ਕਿਸਾਨਾਂ ਦੇ ਜੋਸ਼ ਅੱਗੇ ਠੰਢੇ ਪਏ ਦਿੱਲੀ ਦੇ ਤੇਵਰ, ਕਿਸਾਨਾਂ ਨੇ ਤਾਸ਼ ਦੇ ਪੱਤਿਆਂ ਵਾਂਗ ਉਡਾ ਦਿੱਤੇ ਬੈਰੀਅਰ

ਚੰਡੀਗੜ੍ਹ : ਪੰਜਾਬ, ਹਰਿਆਣਾ ਤੇ ਹੋਰ ਰਾਜਾਂ ਤੋਂ ਦਿੱਲੀ ਦੀਆਂ ਬਰੂਹਾਂ ਤੱਕ ਕਾਫਲਿਆਂ ਦੇ ਰੂਪ ਵਿੱਚ ਪਹੁੰਚੇ ਕਿਸਾਨਾਂ ਮੂਹਰੇ ਗੋਡੇ ਟੇਕਦਿਆਂ ਉਨ੍ਹਾਂ ਨੂੰ ‘ਸ਼ਾਂਤਮਈ’ ਪ੍ਰਦਰਸ਼ਨ ਅਤੇ ਰੈਲੀ ਕਰਨ ਦੀ ਇਜਾਜ਼ਤ ਮਿਲ ਗਈ ਹੈ। ਕੇਂਦਰੀ ਗ੍ਰਹਿ ਮੰਤਰਾਲੇ ਦੇ ਸੀਨੀਅਰ ਅਧਿਕਾਰੀਆਂ ਅਤੇ ਦਿੱਲੀ ਪੁਲੀਸ ਵੱਲੋਂ ਕਿਸਾਨਾਂ ਨੂੰ ਕੌਮੀ ਰਾਜਧਾਨੀ ਵਿੱਚ ਬੁਰਾੜੀ ਸਥਿਤ ਨਿਰੰਕਾਰੀ ਗਰਾਊਂਡ ਵਿੱਚ ਰੈਲੀ ਕਰਨ ਦੀ ਇਜਾਜ਼ਤ ਦਿੱਤੀ ਗਈ ਹੈ। ਕਿਸਾਨਾਂ ਨੂੰ ਦੁਪਹਿਰ ਤਕਰੀਬਨ 3 ਵਜੇ ਦਿੱਲੀ ਜਾਣ ਦੀ ਸਹਿਮਤੀ ਦੇ ਦਿੱਤੀ ਸੀ। ਦੇਰ ਰਾਤ ਤੱਕ ਕਿਸਾਨ ਜਥੇਬੰਦੀਆਂ ਦੇ ਆਗੂਆਂ ਦੀਆਂ ਬੈਠਕਾਂ ਦਾ ਦੌਰ ਜਾਰੀ ਰਿਹਾ ਅਤੇ ਭਲਕੇ ਕਿਸਾਨ ਜਥੇਬੰਦੀਆਂ ਵੱਲੋਂ ਬੁਰਾੜੀ ਵਿਖੇ ਚਾਲੇ ਪਾਉਣ ਜਾਂ ਸਿੰਘੂ ਬਾਰਡਰ ’ਤੇ ਹੀ ਧਰਨਾ ਜਾਰੀ ਰੱਖਣ ਬਾਰੇ ਫ਼ੈਸਲਾ ਕੀਤਾ ਜਾਵੇਗਾ। ਇਸ ਦੌਰਾਨ ਦਿੱਲੀ ਵੱਲ ਕੂਚ ਕਰ ਰਹੇ ਨੌਜਵਾਨਾਂ ਦੀ ਰਾਇ ਵੀ ਲਈ ਜਾਵੇਗੀ। ਇਸ ਦੌਰਾਨ ਕਿਸਾਨਾਂ ਅਤੇ ਦਿੱਲੀ ਪੁਲੀਸ ਦਰਮਿਆਨ  ਦੁਪਹਿਰ 2 ਵਜੇ ਦੇ ਕਰੀਬ ਤਿੱਖੀਆਂ ਝੜਪਾਂ ਵੀ ਹੋਈਆਂ ਜੋ ਪੌਣਾ ਘੰਟਾ ਜਾਰੀ ਰਹੀਆਂ। ਕਿਸਾਨਾਂ ਨੂੰ ਅੱਗੇ ਵੱਧਣ ਤੋਂ ਰੋਕਣ ਲਈ ਜਲ ਤੋਪਾਂ ਦੇ ਵਾਰ-ਵਾਰ ਮੂੰਹ ਖੋਲ੍ਹੇ ਗਏ ਅਤੇ ਕਿਸਾਨਾਂ ’ਤੇ ਲਗਾਤਾਰ 5 ਘੰਟੇ ਤੋਂ ਵੱਧ ਸਮਾਂ ਅੱਥਰੂ ਗੈਸ ਦੇ ਗੋਲੇ ਵਰ੍ਹਾਏ ਗਏ। ਕਿਸਾਨਾਂ ’ਤੇ ਹਲਕਾ ਲਾਠੀਚਾਰਜ ਵੀ ਕੀਤਾ ਗਿਆ ਜਿਸ ਦੌਰਾਨ ਦਰਜਨ ਦੇ ਕਰੀਬ ਕਿਸਾਨਾਂ ਨੂੰ ਮਾਮੂਲੀ ਸੱਟਾਂ ਵੀ ਲੱਗੀਆਂ ਹਨ। ਕਿਸਾਨਾਂ ਵੱਲੋਂ ਕੀਤੇ ਪਥਰਾਅ ਨਾਲ ਕੁਝ ਪੁਲੀਸ ਮੁਲਾਜ਼ਮਾਂ ਦੇ ਵੀ ਜ਼ਖ਼ਮੀ ਹੋਣ ਦੀਆਂ ਰਿਪੋਰਟਾਂ ਮਿਲੀਆਂ ਹਨ। ਕਿਸਾਨ ਆਗੂਆਂ ਅਤੇ ਪੁਲੀਸ ਦੇ ਸੀਨੀਅਰ ਅਧਿਕਾਰੀਆਂ ਨੇ ਦਖ਼ਲ ਦੇ ਕੇ ਸਥਿਤੀ ਸੰਭਾਲੀ। ਦਿੱਲੀ ਦੀ ਸਰਹੱਦ ’ਤੇ ਦਿੱਲੀ ਪੁਲੀਸ, ਰੈਪਿਡ ਐਕਸ਼ਨ ਫੋਰਸ, ਸੀਆਰਪੀਐੱਫ ਅਤੇ ਬੀਐੱਸਐੱਫ ਦੀਆਂ ਟੁਕੜੀਆਂ ਤਾਇਨਾਤ ਹਨ। ਦਿੱਲੀ ਸਰਹੱਦ ’ਤੇ ਸਾਰੀਆਂ ਸੜਕਾਂ ਉਪਰ ਟਰੈਕਟਰਾਂ ਦੀਆਂ ਲੰਮੀਆਂ ਕਤਾਰਾਂ ਲੱਗੀਆਂ ਹੋਈਆਂ ਹਨ। 

