ਲੋਕਾਈ ਨੂੰ ਲਿਖਤਾਂ ਦੁਆਰਾ ਤੰਦਰੁਸਤ ਕਰਨ ਲਈ ਯਤਨਸ਼ੀਲ ਸਿਰਮੌਰ ਕਲਮ : ਰਿਪਨਜੋਤ ਕੌਰ ਸੋਨੀ ਬੱਗਾ

  ਕਿਹਾ ਕਰਦੇ ਹਨ, ‘ਜਾਨ ਨਾਲ ਜਹਾਨ।’  ਜੇਕਰ ਸਿਹਤ ਠੀਕ ਹੈ ਤਾਂ ਉਸ ਦੇ ਲਈ ਸਾਰੀ ਦੁਨੀਆਂ ਵਸਦੀ-ਰਸਦੀ ਹੈ। ਪਰ ਜੇਕਰ ਸਿਹਤ ਹੀ ਠੀਕ ਨਹੀ ਤਾਂ ਸਾਰਾ ਜਹਾਨ ਜ਼ੀਰੋ ਹੈ, ਉਸ ਦੇ ਲਈ। ਅੱਜ ਇਨਾਂ ਸਤਰਾਂ ਰਾਹੀਂ ਅਸੀਂ ਇਕ ਐਸੀ ਸਖ਼ਸ਼ੀਅਤ ਦਾ ਜ਼ਿਕਰ ਕਰਨ ਜਾ ਰਹੇ ਹਾਂ ਜਿਹੜੇ ਕਿ ਪੌਦਿਆਂ ਦੇ ਚਕਿੱਤਸਕ ਗੁਣਾਂ ਰਾਹੀਂ ਲੋਕਾਈ ਨੂੰ ਕੁਦਰਤੀ ਜੜੀ-ਬੂਟੀਆਂ ਨਾਲ ਤੰਦਰੁਸਤ ਕਰਨ ਲਈ ਆਪਣੀਆਂ ਲਿਖਤਾਂ ਦੁਆਰਾ ਸੇਧ ਦੇਣ ਦੀਆਂ ਭਰਪੂਰ ਕੋਸ਼ਿਸ਼ਾਂ ਕਰ ਰਹੇ ਹਨ। ਅੰਮ੍ਰਿਤਸਰ ਵਿਚ ਪਿਤਾ ਡਾ. ਵਿਦਵਾਨ ਸਿੰਘ ਸੋਨੀ ਦੇ ਗ੍ਰਹਿ ਵਿਖੇ ਮਾਤਾ ਸ੍ਰੀਮਤੀ ਸੁਰਿੰਦਰਪਾਲ ਕੌਰ ਦੀ ਪਾਕਿ ਕੁੱਖ ਨੂੰ ਭਾਗ ਲਾਉਣ ਵਾਲੀ, ਹਮਦਰਦਰਾਨਾ ਦਿਲ ਰੱਖਦੀ, ਇਸ ਦਯਾਵਾਨ ਰੂਹ ਦਾ ਕੁਝ ਬਚਪਨ ਜਿਲਾ ਗੁਰਦਾਸਪੁਰ ਵਿਚ ਬੀਤਿਆ। ਦਸਵੀਂ ਤੱਕ ਦੀ ਪੜਾਈ ਉਨਾਂ ਨੇ ਮਾਡਰਨ ਸੀਨੀ. ਸੈਕੰ. ਸਕੂਲ, ਪਟਿਆਲਾ ਤੋਂ ਕਰਨ ਪਿੱਛੋਂ ਬੀ. ਐਸ ਸੀ. (ਮੈਡੀਕਲ) ਦੀ ਪੜਾਈ ਗੌਰਮਿੰਟ ਮਹਿੰਦਰਾ ਕਾਲਜ ਪਟਿਆਲਾ ਤੋਂ ਅਤੇ ਐਮ. ਐਸ ਸੀ. (ਜ਼ੁਆਲੋਜੀ), ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਸਕਾਲਰਸ਼ਿਪ ਨਾਲ ਕੀਤੀ। ਇਸ ਤੋਂ ਬਾਅਦ ਬੀ. ਐਡ ਅਤੇ ਐਮ. ਐਡ ਦੀ ਪੜਾਈ ਵੀ ਵਿਆਹ ਉਪਰੰਤ ਇਸੇ ਹੀ ਯੂਨੀਵਰਸਿਟੀ ਤੋਂ ਕੀਤੀ। ਪਾਠਕਾਂ ਦੇ ਰੂ-ਬ-ਰੂ ਕਰਨ ਦੀ ਖ਼ੁਸ਼ੀ ਲੈ ਰਿਹਾ ਹਾਂ, ਸਰਬੱਤ ਦਾ ਭਲਾ ਲੋਚਦੀ, ਸਮਾਜ ਨੂੰ ਸਿਹਤਮੰਦ ਵੇਖਣ ਦੀ ਚਾਹਵਾਨ ਅਤੇ ਪੰਜਾਬੀ ਮਾਂ-ਬੋਲੀ ਦੀ ਸੱਚੀ-ਸੁੱਚੀ ਪੁਜਾਰਨ, ਬੀਬੀ ਰਿਪਨਜੋਤ ਕੌਰ ਸੋਨੀ ਬੱਗਾ ਜੀ ਨਾਲ ਹੋਈ ਮੁਲਾਕਾਤ ਦੀ ਪੰਛੀ ਝਾਤ :-

