ਮੀਂਹ ਤੇ ਬਰਫ਼ਬਾਰੀ ਮਗਰੋਂ ਠੰਢ ਨੇ ਜ਼ੋਰ ਫੜਿਆ

ਚੰਡੀਗੜ੍ਹ : ਉੱਤਰੀ ਭਾਰਤ ’ਚ ਬੀਤੇ ਦੋ ਦਿਨਾਂ ਤੋਂ ਪੈ ਰਹੇ ਮੀਂਹ ਅਤੇ ਬਰਫ਼ਬਾਰੀ ਕਾਰਨ ਠੰਢ ਨੇ ਜ਼ੋਰ ਫੜ ਲਿਆ ਹੈ। ਜਿੱਥੇ ਪੰਜਾਬ, ਹਰਿਆਣਾ ਅਤੇ ਦਿੱਲੀ ’ਚ ਪਏ ਮੀਂਹ ਨਾਲ ਪਾਰਾ ਥੱਲੇ ਡਿੱਗ ਗਿਆ ਹੈ, ਉੱਥੇ ਹਿਮਾਚਲ ਪ੍ਰਦੇਸ਼, ਜੰਮੂ ਕਸ਼ਮੀਰ ਅਤੇ ਉੱਤਰਾਖੰਡ ’ਚ ਤਾਜ਼ਾ ਬਰਫ਼ਬਾਰੀ ਕਾਰਨ ਆਮ ਜਨਜੀਵਨ ਪ੍ਰਭਾਵਿਤ ਹੋਇਆ ਹੈ। ਜਾਣਕਾਰੀ ਮੁਤਾਬਕ ਪੰਜਾਬ, ਹਰਿਆਣਾ ਤੇ ਦਿੱਲੀ ’ਚ ਕਈ ਥਾਈਂ ਮੀਂਹ ਪੈਣ ਤੋਂ ਬਾਅਦ ਪਾਰਾ ਡਿੱਗ ਗਿਆ। ਮੌਸਮ ਵਿਭਾਗ ਮੁਤਾਬਕ ਚੰਡੀਗੜ੍ਹ ਸਮੇਤ ਕਈ ਥਾਵਾਂ ’ਤੇ ਅੱਜ ਸਵੇਰੇ ਮੀਂਹ ਪਿਆ ਜਦਕਿ ਅੰਮ੍ਰਿਤਸਰ, ਗੁਰਦਾਸਪੁਰ, ਪਠਾਨਕੋਟ, ਜਲੰਧਰ, ਪਟਿਆਲਾ, ਲੁਧਿਆਣਾ, ਪੰਚਕੂਲਾ, ਅੰਬਾਲਾ, ਸੋਨੀਪਤ, ਗੁੜਗਾਓਂ, ਕੁਰੂਕਸ਼ੇਤਰ, ਕਰਨਾਲ, ਜੀਂਦ ਅਤੇ ਹਿਸਾਰ ’ਚ ਐਤਵਾਰ ਨੂੰ ਮੀਂਹ ਪਿਆ ਤੇ ਹਰਿਆਣਾ ਦੇ ਕੁਝ ਹਿੱਸਿਆਂ ’ਚ ਗੜੇ ਵੀ ਪਏ। ਦੂਜੇ ਪਾਸੇ, ਕਸ਼ਮੀਰ ਨੂੰ ਪੂਰੇ ਮੁਲਕ ਨਾਲ ਜੋੜਨ ਵਾਲੇ ਜੰਮੂ-ਸ੍ਰੀਨਗਰ ਕੌਮੀ ਸ਼ਾਹਰਾਹ ਨੂੰ ਜਵਾਹਰ ਸੁਰੰਗ ਨੇੜੇ ਬਰਫ਼ਬਾਰੀ ਅਤੇ ਰਾਮਬਨ ਜ਼ਿਲ੍ਹੇ ’ਚ ਕਈ ਥਾਵਾਂ ’ਤੇ ਢਿੱਗਾਂ ਡਿੱਗਣ ਕਾਰਨ ਆਵਾਜਾਈ ਲਈ ਬੰਦ ਕਰ ਦਿੱਤਾ ਗਿਆ ਹੈ। ਅਧਿਕਾਰੀਆਂ ਮੁਤਾਬਕ ਮੁਗਲ ਰੋਡ ਨੂੰ ਵੀ ਹਾਲ ਦੀ ਘੜੀ ਬੰਦ ਕਰ ਦਿੱਤਾ ਗਿਆ ਹੈ। ਕਸ਼ਮੀਰ ਦੇ ਚਾਰ ਜ਼ਿਲ੍ਹਿਆਂ ’ਚ ਬਰਫ਼ੀਲਾ ਤੂਫ਼ਾਨ ਆਉਣ ਦੀ ਚਿਤਾਵਨੀ ਦਿੱਤੀ ਹੈ।