ਹਰਿਆਣਾ ਸਰਕਾਰ ਵੱਲੋਂ ਅੱਜ ਬਾਅਦ ਦੁਪਹਿਰ ਅੰਬਾਲਾ ਤੋਂ ਲੈ ਕੇ ਪਾਣੀਪਤ ਤੱਕ ਕੌਮੀ ਮਾਰਗ ’ਤੇ ਖੜ੍ਹੀਆਂ ਕੀਤੀਆਂ ਗਈਆਂ ਸਾਰੀਆਂ ਰੋਕਾਂ ਹਟਾ ਦਿੱਤੀਆਂ ਗਈਆਂ ਸਨ। ਇਸ ਕਰਕੇ ਦਿੱਲੀ ਸਰਹੱਦ ’ਤੇ ਲੱਖਾਂ ਕਿਸਾਨਾਂ ਦਾ ਇਕੱਠ ਹੋਣ ਕਾਰਨ ਵੱਡਾ ਸੰਕਟ ਖੜ੍ਹਾ ਹੋ ਗਿਆ ਹੈ। 

ਪੰਜਾਬ ਦੀਆਂ 30 ਕਿਸਾਨ ਜਥੇਬੰਦੀਆਂ ਦੇ ਆਗੂਆਂ ਬਲਬੀਰ ਸਿੰਘ ਰਾਜੇਵਾਲ, ਜਗਮੋਹਨ ਸਿੰਘ, ਰਾਜਿੰਦਰ ਸਿੰਘ, ਨਿਰਭੈ ਸਿੰਘ ਢੁੱਡੀਕੇ, ਬੂਟਾ ਸਿੰਘ ਬੁਰਜ ਗਿੱਲ ਅਤੇ ਰੁਲਦੂ ਸਿੰਘ ਮਾਨਸਾ ਦੀ ਅਗਵਾਈ ਹੇਠ ਕਿਸਾਨਾਂ ਦੇ ਵੱਡੇ ਕਾਫਲੇ ਵੀਰਵਾਰ ਸਵੇਰੇ ਹਰਿਆਣਾ ’ਚ 10 ਥਾਵਾਂ ਤੋਂ ਦਾਖ਼ਲ ਹੋਏ ਸਨ। ਇਨ੍ਹਾਂ ਕਿਸਾਨਾਂ ਨੂੰ ਹਰਿਆਣਾ ਸਰਕਾਰ ਵੱਲੋਂ ਖੜ੍ਹੀਆਂ ਕੀਤੀਆਂ ਰੋਕਾਂ ਕਾਰਨ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਸੀ ਪਰ ਟਰੈਕਟਰਾਂ ਅਤੇ ਨੌਜਵਾਨਾਂ ਦੀ ਮਦਦ ਨਾਲ ਕਿਸਾਨਾਂ ਨੇ ਕਰਨਾਲ, ਪਾਣੀਪਤ, ਸੋਨੀਪਤ ਅਤੇ ਹੋਰ ਥਾਵਾਂ ’ਤੇ ਪੱਥਰਾਂ, ਰੇਤੇ ਤੇ ਹੋਰ ਸਾਮਾਨ ਨਾਲ ਭਰੇ ਟਿੱਪਰਾਂ ਨੂੰ ਹਟਾ ਦਿੱਤਾ ਅਤੇ 10 ਫੁੱਟ ਤੱਕ ਡੂੰਘੇ ਪੁੱਟੇ ਗਏ ਖੱਡਿਆਂ ਨੂੰ ਵੀ ਪੂਰ ਦਿੱਤਾ। ਇਸ ਤਰ੍ਹਾਂ ਨਾਲ ਕਿਸਾਨਾਂ ਦੇ ਕਾਫਲੇ ਦਿਨ ਚੜ੍ਹਦਿਆਂ ਹੀ ਦਿੱਲੀ ਦੀ ਸਰਹੱਦ ’ਤੇ ਦਸਤਕ ਦੇਣ ਲੱਗ ਪਏ ਸਨ। ਦਿੱਲੀ ਪੁਲੀਸ ਵੱਲੋਂ ਵੀ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਸਨ ਤੇ ਕਿਸਾਨਾਂ ਨੂੰ ਲਾਊਡ ਸਪੀਕਰ ਰਾਹੀਂ ਲਗਾਤਾਰ ਚਿਤਾਵਨੀਆਂ ਦਿੱਤੀਆਂ ਜਾ ਰਹੀਆਂ ਸਨ। ਕਿਸਾਨਾਂ ਅਤੇ ਪੁਲੀਸ ਦਰਮਿਆਨ ਇੱਕ ਤੋਂ ਵੱਧ ਵਾਰ ਤਿੱਖੀਆਂ ਬਹਿਸਾਂ ਵੀ ਹੋਈਆਂ। ਨਾਕਿਆਂ ’ਤੇ ਤਾਇਨਾਤ ਪੁਲੀਸ ਅਧਿਕਾਰੀਆਂ ਨੇ ਜਦੋਂ ਕੋਵਿਡ ਦਾ ਹਵਾਲਾ ਦਿੰਦਿਆਂ ਰੈਲੀ ਮੁਜ਼ਾਹਰਾ ਕਰਨ ’ਤੇ ਪਾਬੰਦੀ ਲੱਗੇ ਹੋਣ ਦੀ ਗੱਲ ਕਹੀ ਤਾਂ ਕਿਸਾਨਾਂ ਨੇ ਬਿਹਾਰ, ਮੱਧ ਪ੍ਰਦੇਸ਼ ਅਤੇ ਹੋਰਨਾਂ ਰਾਜਾਂ ਵਿੱਚ ਹੋਈਆਂ ਵਿਧਾਨ ਸਭਾ ਤੇ ਜ਼ਿਮਨੀ ਚੋਣਾਂ ਦਾ ਹਵਾਲਾ ਦਿੰਦਿਆਂ ਕਿਹਾ ਕਿ ਜਦੋਂ ਕੇਂਦਰੀ ਮੰਤਰੀ, ਮੁੱਖ ਮੰਤਰੀ ਅਤੇ ਸਿਆਸਤਦਾਨ ਰਾਜਸੀ ਰੈਲੀਆਂ ਕਰ ਸਕਦੇ ਹਨ ਤਾਂ ਕਿਸਾਨ ਆਪਣਾ ਦੁੱਖ ਸੁਣਾਉਣ ਲਈ ਕਿਉਂ ਨਹੀਂ ਜੁੜ ਸਕਦੇ। ਕਿਸਾਨਾਂ ਦੀਆਂ ਦਲੀਲਾਂ ਦੇ ਸਾਹਮਣੇ ਪੁਲੀਸ ਅਧਿਕਾਰੀਆਂ ਨੂੰ ਵੀ ਲਾਜਵਾਬ ਹੋਣਾ ਪਿਆ।

ਸਿੰਘੂ ਸਰਹੱਦ ਪਾਰ ਕਰਨ ਦੀ ਕੋਸ਼ਿਸ਼ ਦੌਰਾਨ ਪੁਲੀਸ ਕਰਮੀ ਨਾਲ ਖਹਿਬੜਦਾ ਹੋਇਆ ਕਿਸਾਨ ।

ਹਰਿਆਣਾ ਦੇ ਕਿਸਾਨ ਆਗੂ ਗੁਰਨਾਮ ਸਿੰਘ ਚੜੂਨੀ ਨੇ ਕਿਸਾਨਾਂ ਨੂੰ ਅੰਦੋਲਨ ਸ਼ਾਂਤਮਈ ਰੱਖਣ ਦੀ ਅਪੀਲ ਕਰਦਿਆਂ ਕਿਹਾ ਕਿ ਉਹ ਹੱਕਾਂ ਦੀ ਲੜਾਈ ਲੜਨ ਲਈ ਆਏ ਹਨ ਅਤੇ ਕਿਸੇ ’ਤੇ ਹੱਥ ਚੁੱਕਣਾ ਤਾਂ ਦੂਰ ਦੀ ਗੱਲ ਘੂਰ ਕੇ ਵੀ ਨਹੀਂ ਦੇਖਣਾ ਹੈ। ਸ੍ਰੀ ਚੜੂਨੀ ਨੇ ਇੱਥੋਂ ਤੱਕ ਚਿਵਾਤਨੀ ਦਿੱਤੀ ਕਿ ਜੇਕਰ ਕੋਈ ਵਿਅਕਤੀ ਸੰਘਰਸ਼ ਦੌਰਾਨ ਗੈਰਕਾਨੂੰਨੀ ਜਾਂ ਗਲਤ ਹਰਕਤ ਕਰਦਾ ਦੇਖਿਆ ਗਿਆ ਤਾਂ ਉਸ ਨੂੰ ਪੁਲੀਸ ਹਵਾਲੇ ਖੁਦ ਹੀ ਕਰ ਦਿੱਤਾ ਜਾਵੇਗਾ।

