ਆਨੰਦਪੁਰ ਸਾਹਿਬ ਵਿਚ ਹੋਲਾ ਮਹੱਲਾ ਖਾਲਸਾਈ ਜਾਹੋ-ਜਲਾਲ ਨਾਲ ਸ਼ੁਰੂ

ਸ੍ਰੀ ਆਨੰਦਪੁਰ ਸਾਹਿਬ : ਸਿੱਖਾਂ ਦਾ ਕੌਮੀ ਤਿਉਹਾਰ ਹੋਲਾ ਮਹੱਲਾ ਅੱਜ ਪੂਰੇ ਖਾਲਸਾਈ ਜਾਹੋ ਜਲਾਲ ਨਾਲ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਸ਼ੁਰੂ ਹੋ ਗਿਆ। ਇਸ ਕੌਮੀ ਤਿਓਹਾਰ ’ਤੇ ਕਰੋਨਾਵਾਇਰਸ ਦਾ ਅਸਰ ਦੇਖਣ ਨੂੰ ਮਿਲਿਆ ਕਿਉਂਕਿ ਐਤਵਾਰ ਹੋਣ ਦੇ ਬਾਵਜੂਦ ਸੰਗਤ ਦੀ ਆਮਦ ਵਿਚ ਭਾਰੀ ਕਮੀ ਦਰਜ ਕੀਤੀ ਗਈ।
ਤਿੰਨ ਦਿਨ ਚੱਲਣ ਵਾਲੇ ਹੋਲੇ ਮਹੱਲੇ ਦੇ ਪਹਿਲੇ ਦਿਨ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਪਾਵਨ ਅਸਥਾਨ ’ਤੇ ਜਥੇਦਾਰ ਰਘਬੀਰ ਸਿੰਘ ਵਲੋਂ ਅਰਦਾਸ ਕਰਕੇ ਜੈਕਾਰਿਆਂ ਦੀ ਗੂੰਜ ਵਿਚ ਹੋਲੇ ਮਹੱਲੇ ਦੀ ਆਰੰਭਤਾ ਕੀਤੀ ਗਈ। ਸਵੇਰ ਵੇਲੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਅਖੰਡ ਪਾਠ ਆਰੰਭ ਕਰਵਾਏ ਗਏ। ਨਿਰਮਲ ਭੇਖ ਦੇ ਵੱਡੀ ਗਿਣਤੀ ਵਿਚ ਪਹੁੰਚੇ ਸੰਤਾਂ-ਮਹਾਂਪੁਰਸ਼ਾਂ ਦੀ ਅਗਵਾਈ ਵਿਚ ਨਗਰ ਕੀਰਤਨ ਸਜਾਇਆ ਗਿਆ। ਨਿਰਮਲ ਭੇਖ ਦੁਆਬਾ ਮੰਡਲ ਵਲੋਂ ਸਜਾਇਆ ਇਹ ਨਗਰ ਕੀਰਤਨ ਸਥਾਨਕ ਚੱਕ ਹੋਲਗੜ੍ਹ ਸਥਿਤ ਡੇਰਾ ਬਾਬਾ ਦਲੀਪ ਸਿੰਘ ਡੁਮੇਲੀ ਤੋਂ ਆਰੰਭ ਹੋ ਕੇ ਅਗੰਮਪੁਰ ਚੌਕ, ਮੁੱਖ ਸੜਕ, ਰੇਲਵੇ ਰੋਡ, ਪੰਜ ਪਿਆਰਾ ਪਾਰਕ, ਗੁਰਦੁਆਰਾ ਕਿਲ੍ਹਾ ਅਨੰਦਗੜ੍ਹ ਸਾਹਿਬ, ਨਵੀਂ ਆਬਾਦੀ, ਤਖਤ ਸ੍ਰੀ ਕੇਸਗੜ੍ਹ ਸਾਹਿਬ ਤੋਂ ਹੁੰਦਾ ਹੋਇਆ ਵਾਪਸ ਡੇਰਾ ਬਾਬਾ ਦਲੀਪ ਸਿੰਘ ਵਿਖੇ ਪਹੁੰਚ ਕੇ ਸਮਾਪਤ ਹੋਇਆ। ਡੇਰੇ ਦੇ ਮੁੱਖ ਪ੍ਰਬੰਧਕ ਸੰਤ ਬਾਬਾ ਪ੍ਰੀਤਮ ਸਿੰਘ ਡੁਮੇਲੀ ਨੇ ਦੱਸਿਆ ਕਿ ਡੇਰੇ ਵਿਖੇ ਹੋਲੇ ਮਹੱਲੇ ਦੇ ਤਿੰਨੋਂ ਦਿਨ ਧਾਰਮਿਕ ਦੀਵਾਨ ਸਜਣਗੇ। ਇਸ ਮੌਕੇ ਜਥੇਦਾਰ ਗਿਆਨੀ ਰਘਬੀਰ ਸਿੰਘ, ਸ਼੍ਰੋਮਣੀ ਕਮੇਟੀ ਮੈਂਬਰ ਭਾਈ ਅਮਰਜੀਤ ਸਿੰਘ ਚਾਵਲਾ, ਸੂਚਨਾ ਅਫਸਰ ਹਰਦੇਵ ਸਿੰਘ ਆਦਿ ਹਾਜ਼ਰ ਸਨ। ਹੋਲੇ ਮਹੱਲੇ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪੁਖਤਾ ਇੰਤਜ਼ਾਮ ਕੀਤੇ ਗਏ ਹਨ। ਸਮੁੱਚੇ ਮੇਲਾ ਖੇਤਰ ਅੰਦਰ ਵਾਹਨਾਂ ਦੇ ਦਾਖਲੇ ’ਤੇ ਮੁਕੰਮਲ ਪਾਬੰਦੀ ਲਗਾਈ ਗਈ ਹੈ। ਸ੍ਰੀ ਆਨੰਦਪੁਰ ਸਾਹਿਬ ਤੋਂ ਸ਼੍ਰੋਮਣੀ ਕਮੇਟੀ ਮੈਂਬਰ ਭਾਈ ਅਮਰਜੀਤ ਸਿੰਘ ਚਾਵਲਾ ਨੇ ਮੰਨਿਆ ਕਿ ਕਰੋਨਾਵਾਇਰਸ ਦਾ ਅਸਰ ਸਮੁੱਚੇ ਮੇਲੇ ’ਤੇ ਵੇਖਣ ਨੂੰ ਮਿਲਿਆ ਹੈ ਕਿਉਂਕਿ ਅਕਸਰ ਹੋਲੇ ਮਹੱਲੇ ਦੇ ਪਹਿਲੇ ਦਿਨ 4-5 ਲੱਖ ਦੇ ਕਰੀਬ ਸੰਗਤਾਂ ਨਤਮਸਤਕ ਹੁੰਦੀਆਂ ਸਨ ਪਰ ਅੱਜ ਡੇਢ ਲੱਖ ਸੰਗਤ ਦੇ ਹੀ ਪਹੁੰਚਣ ਦੀ ਉਮੀਦ ਹੈ। ਸਵੇਰੇ ਵੇਲੇ ਸੰਗਤ ਦੀ ਆਮਦ ਕੁਝ ਘੱਟ ਸੀ ਪਰ ਦੇਰ ਸ਼ਾਮ ਤੱਕ ਸੰਗਤ ਦੀ ਗਿਣਤੀ ਵਧਣ ਕਰਕੇ ਮੱਥਾ ਟੇਕਣ ਵਾਲਿਆਂ ਦੀਆਂ ਲੰਬੀਆਂ ਕਤਾਰਾਂ ਲੱਗ ਗਈਆਂ ਸਨ।

ਕਰੋਨਾਵਾਇਰਸ ਕਰਕੇ ਵਿਦੇਸ਼ੀ ਸ਼ਰਧਾਲੂਆਂ ਨੂੰ ਚਲਦਾ ਕੀਤਾ
ਸਿਵਲ ਅਤੇ ਜ਼ਿਲ੍ਹਾ ਪ੍ਰਸ਼ਾਸਨ ਨੇ ਬੀਤੀ ਦੇਰ ਰਾਤ ਕਰੋਨਾਵਾਇਰਸ ਸਬੰਧੀ ਜਾਰੀ ਹੋਈ ਅਪੀਲ ਤੋਂ ਬਾਅਦ ਜਿੱਥੇ ਸ਼ਰਧਾਲੂਆਂ ਦੀ ਮੈਡੀਕਲ ਜਾਂਂਚ ਯਕੀਨੀ ਬਣਾਈ, ਉੱਥੇ ਬੀਤੀ ਦੇਰ ਰਾਤ ਤੋਂ ਹੀ ਸ਼ਹਿਰ ਦੇ ਵੱਖ-ਵੱਖ ਹੋਟਲਾਂ ਵਿੱਚ ਰਹਿ ਰਹੇ ਵਿਦੇਸ਼ੀ ਸ਼ਰਧਾਲੂਆਂ ਨੂੰ ਸ੍ਰੀ ਆਨੰਦਪੁਰ ਸਾਹਿਬ ਤੋਂ ਵਾਪਸ ਭੇਜ ਦਿੱਤਾ ਹੈ। ਹਾਲਾਂਕਿ ਇਸ ਬਾਰੇ ਵਿੱਚ ਕੋਈ ਖੁੱਲ੍ਹ ਕੇ ਬੋਲਣ ਨੂੰ ਤਿਆਰ ਨਹੀਂ ਹੈ ਪਰ ਪੁਲੀਸ ਸੂਤਰਾਂ ਅਨੁਸਾਰ ਨਵੀਂ ਅਬਾਦੀ ਸਥਿਤ ਨਿੱਜੀ ਹੋਟਲ, ਪੰਜ ਪਿਆਰਾ ਪਾਰਕ ਨੇੜਲੇ ਹੋਟਲਾਂ ’ਚ ਛਾਪੇ ਮਾਰ ਕੇ ਵਿਦੇਸ਼ੀ ਸ਼ਰਧਾਲੂਆਂ ਨੂੰ ਇੱਥੋਂ ਭੇਜ ਦਿੱਤਾ ਗਿਆ ਹੈ। ਪ੍ਰਸ਼ਾਸਨ ਵੱਲੋਂ ਐਨਆਰਆਈਜ਼ ