ਮਨੁਖਤਾ ਦੀ ਸੇਵਾ ਹੀ ਸਭ ਤੋਂ ਵੱਡਾ ਧਰਮ ਹੈ-ਅਰਵਿੰਦਰ ਸਿੰਘ ਚਾਹਲ

ਸਾਂਟਾ ਮਰੀਆ(ਕੈਲੀਫੋਰਨੀਆ) ਮਨੁਖਤਾ ਦੀ ਸੇਵਾ ਹੀ ਸਭ ਤੋਂ ਵੱਡਾ ਧਰਮ ਹੈ।ਅਜਿਹੀ ਸੇਵਾ ਕਰਨ ਤੋਂ ਬਾਅਦ ਜੋ ਮਾਨਸਿਕ ਅਨੰਦ ਪਰਾਪਤ ਹੁੰਦਾ ਹੈ ਉਸਨੂੰ ਲਫਜਾਂ ਵਿਚ ਬਿਆਨ ਨਹੀਂ ਕੀਤਾ ਜਾ ਸਕਦਾ।ਇਹ ਗਲ ਅਜ ਇਥੇ ਇਸ ਖੇਤਰ ਦੇ ਉਘੇ ਪੰਜਾਬੀ ਕਾਰੋਬਾਰੀ ਸ: ਅਰਵਿੰਦਰ ਸਿੰਘ ਚਾਹਲ ਨੇ ਉਸ ਵੇਲੇ ਕਹੀ ਜਦ ਉਹ ਤੇ ਉਹਨਾਂ ਦਾ ਸਾਰਾ ਪਰਿਵਾਰ ਕੋਵਿਡ-19 ਵਰਗੀ ਭਿਆਨਕ ਬਿਮਾਰੀ ਦੌਰਾਨ ਲੋੜਵੰਦ ਤੇ ਗਰੀਬ ਲੋਕਾਂ ਨੂੰ ਆਪਣੇ ਪਰਿਵਾਰ ਵਲੋਂ ਵਧੀਆ ਤੇ ਗਰਮ ਭੋਜਨ ਵੰਡ ਰਹੇ ਸਨ।ਸ: ਚਾਹਲ ਨੇ ਦਸਿਆ ਕਿ ਉਹਨਾਂ ਨੇ ਇਸ ਮਾਮਲੇ ਬਾਰੇ ਕਦੇ ਕੋਈ ਯੋਜਨਾ ਨਹੀਂ ਬਣਾਈ ਪਰ ਜਦੋਂ ਕੁਦਰਤ ਨੇ ਕਦੀ ਅਜਿਹੀ ਸੇਵਾ ਕਰਨ ਦਾ ਮੌਕਾ ਬਖਸ਼ਿਆ ਤਾਂ ਉਹ ਤੇ ਉਸਦਾ ਸਾਰਾ ਪਰਿਵਾਰ ਅਜਿਹੀ ਸੇਵਾ ਵਿਚ ਆਪਣੇ ਆਪ ਕੁਦ ਪੈਂਦੇ ਹਨ।ਉਹਨਾਂ ਕਿਹਾ ਕਿ ਸਾਡੇ ਸਾਰਿਆਂ ਉਪਰ ਇਹ ਇਕ ਮੁਸ਼ਕਲ ਭਰਿਆ ਸਮਾਂ ਹੈ ਜਿਸ ਰਾਹੀਂ ਅਸੀਂ ਸਾਰੇ ਗੁਜਰ ਰਹੇ ਹਾਂ।ਮੈਂ ਅਜਿਹੇ ਸਮੇਂ ਦੌਰਾਨ ਹਰ ਲੋੜਵੰਦ ਤੇ ਗਰੀਬ ਪਰਿਵਾਰ ਦੀ ਮਦਦ ਕਰਕੇ ਇਹ ਯਕੀਨੀ ਬਣਾਉਣਾ ਚਾਹੁੰਦਾ ਹਾਂ ਕਿ ਉਸਦੇ ਇਲਾਕੇ ਵਿਚ ਰਹਿਣ ਵਾਲਾ ਕੋਈ ਵੀ ਪਰਿਵਾਰ ਭੁਖੇ ਪੇਟ ਦਿਨ ਨਾ ਬਤੀਤ ਕਰੇ।ਉਹਨਾਂ ਨੇ ਇਕ ਸਵਾਲ ਦੇ ਜਵਾਬ ਵਿਚ ਦਸਿਆ ਕਿ ਸੈਂਟਾ ਮਰੀਆ ਵਿਚ ਸਾਲਵੇਸ਼ਨ ਆਰਮੀ ਪਾਸ ਜਿਹੜੇ ਸਿਆਸੀ ਸ਼ਰਨ ਲੈਣ ਵਾਲੇ ਵੱਖ ਵੱਖ ਦੇਸ਼ਾਂ ਦੇ ਲੋਕਾਂ ਨੇ ਆਸਰਾ ਲੈ ਕੇ ਰਖਿਆ ਹੋਇਆ ਹੈ ਉਹ ਉਥੇ ਜਾ ਕੇ ਅਜਿਹੇ ਲੋਕਾਂ ਨੂੰ ਵਧੀਆ ਖਾਣਾ ਪਰੋਸ ਕੇ ਦਿੰਦੇ ਰਹੇ ਹਨ।ਉਹਨਾਂ ਕਿਹਾ ਕਿ ਉਹ ਅਕਸਰ ਲੋੜਵੰਦ ਲੋਕਾਂ ਨੂੰ ਜਿਆਦਾ ਤਰ ਸ਼ਾਕਾਹਾਰੀ ਭੋਜਨ ਹੀ ਦਿੰਦੇ ਹਨ ਜਿਸ ਵਿਚ ਭੋਜਨ ਵਿਚ ਗਾਰਬੰਜੋ ਬੀਨਜ ਦੀ ਇਕ ਭਾਰਤੀ ਕਟੋਰੀ ਹੁੰਦੀ ਹੈ ਜਿਸ ਨੂੰ ਚਨਾ ਮਸਾਲਾ ਤੇ ਸਲਾਦ ਕਿਹਾ ਜਾਂਦਾ ਹੈ।ਸ: ਚਾਹਲ ਨੇ ਦਸਿਆ ਕਿ ਉਹ ਸੈਂਟਾ ਮਰੀਆ ਅਤੇ ਐਰੋਯੋ ਗ੍ਰਾਂਡੇ ਪੁਲੀਸ ਵਿਭਾਗਾਂ ,ਪੰਜ ਸ਼ਹਿਰਾਂ ਦੀ ਫਾਇਰ ਅਥਾਰਟੀ ਨੂੰ ਖਾਣਾ ਵੀ ਦੇ ਰਹੇ ਹਨ।

