀਤੀ। ਫਿਰ ਸਰਕਾਰੀ ਨੌਕਰੀ ਵਿਚ ਆ ਕੇ ਕਈ ਸਕੂਲਾਂ ਵਿੱਚ ਅਧਿਆਪਕ ਵਜੋਂ ਸੇਵਾ ਨਿਭਾਈ, ਜੋ ਨਿਰਵਿਘਨ ਅੱਜ ਵੀ ਜਾਰੀ ਹੈ।
ਜਸਵੀਰ ਚੋਟੀਆਂ ਦੀ ਕਲਮ ਦੀ ਗੱਲ ਕਰੀਏ ਤਾਂ, ਜਿੱਥੇ ਉਸਦੀਆਂ ਕਵਿਤਾਵਾਂ ਸਾਂਝੇ ਕਾਵਿ- ਸੰਗ੍ਰਹਿਆਂ ਵਿੱਚ ਪ੍ਰਕਾਸ਼ਿਤ ਹੋਈਆਂ, ਉਥੇ, ਉਸਨੇ, “ਲੋਕ-ਯੁੱਧ” (ਕਾਵਿ-ਸੰਗ੍ਰਹਿ) 2016, “ਹਨੇਰੇ ਦੇ ਆਰ ਪਾਰ” (ਕਾਵਿ-ਸੰਗ੍ਰਹਿ) 2018 ਅਤੇ “ਸੂਲ਼ਾਂ ਨਾਲ਼ ਟਕਰਾਈ ਹਵਾ” (ਕਾਵਿ-ਸੰਗ੍ਰਹਿ) 2020 ਮੌਲਿਕ ਪੁਸਤਕਾਂ ਵੀ ਪੰਜਾਬੀ ਮਾਂ-ਬੋਲੀ ਦੀ ਝੋਲ਼ੀ ਪਾ ਕੇ ਭਰਵੀਆਂ ਕਲਮੀ ਹਾਜ਼ਰੀਆਂ ਲਗਵਾਈਆਂ। ਲਿਖਤਾਂ ਮੂੰਹ ਚੜ ਬੋਲਦੀਆਂ ਹਨ ਕਿ ਜਸਵੀਰ ਚੋਟੀਆਂ ਇੱਕ ਪ੍ਰੋਢ ਕਲਮ ਹੈ। ਜਸਵੀਰ ਦੇ ਸੰਘਰਸ਼ੀ ਸੁਭਾਅ ਅਤੇ ਇਨਸਾਨੀਅਤ ਦੇ ਸਰਵੋਤਮ ਗੁਣਾਂ ਦੀ ਬਾਖੂਬੀ ਪਹਿਚਾਣ ਉਸ ਦੀਆਂ ਰਚਨਾਵਾਂ ਵਿੱਚੋਂ ਮਿਲਦੀ ਹੈ। ਲਿਖਤਾਂ ਗਵਾਹੀ ਭਰਦੀਆਂ ਹਨ ਕਿ ਚੋਟੀਆਂ ਨੇ ਲੋਕ ਹਿੱਤ ਦੇ ਮਹੱਤਵ ਨੂੰ ਪਹਿਚਾਣਦਿਆਂ ਲੋਕ ਦੁਸ਼ਵਾਰੀਆਂ, ਟਕਰਾਵਾਂ ਅਤੇ ਵਿਪਰੀਤ ਸਥਿਤੀਆਂ ਨਾਲ ਬਹੁ ਵਚਨੀ ਸੰਵਾਦ ਰਚਾਇਆ ਹੈ। ਹਰ ਲੋਕ-ਕਲਿਆਣਕਾਰੀ ਲੇਖਕ ਦੀ ਰਚਨਾ ਚੇਤਨ ਰੂਪ ਵਿੱਚ ਪੱਖਪਾਤੀ, ਮੁਕਤੀ ਜੁਗਤ ਸੰਵਾਦ ਅਤੇ ਲੋਕ ਕਾਂਮਦੀ ਭਾਵਨਾ ਦਾ ਸਾਰਥਕ ਹੁੰਗਾਰਾ ਭਰਦੀ ਹੋਣੀ ਚਾਹੀਦੀ ਹੈ। ਇਸ ਪੱਖੋਂ ਇਸ ਕਲਮ ਦੇ ਵਾਹੇ ਪੂਰਨੇ ਅਤਿ ਸਲਾਹੁਣ ਯੋਗ ਹਨ। ਲਿਖਤ ਦੇਖੋ:-
