ਪੰਜਾਬ ’ਚ ਯੂਨੀਵਰਸਿਟੀਆਂ ਅਤੇ ਕਾਲਜ ਅੱਠ ਮਹੀਨਿਆਂ ਮਗਰੋਂ ਖੁੱਲ੍ਹੇ

ਚੰਡੀਗੜ੍ਹ : ਪੰਜਾਬ ਵਿਚ ਕਰੋਨਾਵਾਇਰਸ ਮਹਾਮਾਰੀ ਤੋਂ ਬਾਅਦ ਬੰਦ ਕੀਤੀਆਂ ਗਈਆਂ ਯੂਨੀਵਰਸਿਟੀਆਂ ਅਤੇ ਕਾਲਜ ਅੱਜ ਕਰੀਬ ਅੱਠ ਮਹੀਨਿਆਂ ਮਗਰੋਂ ਮੁੜ ਤੋਂ ਖੁੱਲ੍ਹ ਗਏ ਹਨ। ਰਿਪੋਰਟਾਂ ਮੁਤਾਬਕ ਅੱਜ ਪਹਿਲੇ ਦਿਨ ਵਿਦਿਆਰਥੀਆਂ ਨੇ ਕੋਈ ਖਾਸ ਹੁੰਗਾਰਾ ਨਹੀਂ ਭਰਿਆ ਪਰ ਆਉਣ ਵਾਲੇ ਦਿਨਾਂ ’ਚ ਊਨ੍ਹਾਂ ਦੀ ਗਿਣਤੀ ਵਧਣ ਦੇ ਆਸਾਰ ਹਨ। ਰਾਜ ਸਰਕਾਰ ਨੇ ਕੇਂਦਰ ਸਰਕਾਰ ਵਲੋਂ ਜਾਰੀ ਕੀਤੀਆਂ ਹਦਾਇਤਾਂ ਤੋਂ ਬਾਅਦ 16 ਨਵੰਬਰ ਤੋਂ ਯੂਨੀਵਰਸਿਟੀਆਂ ਅਤੇ ਕਾਲਜ ਖੋਲ੍ਹਣ ਸਬੰਧੀ ਪੱਤਰ ਜਾਰੀ ਕੀਤਾ ਸੀ। ਪੰਜਾਬ ਸਰਕਾਰ ਨੇ ਕੰਨਟੇਨਮੈਂਟ ਜ਼ੋਨ ਤੋਂ ਬਾਹਰ ਉਚੇਰੀ ਸਿੱਖਿਆ ਦੇ ਅਦਾਰੇ ਖੋਲ੍ਹਣ ਸਬੰਧੀ ਪੱਤਰ ਜਾਰੀ ਕਰਕੇ ਕਿਹਾ ਸੀ ਕਿ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਵਲੋਂ ਕੋਵਿਡ ਤੋਂ ਬਚਾਅ ਲਈ ਜਾਰੀ ਕੀਤੀਆਂ ਹਦਾਇਤਾਂ ਦੀ ਪੂਰਨ ਤੌਰ ’ਤੇ ਪਾਲਣਾ ਕੀਤੀ ਜਾਵੇ। ਕੋਵਿਡ ਤੋਂ ਬਚਾਅ ਲਈ ਜਾਰੀ ਹਦਾਇਤਾਂ ਅਨੁਸਾਰ ਸਾਰੇ ਸਟਾਫ ਦਾ ਆਰਟੀ-ਪੀਸੀਆਰ ਕੋਵਿਡ ਟੈਸਟ ਕਰਵਾਊਣ ਲਈ ਕਿਹਾ ਗਿਆ ਸੀ। ਉਚੇਰੀ ਸਿੱਖਿਆ ਦੇ ਅਦਾਰਿਆਂ ਨੂੰ ਕਿਹਾ ਗਿਆ ਸੀ ਕਿ ਉਹ ਕੈਂਪਸ ਖੋਲ੍ਹਣ ਲਈ ਫੇਜ਼ ਵਾਈਜ਼ ਰੋਸਟਰ ਬਣਾਉਣਗੇ ਅਤੇ ਸਾਰੇ ਵਿਭਾਗਾਂ ਦਾ ਰੋਸਟਰ ਅਤੇ ਵਿਦਿਆਰਥੀਆਂ ਦੇ ਵੱਖੋ ਵੱਖਰੇ ਬੈਚ ਬਣਾਉਣਗੇ। ਪਹਿਲੇ ਫੇਜ਼ ਵਿਚ ਅਖੀਰਲੇ ਸਾਲ ਦੇ ਵਿਦਿਆਰਥੀਆਂ ਨੂੰ ਹੀ ਨਿੱਜੀ ਤੌਰ ’ਤੇ ਕਲਾਸਾਂ ਲਾਊਣ ਲਈ ਬੁਲਾਇਆ ਜਾਵੇਗਾ ਅਤੇ ਬਾਕੀ ਕਲਾਸਾਂ ਲਈ ਆਨਲਾਈਨ ਵਿਧੀ ਹੀ ਅਪਣਾਈ ਜਾਵੇਗੀ। ਇਸ ਦੇ ਨਾਲ ਹੀ ਕਿਹਾ ਗਿਆ ਹੈ ਕਿ ਕਿਸੇ ਵੀ ਦਿਨ 50 ਫੀਸਦੀ ਤੋਂ ਵੱਧ ਵਿਦਿਆਰਥੀ ਨਾ ਬੁਲਾਏ ਜਾਣ। ਜਿੱਥੋਂ ਤੱਕ ਸੰਭਵ ਹੈ ਵਿਦਿਆਰਥੀਆਂ ਨੂੰ ਪੜ੍ਹਨ ਸਮੱਗਰੀ ਆਨਲਈਨ ਹੀ ਊਪਲੱਬਧ ਕਰਵਾਈ ਜਾਵੇ। ਪੱਤਰ ਵਿਚ ਇਹ ਵੀ ਸਪੱਸ਼ਟ ਕੀਤਾ ਗਿਆ ਹੈ ਕਿ ਜਿਹੜੇ ਅਦਾਰਿਆਂ ਵਿਚ ਸਮਾਜਿਕ ਦੂਰੀ ਬਣਾ ਕੇ ਰੱਖਣ ਲਈ ਜਗ੍ਹਾ ਉਪਲੱਬਧ ਹੈ, ਉਹ 50 ਫੀਸਦੀ ਵਿਦਿਆਰਥੀਆਂ ਨੂੰ ਨਿੱਜੀ ਤੌਰ ’ਤੇ ਬੁਲਾ ਸਕਦੇ ਹਨ। ਅਦਾਰੇ ਦਿਨ ਵਿਚ ਪੜ੍ਹਾਈ ਦੇ ਘੰਟੇ ਲੋੜ ਅਨੁਸਾਰ ਵਧਾ ਸਕਦੇ ਹਨ। ਵਿਦਿਆਰਥੀ ਅਤੇ ਸਟਾਫ ਕੋਵਾ ਅਤੇ ਅਰੋਗਿਆ ਸੇਤੂ ਐਪ ਡਾਊਨਲੋਡ ਕਰਨਗੇ, ਜਿਸ ਨੂੰ ਉਹ ਨਿਰੰਤਰ ਅਪਡੇਟ ਕਰਦੇ ਰਹਿਣਗੇ। ਇਨ੍ਹਾਂ ਤੋਂ ਇਲਾਵਾ ਅਦਾਰੇ ਕੋਵਿਡ-19 ਸਬੰਧੀ ਹਦਾਇਤਾਂ ਦੀ ਪਾਲਣਾ ਕਰਨ ਲਈ ਟਾਸਕ ਫੋਰਸ ਦਾ ਗਠਨ ਕਰਨਗੇ। ਅਦਾਰਿਆਂ ਦੀ ਸਾਫ-ਸਫਾਈ ਅਤੇ ਸੈਨੀਟੇਸ਼ਨ ਯਕੀਨੀ ਬਣਾਇਆ ਜਾਵੇਗਾ, ਆਉਣ-ਜਾਣ ਵਾਲੇ ਹਰ ਇੱਕ ਵਿਅਕਤੀ ਦਾ ਰਿਕਾਰਡ ਰੱਖਿਆ ਜਾਵੇਗਾ, ਸੈਨੇਟਾਈਜ਼ਰ, ਥਰਮਲ ਸਕੈਨਰ ਆਦਿ ਦਾ ਲੋੜੀਂਦਾ ਪ੍ਰਬੰਧ ਕੀਤਾ ਜਾਵੇਗਾ ਅਤੇ ਮਾਸਕ ਪਹਿਨਣਾ ਜ਼ਰੂਰੀ ਹੋਵੇਗਾ। ਹੋਸਟਲ ਵਿਚ ਸਮਰੱਥਾ ਤੋਂ ਅੱਧੇ ਵਿਦਿਆਰਥੀ ਹੀ ਰਹਿ ਸਕਣਗੇ।

Leave a Reply

Your email address will not be published. Required fields are marked *