ਕਿਸਾਨਾਂ ਦਾ ਰਾਹ ਡੱਕਣ ਲਈ ਪੰਜਾਬ-ਹਰਿਆਣਾ ਸਰਹੱਦ ਸੀਲ

ਚੰਡੀਗੜ੍ਹ : ਹਰਿਆਣਾ ਸਰਕਾਰ ਨੇ ਕਿਸਾਨਾਂ ਦੇ 26-27 ਨਵੰਬਰ ਦੇ ‘ਦਿੱਲੀ ਚੱਲੋ’ ਅੰਦੋਲਨ ਦਾ ਰਾਹ ਰੋਕਣ ਲਈ ਪੰਜਾਬ-ਹਰਿਆਣਾ ਸਰਹੱਦ ਨੂੰ ਸੀਲ ਕਰਨਾ ਸ਼ੁਰੂ ਕਰ ਦਿੱਤਾ ਹੈ। ਹਰਿਆਣਾ ਪੁਲੀਸ ਨੇ ਪੰਜਾਬ ਦੀ ਸਰਹੱਦ ਨਾਲ ਲੱਗਦੇ ਹਰਿਆਣਾ ਦੇ ਛੇ ਜ਼ਿਲ੍ਹਿਆਂ ’ਤੇ ਪੁਲੀਸ ਤਾਇਨਾਤ ਕਰ ਦਿੱਤੀ ਹੈ। ਅੰਤਰਰਾਜੀ ਸਰਹੱਦ ’ਤੇ ਬੈਰੀਕੇਡ ਲਗਾ ਦਿੱਤੇ ਗਏ ਹਨ। ਹਰਿਆਣਾ ਪੁਲੀਸ ਨੇ ਤਿੰਨ ਦਰਜਨ ਦੇ ਕਰੀਬ ਟਰੈਕਟਰ ਟਰਾਲੀਆਂ ਰਾਹੀਂ ਦਿੱਲੀ ਵੱਲ ਕੂਚ ਕਰ ਰਹੇ ਪੰਜਾਬ ਦੇ ਕਿਸਾਨਾਂ ਨੂੰ ਅੱਜ ਖਨੌਰੀ ਸਰਹੱਦ ’ਤੇ ਹੀ ਰੋਕ ਦਿੱਤਾ। ਖੱਟਰ ਸਰਕਾਰ ਨੇ ਹਰਿਆਣਾ ਵਿੱਚ ਕਿਸਾਨ ਆਗੂਆਂ ਦੀ ਫੜੋ-ਫੜੀ ਵੀ ਸ਼ੁਰੂ ਕਰ ਦਿੱਤੀ ਹੈ। ਪੁਲੀਸ ਨੇ ਹਰਿਆਣਾ ਕਿਸਾਨ ਮੰਚ, ਅਕਲਾਨਾ ਕਿਸਾਨ ਯੂਨੀਅਨ, ਅਖਿਲ ਭਾਰਤੀ ਕਿਸਾਨ ਸਭਾ, ਭਾਰਤੀ ਕਿਸਾਨ ਯੂਨੀਅਨ ਅਤੇ ਖੇਤੀ ਬਚਾਓ ਸੰਘਰਸ਼ ਕਮੇਟੀ ਦੇ ਕਰੀਬ ਤਿੰਨ ਦਰਜਨ ਕਿਸਾਨ ਆਗੂਆਂ ਨੂੰ ਹਿਰਾਸਤ ਵਿਚ ਲੈ ਲਿਆ ਹੈ। ਹਰਿਆਣਾ ਦੇ ਸੈਂਕੜੇ ਕਿਸਾਨ ਆਗੂ ਰੂਪੋਸ਼ ਹੋ ਗਏ ਹਨ। ਹਰਿਆਣਾ ਸਰਕਾਰ ਦੀ ਇਸ ਪੇਸ਼ਕਦਮੀ ਤੋਂ ਪੰਜਾਬ ਦੇ ਕਿਸਾਨਾਂ ’ਚ ਰੋਹ ਤਿੱਖਾ ਹੋ ਗਿਆ ਹੈ। ਇਸ ਤੋਂ ਪਹਿਲਾਂ ਸਿਰਸਾ ਪੁਲੀਸ ਨੇ ਲੰਘੀ ਅੱਧੀ ਰਾਤ ਨੂੰ ਡੱਬਵਾਲੀ ਸਿਰਸਾ ਰੋਡ ’ਤੇ ਖੂਹੀਆ ਮਲਕਾਣਾ ਦੇ ਟੌਲ ਪਲਾਜ਼ੇ ਤੋਂ ਕਿਸਾਨਾਂ ਨੂੰ ਖਦੇੜ ਦਿੱਤਾ ਤੇ ਤਿੰਨ ਨੌਜਵਾਨ ਕਿਸਾਨਾਂ ਨੂੰ ਹਿਰਾਸਤ ਵਿੱਚ ਲੈ ਲਿਆ। ਰੋਹ ਵਿਚ ਆਏ ਹਰਿਆਣਵੀਂ ਕਿਸਾਨਾਂ ਨੇ ਅੱਜ ਸੜਕ ਜਾਮ ਕਰ ਦਿੱਤੀ ਹੈ।ਜਾਣਕਾਰੀ ਅਨੁਸਾਰ ਬੀਕੇਯੂ (ਉਗਰਾਹਾਂ) ਦੀ ਅਗਵਾਈ ਵਿਚ ਅੱਜ ਖਨੌਰੀ ਅਤੇ ਡਬਵਾਲੀ ਸਰਹੱਦ ਵੱਲ ਕਿਸਾਨਾਂ ਦੇ ਜਥੇ ਟਰੈਕਟਰਾਂ ਟਰਾਲੀਆਂ ਸਮੇਤ ਰਵਾਨਾ ਹੋਏ ਸਨ, ਪਰ ਅੰਤਰਰਾਜੀ ਸਰਹੱਦ ’ਤੇ ਹਰਿਆਣਾ ਪੁਲੀਸ ਨੇ ਰੋਕ ਦਿੱਤਾ। ਕਿਸਾਨ ਆਗੂ ਝੰਡਾ ਸਿੰਘ ਜੇਠੂਕੇ ਨੇ ਦੱਸਿਆ ਕਿ ਹਰਿਆਣਾ ਪੁਲੀਸ ਨੇ ਖਨੌਰੀ ਕੋਲ ਅੰਤਰਰਾਜੀ ਸਰਹੱਦ ’ਤੇ ਬੈਰੀਕੇਡ ਲਗਾ ਕੇ ਕਿਸਾਨ ਰੋਕ ਦਿੱਤੇ ਹਨ, ਜੋ ਰਾਸ਼ਨ ਆਦਿ ਲੈ ਕੇ ਦਿੱਲੀ ਲਈ ਰਵਾਨਾ ਹੋਏ ਸਨ। ਹਰਿਆਣਾ ਪੁਲੀਸ ਨੇ ਤਾਂ ਅੱਜ ਟਰੈਵਲ ਐਡਵਾਈਜ਼ਰੀ ਵੀ ਜਾਰੀ ਕਰ ਦਿੱਤੀ ਹੈ ਜਿਸ ਤੋਂ ਸਪੱਸ਼ਟ ਹੈ ਕਿ ਹਰਿਆਣਾ ਪੁਲੀਸ ਬੁੱਧਵਾਰ ਤੋਂ ਪੰਜਾਬ ਹਰਿਆਣਾ ਸਰਹੱਦ ਨੂੰ ਪੂਰੀ ਤਰ੍ਹਾਂ ਸੀਲ ਕਰ ਦੇਵੇਗੀ। ਅੰਤਰਰਾਜੀ ਸਰਹੱਦ ’ਤੇ ਹਰਿਆਣਾ ਪੁਲੀਸ ਦੀ ਨਫਰੀ ਵੀ ਵਧਣੀ ਸ਼ੁਰੂ ਹੋ ਗਈ ਹੈ। ਇਸ ਦੌਰਾਨ ਪੰਜਾਬ ਦੀ ਖਨੌਰੀ ਸੀਮਾ ’ਤੇ ਰੋਕੇ ਕਿਸਾਨਾਂ ਨੂੰ ਅੱਜ ਹਰਿਆਣਾ ਦੇ ਗੁਰੂਘਰ ਦੇ ਪ੍ਰਬੰਧਕਾਂ ਨੇ ਲੰਗਰ ਭੇਜਿਆ। 

