ਭਾਰਤ-ਚੀਨ ਵਿਚਾਲੇ ਗੱਲਬਾਤ ਫਿਲਹਾਲ ਰੁਕੀ

ਨਵੀਂ ਦਿੱਲੀ : ਪੂਰਬੀ ਲੱਦਾਖ ਵਿੱਚ ਸਰਹੱਦ ਵਿਵਾਦ ਨੂੰ ਲੈ ਕੇ ਭਾਰਤ-ਚੀਨ ਵਿਚਾਲੇ ਪੈਦਾ ਹੋਏ ਤਣਾਅ ਨੂੰ ਖ਼ਤਮ ਕਰਨ ਲਈ ਫ਼ੌਜ ਪੱਧਰੀ ਗੱਲਬਾਤ ਹਾਲ ਦੀ ਘੜੀ ਰੁਕ ਗਈ ਹੈ। ਗੱਲਬਾਤ ਲਈ ਨਵੀਆਂ ਤਰੀਕਾਂ ਤੈਅ ਕਰਨ ਲਈ ਦੋਵੇਂ ਪਾਸਿਓਂ ਹੌਟਲਾਈਨ ’ਤੇ ਵਿਚਾਰ-ਚਰਚਾ ਚੱਲ ਰਹੀ ਹੈ। ਹਾਲਾਂਕਿ, ਹੁਣੇ ਤੱਕ ਕੋਈ ਰਸਮੀ ਤਰੀਕ ਨਹੀਂ ਐਲਾਨੀ ਗਈ ਹੈ। ਇਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਗੱਲਬਾਤ ਹੋਵੇਗੀ, ਪਰ ਹੁਣ ਤੱਕ ਤਰੀਕਾਂ ਤੈਅ ਨਹੀਂ ਕੀਤੀਆਂ ਗਈਆਂ ਹਨ। ਦੋਹਾਂ ਦੇਸ਼ਾਂ ਦੀਆਂ ਫ਼ੌਜਾਂ ਵਿਚਾਲੇ 6 ਜੂਨ ਤੋਂ ਚੱਲ ਰਹੀ ਗੱਲਬਾਤ ਦਾ ਪਿਛਲਾ ਅੱਠਵਾਂ ਗੇੜ ਜੋ ਕਿ ਦੋ ਹਫ਼ਤੇ ਪਹਿਲਾਂ 7 ਨਵੰਬਰ ਨੂੰ ਹੋਇਆ ਸੀ। ਇਹ ਆਸ ਕੀਤੀ ਜਾ ਰਾਹੀ ਹੈ ਕਿ ਗੱਲਬਾਤ ਦਾ ਅਗਲਾ ਗੇੜ ਵੀ ਜਲਦੀ ਹੋਵੇਗਾ ਅਤੇ ਇਸ ਲਈ ਕੁਝ ਨਿਯਮ ਤੈਅ ਕੀਤੇ ਜਾਣਗੇ। ਹੁਣ ਜਦੋਂ ਠੰਢ ਦਾ ਜ਼ੋਰ ਦਿਨੋਂ-ਦਿਨ ਵਧਦਾ ਜਾ ਰਿਹਾ ਹੈ ਤਾਂ ਆਸ ਕੀਤੀ ਜਾ ਰਹੀ ਹੈ ਕਿ ਗੱਲਬਾਤ ਦਾ ਅਗਲਾ ਗੇੜ ਜਲਦੀ ਹੀ ਹੋਵੇਗਾ। ਗੱਲਬਾਤ ਦੇ ਛੇਵੇਂ ਗੇੜ ਤੋਂ ਬਾਅਦ 21 ਸਤੰਬਰ ਨੂੰ ਦੋਵੇਂ ਦੇਸ਼ਾਂ ਦੀਆਂ ਫ਼ੌਜਾਂ ਇਸ ਗੱਲ ’ਤੇ ਸਹਿਮਤ ਹੋ ਗਈਆਂ ਸਨ ਕਿ ਸਰਹੱਦ ’ਤੇ ਮੂਹਰਲੀ ਕਤਾਰ ਦੇ ਨਾਲ ਹੋਰ ਜਵਾਨ ਨਹੀਂ ਲਗਾਏ ਜਾਣਗੇ ਅਤੇ ਇਕਜੁੱਟ ਹੋ ਕੇ ਅਸਲ ਕੰਟਰੋਲ ਰੇਖਾ ਦੇ ਨਾਲ ਜ਼ਮੀਨੀ ਹਕੀਕਤ ਬਦਲੀ ਜਾਵੇਗੀ। ਉਧਰ ਭਾਰਤੀ ਫ਼ੌਜ ਚੌਕਸ ਹੈ ਕਿਊਂਕਿ ਚੀਨ ਦੀ ਪੀਪਲਜ਼ ਲਿਬਰੇਸ਼ਨ ਪਾਰਟੀ ਜੂਨ ਮਹੀਨੇ ਵਿੱਚ ਅਸਲ ਕੰਟਰੋਲ ਰੇਖਾ ਤੋਂ ਫ਼ੌਜ ਪਿੱਛੇ ਹਟਾਊਣ ਦੇ ਸਮਝੌਤੇ ਤੋਂ ਮੁਕਰ ਗਈ ਸੀ। ਇਸ ਤੋਂ ਇਲਾਵਾ ਕੁਝ ਹੋਰ ਖੇਤਰ ਹਨ ਜਿਨ੍ਹਾਂ ਨੂੰ ਲੈ ਕੇ ਵਿਵਾਦ ਹੈ, ਜਿਵੇਂ ਪੈਂਗੌਂਗ ਝੀਲ ਦੇ ਦੱਖਣੀ ਹਿੱਸੇ ਦੇ ਨਾਲ 70 ਕਿਲੋਮੀਟਰ ਦਾ ਪੈਂਡਾ ਹੈ ਜਿੱਥੇ ਭਾਰਤ ਚੋਟੀਆਂ ’ਤੇ ਕਾਬਜ਼ ਹੈ। ਚੀਨ ਚਾਹੁੰਦਾ ਹੈ ਕਿ ਭਾਰਤ ਪਿੱਛੇ ਹਟੇ, ਪਰ ਨਵੀਂ ਦਿੱਲੀ ਇਸ ਗੱਲ ’ਤੇ ਪੱਕਾ ਭਰੋਸਾ ਚਾਹੁੰਦੀ ਹੈ ਕਿ ਚੀਨ ਇਨ੍ਹਾਂ ਚੋਟੀਆਂ ’ਤੇ ਕਬਜ਼ਾ ਨਹੀਂ ਕਰੇਗਾ।

Leave a Reply

Your email address will not be published. Required fields are marked *