ਜੰਮੂ ਕਸ਼ਮੀਰ: ਪਹਿਲੇ ਗੇੜ ਦੀਆਂ ਡੀਡੀਸੀ ਚੋਣਾਂ ’ਚ 52 ਫ਼ੀਸਦ ਮਤਦਾਨ

ਸ੍ਰੀਨਗਰ : ਜੰਮੂ ਕਸ਼ਮੀਰ ਵਿੱਚ ਧਾਰਾ 370 ਰੱਦ ਕੀਤੇ ਜਾਣ ਮਗਰੋਂ ਪਹਿਲੀ ਵਾਰ ਪੈ ਰਹੀਆਂ ਵੋਟਾਂ ਦੇ ਪਹਿਲੇ ਗੇੜ ਦੀ ਚੋਣ ਪ੍ਰਕਿਰਿਆ ਦੌਰਾਨ ਜ਼ਿਲ੍ਹਾ ਵਿਕਾਸ ਕੌਂਸਲ (ਡੀਡੀਸੀ) ਦੀਆਂ ਚੋਣਾਂ ਵਿੱਚ ਕਰੀਬ 52 ਫ਼ੀਸਦ ਮਤਦਾਨ ਦਰਜ ਕੀਤਾ ਗਿਆ ਹੈ। ਅੱਠ ਗੇੜਾਂ ਵਿੱਚ ਹੋਣ ਵਾਲੀਆਂ ਡੀਡੀਸੀ ਚੋਣਾਂ ਦਾ ਪਹਿਲਾ ਗੇੜ ਕੁਲਗਾਮ ਵਿੱਚ ਵਾਪਰੀ ਪੱਥਰਬਾਜ਼ੀ ਦੀ ਇੱਕ ਮਾਮੂਲੀ ਘਟਨਾ ਨੂੰ ਛੱਡ ਕੇ ਸ਼ਾਂਤੀਪੂਰਵਕ ਢੰਗ ਨਾਲ ਨੇਪਰੇ ਚੜ੍ਹ ਗਿਆ ਹੈ। 

ਸੂਬਾਈ ਚੋਣ ਕਮਿਸ਼ਨਰ ਕੇ.ਕੇ. ਸ਼ਰਮਾ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਕੁੱਲ 7,00,842 ਯੋਗ ਵੋਟਰਾਂ ’ਚੋਂ 51.76 ਫ਼ੀਸਦ ਨੇ ਆਪਣੇ ਵੋਟ ਪਾਉਣ ਦੇ ਅਧਿਕਾਰ ਦੀ ਵਰਤੋਂ ਕੀਤੀ। ਸਵੇਰੇ 7 ਵਜੇ ਸ਼ੁਰੂ ਹੋਈਆਂ ਵੋਟਾਂ ਦੀ ਪ੍ਰਕਿਰਿਆ ਦੁਪਹਿਰ 2 ਵਜੇ ਤੱਕ ਚੱਲੀ। ਜੰਮੂ ਦੇ ਰਿਆਸੀ ਵਿੱਚ ਸਭ ਤੋਂ ਵੱਧ 74.62 ਫ਼ੀਸਦ ਮਤਦਾਨ ਦਰਜ ਕੀਤਾ ਗਿਆ ਜਦਕਿ ਅਤਿਵਾਦ ਪ੍ਰਭਾਵਿਤ ਪੁਲਵਾਮਾ ਵਿੱਚ ਸਭ ਤੋਂ ਘੱਟ 6.7 ਫ਼ੀਸਦ ਮਤਦਾਨ ਹੋਇਆ। ਸ਼ਰਮਾ ਨੇ ਕਿਹਾ ਕਿ ਕੇਂਦਰੀ ਸ਼ਾਸਤ ਪ੍ਰਦੇਸ਼ ਵਿੱਚ ਵੋਟਿੰਗ ਪ੍ਰਕਿਰਿਆ ਸ਼ਾਂਤੀਪੂਰਵਕ ਰਹੀ। ਕੇਵਲ ਦੱਖਣੀ ਕਸ਼ਮੀਰ ਦੇ ਜ਼ਿਲ੍ਹਾ ਕੁਲਗਾਮ ਵਿੱਚ ਪੱਥਰਬਾਜ਼ੀ ਦੀ ਘਟਨਾ ਵਾਪਰੀ ਹੈ। ਅਧਿਕਾਰੀਆਂ ਅਨੁਸਾਰ ਡੀਡੀਸੀ ਚੋਣਾਂ ਦੇ ਪਹਿਲੇ ਗੇੜ ਵਿੱਚ ਕਸ਼ਮੀਰ ਦੇ 25 ਹਲਕਿਆਂ ਸਣੇ ਕੁੱਲ 43 ਹਲਕਿਆਂ ਵਿੱਚ ਮਤਦਾਨ ਹੋਇਆ। ਕੁੱਲ 1,475 ਉਮੀਦਵਾਰ ਚੋਣ ਮੈਦਾਨ ਵਿੱਚ ਸਨ। ਦੱਸਣਯੋਗ ਹੈ ਕਿ ਕੇਂਦਰ ਸਰਕਾਰ ਵਲੋਂ ਪਿਛਲੇ ਵਰ੍ਹੇ ਅਗਸਤ ਵਿੱਚ ਜੰਮੂ ਕਸ਼ਮੀਰ ਨੂੰ ਵਿਸ਼ੇਸ਼ ਦਰਜਾ ਦਿੰਦੀ ਧਾਰਾ 370 ਰੱਦ ਕੀਤੇ ਜਾਣ ਅਤੇ ਸੂਬੇ ਨੂੰ ਦੋ ਕੇਂਦਰੀ ਸ਼ਾਸਤ ਪ੍ਰਦੇਸ਼ਾਂ ਵਿੱਚ ਵੰਡੇ ਜਾਣ ਮਗਰੋਂ ਅੱਜ ਇੱਥੇ ਪਹਿਲੀ ਵਾਰ ਚੋਣਾਂ ਹੋਈਆਂ ਹਨ। 