ਹਰਿਆਣਾ ਪੁਲੀਸ ਤਰਫੋਂ ਚਾਰ ਕੌਮੀ ਸੜਕ ਮਾਰਗਾਂ ਜਿਨ੍ਹਾਂ ਵਿਚ ਅੰਬਾਲਾ-ਦਿੱਲੀ, ਹਿਸਾਰ-ਦਿੱਲੀ, ਰਿਵਾੜੀ-ਦਿੱਲੀ ਅਤੇ ਪਲਵਲ-ਦਿੱਲੀ ਸ਼ਾਮਲ ਹਨ, ’ਤੇ ਬੈਰੀਕੇਡ ਲਗਾਏ ਜਾਣੇ ਹਨ ਅਤੇ ਆਮ ਆਵਾਜਾਈ ਲਈ ਬਦਲਵੇਂ ਰੂਟ ਦਿੱਤੇ ਜਾਣੇ ਹਨ। ਪੁਲੀਸ ਨੇ ਮੁੱਖ ਤੌਰ ’ਤੇ ਸ਼ੰਭੂ ਬਾਰਡਰ, ਮਨਧਈ ਚੌਕ ਜ਼ਿਲ੍ਹਾ ਭਿਵਾਨੀ, ਅਨਾਜ ਮੰਡੀ ਘਰੌਂਦਾ ਜ਼ਿਲ੍ਹਾ ਕਰਨਾਲ, ਤਿਰਕੀ ਬਾਰਡਰ ਬਹਾਦਰਗੜ੍ਹ ਅਤੇ ਰਾਜੀਵ ਗਾਂਧੀ ਐਜੂਕੇਸ਼ਨ ਸਿਟੀ ਜ਼ਿਲ੍ਹਾ ਸੋਨੀਪਤ ’ਤੇ ਨਿਗ੍ਹਾ ਰੱਖਣੀ ਹੈ, ਜਿੱਥੇ ਕਿਸਾਨ ਧਿਰਾਂ ਨੇ ਇਕੱਠੇ ਹੋਣ ਦਾ ਸੱਦਾ ਦਿੱਤਾ ਹੋਇਆ ਹੈ।  ਹਰਿਆਣਾ ਦੇ ਜ਼ਿਲ੍ਹਾ ਸਿਰਸਾ, ਫਤਿਆਬਾਦ, ਜੀਂਦ, ਕੈਥਲ, ਅੰਬਾਲਾ ਅਤੇ ਪੰਚਕੂਲਾ ਦੀ ਪੁਲੀਸ ਨੇ ਅੰਤਰਰਾਜੀ ਸਰਹੱਦ ’ਤੇ ਪੁਲੀਸ ਤਾਇਨਾਤ ਕਰ ਦਿੱਤੀ ਹੈ। ਹਰਿਆਣਾ ਪੁਲੀਸ ਦੇ ਅਧਿਕਾਰੀਆਂ ਨੇ ਕਿਹਾ ਕਿ ਉਨ੍ਹਾਂ ਕਿਸੇ ਵੀ ਸੰਭਾਵੀ ਹਿੰਸਾ ਨੂੰ ਰੋਕਣ, ਅਮਨ ਕਾਨੂੰਨ ਦੀ ਵਿਵਸਥਾ ਕਾਇਮ ਰੱਖਣ ਅਤੇ ਟਰੈਫਿਕ ਨੂੰ ਨਿਰਵਿਘਨ ਚਲਾਉਣ ਲਈ ਪ੍ਰਬੰਧ ਕੀਤੇ ਹਨ। ਉਨ੍ਹਾਂ ਕਿਹਾ ਕਿ ਹਰਿਆਣਾ ਵਿੱਚ 25 ਤੋਂ 27 ਨਵੰਬਰ ਤੱਕ ਅੰਤਰਰਾਜੀ ਸਰਹੱਦਾਂ ਦੇ ਮੁੱਖ ਰਸਤੇ ਸੀਲ ਰੱਖੇ ਜਾਣਗੇ। 