??-”ਆਪਣੇ ਜੀਵਨ-ਸਾਥੀ ਅਤੇ ਆਪਣੇ ਪੇਸ਼ੇ ਬਾਰੇ ਕੁਝ ਦੱਸੋਂਗੇ, ਬੱਗਾ ਜੀ ?”

0-”ਮੇਰੇ ਜੀਵਨ-ਸਾਥੀ ਲੈਫਟੀਨੈਂਟ ਕਰਨਲ ਜੇ. ਐਸ. ਬੱਗਾ ਜੀ ਹਨ, ਜਿਨਾਂ ਨੇ ਫੌਜ ਵਿਚ ਹੁੰਦੇ ਹੋਏ ਪੀ. ਸੀ. ਐਸ. ਦੇ ਪੇਪਰ ਕਲੀਅਰ ਕੀਤੇ ਅਤੇ ਉਪਰੰਤ ਅੱਜ-ਕੱਲ ਉਹ ਸਿਵਿਲ ਨੌਕਰੀ ਵਿਚ ਆ ਗਏ ਹਨ। . . . ਮੈਂ ਤਿੰਨ ਸਾਲ ਗੌਰਮਿੰਟ ਕਾਲਜ ਰੋਪੜ ਅਤੇ ਜੀਵਨ-ਸਾਥੀ ਦੇ ਫੌਜ਼ ਵਿਚ ਹੋਣ ਕਰ ਕੇ 18 ਸਾਲਾਂ ਤੋਂ ਭਾਰਤ ਦੇ ਅਲੱਗ-ਅਲੱਗ ਸੂਬਿਆਂ ਵਿਚ ਸਥਿਤ ਤਕਰੀਬਨ ਅੱਠ ਆਰਮੀ ਸਕੂਲਾਂ ਵਿਚ ਪੜਾਇਆ। ਅੱਜ-ਕੱਲ ਮੈਂ ਆਰਮੀ ਸਕੂਲ ਪਟਿਆਲਾ ਵਿਖੇ ਪੜਾ ਰਹੀ ਹਾਂ।”

??-”ਜੜੀ-ਬੂਟੀਆਂ ਨਾਲ ਮਰੀਜ਼ਾਂ ਨੂੰ ਤੰਦਰੁਸਤ ਕਰਨ ਦੀ ਚੇਟਕ ਕਦੋਂ ਅਤੇ ਕਿਵੇਂ ਲੱਗੀ? ਇਹ ਵੀ ਦੱਸੋ ਕਿ ਉਹ ਕਿਹੜੇ-ਕਿਹੜੇ ਮਸਾਲੇ, ਪੇੜ-ਪੌਦੇ ਤੇ ਜੜੀ-ਬੂਟੀਆਂ ਹਨ, ਜੋ ਸਾਡੇ ਆਮ ਘਰਾਂ ਵਿਚ ਅਤੇ ਆਲੇ-ਦਆਲੇ ਪਾਏ ਜਾਂਦੇ ਹਨ ਤੇ ਸਾਡੀ ਸਿਹਤ ਲਈ ਅਤਿਅੰਤ ਫ਼ਾਇਦੇਮੰਦ ਹਨ?”