             ਸ: ਚਾਹਲ ਨੇ ਦਸਿਆ ਕਿ ਅਸੀਂ ਜੋ ਕੁਝ ਵੀ ਲੋਕਾਂ ਦੀ ਭਲਾਈ ਲਈ ਖਰਚ ਕਰਦੇ ਹਾਂ ਇਹ ਸਭ ਅਕਾਲ ਪੁਰਖ ਦਾ ਦਿਤਾ ਹੋਇਆ ਹੈ ਤੇ ਫਿਰ ਉਸਦੇ ਜੀਆਂ ਉਪਰ ਇਹਨਾਂ ਦਾਤਾਂ ਨੂੰ ਖਰਚ ਦੇਣਾ ਕਿਸੇ ਮਨੁਖ ਦੀ ਵਡਿਆਈ ਨਹੀਂ ਹੈ ਸਗੋਂ ਉਹਨਾਂ ਦਾਤਾਂ ਨੂੰ ਦੇਣ ਵਾਲੇ ਦੀ ਵਡਿਆਈ ਹੈ।ਉਹਨਾਂ ਕਿਹਾ ਕਿ ਕਮਿਊਨਿਟੀ ਉਪਰ ਅਜ ਅਸੀਂ ਜੋ ਕੁਝ ਖਰਚ ਕਰ ਰਹੇ ਹਾਂ ਇਹ ਸਭ ਕਮਿਊਨਿਟੀ ਦਾ ਦਿਤਾ ਹੋਇਆ ਹੀ ਵਾਪਿਸ ਕਰ ਰਹੇ ਹਾਂ ਕਿਉਂਕਿ ਕਮਿਊਨਿਟੀ ਵੀ ਸਾਡੇ ਕਾਰੋਬਾਰਾਂ ਨੂੰ ਸਪੋਰਟ ਕਰਕੇ ਅਗੇ ਵਧਣ ਵਿਚ ਸਹਾਈ ਹੁੰਦੀ ਹੈ।ਸ: ਚਾਹਲ ਨੇ ਦਸਿਆ ਕਿ ਉਹਨਾਂ ਨੇ ਆਪਣੇ ਸਾਰੇ ਸਟੋਰਾਂ ਉਪਰ ਸਰਜੀਕਲ ਮਾਸਕ ਤੇ ਦੁਰਲੱਭ ਕਿਸਮ ਦੇ ਦਸਤਾਨੇ ਰਖੇ ਹੋਏ ਹਨ ਜਿਥੋਂ ਕੋਈ ਲੋੜਵੰਦ ਵਿਅਕਤੀ ਆ ਕੇ ਲੈ ਸਕਦਾ ਹੈ।

