ਬਿਲਡਰ ਵੱਲੋਂ ਪਤਨੀ, ਪੁੱਤ, ਨੂੰਹ ਤੇ ਪੋਤੇ ਦਾ ਕਤਲ

ਲੁਧਿਆਣਾ : ਸਨਅਤੀ ਸ਼ਹਿਰ ਦੇ ਮਯੂਰ ਵਿਹਾਰ ਵਾਸੀ ਬਿਲਡਰ ਰਾਜੀਵ ਕੁਮਾਰ ਨੇ ਘਰੇਲੂ ਵਿਵਾਦ ਦੇ ਚਲਦੇ ਆਪਣੀ ਪਤਨੀ, ਪੁੱਤ, ਨੂੰਹ ਤੇ 13 ਸਾਲਾਂ ਪੋਤੇ ਨੂੰ ਬੜੀ ਬੇਰਹਿਮੀ ਨਾਲ ਕੁਹਾੜੀ ਨਾਲ ਵੱਢ ਦਿੱਤਾ। ਇਹ ਘਟਨਾ ਅੱਜ ਸਵੇਰੇ 6 ਵਜੇ ਦੀ ਹੈ। ਸਿਰਫ਼ 10 ਮਿੰਟਾਂ ’ਚ ਮੁਲਜ਼ਮ ਨੇ ਪੂਰੇ ਪਰਿਵਾਰ ਨੂੰ ਖ਼ਤਮ ਕਰ ਦਿੱਤਾ। ਘਟਨਾ ਨੂੰ ਅੰਜਾਮ ਦੇਣ ਮਗਰੋਂ ਮੁਲਜ਼ਮ ਕਾਰ ਲੈ ਕੇ ਫ਼ਰਾਰ ਹੋ ਗਿਆ। ਸਿੱਧਵਾਂ ਨਹਿਰ ਰੋਡ ’ਤੇ ਉਸ ਦੀ ਤੇਜ਼ ਰਫ਼ਤਾਰ ਕਾਰ ਇੱਕ ਦਰੱਖ਼ਤ ਨਾਲ ਜਾ ਟਕਰਾਈ। ਕਾਰ ਨੂੰ ਅੱਗ ਲੱਗ ਗਈ, ਪਰ ਮੁਲਜ਼ਮ ਕਾਰ ’ਚੋਂ ਨਿਕਲ ਕੇ ਫ਼ਰਾਰ ਹੋ ਗਿਆ। ਘਟਨਾ ਦੀ ਜਾਣਕਾਰੀ ਮਿਲਦੇ ਹੀ ਪੁਲੀਸ ਕਮਿਸ਼ਨਰ ਰਾਕੇਸ਼ ਅਗਰਵਾਲ ਖੁਦ ਮੌਕੇ ’ਤੇ ਪੁੱਜੇ। ਮੁਲਜ਼ਮ ਰਾਜੀਵ ਕੁਮਾਰ ਖਿਲਾਫ਼ ਕਤਲ ਦਾ ਕੇਸ ਦਰਜ ਕਰਕੇ ਉਹਦੀ ਗ੍ਰਿਫ਼ਤਾਰੀ ਲਈ ਵੱਖ-ਵੱਖ ਪੁਲੀਸ ਟੀਮਾਂ ਨੇੜਲੇ ਇਲਾਕਿਆਂ ’ਚ ਭਾਲ ਕਰ ਰਹੀਆਂ ਹਨ। ਪੁਲੀਸ ਨੇ ਮੌਕੇ ਤੋਂ ਮੁਲਜ਼ਮ ਵੱਲੋਂ ਲਿਖਿਆ ਖ਼ੁਦਕੁਸ਼ੀ ਨੋਟ ਵੀ ਬਰਾਮਦ ਕੀਤਾ ਹੈ, ਜਿਸ ’ਚ ਉਸ ਨੇ ਆਪਣੇ ਕੁੜਮਾਂ ਵੱਲੋਂ ਤੰਗ ਪ੍ਰੇਸ਼ਾਨ ਕਰਨ ਦਾ ਦੋਸ਼ ਲਾਇਆ ਹੈ।

