ਠੇਠ ਸ਼ਬਦਾਂ ‘ਚ ਨਵਾਂ ਰੰਗ, ‘ਮਨ ਮ੍ਰਿਦੰਗ’ ਲੈਕੇ ਹਾਜ਼ਰ : ਗੀਤੇਸ਼ਵਰ ਸਿੰਘ

   ਅਕਤੂਬਰ 2020 ਮਹੀਨੇ ਆਈ ਕਿਤਾਬ, ”ਮਨ ਮ੍ਰਿਦੰਗ” ਲੇਖਕ ਗੀਤੇਸ਼ਵਰ ਸਿੰਘ ਦੀ ਦੂਸਰੀ ਕਿਤਾਬ ਹੈ। ਇਸ ਤੋਂ ਪਹਿਲਾਂ ਉਹ ”ਤਿੜਕੇ ਪੱਤੇ” ਰਾਹੀਂ ਪਾਠਕਾਂ ਕੋਲ਼ ਆਪਣੀ ਹਾਜ਼ਰੀ ਲਗਵਾ ਚੁੱਕੇ ਹਨ। ”ਮਨ ਮ੍ਰਿਦੰਗ” ਕਿਤਾਬ ਆਪਣੇ ਆਪ ਵਿੱਚ ਸੋਹਣੀ ਦਿੱਖ ਦੇ ਨਾਲ-ਨਾਲ ਕਵਿਤਾਵਾਂ ਪੱਖੋਂ ਵੀ ਬਿਹਤਰੀਨ ਕਿਤਾਬ ਹੈ। ਇਹ ਪਹਿਲੀ ਨਜ਼ਰੇ ਪਾਠਕਾਂ ਦੇ ਮਨਾਂ ਅੰਦਰ ਖਿੱਚ ਪੈਦਾ ਕਰਦੀ ਹੈ। ਇਸ ਵਿਚ ਸ਼ਾਮਲ ਕਵਿਤਾਵਾਂ ਪੰਜਾਬ ਦੇ ਮੌਜੂਦਾ ਅਤੇ ਪੁਰਾਤਨ ਵਿਰਸੇ ਦੀ ਝਲਕ ਪੇਸ਼ ਕਰਦੀਆਂ ਹਨ ਅਤੇ ਸਾਡੀ ਮੌਜੂਦਾ ਪੀੜੀ ਨੂੰ ਆਪਣੀ ਬੋਲੀ ਦੀ ਅਮੀਰੀ ਨਾਲ ਜੋੜਦੀਆਂ ਹਨ।

          ਨੌਜਵਾਨ ਲੇਖਕ ਗੀਤੇਸ਼ਵਰ ਸਿੰਘ ਦਾ ਪਿਛੋਕੜ ਲੁਧਿਆਣੇ ਜਿਲੇ ਦਾ ਹੈ। ਏਸ ਵਕਤ ਨੌਕਰੀ ਦੇ ਸਿਲਸਿਲੇ ਵਿੱਚ ਉਹ ਮੋਹਾਲੀ ਦੇ ਵਸਨੀਕ ਹਨ। ਗੀਤੇਸ਼ਵਰ ਨੇ ਬੀ. ਐੱਸ. ਸੀ. (ਕੰਪਿਊਟਰ) ਕੀਤੀ ਹੈ ਅਤੇ ਉਸ ਦਾ ਸਾਹਿਤ ਨਾਲ ਲਗਾਉ ਤਕਰੀਬਨ 2015 ਤੋਂ ਬਣਿਆ। ਏਸੇ ਵਰੇ ਜੁਲਾਈ ਮਹੀਨੇ ਉਨਾਂ ਦੀ ਮਾਤਾ ਜੀ ਦਾ ਦੇਹਾਂਤ ਹੋਣ ਕਰਕੇ ਉਹ ਆਪਣੀ ਕਿਤਾਬ ਸਮੇਂ ਸਿਰ ਪੂਰੀ ਨਹੀਂ ਕਰ ਸਕੇ। ਉਨਾਂ ਦੀਆਂ ਖੁੱਲੀਆਂ ਕਵਿਤਾਵਾਂ ਦੀਆਂ ਸਤਰਾਂ ਅਕਸਰ ਫੇਸਬੁੱਕ ਅਤੇ ਹੋਰ ਸ਼ੋਸ਼ਲ ਮੀਡੀਆ ਤੇ ਵੇਖਣ ਨੂੰ ਮਿਲ ਜਾਂਦੀਆਂ ਹਨ।

          ਪ੍ਰੋ. ਸਤਗੁਰ ਸਿੰਘ ਅਨੁਸਾਰ, ”ਗੀਤੇਸ਼ਵਰ ਦੀ ਖ਼ੂਬਸੂਰਤੀ ਇਸ ਗੱਲ ਵਿੱਚ ਹੈ ਕਿ ਉਹ ਆਪਣੀ ਪਹਿਲੀ ਕਾਵਿ ਪੰਕਤੀ ਨੂੰ ਦੂਸਰੀ ਵਿਚ ਖੋਲ ਕੇ ਵੇਖਦਾ ਹੈ, ਇਹ ਨਹੀਂ ਕਿ ਪਹਿਲੀ ਪੰਕਤੀ ਵਿੱਚ ਗੱਲ ਸਪਸ਼ਟ ਨਹੀਂ। ਸਪੱਸ਼ਟ ਹੋਣ ਦੇ ਬਾਵਜੂਦ ਵੀ ਉਹ ਦੂਸਰੀ ਪੰਕਤੀ ਨਾਲ ਨਵਾਂ ਕਾਵਿ ਰੰਗ ਪੇਸ਼ ਕਰਦਾ ਹੈ। ਇਹ ਉਸਦੇ ਕਾਵਿ ਸ਼ਾਸਤਰੀ ਕਲਾ ਪੱਖ ਦਾ ਖ਼ੂਬਸੂਰਤ ਅਲੰਕ੍ਰਿਤ ਤਜਰਬਾ ਹੈ, ਜਿਵੇਂ:-