”ਮੈਂ ਬਲ਼ਦਾ ਰਹਿੰਦਾ ਹਾਂ ਸਦਾ ਚਿਰਾਗ਼ ਦੀ ਤਰਾਂ,
ਹਨੇਰਾ ਹੋਰ ਗੂੜਾ ਹੋ ਜਾਂਦਾ ਹੈ ਰਾਤ ਦੀ ਤਰਾਂ।
ਇਸ ਪੱਤਣ ਦੇ ਕਿਨਾਰਿਆਂ ਤੇ ਘਿਰਿਆ ਹਾਂ ਮੈਂ,
ਧੁੰਦਲਾ ਅਜੇ ਨਕਸ਼ ਦੂਰ ਕਿਸੇ ਵਾਟ ਦੀ ਤਰਾਂ।
ਜ਼ਿੰਦਗੀ ਬਦਲ ਗਈ ਹੈ ਹਰ ਤਰਫ਼ ਰਸਤੇ ਤੋਂ,
ਜੰਗਲਾਂ ਦੀ ਬਦਲਦੀ ਸਰਸਰਾਹਟ ਦੀ ਤਰਾਂ।
ਟੁੱਟਦੇ ਪੱਤੇ ਰੋਂਦੇ ਨੇ ਟਾਹਣੀਆਂ ਨਾਲੋਂ ਵੀ ਤੇਜ਼,
ਰੁੱਖ ਖੜੇ ਨੇ ਚੁੱਪ ਚਪੀਤੇ ਘਾਟ ਦੀ ਤਰਾਂ।”
ਸੱਭਿਆਚਾਰ ਦੇ ਨਾਂਓ ਤੇ ਸਾਡੇ ਕੱਚ-ਘਰੜ ਗੀਤਕਾਰ ਤੇ ਗਾਇਕ, ਸਸਤੀ ਸ਼ੁਹਰਤ ਬਦਲੇ, ਕੁਰਾਹੇ ਪੈ ਕੇ ਜਿਵੇਂ ਅੱਜ ਦਿਨ ਸਾਡੇ ਸਾਹਿਤ, ਸੱਭਿਆਚਾਰ ਅਤੇ ਸਮਾਜ ਨੂੰ ਖ਼ਤਰਨਾਕ ਖੱਡ ਵਿਚ ਨੂੰ ਧਕੇਲ ਰਹੇ ਹਨ, ਉਹ ਇਕ ਅਤਿਅੰਤ ਚਿੰਤਾ ਦਾ ਵਿਸ਼ਾ ਹੈ। ਲੀਹੋਂ ਭਟਕੇ ਹੋਏ ਅਜਿਹੇ ਅਖੌਤੀ ਗੀਤਕਾਰਾਂ ਤੇ ਗਾਇਕਾਂ ਨੂੰ ਮੁੜ ਲੀਹ ‘ਤੇ ਲਿਆਉਣ ਲਈ ਅਤੇ ਵੱਡਮੁੱਲਾ ਵਿਰਸਾ ਬਚਾਉਣ ਲਈ ਜਸਵੀਰ ਚੋਟੀਆਂ ਵਰਗੀਆਂ ਇੰਨਕਲਾਬੀ ਕਲਮਾਂ ਦੀ ਅੱਜ ਦਿਨ ਸਾਹਿਤ ਤੇ ਸਮਾਜ ਨੂੰ ਸਖ਼ਤ ਜ਼ਰੂਰਤ ਹੈ। ਰੱਬ ਕਰੇ ! ਲਟ-ਲਟ ਬਲਦਾ ਇਹ ਇੰਨਕਲਾਬੀ ਚਿਰਾਗ ਆਪਣੀ ਰੋਸ਼ਨੀ ਦੂਰ-ਦੁਰਾਡੇ ਤੱਕ ਫੈਲਾਉਂਦਾ ਅੰਬਰਾਂ ਨੂੰ ਜਾ ਛੂਹਵੇ ! ਆਮੀਨ !
-ਪ੍ਰੀਤਮ ਲੁਧਿਆਣਵੀ, (ਚੰਡੀਗੜ), 9876428641
ਸੰਪਰਕ : ਜਸਵੀਰ ਚੋਟੀਆਂ, 9876016075

Leave a Reply

Your email address will not be published. Required fields are marked *