‘ਕਿਸਾਨਾਂ ਦਾ ਰਾਹ ਰੋਕਣਾ ਗ਼ੈਰ-ਜਮਹੂਰੀ’

ਬੀਕੇਯੂ (ਡਕੌਂਦਾ) ਦੇ ਸੂਬਾ ਪ੍ਰਧਾਨ ਬੂਟਾ ਸਿੰਘ ਬੁਰਜ ਗਿੱਲ ਨੇ ਕਿਹ ਕਿ ਪੰਜਾਬ ਦੇ ਕਿਸਾਨ ਤਾਂ ਹਰਿਆਣਾ ਵਿਚੋਂ ਲੰਘ ਕੇ ਅੱਗੇ ਦਿੱਲੀ ਜਾਣਗੇ। ਉਨ੍ਹਾਂ ਹਰਿਆਣਾ ਸਰਕਾਰ ਵੱਲੋਂ ਕਿਸਾਨਾਂ ਨੂੰ ਲਾਂਘਾ ਨਾ ਦੇਣ ਦੀ ਇਸ ਕਾਰਵਾਈ ਨੂੰ ਗੈਰ-ਜਮਹੂਰੀ ਕਰਾਰ ਦਿੰਦਿਆਂ ਕਿਹਾ ਕਿ ਸਾਫ਼ ਹੈ ਕਿ ਕੇਂਦਰ ਸਰਕਾਰ ਟਕਰਾਓ ਦੇ ਰਾਹ ਪੈ ਗਈ ਹੈ। ਸੂਤਰਾਂ ਅਨੁਸਾਰ ਪੰਜਾਬ ਭਰ ’ਚੋਂ ਕਰੀਬ ਤਿੰਨ ਲੱਖ ਕਿਸਾਨਾਂ ਨੇ 26-27 ਨਵੰਬਰ ਦੇ ‘ਦਿੱਲੀ ਚੱਲੋ’ ਪ੍ਰੋਗਰਾਮ ਵਿੱਚ ਸ਼ਾਮਲ ਹੋਣ ਲਈ ਕਮਰ ਕੱਸੀ ਹੋਈ ਹੈ। 

Leave a Reply

Your email address will not be published. Required fields are marked *