ਨੌਜਵਾਨ ਵਰਗ ਦੇ ਰਾਹ – ਦਸੇਰੇ : ਅਧਿਆਪਕ ਸੁਰਜੀਤ ਰਾਣਾ ਜੀ

ਖਿੱਤੇ , ਸਮਾਜ , ਕਿੱਤੇ ਅਤੇ ਦੁਨੀਆਂ ਵਿੱਚ ਆਪਣੀ ਵੱਖਰੀ ਹੋਂਦ , ਪਹਿਚਾਣ , ਹੈਸੀਅਤ ਅਤੇ ਸਥਾਨ ਬਣਾਉਣਾ ਜਾਂ ਵੱਡਾ ਮੁਕਾਮ ਹਾਸਿਲ ਕਰਨਾ ਕੋਈ ਖਾਲਾ ਜੀ ਦਾ ਵਾੜਾ ਨਹੀਂ। ਇਸ ਦੇ ਲਈ ਸਿਦਕੀ , ਸੰਘਰਸ਼ਸ਼ੀਲ ਅਤੇ ਸਮਰਪਿਤ ਹੋ ਕੇ ਇੱਕ ਮਨ – ਇੱਕ ਚਿੱਤ ਹੋਣਾ ਪੈਂਦਾ ਹੈ ਅਤੇ ਵਿਅਕਤੀਤਵ ਵਿੱਚ ਤਿਆਗ ਤੇ ਪਰਉਪਕਾਰ ਦੀ ਭਾਵਨਾ ਦਾ ਸਮਾਵੇਸ਼ ਹੋਣਾ ਵੀ ਲਾਜ਼ਮੀ ਹੈ , ਪ੍ਰੰਤੂ ਇਸ ਤੇਜ਼ – ਸਪਾਟ ਅਤੇ ਪਦਾਰਥਵਾਦੀ ਜ਼ਿੰਦਗੀ ਦੇ ਦੌਰ ਵਿੱਚ ਅਜਿਹੀ ਅਣਮੋਲ , ਅਦੁੱਤੀ ਤੇ ਸਮਾਜ – ਸੇਵੀ ਸ਼ਖਸੀਅਤ ਦੀ ਹੋਂਦ ਆਪਣੇ ਆਪ ਵਿੱਚ ਇੱਕ ਵੱਡੀ ਵਿਸ਼ੇਸ਼ਤਾ , ਖ਼ਾਸੀਅਤ ਅਤੇ ਸਕਾਰਾਤਮਕ ਗੱਲ ਤੇ ਚੰਗੇਰੀ ਵਿਲੱਖਣਤਾ ਹੈ। ਅਜਿਹੀ ਹੀ ਇੱਕ ਅਹਿਮ ਸ਼ਖਸੀਅਤ ਹੈ : ” ਸ੍ਰੀ ਸੁਰਜੀਤ ਰਾਣਾ ਜੀ “। ਸੁਰਜੀਤ ਰਾਣਾ ਜੀ ਵਿਸ਼ਵ ਵਿਖਿਆਤ ਪਾਵਨ – ਪਵਿੱਤਰ ਅਨੰਦਾਂ ਦੀ ਨਗਰੀ ਸ੍ਰੀ ਅਨੰਦਪੁਰ ਸਾਹਿਬ ਦੇ ਨਜ਼ਦੀਕੀ ਚੰਗਰ ਖੇਤਰ ਦੇ ਪਿੰਡ ਨਾਨੋਵਾਲ ਦੇ ਵਸਨੀਕ ਹਨ , ਜੋ ਕਿ ਕਿੱਤੇ ਪੱਖੋਂ ਅਧਿਆਪਕ ਦੇ ਅਹੁਦੇ ‘ਤੇ ਤੈਨਾਤ ਹਨ। ਆਪਣੇ ਕਿੱਤੇ ਤੋਂ ਕੁਝ ਵੱਖਰਾ ਕਰ ਗੁਜ਼ਰ ਜਾਣਾ ਸ੍ਰੀ ਸੁਰਜੀਤ ਰਾਣਾ ਜੀ ਦੀ ਫਿਤਰਤ ਰਹੀ ਹੈ। ਆਪਣੀ ਇਸੇ ਸਮਾਜ ਸੇਵਾ ਭਰੀ ਫ਼ਿਤਰਤ ਸਦਕਾ ਹੀ ਰਾਣਾ ਜੀ ਇਲਾਕੇ ਦੇ ਬਹੁਤੇਰੇ ਨੌਜ਼ਵਾਨਾਂ ਨੂੰ ਭਾਰਤੀ ਫ਼ੌਜ , ਹਿਮਾਚਲ ਪੁਲਿਸ , ਸੈਨੀਟੇਸ਼ਨ ਵਿਭਾਗ , ਸਿੱਖਿਆ ਵਿਭਾਗ , ਵਾਟਰ ਸਪਲਾਈ ਵਿਭਾਗ , ਇੰਡੀਅਨ ਆਰਮੀ ਆਦਿ ਵੱਖ – ਵੱਖ ਖੇਤਰਾਂ ਵਿਚ ਨੌਕਰੀ ਪ੍ਰਾਪਤੀ ਲਈ ਹਰ ਪੱਖ ਤੋਂ ( ਆਪਣੀ ਨੌਕਰੀ ਤੋਂ ਬਾਅਦ ਤੇ ਘਰੇਲੂ ਰੁਝੇਵਿਆਂ ‘ਚੋਂ ਸਮਾਂ ਕੱਢ ਕੇ ਮੁਫ਼ਤ ਪਡ਼੍ਹਾਉਣਾ , ਆਰਥਿਕ ਸਹਾਇਤਾ ਕਰਨਾ , ਨੌਜਵਾਨਾਂ ਨੂੰ ਗਾਈਡ ਕਰਨਾ ,ਮੁਫ਼ਤ ਪਾਠ – ਪੁਸਤਕਾਂ ਮੁਹੱਈਆ ਕਰਵਾਉਣਾ ਆਦਿ ਆਦਿ ) ਸਹਾਇਤਾ ਕਰਕੇ ਰੁਜ਼ਗਾਰ ਪ੍ਰਾਪਤੀ , ਦੇਸ਼ ਭਗਤੀ ਤੇ ਦੇਸ਼ ਸੇਵਾ ਦਾ ਕਾਰਜ ਕਰਕੇ ਸਮਾਜ – ਸੇਵਾ ਦਾ ਆਪਣਾ ਬਹੁਤ ਹੀ ਲਗਨ ਭਰਿਆ ਕਾਰਜ ਪਿਛਲੇ ਲਗਪਗ ਦਸ ਸਾਲਾਂ ਤੋਂ ਨਿਰੰਤਰ ਕਰਦੇ ਆ ਰਹੇ ਹਨ। ਇਸ ਨਾਲ ਜਿੱਥੇ ਨੌਜਵਾਨਾਂ ਦਾ ਭਵਿੱਖ ਸੁਨਹਿਰੀ ਬਣਦਾ ਹੈ ਅਤੇ ਉਨ੍ਹਾਂ ਨੂੰ ਚੰਗਾ ਰੁਜ਼ਗਾਰ ਮਿਲਦਾ ਹੈ ਤੇ ਉਨ੍ਹਾਂ ਅੰਦਰ ਨਵਾਂ ਉਤਸ਼ਾਹ ਪੈਦਾ ਹੁੰਦਾ ਹੈ , ਉੱਥੇ ਹੀ ਨੌਜਵਾਨ ਵਰਗ ਦਾ ਕੁਰਾਹੇ ਪੈਣ ਤੋਂ ਵੀ ਬਚਾਅ ਹੋ ਰਿਹਾ ਹੈ। ਅਧਿਆਪਕ ਸ੍ਰੀ ਸੁਰਜੀਤ ਰਾਣਾ ਜੀ ਹੁਣ ਤੱਕ ਅਨੇਕਾਂ ਨੌਜਵਾਨਾਂ ਨੂੰ ਉਨ੍ਹਾਂ ਦੀ ਹਰ ਪੱਖੋਂ ਸਹਾਇਤਾ ਕਰਕੇ ਤੇ ਉਨ੍ਹਾਂ ਨੂੰ ਸਿੱਖਿਆ ਦੇ ਕੇ ਰੁਜ਼ਗਾਰ ਪ੍ਰਾਪਤ ਕਰਵਾਉਣ ਵਿੱਚ ਯੋਗਦਾਨ ਨਿਭਾਅ ਚੁੱਕੇ ਹਨ ਤੇ ਨਿਭਾਅ ਰਹੇ ਹਨ। ਪਿਛਲੇ ਦਿਨਾਂ ਦੌਰਾਨ ਹੀ ਉਨ੍ਹਾਂ ਵੱਲੋਂ ਨਿਸ਼ਕਾਮ – ਭਾਵ ਨਾਲ ਸਿੱਖਿਅਤ ਕੀਤੇ ਗਏ ਇਸੇ ਖੇਤਰ ਦੇ ਛੇ ਨੌਜਵਾਨ ਇੰਡੀਅਨ ਆਰਮੀ ਵਿੱਚ ਭਰਤੀ ਹੋਏ ਹਨ। ਜੋ ਕਿ ਬਹੁਤ ਫਖ਼ਰ ਵਾਲੀ ਗੱਲ ਹੈ। ਸਭ ਤੋਂ ਵੱਡੀ ਗੱਲ ਇਹ ਹੈ ਕਿ ਕੋਵਿਡ – 19 ਦੌਰਾਨ ਵੀ ਉਹ ਇਲਾਕੇ ਦੇ ਨੌਜਵਾਨਾਂ ਨੂੰ ਭਾਰਤੀ ਫ਼ੌਜ ਜਾਂ ਹੋਰ ਖੇਤਰਾਂ ਵਿੱਚ ਨਿਯੁਕਤ ਹੋਣ ਲਈ ਆਨਲਾਈਨ ਮਾਧਿਅਮ ਰਾਹੀਂ ਸਿੱਖਿਅਤ ਕਰਦੇ ਤੇ ਗਾਈਡ ਕਰਦੇ ਆ ਰਹੇ ਹਨ। ਉਨ੍ਹਾਂ ਦਾ ਮੰਨਣਾ ਹੈ ਕਿ ਕੋਈ ਵੀ ਨੌਜਵਾਨ ਗ਼ਰੀਬੀ , ਲਾਚਾਰੀ , ਬੇਵਸੀ ਜਾਂ ਘਰੇਲੂ ਮਜ਼ਬੂਰੀ ਕਰਕੇ ਜੀਵਨ ਵਿੱਚ ਕਾਮਯਾਬ ਹੋਣ ਤੋਂ ਨਾ ਰਹਿ ਜਾਵੇ। ਉਹ ਨੌਜਵਾਨਾਂ ਦਾ ਅਤੇ ਪੱਛੜੇ ਖੇਤਰ ਦਾ ਦੁੱਖ – ਦਰਦ ਭਲੀ ਭਾਂਤ ਸਮਝਦੇ ਹਨ। ਉਨ੍ਹਾਂ ਦੀ ਇਸ ਵਡਮੁੱਲੀ , ਮਹਾਨ ਤੇ ਪਰਉਪਕਾਰ ਦੀ ਸਮਾਜ – ਸੇਵਾ ਤੋਂ ਉਨ੍ਹਾਂ ਦੇ ਪਰਿਵਾਰ ਵਾਲ਼ੇ , ਉਨ੍ਹਾਂ ਦੇ ਮਾਤਾ ਸ੍ਰੀਮਤੀ ਵਿੱਦਿਆ ਦੇਵੀ ਜੀ ਅਤੇ ਧਰਮ – ਪਤਨੀ ਸ੍ਰੀਮਤੀ ਰਣਵੀਰ ਕੌਰ ਜੀ ਬਹੁਤ ਖ਼ੁਸ਼ੀ ਅਤੇ ਮਾਣ ਮਹਿਸੂਸ ਕਰਦੇ ਹਨ ਅਤੇ ਉਨ੍ਹਾਂ ਦੇ ਇਸ ਸਮਾਜ – ਸੇਵਾ ਦੇ ਜਨੂੰਨ ਵਿੱਚ ਸਹਾਇਤਾ ਕਰਦੇ ਹਨ। ਸਮਾਜ – ਸੇਵਾ ਦੇ ਅਜਿਹੇ ਜੁਨੂੰਨ ਨੂੰ ਦੇਖਦੇ ਹੋਏ ਅਧਿਆਪਕ ਸ੍ਰੀ ਸੁਰਜੀਤ ਰਾਣਾ ਜੀ ਬਾਰੇ ਇਹੋ ਕਿਹਾ ਜਾ ਸਕਦਾ ਹੈ ,
” ਮਿਟਾ ਦੇ ਆਪਣੀ ਹਸਤੀ ਕੋ ,
ਅਗਰ ਕੁਛ ਮਰਤਬਾ ਚਾਹੀਏ ,
ਕਿ ਦਾਣਾ ਖ਼ਾਕ ਮੇਂ ਮਿਲ ਕਰ ,
ਗੁਲ -ਏ – ਗੁਲਜ਼ਾਰ ਹੋਤਾ ਹੈ “।
ਮਾਸਟਰ ਸੰਜੀਵ ਧਰਮਾਣੀ .
ਸ੍ਰੀ ਅਨੰਦਪੁਰ ਸਾਹਿਬ .

Leave a Reply

Your email address will not be published. Required fields are marked *