ਡੱਬਵਾਲੀ ਨੇੜੇ ਹਰਿਆਣਾ ਪੁਲੀਸ ਵੱਲੋਂ ਲਾਈਆਂ ਰੋਕਾਂ ਤੋੜਦੇ ਹੋਏ ਪੰਜਾਬ ਦੇ ਕਿਸਾਨ।

ਦਿੱਲੀ ਪੁਲੀਸ ਨੇ ਕਿਸਾਨਾਂ ਦੇ ਕੌਮੀ ਰਾਜਧਾਨੀ ਵਿੱਚ ਦਾਖ਼ਲੇ ਨੂੰ ਰੋਕਣ ਲਈ 5 ਪੜਾਵੀ ਸੁਰੱਖਿਆ ਪ੍ਰਬੰਧ ਕੀਤੇ ਸਨ ਜਿਸ ਤਹਿਤ ਅਰਧ ਸੁਰੱਖਿਆ ਬਲ ਵੀ ਤਾਇਨਾਤ ਕੀਤੇ ਗਏ। ਕੌਮੀ ਮਾਰਗ-1 ਉਪਰ ਰੇਤ ਦੇ ਭਰੇ ਟਰੱਕ, ਰੋਡ ਰੋਲਰ ਖੜ੍ਹੇ ਕੀਤੇ ਗਏ ਅਤੇ ਕੰਡਿਆਲੀ ਤਾਰ ਸਮੇਤ ਸੀਮਿੰਟ ਦੀਆਂ ਰੋਕਾਂ ਲਾਈਆਂ ਗਈਆਂ ਪਰ ਕਿਸਾਨ ਰੋਕਾਂ ਤੋੜਦੇ ਅਤੇ ਬੁਲਡੋਜ਼ਰ ਹਟਾਉਂਦੇ ਹੋਏ ਅੱਗੇ ਵਧਦੇ ਰਹੇ। ਸਿੰਘੂ ਬਾਰਡਰ ਤੋਂ ਪਹਿਲਾਂ ਕਰਨਾਲ ਤੇ ਸਮਾਲਖਾ ਵਿਖੇ ਰੋਕਾਂ ਹਟਾ ਕੇ ਕਿਸਾਨ ਦਿੱਲੀ ਵੱਲ ਵਧਦੇ ਰਹੇ। ਉਨ੍ਹਾਂ ’ਤੇ ਡਰੋਨਾਂ ਨਾਲ ਨਿਗਰਾਨੀ ਜਾਰੀ ਰੱਖੀ ਗਈ। ਭਾਰਤੀ ਕਿਸਾਨ ਯੂਨੀਅਨ (ਡਕੌਂਦਾ) ਦੇ ਆਗੂ ਜਗਮੋਹਨ ਸਿੰਘ ਨੇ ਦੱਸਿਆ ਕਿ 1800 ਤੋਂ ਵੱਧ ਟਰਾਲੀਆਂ ਵਿੱਚ ਕਿਸਾਨ ‘ਦਿੱਲੀ ਚੱਲੋ’ ਲਈ ਨਿਕਲੇ ਹੋਏ ਹਨ। ਕਿਸਾਨ ਆਗੂ ਸ਼ਿੰਗਾਰਾ ਸਿੰਘ ਮਾਨ ਨੇ ਦੱਸਿਆ ਕਿ ਕਿਸਾਨ ਰੋਕਾਂ ਤੋੜ ਕੇ ਅੱਗੇ ਵਧੇ। ਗੁਰੂਗ੍ਰਾਮ, ਫਰੀਦਾਬਾਦ, ਪਲਵਲ, ਬਹਾਦਰਗੜ੍ਹ ਤੇ ਨੋਇਡਾ ਦੇ ਪ੍ਰਵੇਸ਼ ਦੁਆਰਾਂ ਵਿਖੇ ਪੁਲੀਸ ਦੀ ਭਾਰੀ ਨਫ਼ਰੀ ਤਾਇਨਾਤ ਰਹੀ। ਪੁਲੀਸ ਅਧਿਕਾਰੀ ਗੌਰਵ ਸ਼ਰਮਾ ਸਮੇਤ ਉੱਤਰੀ ਦਿੱਲੀ ਪੁਲੀਸ ਲਈ ਸਾਰਾ ਦਿਨ ਭਾਜੜਾਂ ਪਈਆਂ ਰਹੀਆਂ। ਉੱਤਰ ਪ੍ਰਦੇਸ਼ ਤੋਂ ਵੀ ਕਿਸਾਨ ਦਿੱਲੀ ਵੱਲ ਤੁਰੇ ਹੋਏ ਸਨ। ਪੰਜਾਬ ਤੋਂ ਅੱਜ ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਦੇ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ, ਸੁਖਦੇਵ ਸਿੰਘ ਕੋਕਰੀ ਕਲਾਂ ਅਤੇ ਹੋਰਨਾਂ ਦੀ ਅਗਵਾਈ ਹੇਠ ਡੱਬਵਾਲੀ ਅਤੇ ਖਨੌਰੀ ਤੋਂ ਕਿਸਾਨਾਂ ਦੇ ਵੱਡੇ ਕਾਫਲੇ ਦਿੱਲੀ ਵੱਲ ਤੁਰੇ। ਉਧਰ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੀ ਅਗਵਾਈ ਹੇਠ ਅੰਮ੍ਰਿਤਸਰ ਤੋਂ ਕਿਸਾਨਾਂ ਨੇ ਚਾਲੇ ਪਾੲੇ। ਮਾਲਵੇ ਦੇ ਪਿੰਡਾਂ ਵਿੱਚੋਂ ਵੀ ਕਿਸਾਨਾਂ ਨੇ ਅੱਜ ਟਰੈਕਟਰ-ਟਰਾਲੀਆਂ ’ਤੇ ਦਿੱਲੀ ਨੂੰ ਕੂਚ ਕਰਨਾ ਜਾਰੀ ਰੱਖਿਆ।