ਇਸ ਦੌਰਾਨ ਉੱਤਰਾਖੰਡ ਦੇ ਉੱਪਰਲੇ ਹਿਮਾਲਿਆਈ ਇਲਾਕਿਆਂ ਵਿੱਚ ਮੈਸਮ ਦੀ ਪਹਿਲੀ ਭਾਰੀ ਬਰਫ਼ਬਾਰੀ ਹੋਈ। ਜਾਣਕਾਰੀ ਮੁਤਾਬਕ ਕੇਦਾਰਨਾਥ, ਬਦਰੀਨਾਥ, ਗੰਗੋਤਰੀ, ਯਮਨੋਤਰੀ, ਔਲੀ ਅਤੇ ਹਰਸਿਲ ਇਲਾਕਿਆਂ ’ਚ ਬਰਫ਼ਬਾਰੀ ਐਤਵਾਰ ਰਾਤ ਸ਼ੁਰੂ ਹੋਈ ਜੋ ਸੋਮਵਾਰ ਸਵੇਰੇ ਤੱਕ ਚੱਲਦੀ ਰਹੀ। ਭਾਰੀ ਬਰਫ਼ਬਾਰੀ ਦਰਮਿਆਨ ਕੇਦਾਰਨਾਥ ਤੇ ਯਮਨੋਤਰੀ ਮੰਦਰਾਂ ਦੇ ਦੁਆਰ ਭਾਈ ਦੂਜ ਦੇ ਮੌਕੇ ਸਰਦੀਆਂ ਲਈ ਬੰਦ ਕਰ ਦਿੱਤੇ ਗਏ ਹਨ। ਇਸ ਦੌਰਾਨ ਸਿੰਥਾਨ ਪਾਸ ’ਚ ਭਾਰੀ ਬਰਫ਼ਬਾਰੀ ਕਾਰਨ ਫਸੇ ਦਸ ਜਣਿਆਂ ਨੂੰ ਸੁਰੱਖਿਆ ਬਲਾਂ ਨੇ ਬਾਹਰ ਕੱਢਿਆ। ਇਸ ਦੌਰਾਨ ਯੂਪੀ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਤੇ ਉੱਤਰਾਖੰਡ ’ਚ ਉਨ੍ਹਾਂ ਦੇ ਹਮੁਰਤਬਾ ਤ੍ਰਿਵੇਂਦਰ ਸਿੰਘ ਰਾਵਤ ਕੇਦਾਰਨਾਥ ਮੰਦਰ ਵਿਖੇ ਮੱਥਾ ਟੇਕਣ ਤੋਂ ਬਾਅਦ ਭਾਰੀ ਬਰਫ਼ਬਾਰੀ ਕਾਰਨ ਬਦਰੀਨਾਥ ਮੰਦਰ ਨਹੀਂ ਜਾ ਸਕੇ।