ਪਰਿਵਾਰ ਵਲੋਂ ਮਿਲ ਰਹੇ ਸਹਿਯੋਗ ਬਾਰੇ ਬੋਲਦਿਆਂ ਸ: ਚਾਹਲ ਨੇ ਦਸਿਆ ਕਿ ਉਹਨਾਂ ਦੀ ਪਤਨੀ ਹਰਪਰੀਤ ਕੌਰ ਚਾਹਲ,ਮਾਤਾ ਸੁਰਿੰਦਰ ਕੌਰ,ਬੇਟੀ ਹਰਮੇਹਰ ਕੌਰ ਤੇ ਬੇਟਾ ਹਰਨੀਹਲ ਸਿੰਘ ਚਾਹਲ ਵਲੋਂ ਪੂਰਾ ਸਹਿਯੋਗ ਮਿਲ ਰਿਹਾ ਹੈ।ਸ: ਚਾਹਲ ਵਲੋਂ ਮਨੁਖਤਾ ਦੀ ਭਲਾਈ ਲਈ ਕੀਤੀਆਂ ਜਾ ਰਹੀਆਂ ਸ਼ਾਂਨਦਾਰ ਸੇਵਾਵਾਂ ਦੇ ਕਾਰਣ ਇਸ ਇਲਾਕੇ ਵਿਚ ਅਮਰਿੰਦਰ ਸਿੰਘ ਚਾਹਲ ਤੇ ਉਹਨਾਂ ਦੇ ਸਮੂਹ ਪਰਿਵਾਰ ਦੀ ਬਹੁਤ ਚਰਚਾ ਹੋ ਰਹੀ ਹੈ।ਉਧਰ ਨਾਰਥ ਅਮਰੀਕਨ ਪੰਜਾਬੀ ਐਸ਼ੋਸ਼ੀਏਸ਼ਨ (ਨਾਪਾ) ਵਲੋਂ ਜਾਰੀ ਕੀਤੇ ਗਏ ਇਕ ਪਰੈਸ ਬਿਆਨ ਰਾਹੀਂ ਕਿਹਾ ਗਿਆ ਹੈ ਕਿ ਸ: ਅਰਵਿੰਦਰ ਸਿੰਘ ਚਾਹਲ ਤੇ ਉਸਦੇ ਸਾਰੇ ਪਰਿਵਾਰ ਵਲੋਂ ਮਨੁਖਤਾ ਦੀ ਭਲਾਈ ਲਈ ਕੀਤੇ ਜਾ ਰਹੇ ਯਤਨ ਬਹੁਤ ਸ਼ਲਾਘਾਯੋਗ ਹਨ ਤੇ ਇਸ ਨਾਲ ਇਥੇ ਵਸਦੇ ਪੰਜਾਬੀ ਭਾਈਚਾਰੇ ਦੇ ਲੋਕਾਂ ਦਾ ਸਿਰ ਮਾਣ ਨਾਲ ਉਚਾ ਹੋਇਆ ਹੈ। ਰਲੀਜ ਵਿਚ ਕਿਹਾ ਗਿਆ ਕਿ ਸ: ਚਾਹਲ ਵਲੋਂ ਕੀਤੇ  ਅਜਿਹੇ ਯਤਨ ਭਾਈਚਾਰੇ ਦੇ ਦੂਸਰੇ ਲੋਕਾਂ ਨੂੰ ਵੀ ਪਰੇਰਨਾ ਦਿੰਦੇ ਰਹਿਣਗੇ।ਇਥੇ ਇਹ ਦਸ ਦਈਏ ਕਿ ਦੁਨੀਆਂ ਭਰ ਵਿਚ ਵੱਸਦਾ ਸਿਖ ਭਾਈਚਾਰਾ ਕਾਫੀ ਲੰਬੇ ਸਮੇਂ  ਤੋਂ ਅਜਿਹੇ ਲੋੜਵੰਦ ਤੇ ਗਰੀਬ ਲੋਕਾਂ ਦੀ ਅਗੇ ਹੋ ਕੇ ਸੇਵਾ ਕਰਦਾ ਆ ਰਿਹਾ ਹੈ।

Leave a Reply

Your email address will not be published. Required fields are marked *