ਕਾਫਲੇ ਨਾਲ ਦਿੱਲੀ ਜਾ ਰਹੇ ਕਿਸਾਨ ਦੀ ਸੜਕ ਹਾਦਸੇ ਵਿੱਚ ਮੌਤ

ਮਾਨਸਾ/ਝੁਨੀਰ (ਜੋਗਿੰਦਰ ਸਿੰਘ ਮਾਨ/ਜੀਵਨ ਕ੍ਰਾਂਤੀ):‘ਦਿੱਲੀ ਚੱਲੋ’ ਪ੍ਰੋਗਰਾਮ ਦੌਰਾਨ ਰਸਤੇ ’ਚ ਵਾਪਰੇ ਇਕ ਸੜਕ ਹਾਦਸੇ ਵਿੱਚ ਮਾਨਸਾ ਜ਼ਿਲ੍ਹੇ ਦੇ ਇਕ ਕਿਸਾਨ ਧੰਨਾ ਸਿੰਘ ਚਾਹਲ (40) ਵਾਸੀ ਪਿੰਡ ਚਹਿਲਾਂਵਾਲੀ ਖ਼ਿਆਲੀ ਦੀ ਮੌਤ ਹੋ ਗਈ ਜਦੋਂ ਕਿ ਉਸ ਦਾ ਇੱਕ ਹੋਰ ਸਾਥੀ ਬਲਜਿੰਦਰ ਸਿੰਘ ਜ਼ਖ਼ਮੀ ਹੋ ਗਿਆ। ਕਿਸਾਨ ਜਥੇਬੰਦੀਆਂ ਨੇ ਕਿਸਾਨ ਦੀ ਮੌਤ ਨੂੰ ‘ਦਿੱਲੀ ਚੱਲੋ’ ਅੰਦੋਲਨ ਦਾ ਪਹਿਲਾ ਸ਼ਹੀਦ ਕਰਾਰ ਦਿੱਤਾ ਹੈ। ਕਿਸਾਨ ਧੰਨਾ ਸਿੰਘ ਚਾਹਲ ਲੰਬੇ ਸਮੇਂ ਤੋਂ ਜਥੇਬੰਦਕ ਤੌਰ ’ਤੇ ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ) ਦਾ ਵਰਕਰ ਸੀ। ਉਹ ਕੱਲ੍ਹ ਰਤੀਆ (ਹਰਿਆਣਾ) ਵਿੱਚ ਦਿੱਲੀ ਜਾ ਰਹੇ ਕਾਫ਼ਲੇ ਨਾਲ ਰਲਿਆ ਸੀ। ਦੇਰ ਸ਼ਾਮ ਉਸ ਦਾ ਅੰਤਿਮ ਸੰਸਕਾਰ ਉਸ ਦੇ  ਜੱਦੀ ਪਿੰਡ ਚਹਿਲਾਂਵਾਲੀ ਖ਼ਿਆਲੀ ਵਿੱਚ ਜਥੇਬੰਦਕ ਆਗੂਆਂ ਦੀ ਮੌਜੂਦਗੀ ਵਿੱਚ ਕੀਤਾ ਗਿਆ। ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ) ਦੇ ਮਾਨਸਾ ਬਲਾਕ ਇਕਾਈ ਦੇ ਪ੍ਰਧਾਨ ਬਲਵਿੰਦਰ ਸਿੰਘ ਸ਼ਰਮਾ ਨੇ ਦੱਸਿਆ ਕਿ ਕਿਸਾਨਾਂ ਨੂੰ ਅੱਗੇ ਵਧਣ ਤੋਂ ਰੋਕਣ ਲਈ ਹਰਿਆਣਾ ਪ੍ਰਸ਼ਾਸਨ ਵੱਲੋਂ ਰਸਤੇ ’ਚ ਵੱਡੇ-ਵੱਡੇ ਪੱਥਰ ਸੁੱਟੇ ਗਏ ਸਨ। ਭਿਵਾਨੀ ਨੇੜੇ ਪਿੰਡ ਮੁੰਡਾਲ ਵਿੱਚ ਕਿਸਾਨ ਇਨ੍ਹਾਂ ਪੱਥਰਾਂ ਨੂੰ ਰਸਤੇ ਵਿੱਚੋਂ ਹਟਾ ਰਹੇ ਸਨ ਤਾਂ ਪਿੱਛੋਂ ਆਏ ਇਕ ਟਰਾਲੇ ਨੇ ਉਨ੍ਹਾਂ ਦੀ ਟਰਾਲੀ ਨੂੰ ਟੱਕਰ ਮਾਰ ਦਿੱਤੀ, ਜਿਸ ਨਾਲ ਧੰਨਾ ਸਿੰਘ ਚਾਹਲ (40) ਵਾਸੀ ਪਿੰਡ ਚਹਿਲਾਂਵਾਲੀ ਦੀ ਮੌਕੇ ’ਤੇ ਮੌਤ ਹੋ ਗਈ ਜਦੋਂ ਕਿ ਬਲਜਿੰਦਰ ਸਿੰਘ ਵਾਸੀ ਚਹਿਲਾਂਵਾਲੀ ਜ਼ਖ਼ਮੀ ਹੋ ਗਿਆ, ਜਿਸ ਨੂੰ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਹੈ। ਜਿਹੜੀ ਟਰਾਲੀ ਨਾਲ ਹਾਦਸਾ ਵਾਪਰਿਆ ਉਹ ਵੀ ਪਿੰਡ ਚਹਿਲਾਂਵਾਲੀ ਖ਼ਿਆਲੀ ਦੇ ਗੋਰਾ ਸਿੰਘ ਦੀ ਹੈ, ਜਿਸ ਦਾ ਕਾਫੀ ਨੁਕਸਾਨ ਹੋਇਆ ਹੈ।