ਜਾਣਕਾਰੀ ਮੁਤਾਬਕ ਰਾਜੀਵ ਕੁਮਾਰ 10-12 ਸਾਲ ਤੋਂ ਮਯੂਰ ਵਿਹਾਰ ’ਚ ਆਪਣੇ ਪਰਿਵਾਰ ਨਾਲ ਰਹਿੰਦਾ ਹੈ। ਉਸ ਦੇ ਪਰਿਵਾਰ ’ਚ ਲੜਕਾ ਆਸ਼ੀਸ਼ (35), ਜੋ ਘਰੋਂ ਹੀ ਸ਼ੇਅਰ ਮਾਰਕੀਟ ਦਾ ਕੰਮ ਕਰਦਾ ਸੀ, ਨੂੰਹ ਗਰਿਮਾ (33), ਪੋਤਾ ਸੁਚੇਤ (13) ਤੇ ਪਤਨੀ ਸੁਨੀਤਾ (60) ਸੀ। ਰਾਜੀਵ ਕੁਮਾਰ ਕੋਠੀਆਂ ਬਣਾ ਕੇ ਵੇਚਣ ਦਾ ਕੰਮ ਕਰਦਾ ਹੈ। ਗੁਆਂਢ ਦੇ ਲੋਕਾਂ ਦਾ ਕਹਿਣਾ ਹੈ ਕਿ ਪੂਰਾ ਪਰਿਵਾਰ ਘਰ ਦੇ ਅੰਦਰ ਹੀ ਰਹਿੰਦਾ ਸੀ, ਆਸਪਾਸ ਦੇ ਲੋਕਾਂ ਨਾਲ ਉਨ੍ਹਾਂ ਦਾ ਸੀਮਤ ਜਿਹਾ ਰਾਬਤਾ ਸੀ। ਚਾਰ ਦਿਨ ਪਹਿਲਾਂ ਉਨ੍ਹਾਂ ਦੇ ਘਰ ਪਹਿਲੀ ਵਾਰ ਝਗੜੇ ਦੀ ਆਵਾਜ਼ ਸੁਣੀ ਸੀ। ਮੰਗਲਵਾਰ ਦੀ ਸਵੇਰੇ 6 ਵਜੇ ਇੱਕ ਵਾਰ ਫਿਰ ਉਨ੍ਹਾਂ ਦੇ ਘਰੋਂ ਝਗੜੇ ਦਾ ਰੌਲਾ ਸੁਣਾਈ ਦਿੱਤਾ, ਪਰ ਕੋਈ ਵੀ ਉਨ੍ਹਾਂ ਦੇ ਘਰ ਨਹੀਂ ਗਿਆ। ਝਗੜਾ ਇੰਨਾ ਵੱਧ ਗਿਆ ਕਿ ਰਾਜੀਵ ਕੁਮਾਰ ਨੇ ਕੁਹਾੜੀ ਚੁੱਕ ਕੇ ਆਪਣੇ ਪਰਿਵਾਰ ਨੂੰ ਇੱਕ ਇੱਕ ਕਰਕੇ ਵੱਢ ਦਿੱਤਾ। ਇਸ ਤੋਂ ਪਹਿਲਾਂ ਕਿ ਉਹ ਆਪਣੇ ਪੋਤੇ ਦਾ ਕਤਲ ਕਰਦਾ, ਉਸ (ਪੋਤੇ) ਨੇ ਫੋਨ ਕਰਕੇ ਆਪਣੇ ਮਾਮਾ ਗੌਰਵ ਨੂੰ ਦੱਸਿਆ ਕਿ ਦਾਦਾ ਤੇ ਪਾਪਾ ਮਿਲ ਕੇ ਉਸ ਦੀ ਮਾਂ ਨੂੰ ਮਾਰ ਰਹੇ ਹਨ। ਦਾਦਾ ਉਹਦਾ ਵੀ ਕਤਲ ਕਰ ਦੇਵੇਗਾ। ਹੈਬੋਵਾਲ ਰਹਿੰਦਾ ਗੌਰਵ ਗੁਲਾਟੀ ਤੁਰੰਤ ਆਪਣੀ ਕਾਰ ’ਚ 5 ਮਿੰਟਾਂ ’ਚ ਉਥੇ ਪੁੱਜ ਗਿਆ। ਉਨ੍ਹਾਂ ਘਰ ਦੀ ਬੈੱਲ ਵਜਾਈ, ਉਸ ਸਮੇਂ ਰਾਜੀਵ ਕੁਮਾਰ ਜੋ ਅੰਦਰ ਹੀ ਸੀ, ਨੇ ਦਰਵਾਜ਼ਾ ਖੋਲ੍ਹਿਆ। ਉਨ੍ਹਾਂ ਨੂੰ ਬਿਠਾ ਕੇ ਉਹ ਆਪਣੀ ਕਾਰ ਵਿੱਚ ਬੈਠ ਕੇ ਫ਼ਰਾਰ ਹੋ ਗਿਆ। ਰਸਤੇ ’ਚ ਉਸ ਨੇ ਸਕੂਟਰ ਸਵਾਰ ਨੂੰ ਵੀ ਟੱਕਰ ਮਾਰੀ, ਜਿਸ ਨਾਲ ਉਹ ਗੰਭੀਰ ਜ਼ਖ਼ਮੀ ਹੋ ਗਿਆ। ਰਸਤੇ ’ਚ ਕਾਰ ਦਾ ਟਾਇਰ ਪੰਕਚਰ ਹੋ ਗਿਆ ਤੇ ਕਾਰ ਦਰੱਖਤ ’ਚ ਜਾ ਵੱਜੀ। ਕਾਰ ਨੂੰ ਅੱਗ ਲੱਗ ਗਈ ਤੇ ਮੁਲਜ਼ਮ ਉਸ ’ਚੋਂ ਨਿਕਲ ਕੇ ਫ਼ਰਾਰ ਹੋ ਗਿਆ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲੀਸ ਮੌਕੇ ’ਤੇ ਪੁੱਜ ਗਈ ਤੇ ਲਾਸ਼ਾਂ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ। ਉਧਰ ਮੁਲਜ਼ਮ ਰਾਜੀਵ ਕੁਮਾਰ ਦੀਆਂ ਭੈਣਾਂ ਵੀ ਮੌਕੇ ’ਤੇ ਪੁੱਜ ਗਈਆਂ, ਪਰ ਇਹ ਕਹਿੰਦੀਆਂ ਵਾਪਸ ਚਲੀਆਂ ਗਈਆਂ ਕਿ ਉਨ੍ਹਾਂ ਦਾ ਆਪਣੇ ਭਰਾ ਨਾਲ ਪਿਛਲੇ 10 ਸਾਲਾਂ ਤੋਂ ਕੋਈ ਲੈਣਾ ਦੇਣਾ ਨਹੀਂ ਹੈ।