0-”ਇਹ ਚੇਟਕ ਮੈਨੂੰ ਮੇਰੇ ਪਿਤਾ ਜੀ ਅਤੇ ਸ. ਸੁਰਜੀਤ ਸਿੰਘ ”ਕਲਮ 5-ਆਬ” (ਫੇਸ-ਬੁੱਕ ਗਰੁੱਪ) ਵੱਲੋਂ ਦਿੱਤੇ ਸੁਝਾਓ ਸਦਕਾ, ਲਾਕ-ਡਾਊਨ ਦੌਰਾਨ ਲੱਗੀ।. . ਹਲਦੀ, ਦਾਲ-ਚੀਨੀ, ਕਲੌਂਜੀ, ਕਾਲੀ ਮਿਰਚ, ਲੈਚੀ, ਲੌਂਗ, ਲਸਣ ਅਤੇ ਅਦਰਕ ਆਦਿ ਮਸਾਲਿਆਂ ਦੇ ਨਾਲ-ਨਾਲ ਨਿੰਮ, ਕੜੀ-ਪੱਤਾ, ਤੁਲਸੀ, ਗਲੋਅ, ਜਾਮਣ, ਸੁਹਾਂਜਣਾ (ਮੋਰਿੰਗਾ) ਦੇ ਪੱਤੇ, ਅਮਰੂਦ, ਹਾਰ-ਸ਼ਿੰਗਾਰ ਦੇ ਪੱਤੇ, ਆਦਿ ਦਾ ਸੇਵਨ ਕਰਨ ਨਾਲ ਨਜ਼ਲਾ-ਜ਼ੁਕਾਮ, ਖਾਂਸੀ, ਬੁਖਾਰ ਅਤੇ ਜੋੜਾਂ ਦੇ ਦਰਦ ਆਦਿ ਤੋਂ ਰਾਹਤ ਤਾਂ ਮਿਲਦੀ ਹੀ ਹੈ, ਇਸ ਤੋਂ ਇਲਾਵਾ ਪੇਟ ਦੀਆਂ ਕਈ ਬਿਮਾਰੀਆਂ ਤੋਂ ਵੀ ਬਚਾਉਂਦੇ ਹਨ, ਇਹ। ਇਨਾਂ ਦਾ ਸੇਵਨ ਕਰਨ ਨਾਲ ਮਨੁੱਖੀ ਸਰੀਰ ਦੀ ਰੋਗਾਂ ਨਾਲ ਲੜਨ ਦੀ ਸਮਰੱਥਾ (ਇਮਿਉਨਟੀ) ਵੀ ਵਧਦੀ ਹੈ।”

??-”ਕੀ ਤੁਹਾਡੇ ਕੋਈ ਲੇਖ ਕਿਸੇ ਪੇਪਰ ਵਿਚ ਕਦੀ ਛਪੇ ਜਾਂ ਰੇਡੀਓ ਤੋਂ ਬਰਾਡਕਾਸਟ ਵੀ ਹੋਏ ਹਨ ?”

0-”ਹਾਂ ਜੀ।  ਅਜੀਤ, ਨਵਾਂ ਜਮਾਨਾ ਦੇਸ਼-ਵਿਦੇਸ਼ ਟਾਈਮਜ, ਨਿਰੰਤਰ ਸੋਚ, ਭਾਈ ਦਿੱਤ ਸਿੰਘ ਪੱਤ੍ਰਿਕਾ ਅਤੇ ਪੰਜ ਦਰਿਆ ਆਦਿ ਪੇਪਰਾਂ/ਮੈਗਜ਼ੀਨਾਂ ਵਿਚ ਸਿਹਤ ਦੇ ਇਨਾਂ ਨੁਸਖਿਆਂ ਸਬੰਧੀ ਅਤੇ ਵਿਗਿਆਨ ਨਾਲ ਜੁੜੇ ਮੇਰੇ ਸਾਹਿਤਕ ਲੇਖ ਤੇ ਮਿੰਨੀ ਕਹਾਣੀਆਂ ਛਪ ਚੁੱਕੇ ਹਨ। ਇਸ ਤੋਂ ਇਲਾਵਾ ਫੌਜ ਦੇ ਸਾਹਸ ਦੀਆਂ ਕਹਾਣੀਆਂ ਅਤੇ ਬੱਚਿਆਂ ਦੇ ਮਨੋ-ਵਿਗਿਆਨ ਨਾਲ ਸਬੰਧਤ ਨਿੱਕੀਆਂ ਕਹਾਣੀਆਂ ਵੀ ਛਪ ਚੁੱਕੀਆਂ ਹਨ।  ਵਾਤਾਵਰਣ-ਪ੍ਰੇਮੀ ਸੰਤ ਸੀਚੇਵਾਲ ਜੀ ਦੇ ਰੇਡੀਓ, ‘ਅਵਤਾਰ’ ਦੁਆਰਾ ਮੇਰੇ ਕਾਫੀ ਲੇਖ ਪ੍ਰਸਾਰਿਤ ਕੀਤੇ ਜਾ ਚੁੱਕੇ ਹਨ, ਜਿਨਾਂ ਨੂੰ ਪੜਕੇ ਤੇ ਸੁਣਕੇ ਕਾਫੀ ਪਾਠਕ ਤੇ ਸਰੋਤਿਆਂ ਦੇ ਦੁਆਵਾਂ ਭਰੇ ਫੋਨ ਵੀ ਆਉਂਦੇ ਰਹਿੰਦੇ ਹਨ, ਮੈਨੂੰ।”