ਸ੍ਰੀ ਸ਼ਰਮਾ ਨੇ ਦੱਸਿਆ ਕਿ ਕਿਸਾਨ ਧੰਨਾ ਸਿੰਘ ਚਾਹਲ ਨੂੰ 31 ਕਿਸਾਨ ਜਥੇਬੰਦੀਆਂ ਨੇ ‘ਦਿੱਲੀ ਚੱਲੋ’ ਅੰਦੋਲਨ ਦਾ ਪਹਿਲਾ ਸ਼ਹੀਦ ਕਰਾਰ ਦਿੱਤਾ ਹੈ ਅਤੇ ਉਸ ਦੇ ਪਰਿਵਾਰ ਲਈ 20 ਲੱਖ ਰੁਪਏ ਮੁਆਵਜ਼ਾ, ਪਰਿਵਾਰ ਦੇ ਇੱਕ ਜੀਅ ਨੂੰ ਸਰਕਾਰੀ ਨੌਕਰੀ ਅਤੇ ਉਸ ਦੇ ਸਾਰੇ ਸਰਕਾਰੀ ਤੇ ਪ੍ਰਾਈਵੇਟ ਕਰਜ਼ੇ ’ਤੇ ਲਕੀਰ ਮਾਰਨ ਦੀ ਮੰਗ ਕੀਤੀ ਗਈ ਹੈ।

ਇਹ ਵੀ ਪਤਾ ਲੱਗਿਆ ਹੈ ਕਿ ਕੁਝ ਕਿਸਾਨਾਂ ਨੂੰ ਘਟਨਾ ਸਥਾਨ ’ਤੇ ਛੱਡ ਕੇ ਬਾਕੀਆਂ ਨੇ ਦਿੱਲੀ ਵੱਲ ਵਹੀਰਾਂ ਘੱਤ ਦਿੱਤੀਆਂ। ਉੱਥੇ ਮੁੰਡਾਲ ਵਿੱਚ ਰਹਿ ਗਏ ਕਿਸਾਨਾਂ ਨੇ ਸੜਕ ਉੱਤੇ ਧਰਨਾ ਮਾਰ ਦਿੱਤਾ ਸੀ। ਉਪਰੰਤ ਪਰਿਵਾਰ ਦੀ ਸਹਿਮਤੀ ਨਾਲ ਮ੍ਰਿਤਕ ਕਿਸਾਨ ਦਾ ਸਸਕਾਰ ਕਰਨ ਦਾ ਫੈਸਲਾ ਲਿਆ ਗਿਆ ਅਤੇ ਜਥੇਬੰਦੀਆਂ ਵੱਲੋਂ ਮੁਆਵਜ਼ੇ ਲਈ ਬਾਕਾਇਦਾ ਲੜਾਈ ਲੜਨ ਦਾ ਫ਼ੈਸਲਾ ਲਿਆ ਗਿਆ ਹੈ। 

ਪਿੰਡ ਦੇ ਵਸਨੀਕ ਤੇ ਅਧਿਆਪਕ ਆਗੂ ਗੁਰਪਾਲ ਸਿੰਘ ਚਾਹਲ ਨੇ ਦੱਸਿਆ ਕਿ ਧੰਨਾ ਸਿੰਘ ਚਾਹਲ ਆਪਣੇ ਪਿੱਛੇ ਪਤਨੀ, ਇੱਕ ਬੇਟੀ ਅਤੇ ਇੱਕ ਬੇਟਾ ਛੱਡ ਗਿਆ ਹੈ। ਉਹ ਸਿਰਫ ਦੋ ਏਕੜ ਜ਼ਮੀਨ ਦਾ ਮਾਲਕ ਸੀ। ਕਿਸਾਨ ਧੰਨਾ ਸਿੰਘ ਦੇ ਅੰਤਿਮ ਸੰਸਕਾਰ ਤੋਂ ਪਹਿਲਾਂ ਜਥੇਬੰਦੀ ਵੱਲੋਂ ਉਸ ਦੀ ਮ੍ਰਿਤਕ ਦੇਹ ’ਤੇ ਯੂਨੀਅਨ ਦਾ ਝੰਡਾ ਪਾਇਆ ਗਿਆ ਅਤੇ ਦੇਰ ਸ਼ਾਮ ਕਿਸਾਨ ਦਾ ਅੰਤਿਮ ਸਸਕਾਰ ਕਰ ਦਿੱਤਾ ਗਿਆ। ਇਸ ਮੌਕੇ ਇਲਾਕੇ ਦੇ ਵੱਡੀ ਗਿਣਤੀ ਲੋਕ ਹਾਜ਼ਰ ਸਨ।

ਤੋਮਰ ਵੱਲੋਂ ਗੱਲਬਾਤ ਦੀ ਮੇਜ਼ ’ਤੇ ਆਉਣ ਦੀ ਅਪੀਲ

ਨਵੀਂ ਦਿੱਲੀ:ਦਿੱਲੀ ਵੱਲ ਕੂਚ ਕਰ ਰਹੇ ਕਿਸਾਨਾਂ ਨੂੰ  ਦਾਖ਼ਲੇ ਦੀ ਇਜਾਜ਼ਤ ਦੇਣ ਦਰਮਿਆਨ ਖੇਤੀ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਕਿਸਾਨਾਂ ਨੂੰ ਕੋਵਿਡ-19 ਤੇ ਠੰਢ ਦੇ ਹਵਾਲੇ ਨਾਲ ਆਪਣਾ ਸੰਘਰਸ਼ ਵਿਚਾਲੇ ਛੱਡ ਕੇ ਮੁੜ ਗੱਲਬਾਤ ਦੀ ਮੇਜ਼ ’ਤੇ ਆਉਣ ਦੀ ਅਪੀਲ ਕੀਤੀ ਹੈ। ਤੋਮਰ ਨੇ ਕਿਹਾ ਕਿ ਸਰਕਾਰ ਕਿਸਾਨਾਂ ਨਾਲ ਗੱਲਬਾਤ ਲਈ ਹਮੇਸ਼ਾ ਤਿਆਰ ਹੈੈ।