ਉਧਰ ਪੁਲੀਸ ਕਮਿਸ਼ਨਰ ਰਾਕੇਸ਼ ਅਗਰਵਾਲ ਨੇ ਦੱਸਿਆ ਕਿ ਮੁਲਜ਼ਮ ਰਾਜੀਵ ਕੁਮਾਰ ਖਿਲਾਫ਼ ਆਈਪੀਸੀ ਦੀ ਧਾਰਾ 302 ਤਹਿਤ ਕੇਸ ਦਰਜ ਕਰ ਲਿਆ ਗਿਆ ਹੈ। ਪੁਲੀਸ ਨੇ ਮੌਕੇ ਤੋਂ ਇੱਕ ਸੁਸਾਇਡ ਨੋਟ ਵੀ ਬਰਾਮਦ ਕੀਤਾ ਹੈ, ਜਿਸ ’ਚ ਮੁਲਜ਼ਮ ਰਾਜੀਵ ਕੁਮਾਰ ਨੇ ਲਿਖਿਆ ਹੈ ਕਿ ਲੜਕੇ ਦੇ ਸਹੁਰੇ ਵਾਲੇ ਉਸ ’ਤੇ ਝੂਠਾ ਕੇਸ ਦਰਜ ਕਰਵਾਉਣਾ ਚਾਹੁੰਦੇ ਹਨ ਤੇ ਉਹ ਆਪਣੇ ਪਰਿਵਾਰ ਦੀ ਬਦਨਾਮੀ ਨਹੀਂ ਕਰਵਾਉਣਾ ਚਾਹੁੰਦਾ ਸੀ। ਇਸ ਲਈ ਉਹ ਪੂਰੇ ਪਰਿਵਾਰ ਨੂੰ ਕਤਲ ਕਰਨ ਮਗਰੋਂ ਖੁਦਕੁਸ਼ੀ ਕਰ ਲਵੇਗਾ। 

Leave a Reply

Your email address will not be published. Required fields are marked *