ਕੋਲਾ ਸੰਕਟ: ਪੰਜਾਬ ’ਚ ਸਾਰੇ ਥਰਮਲ ਪਲਾਂਟ ਬੰਦ

ਪਟਿਆਲਾ : ਪੰਜਾਬ ਵਿਚ ਕੋਲੇ ਦੀ ਕਿੱਲਤ ਕਾਰਨ ਅੱਜ ਤੋਂ ਸਾਰੇ ਥਰਮਲ ਬੰਦ ਹੋ ਗਏ ਹਨ। ਪਾਵਰਕੌਮ ਦੇ ਅਧਿਕਾਰ ਖੇਤਰ ਹੇਠਲੇ ਲਹਿਰਾ ਮੁਹੱਬਤ ਥਰਮਲ ਪਲਾਂਟ ਦੀ ਆਖ਼ਰੀ ਯੂਨਿਟ ਵੀ ਅੱਜ ਬੰਦ ਹੋ ਗਈ ਹੈ। ਦੱਸਣਯੋਗ ਹੈ ਕਿ ਰੇਲਾਂ ਬੰਦ ਹੋਣ ਕਾਰਨ ਸੂਬੇ ਨੂੰ ਕੋਲੇ ਦੀ ਘਾਟ ਨਾਲ ਜੂਝਣਾ ਪੈ ਰਿਹਾ ਹੈ।

ਅਜਿਹੇ ਹਾਲਾਤ ’ਤੇ ਪਿਛਲੇ ਦਿਨੀਂ ਸੂਬੇ ਦੇ ਤਿੰਨ ਪ੍ਰਾਈਵੇਟ ਥਰਮਲ ਬੰਦ ਕਰਨ ਲਈ ਮਜਬੂਰ ਹੋਣਾ ਪਿਆ ਸੀ ਜਦੋਂਕਿ ਅੱਜ ਲਹਿਰਾ ਮੁਹੱਬਤ ਥਰਮਲ ਪਲਾਂਟ ਨੂੰ ਵੀ ਬੰਦ ਕਰ ਦਿੱਤਾ ਗਿਆ ਹੈ। ਹੁਣ ਤੱਕ ਸਰਕਾਰੀ ਖੇਤਰ ਹੇਠਲਾ ਇਕੱਲਾ ਇਹ ਹੀ ਪਲਾਂਟ ਕਾਰਜਸ਼ੀਲ ਸੀ। ਭਾਵੇਂ ਅਧਿਕਾਰੀਆਂ ਵੱਲੋਂ ਲਹਿਰਾ ਮੁਹੱਬਤ ਪਲਾਂਟ ਨੂੰ ਬੰਦ ਕਰਨ ਦੀ ਵਜ੍ਹਾ ਬਿਜਲੀ ਦੀ ਮੰਗ ’ਚ ਗਿਰਾਵਟ ਦੱਸੀ ਜਾ ਰਹੀ ਹੈ ਪਰ ਵਿਭਾਗੀ ਸੂਤਰਾਂ ਮੁਤਾਬਕ ਲਹਿਰਾ ਮੁਹੱਬਤ ਪਲਾਂਟ ਕੋਲ ਵੀ ਕੋਲੇ ਦੀ ਘਾਟ ਹੈ। ਇਸ ਥਰਮਲ ਪਲਾਂਟ ਕੋਲ ਕੁਝ ਘੰਟਿਆਂ ਜੋਗੇ ਕੋਲੇ ਦਾ ਭੰਡਾਰ ਹੀ ਬਾਕੀ ਦੱਸਿਆ ਜਾ ਰਿਹਾ ਹੈ। ਪਿਛਲੇ ਦਿਨੀਂ ਰੋਪੜ ਥਰਮਲ ਵੀ ਬੰਦ ਕਰ ਦਿੱਤਾ ਗਿਆ ਸੀ।

ਪਾਵਰਕੌਮ ਵੱਲੋਂ ਬਿਜਲੀ ਦੀ ਭਰਪਾਈ ਸੈਂਟਰਲ ਪੂਲ ਤੋਂ ਬਿਜਲੀ ਖ਼ਰੀਦ ਕੇ ਕੀਤੀ ਜਾ ਰਹੀ ਹੈ। ਉਂਜ ਇਹ ਵੀ ਪੱਖ ਸਾਹਮਣੇ ਆ ਰਿਹਾ ਹੈ ਕਿ ਆਪਣੀ ਪੈਦਾਵਾਰ ਲਾਗਤ ਨਾਲੋਂ ਬਾਹਰੀ ਸਰੋਤਾਂ ਤੋਂ ਬਿਜਲੀ ਦੀ ਖ਼ਰੀਦ ਕਾਫ਼ੀ ਸਸਤੀ ਪੈ ਰਹੀ ਹੈ।

ਦੂਜੇ ਪਾਸੇ, ਚਿੰਤਕਾਂ ਦਾ ਮੰਨਣਾ ਹੈ ਕਿ ਪਾਵਰਕੌਮ ਵੱਲੋਂ ਖ਼ਪਤਕਾਰਾਂ ਨੂੰ ਸਸਤੀ ਬਿਜਲੀ ਦੀ ਖ਼ਰੀਦ ਦਾ ਵਿੱਤੀ ਫ਼ਾਇਦਾ ਦੇਣ ਤੋਂ ਹੀ ਸਾਬਿਤ ਹੋਵੇਗਾ ਕਿ ਬਾਹਰੀ ਸਰੋਤਾਂ ਤੋਂ ਪਾਵਰਕੌਮ ਨੂੰ ਬਿਜਲੀ ਸਸਤੀ ਮਿਲ ਰਹੀ ਹੈ।

ਉਧਰ, ਕੋਲੇ ਦਾ ਸੰਕਟ ਬਰਕਰਾਰ ਰਹਿਣ ਤੋਂ ਪਾਵਰਕੌਮ ਨੂੰ ਕਈ ਤਰ੍ਹਾਂ ਦੀਆਂ ਵਿੱਤੀ ਪੇਚੀਦਗੀਆਂ ’ਚੋਂ ਲੰਘਣ ਦਾ ਵੀ ਖਦਸ਼ਾ ਬਣਿਆ ਹੋਇਆ ਦੱਸਿਆ ਜਾ ਰਿਹਾ ਹੈ। 

Leave a Reply

Your email address will not be published. Required fields are marked *