ਕੇਂਦਰ ਗੱਲਬਾਤ ਲਈ ਹਮੇਸ਼ਾ ਤਿਆਰ: ਖੱਟਰ

ਚੰਡੀਗੜ੍ਹ:ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਅੱਜ ਪ੍ਰਦਰਸ਼ਨਕਾਰੀ ਕਿਸਾਨਾਂ ਨੂੰ ਭਰੋਸਾ ਦਿੱਤਾ ਕਿ ਕੇਂਦਰ ਸਰਕਾਰ ਉਨ੍ਹਾਂ ਨਾਲ ਗੱਲਬਾਤ ਕਰਨ ਲਈ ਹਮੇਸ਼ਾ ਤਿਆਰ ਹੈ। ਖੱਟਰ ਨੇ ਟਵੀਟ ਕਰਕੇ ਕਿਸਾਨਾਂ ਨੂੰ ਿਕਹਾ ਕਿ ਉਹ ਆਪਣੇ ਜਾਇਜ਼ ਮੁੱਦਿਆਂ ਬਾਰੇ ਸਿੱਧੇ ਤੌਰ ’ਤੇ ਕੇਂਦਰ ਸਰਕਾਰ ਨਾਲ ਗੱਲਬਾਤ ਕਰਨ।        -ਪੀਟੀਆਈ  

ਕੇਜਰੀਵਾਲ ਸਰਕਾਰ ਨੇ ਸਟੇਡੀਅਮਾਂ ਨੂੰ ਆਰਜ਼ੀ ਜੇਲ੍ਹਾਂ ਬਣਾਉਣ ਦੀ ਮੰਗ ਠੁਕਰਾਈ

ਨਵੀਂ ਦਿੱਲੀ (ਪੱਤਰ ਪ੍ਰੇਰਕ):ਦਿੱਲੀ ’ਚ ਆਮ ਆਦਮੀ ਪਾਰਟੀ ਦੀ ਅਰਵਿੰਦ ਕੇਜਰੀਵਾਲ ਸਰਕਾਰ ਨੇ ਦਿੱਲੀ ਦੇ ਸਟੇਡੀਅਮਾਂ ਨੂੰ ਜੇਲ੍ਹਾਂ ਵਿਚ ਤਬਦੀਲ ਕਰਨ ਤੋਂ ਸਾਫ਼ ਇਨਕਾਰ ਕਰ ਦਿੱਤਾ ਹੈ। ਦਿੱਲੀ ਦੇ ਗ੍ਰਹਿ ਮੰਤਰੀ ਸਤਿੰਦਰ ਜੈਨ ਨੇ ਕੇਂਦਰ ਸਰਕਾਰ ਦੀ ਮਾਰਫ਼ਤ ਦਿੱਲੀ ਪੁਲੀਸ ਵੱਲੋਂ ਕੀਤੀ ਗਈ ਮੰਗ ਨੂੰ ਲਿਖਤੀ ਰੂਪ ਵਿਚ ਠੁਕਰਾਉਂਦੇ ਹੋਏ ਕਿਹਾ ਕਿ ਦਿੱਲੀ ਸਰਕਾਰ ਕਿਸਾਨਾਂ ਨੂੰ ਗ੍ਰਿਫ਼ਤਾਰ ਕਰਕੇ ਜੇਲ੍ਹਾਂ ਵਿਚ ਡੱਕਣ ਦੇ ਵਿਰੁੱਧ ਹੈ। ਸ੍ਰੀ ਜੈਨ ਨੇ ਲਿਖਤੀ ਜਵਾਬ ਵਿਚ ਕਿਹਾ ਹੈ ਕਿ ਕਿਸਾਨਾਂ ਦੀਆਂ ਮੰਗਾਂ ਜਾਇਜ਼ ਹਨ ਅਤੇ ਕੇਂਦਰ ਸਰਕਾਰ ਨੂੰ ਉਨ੍ਹਾਂ ਦੀਆਂ ਮੰਗਾਂ ਤੁਰੰਤ ਮੰਨਣੀਆਂ ਚਾਹੀਦੀਆਂ ਹਨ। ਉਨ੍ਹਾਂ ਕਿਹਾ,‘‘ਸ਼ਾਂਤਮਈ ਤਰੀਕੇ ਨਾਲ ਅੰਦੋਲਨ ਕਰਨਾ ਹਰ ਭਾਰਤੀ ਦਾ ਸੰਵਿਧਾਨਕ ਹੱਕ ਹੈ। ਇਸ ਲਈ ਕਿਸਾਨਾਂ ਨੂੰ ਜੇਲ੍ਹਾਂ ਵਿਚ ਬੰਦ ਨਹੀਂ ਕੀਤਾ ਜਾ ਸਕਦਾ ਹੈ।’’ ਪੰਜਾਬ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਦਿੱਲੀ ਸਰਕਾਰ ਦੇ ਇਸ ਫ਼ੈਸਲੇ ਦਾ ਸਵਾਗਤ ਕਰਦਿਆਂ ਅਰਵਿੰਦ ਕੇਜਰੀਵਾਲ ਦਾ ਧੰਨਵਾਦ ਕੀਤਾ ਹੈ।

ਤਰਾਈ ਇਲਾਕੇ ਵਿੱਚ ਵੀ ਕਿਸਾਨਾਂ ਨੇ ਸੜਕਾਂ ਮੱਲ੍ਹੀਆਂ

ਤਰਾਈ ਖੇਤਰ ਵਿੱਚ ਕਿਸਾਨਾਂ ਵੱਲੋਂ ਧਰਨਾ

ਫਰੀਦਾਬਾਦ (ਕੁਲਵਿੰਦਰ ਕੌਰ ਦਿਓਲ):ਉੱਤਰ ਪ੍ਰਦੇਸ਼ ਅਤੇ ਉੱਤਰਾਖੰਡ ’ਚ ਪੰਜਾਬੀ ਕਿਸਾਨਾਂ ਦੀ ਭਰਵੀਂ ਨਫ਼ਰੀ ਵਾਲੇ ਤਰਾਈ ਇਲਾਕੇ ’ਚ ਵੀ ਖੇਤੀ ਕਾਨੂੰਨਾਂ ਖ਼ਿਲਾਫ਼ ਸੜਕਾਂ ਮੱਲ੍ਹੀਆਂ ਗਈਆਂ। ਰਾਮਪੁਰ-ਨੈਨੀਤਾਲ ਰੋਡ ਉਪਰ ਸਹਿਕਾਰੀ ਖੰਡ ਮਿੱਲ ਕੋਲ ਸਥਾਨਕ ਕਿਸਾਨਾਂ ਵੱਲੋਂ ਸੜਕ ਉਪਰ ਧਰਨਾ ਲਾਇਆ ਗਿਆ ਤੇ ‘ਦਿੱਲੀ ਚੱਲੋ’ ਮੁਹਿੰਮ ਤਹਿਤ ਦੇਸ਼ ਦੇ ਹੋਰ ਹਿੱਸਿਆਂ ਤੋਂ ਕਿਸਾਨਾਂ ਦੇ ਦਿੱਲੀ ਕੂਚ ਦਾ ਸਮਰਥਨ ਕੀਤਾ ਗਿਆ। ਉੱਤਰ ਪ੍ਰਦੇਸ਼ ਸਰਕਾਰ ਵੱਲੋਂ ਕਿਸਾਨਾਂ ਨੂੰ ਦਿੱਲੀ ਨਾ ਜਾਣ ਦੇਣ ਦੀ ਨਿੰਦਾ ਵੀ ਕੀਤੀ ਗਈ। ਇਹ ਕਿਸਾਨ ਦਿੱਲੀ ਲਈ ਵੱਧ ਰਹੇ ਸਨ ਤਾਂ ਸੀਆਰਪੀਐੱਫ ਨੇ ਖੰਡ ਮਿੱਲ ਕੋਲ ਉਨ੍ਹਾਂ ਨੂੰ ਰੋਕ ਲਿਆ। ਧਰਨਿਆਂ ’ਚ  ਕਿਸਾਨ ਆਗੂ ਤਜਿੰਦਰ ਸਿੰਘ ਵਿਰਕ, ਨਿਰਮਲ ਸਿੰਘ, ਅਮਰਜੀਤ ਸਿੰਘ, ਸਿਮਰਨਜੀਤ ਸਿੰਘ, ਸੁਖਵੰਤ ਸਿੰਘ ਭੁੱਲਰ ਤੇ ਭਾਰਤੀ ਕਿਸਾਨ ਯੂਨੀਅਨ (ਭਾਨੂੰ) ਆਦਿ ਸ਼ਾਮਲ ਹੋਏ। ਇਸ ਯੂਨੀਅਨ ਨੇ ਬਿਜਨੌਰ-ਕੌਮੀ ਸ਼ਾਹਰਾਹ-74 ਨਜ਼ੀਬਾਬਾਦ ਵਿਖੇ ਚੱਕਾ ਜਾਮ ਕੀਤਾ। ਆਗਰਾ ਅਤੇ ਅਲੀਗੜ੍ਹ ’ਚ ਵੀ ਪ੍ਰਦਰਸ਼ਨ ਹੋਣ ਦੀਆਂ ਰਿਪੋਰਟਾਂ ਹਨ।

ਸੰਘਰਸ਼ ਦੀ ਬਾਤ…

ਦਿੱਲੀ ਨੇੜਲੀ ਸਿੰਘੂ ਸਰਹੱਦ ’ਤੇ ਸੁਰੱਖਿਆ ਕਰਮੀ ਇੱਕ ਕਿਸਾਨ ਨੂੰ ਰੋਕਣ ਦੀ ਕੋਸ਼ਿਸ਼ ਕਰਦਾ ਹੋਇਆ।
ਯੋਗੇਂਦਰ ਯਾਦਵ ਸਿੰਘੂ ਬੈਰੀਅਰ ਉੱਤੇ ਅੰਦੋਲਨਕਾਰੀ ਕਿਸਾਨਾਂ ਨੂੰ ਮਿਲਣ ਪੁੱਜਦਾ ਹੋਇਆ।
ਇੱਕ ਬਜ਼ੁਰਗ ਕਿਸਾਨ ਪੁਲੀਸ ਦੀਆਂ ਰੋਕਾਂ ਨੂੰ ਚੀਰ ਕੇ ਸਿੰਘੂ ਸਰਹੱਦ ਪਾਰ ਕਰਦਾ ਹੋਇਆ।
ਦਿੱਲੀ ਨੇੜੇ ਸਿੰਘੂ ਸਰਹੱਦ ’ਤੇ ਲੰਗਰ ਤਿਆਰ ਕਰਦੇ ਹੋਏ ਕਿਸਾਨ। 

Leave a Reply

Your email address will not be published. Required fields are marked *