ਮਨਾਲੀ, ਕੁਫ਼ਰੀ ’ਚ ਮੌਸਮ ਦੀ ਪਹਿਲੀ ਬਰਫ਼ਬਾਰੀ

ਸ਼ਿਮਲਾ:ਮਨਾਲੀ ਅਤੇ ਸ਼ਿਮਲਾ ਦੇ ਨੇੜਲੇ ਇਲਾਕਿਆਂ ਕੁਫ਼ਰੀ ਅਤੇ ਨਾਰਕੰਡਾ ’ਚ ਅੱਜ ਮੌਸਮ ਦੀ ਪਹਿਲੀ ਬਰਫ਼ਬਾਰੀ ਨਾਲ ਚਾਰੋਂ ਪਾਸੇ ਬਰਫ਼ ਦੀ ਚਾਦਰ ਵਿਛ ਗਈ। ਸ਼ਿਮਲਾ ’ਚ ਰਾਤ ਸਮੇਂ ਪਏ ਮੀਂਹ ਨਾਲ ਚੱਲੀਆਂ ਠੰਢੀਆਂ ਹਵਾਵਾਂ ਨਾਲ ਤਾਪਮਾਨ ’ਚ ਕਾਫ਼ੀ ਕਮੀ ਦਰਜ ਕੀਤੀ ਗਈ। ਮੌਸਮ ਦੀ ਪਹਿਲੀ ਹੀ ਬਰਫ਼ਬਾਰੀ ਨੇ ਮਨਾਲੀ, ਕੁਫ਼ਰੀ, ਨਾਰਕੰਡਾ ਅਤੇ ਖੜ੍ਹਾਪੱਥਰ ਵਾਸੀਆਂ ਨੂੰ ਕੰਬਣ ਲਾ ਦਿੱਤਾ। ਇੱਕ ਅਧਿਕਾਰੀ ਨੇ ਦੱਸਿਆ ਕਿ ਲਾਹੌਲ ਤੇ ਸਪਿਤੀ, ਚੰਬਾ, ਮੰਡੀ, ਕੁੱਲੂ ਅਤੇ ਕਿੰਨੌਰ ਜ਼ਿਲ੍ਹਿਆਂ ਦੇ ਉੱਚੇ ਇਲਾਕਿਆਂ ’ਚ ਐਤਵਾਰ ਤੋਂ ਬਰਫ਼ਬਾਰੀ ਹੋ ਰਹੀ ਹੈ। -ਆਈਏਐੱਨਐੱਸ

ਦਿੱਲੀ-ਐੱਨਸੀਆਰ ’ਚ ਪ੍ਰਦੂਸ਼ਣ ਦਾ ਪੱਧਰ ਘਟਿਆ

ਨਵੀਂ ਦਿੱਲੀ:ਦਿੱਲੀ ਅਤੇ ਇਸ ਦੇ ਨੇੜਲੇ ਇਲਾਕਿਆਂ ਵਿੱਚ ਹਲਕੇ ਮੀਂਹ ਅਤੇ ਹਵਾਵਾਂ ਚੱਲਣ ਤੋਂ ਬਾਅਦ ਪ੍ਰਦੂਸ਼ਣ ਦਾ ਪੱਧਰ ਕਾਫ਼ੀ ਘਟ ਗਿਆ ਹੈ। ਮੌਸਮ ਮਾਹਿਰਾਂ ਮੁਤਾਬਕ ਹਵਾ ਦੀ ਗੁਣਵੱਤਾ ’ਚ ਅਜੇ ਹੋਰ ਸੁਧਾਰ ਹੋਵੇਗਾ। ਸ਼ਹਿਰ ਵਿੱਚ ਹਵਾ ਦੀ ਗੁਣਵੱਤਾ ਦੇ ਇੰਡੈਕਸ ’ਚ ਸੁਧਾਰ ਮਗਰੋਂ ਇਹ ਅੱਜ ਸਵੇਰੇ 9 ਵਜੇ 300 ਸੀ, ਜੋ ‘ਮਾੜੀ ਗੁਣਵੱਤਾ’ ਦੀ ਸ਼੍ਰੇਣੀ ’ਚ ਆਉਂਦਾ ਹੈ ਜਦਕਿ ਇਹੀ ਇੰਡੈਕਸ ਐਤਵਾਰ ਨੂੰ ਇਸੇ ਸਮੇਂ 467 ਦੇ ਲਗਪਗ ਦਰਜ ਕੀਤਾ ਗਿਆ ਸੀ। 

Leave a Reply

Your email address will not be published. Required fields are marked *