ਸਾਂਬਾ ਵਿੱਚ ਸੁਰੱਖਿਆ ਬਲਾਂ ਨੇ ਸੁਰੰਗ ਲੱਭੀ

ਜੰਮੂ : ਜੰਮੂ ਕਸ਼ਮੀਰ ਦੇ ਸਾਂਬਾ ਸੈਕਟਰ ਵਿਚ ਕੌਮਾਂਤਰੀ ਸਰਹੱਦ ਨੇੜੇ ਬੀਐੱਸਐਫ ਨੂੰ 150 ਮੀਟਰ ਲੰਮੀ ਜ਼ਮੀਨਦੋਜ਼ ਸੁਰੰਗ ਲੱਭੀ ਹੈ। ਸ਼ੱਕ ਜ਼ਾਹਿਰ ਕੀਤਾ ਗਿਆ ਹੈ ਕਿ ਜੈਸ਼-ਏ-ਮੁਹੰਮਦ ਦੇ ਚਾਰ ਅਤਿਵਾਦੀਆਂ ਨੇ ਪਾਕਿਸਤਾਨ ਤੋਂ ਭਾਰਤ ਵਿਚ ਦਾਖ਼ਲ ਹੋਣ ਲਈ ਇਸ ਸੁਰੰਗ ਦੀ ਵਰਤੋਂ ਕੀਤੀ ਹੈ। ਜ਼ਿਕਰਯੋਗ ਹੈ ਕਿ ਚਾਰ ਦਹਿਸ਼ਤਗਰਦ ਜੰਮੂ-ਸ੍ਰੀਨਗਰ ਕੌਮੀ ਮਾਰਗ ’ਤੇ ਟੌਲ ਪਲਾਜ਼ਾ (ਨਗਰੋਟਾ) ’ਤੇ ਹੋਏ ਮੁਕਾਬਲੇ ਵਿਚ ਮਾਰੇ ਗਏ ਸਨ। ਅਤਿਵਾਦੀ ਟਰੱਕ ਵਿਚ ਸਵਾਰ ਸਨ ਤੇ ਇਹ ਕਸ਼ਮੀਰ ਜਾ ਰਿਹਾ ਸੀ। ਇਨ੍ਹਾਂ ਕੋਲੋਂ ਕਾਫ਼ੀ ਵੱਡੀ ਗਿਣਤੀ ਵਿਚ ਹਥਿਆਰ ਤੇ ਹੋਰ ਅਸਲਾ ਬਰਾਮਦ ਕੀਤਾ ਗਿਆ ਸੀ। ਪੁਲੀਸ ਮੁਤਾਬਕ ਇਨ੍ਹਾਂ ਦਾ ਮੰਤਵ ਜ਼ਿਲ੍ਹਾ ਵਿਕਾਸ ਕੌਂਸਲ ਚੋਣਾਂ ਵਿਚ ਵਿਘਨ ਪਾਉਣਾ ਸੀ ਜੋ ਕਿ 28 ਨਵੰਬਰ ਨੂੰ ਹੋਣ ਜਾ ਰਹੀਆਂ ਹਨ। ਡੀਜੀਪੀ ਦਿਲਬਾਗ ਸਿੰਘ ਨੇ ਦੱਸਿਆ ਕਿ ਮਾਰੇ ਗਏ ਅਤਿਵਾਦੀਆਂ ਤੋਂ ਜਿਹੜੀ ਸਮੱਗਰੀ ਮਿਲੀ ਸੀ, ਉਸ ਤੋਂ ਸ਼ੱਕ ਹੋਇਆ ਹੈ ਕਿ ਇਹ ਸਾਰੇ ਸਾਂਬਾ ਸੈਕਟਰ ਵਿਚ ਕਿਸੇ ਸੁਰੰਗ ਰਾਹੀਂ ਪਾਕਿ ਤੋਂ ਭਾਰਤ ਵਿਚ ਦਾਖ਼ਲ ਹੋਏ ਸਨ। ਡੀਜੀਪੀ ਨੇ ਦੱਸਿਆ ਕਿ ਪੁਲੀਸ ਨੇ ਮੁਕਾਬਲੇ ਵਾਲੀ ਥਾਂ ਤੋਂ ਬੀਐੱਸਐਫ ਨਾਲ ਮਹੱਤਵਪੂਰਨ ਜਾਣਕਾਰੀ ਸਾਂਝੀ ਕੀਤੀ ਸੀ। ਬੀਐੱਸਐਫ ਸ਼ੁੱਕਰਵਾਰ ਤੋਂ ਇਸ ਸੁਰੰਗ ਦਾ ਪਤਾ ਲਾਉਣ ਵਿਚ ਜੁਟੀ ਹੋਈ ਸੀ ਤੇ ਕਾਫ਼ੀ ਯਤਨਾਂ ਮਗਰੋਂ ਸੁਰੰਗ ਲੱਭ ਗਈ ਹੈ। ਇਸ ਮੌਕੇ ਬੀਐੱਸਐਫ ਦੇ ਆਈਜੀ (ਜੰਮੂ ਫਰੰਟੀਅਰ) ਐਨ.ਐੱਸ. ਜਮਵਾਲ ਵੀ ਡੀਜੀਪੀ ਨਾਲ ਹਾਜ਼ਰ ਸਨ। ਫ਼ੌਜ ਤੇ ਪੁਲੀਸ ਬੀਐੱਸਐਫ ਦੀ ਮਦਦ ਕਰ ਰਹੀ ਸੀ। -ਪੀਟੀਆਈ