ਇਸੇ ਦੌਰਾਨ ਵਾਦੀ ਵਿੱਚ ਇਨ੍ਹਾਂ ਚੋਣਾਂ ਵਿੱਚ ਕਈ ਮਤਦਾਨ ਕੇਂਦਰਾਂ ’ਤੇ ਕੋਵਿਡ ਸਬੰਧੀ ਨਿਰਦੇਸ਼ਾਂ ਦੀਆਂ ਧੱਜੀਆਂ ਉਡਾਈਆਂ ਗਈਆਂ। ਉਤਸ਼ਾਹਿਤ ਵੋਟਰਾਂ ਨੇ ਬਿਨਾਂ ਮਾਸਕ ਤੋਂ ਵੋਟਾਂ ਪਾਈਆਂ ਅਤੇ ਸਰੀਰਕ ਦੂਰੀ ਜਿਹੀਆਂ ਹਦਾਇਤਾਂ ਨੂੰ ਵੀ ਅਣਗੌਲਿਆ ਕੀਤਾ ਗਿਆ। ਮਤਦਾਨ ਕੇਂਦਰਾਂ ਵਿੱਚ ਵੋਟਰਾਂ ਦਾ ਸਰੀਰਕ ਤਾਪਮਾਨ ਮਾਪਣ ਲਈ ਥਰਮਾਮੀਟਰ ਤਾਂ ਸਨ ਪ੍ਰੰਤੂ ਜ਼ਿਆਦਾਤਰ ਥਾਵਾਂ ’ਤੇ ਸੈਨੇਟਾਈਜ਼ਰ ਅਤੇ ਮਾਸਕ ਆਦਿ ਦੇ ਪ੍ਰਬੰਧ ਨਹੀਂ ਸਨ। 

ਜ਼ਿਲ੍ਹਾ ਗੰਦਰਬਲ ਵਿੱਚ ਕੁੱਝ ਵੋਟਰਾਂ ਨੇ ਕਿਹਾ ਕਿ ਇਹ ਚੋਣਾਂ ਸਥਾਨਕ ਪੱਧਰ ਦੀਆਂ ਸਮੱਸਿਆਵਾਂ ਦੇ ਹੱਲ ਲਈ ਨੁਮਾਇੰਦੇ ਚੁਣਨ ਲਈ ਹਨ ਅਤੇ ਵੱਡੇ ਮਸਲਿਆਂ ਜਿਵੇਂ ਵਿਸ਼ੇਸ਼ ਰੁਤਬੇ ਦੀ ਬਹਾਲੀ ਆਦਿ ਨੂੰ ਵਿਧਾਨ ਸਭਾ ਅਤੇ ਸੰਸਦੀ ਚੋਣਾਂ ਲਈ ਛੱਡ ਦੇਣਾ ਚਾਹੀਦਾ ਹੈ। ਇਸੇ ਦੌਰਾਨ ਕੇਂਦਰੀ ਮੰਤਰੀ ਜਿਤੇਂਦਰ ਸਿੰਘ ਨੇ ਕਿਹਾ ਕਿ ਡੀਡੀਸੀ ਦੀਆਂ ਪਹਿਲੇ ਗੇੜ ਦੀਆਂ ਚੋਣਾਂ ਵਿੱਚ ਭਾਰੀ ਮਤਦਾਨ ਨੇ ਜੰਮੂ ਕਸ਼ਮੀਰ ਦੇ ਲੋਕਾਂ ਦੀਆਂ ਲੋਕਤੰਤਰ ਦੀਆਂ ਇੱਛਾਵਾਂ ਦੇ ਸੰਕੇਤ ਦਿੱਤੇ ਹਨ। ਨੈਸ਼ਨਲ ਕਾਨਫਰੰਸ (ਐੱਨਸੀ) ਦੇ ਉਪ-ਪ੍ਰਧਾਨ ਉਮਰ ਅਬਦੁੱਲਾ ਨੇ ਅੱਜ ਕਿਹਾ ਕਿ ਕੜਾਕੇ ਦੀ ਠੰਢ ਦੇ ਬਾਵਜੂਦ ਵੋਟਰਾਂ ਵਲੋਂ ਡੀਡੀਸੀ ਚੋਣਾਂ ਵਿੱਚ ਹਿੱਸਾ ਲੈਣਾ ਉਤਸ਼ਾਹਜਨਕ ਹੈ।    

Leave a Reply

Your email address will not be published. Required fields are marked *