??-”ਸਾਹਿਤਕ ਖੇਤਰ ਵਿਚ ਤੁਹਾਡੇ ਲਿਖਣ ਦੇ ਵਿਸ਼ੇ ਕਿਹੋ ਜਿਹੇ ਹਨ?”

0-”ਮੇਰੀਆਂ ਮਿੰਨੀ ਕਹਾਣੀਆਂ, ‘ਬੋਲੀ’, ‘ਫਾਇਦਾ’, ‘ਸਾਹਸ’, ‘ਦੁੱਧ ਦਾ ਗਿਲਾਸ’, ‘786 ਨੰਬਰ’, ‘ਪੱਗ’, ‘ਯੇ ਤੋ ਸਰਦਾਰਨੀ ਲਗਤੀ ਹੈ’, ‘ਮਾਂ ਦੀ ਹਿੰਮਤ’, ‘ਵੀਹਾਂ ਦਾ ਨੋਟ’, ‘ਕੋਈ ਠਾਕੁਰ ਹੋਣਾ’ ਅਤੇ ‘ਕਮਾਂਡੋ ਦੀ ਮੰਗੇਤਰ’ ਸੌ ਫੀ ਸਦੀ ਹੱਡ-ਬੀਤੀਆਂ ਹਨ, ਜੋ ਕਿ ਬੱਚਿਆਂ ਦੀਆਂ ਮਨੋ-ਵਿਗਿਆਨਕ ਸਮੱਸਿਆਵਾਂ ਅਤੇ ਮੇਰੇ ਫੌਜ ਵਿਚ ਰਹਿਣ ਦੌਰਾਨ ਤਜ਼ਰਬਿਆਂ ਉਤੇ ਅਧਾਰਤ ਹਨ, ਕਾਫ਼ੀ ਮਕਬੂਲ ਹੋਈਆਂ। ਇਨਾਂ ਨੂੰ ਮੈਂ ਜਲਦੀ ਹੀ ਕਿਤਾਬੀ ਰੂਪ ਦੇਣ ਜਾ ਰਹੀ ਹਾਂ।”

??-”ਤੁਸੀਂ ਸਾਹਿਤਕ ਪੱਖ ਵਿਚ ਕਦੋਂ ਤੋਂ ਅਤੇ ਕਿਸ ਭਾਸ਼ਾ ਵਿਚ ਲਿਖਣਾ ਸ਼ੁਰੂ ਕੀਤਾ?”