”ਕੱਕਾ ਕਦਰ ਉਨਾਂ ਦੀ ਕਰਿਓ

ਕੌਲਾਂ ਵਿੱਚ ਬਝੀਵਣ।

ਕੱਕਾ ਕਦਮ ਉਨਾਂ ਦੇ ਚੁੰਮਣਾ

ਜੋ ਤਲੀਏ ਸੀਸ ਧਰੀਵਣ।”

ਇਸ ਵਿਚ ਪਹਿਲੀ ਪੰਕਤੀ ਸੁਤੰਤਰ ਵੀ ਹੈ ਤੇ ਗੈਰ ਸੁਤੰਤਰ ਵੀ (ਭਾਵ ਦੂਸਰੀ ਨਾਲ ਸਬੰਧਿਤ), ਇਹ ਸੰਯੁਕਤ ਵਾਕ ਦੀ ਤਰਾਂ ਹੈ। ਪਹਿਲੀ ਪੰਕਤੀ ਇਕ ਸਮੂਹਿਕ ਸੁਨੇਹਾ ਵੀ ਹੈ ਬਚਨਾਂ ਨੂੰ ਪਾਲਣ ਦਾ, ਦੂਜੇ ਪਾਸੇ ਜੇ ਦੂਜੀ ਪੰਕਤੀ ਨਾਲ ਮੇਲੀਏ ਤਾਂ ਬਾਬਾ ਦੀਪ ਸਿੰਘ ਦੇ ਹਰਿਮੰਦਰ ਸਾਹਿਬ ਤਕ ਪਹੁੰਚਣ ਦੇ ਬਚਨ ਨਾਲ ਸਬੰਧਤ ਵੀ ਹੈ। ਇਸ ਤਰਾਂ ਇਹ ਸੀਸ ਕਟਵਾ ਕੇ ਤਲੀ ਧਰਨ ਵਾਲੀ ਦੂਸਰੀ ਪੰਕਤੀ ਨਾਲ ਸਬੰਧਤ ਹੋ ਨਿੱਬੜਦੀ ਹੈ। ਇਸ ਤੋਂ ਇਲਾਵਾ ਕੁਦਰਤ ਦੀ ਅਲੌਕਿਕ ਕਲਾਕਾਰੀ ਬਾਰੇ ਵੀ ਉਸ ਨੇ ਬਹੁਤ ਸੋਹਣੀਆ ਪੰਕਤੀਆਂ ਲਿਖੀਆਂ ਹਨ।”

          ਖੁੱਲੀ ਕਵਿਤਾ ਦੇ ਨਾਲ-ਨਾਲ ਗੀਤੇਸ਼ਵਰ ਨੇ, ”ਮਨ ਮ੍ਰਿਦੰਗ” ਕਿਤਾਬ ਰਾਹੀਂ ਨਿਰੋਲ ਪੰਜਾਬੀ ਕਵਿਤਾ ਰਚ ਕੇ ਪਾਠਕਾਂ ਦੇ ਮਨਾਂ ਵਿੱਚ ਇੱਕ ਹੋਰ ਛਾਪ ਛੱਡੀ ਹੈ ਅਤੇ ਸਾਹਿਤ ਲਈ ਇੱਕ ਵੱਖਰਾ ਕਾਰਜ ਕੀਤਾ ਹੈ, ਜਿਸ ਪ੍ਰਤੀ ਉਹ ਕਾਫੀ ਸੰਤੁਸ਼ਟ ਹੈ। ਹਾਲ ਹੀ ਵਿੱਚ ਉਹ 9 ਨਵੰਬਰ ਨੂੰ ਸਾਹਿਤ ਅਕੈਡਮੀ ਦਿੱਲੀ ਵੱਲੋਂ ਆਨਲਾਈਨ ਯੁਵਾ ਸਾਹਿਤ ਪ੍ਰੋਗਰਾਮ ਵਿੱਚ ਆਪਣੀ ਸ਼ਿਰਕਤ ਕਰ ਚੁੱਕੇ ਹਨ। ਰੱਬ ਕਰੇ ! ਗੀਤੇਸ਼ਵਰ ਜੀ ਵੱਲੋਂ ਪੰਜਾਬੀ ਭਾਸ਼ਾ ਲਈ ਪਾਏ ਜਾ ਰਹੇ ਯੋਗਦਾਨ ਦੀ ਇਹ ਵੱਡਮੁੱਲੀ ਤੇ ਸਲਾਹੁਣ-ਯੋਗ ਲੜੀ ਨਿਰਵਿਘਨ ਨਿਰੰਤਰ ਚੱਲਦੀ ਰਵੇ !  ਦਿਲੀ ਮੁਬਾਰਿਕ ਸਹਿਤ ਉਨਾਂ ਦੇ ਆਉਣ ਵਾਲੇ ਸਮੇਂ ਲਈ ਸ਼ੁਭਕਾਮਨਾਵਾਂ ਦਿੰਦਾ ਹਾਂ! 

           -ਪ੍ਰੀਤਮ ਲੁਧਿਆਣਵੀ (ਚੰਡੀਗੜ), 9876428641

ਸੰਪਰਕ : ਗੀਤੇਸ਼ਵਰ ਸਿੰਘ,  91 95014 99112

Leave a Reply

Your email address will not be published. Required fields are marked *