0-”ਜਦੋਂ ਮੈਂ ਕਾਲਜ ਵਿਚ ਪੜਦੀ ਸੀ ਤਾਂ ਮੇਰੀ ਇਕ ਮਿੰਨੀ ਕਹਾਣੀ ਅਤੇ ਇਕ ਸਫਰਨਾਮਾਂ ਅੰਗ੍ਰੇਜੀ ਵਿਚ ਛਪੇ। ਜਦ ਮੈਂ ਪਿਤਾ ਜੀ ਨਾਲ ਉਸਨੂੰ ਸਾਂਝਾ ਕੀਤਾ ਤਾਂ ਉਹ ਅੱਗੋਂ ਖੁਸ਼ ਹੋਣ ਦੀ ਬਜਾਇ ਮੈਨੂੰ ਖਿੱਝਕੇ ਕਹਿਣ ਲੱਗੇ, ”ਪੰਜਾਬੀ ਵਿਚ ਲਿਖਿਆ ਕਰੋ। ਤੁਸੀਂ ਆਪਣਾ ਪੱਖ ਆਪਣੀ ਮਾਂ-ਬੋਲੀ ਵਿਚ ਚੰਗੀ ਤਰਾਂ ਪਾਠਕਾਂ ਨੂੰ ਸਮਝਾ ਸਕਦੇ ਹੋ।”   ਪਿਤਾ ਜੀ ਦੇ ਕਹੇ ਇਹ ਸ਼ਬਦ ਮੇਰੇ ਦਿਲ ‘ਚ ਐਨਾ ਧੱਸ ਗਏ ਕਿ ਪਤੀ ਦੀ ਫੌਜ ਦੀ ਨੌਕਰੀ ਦੌਰਾਨ ਮੈਂ ਪੰਜਾਬ ਦੇ ਇਕ ਆਰਮੀ ਸਕੂਲ ਵਿਚ ਪੰਜਾਬੀ ਦਾ ਵਿਸ਼ਾ ਛੇਵੀਂ, ਸੱਤਵੀਂ ਤੇ ਅੱਠਵੀਂ ਜਮਾਤ ਵਿਚ ਲਗਵਾਇਆ। ਇੱਥੇ ਹੀ ਬਸ ਨਹੀਂ, ਮਾਂ-ਬੋਲੀ ਪੰਜਾਬੀ ਪ੍ਰਤੀ ਨਾ-ਸਿਰਫ ਮੇਰੀ ਪ੍ਰਬਲ ਇੱਛਾ ਹੀ, ਬਲਕਿ ਪੰਜਾਬ ਸਰਕਾਰ ਨੂੰ ਅਪੀਲ ਵੀ ਹੈ ਕਿ ਸਾਇੰਸ ਦੀ ਪੜਾਈ ਪੰਜਾਬੀ ਮਾਧਿਅਮ ਵਿਚ ਘੱਟ-ਤੋਂ-ਘੱਟ ਬੀ. ਐਸ ਸੀ. ਤੱਕ ਜਰੂਰ ਪੜਾਈ ਜਾਵੇ, ਤਾਂ ਕਿ ਪੰਜਾਬ ਦੇ ਪਿੰਡਾਂ ਦੇ ਆਮ ਬੱਚੇ, ਜਿਹੜੇ ਕਿ ਚਾਹੁੰਦੇ ਹੋਏ ਵੀ ਅੰਗ੍ਰੇਜੀ ਦੀ ਅੜਚਨ ਆਉਂਣ ਕਰਕੇ ਦਸਵੀਂ ਤੋਂ ਬਾਅਦ ਸਾਂਇੰਸ ਨਹੀ ਪੜ ਸਕਦੇ, ਉਹ ਪੜ ਸਕਣਗੇ। ਬੱਚਿਆਂ ਦੀ ਇੱਛਾ ਪੂਰਤੀ ਦੇ ਨਾਲ-ਨਾਲ ਬੱਚਿਆਂ ਦੀ ਸੋਚ ਵਿਗਿਆਨਕ ਹੋਵੇਗੀ ਅਤੇ ਉਹ ਅੰਧ-ਵਿਸ਼ਵਾਸ਼ਾਂ ਤੋਂ ਦੂਰ ਰਹਿਣਗੇ।” 

          ਦੋਨੋਂ ਹੱਥੀਂ ਲੱਡੂ ਵੰਡ ਰਹੇ ਰਿਪਨਜੋਤ ਕੌਰ ਸੋਨੀ ਬੱਗਾ ਜੀ ਦੀ ਸੋਚ ਨੂੰ ਸਲਾਮ।  ਆਪਣੀਆਂ ਲਿਖਤਾਂ ਰਾਹੀਂ ਪੰਜਾਬੀ ਮਾਂ-ਬੋਲੀ ਦੀ ਸੇਵਾ ਅਤੇ ਲੋਕਾਈ ਦੇ ਭਲੇ ਲਈ ਯਤਨਸ਼ੀਲ ਇਸ ਕਲਮ ਦੀਆਂ ਸਾਹਿਤ ਤੇ ਸਮਾਜ ਪ੍ਰਤੀ ਇਹ ਵੱਡਮੁੱਲੀਆਂ ਤੇ ਸਲਾਹੁਣ-ਯੋਗ ਸੇਵਾਵਾਂ ਨਿਰੰਤਰ ਚੱਲਦੇ ਰੱਖਣ ਲਈ ਮੇਰਾ ਪ੍ਰਵਰਦਗਾਰ ਉਨਾਂ ਨੂੰ ਹੋਰ ਵੀ ਬਲ ਬਖ਼ਸ਼ੇ !

          -ਪ੍ਰੀਤਮ ਲੁਧਿਆਣਵੀ (ਚੰਡੀਗੜ), 9876428641

ਸੰਪਰਕ : ਰਿਪਨਜੋਤ ਕੌਰ ਸੋਨੀ ਬੱਗਾ, ਪਟਿਆਲਾ, 9878753423, ripanbagga0gmail.com

Leave a Reply

Your email address will not be published. Required fields are marked *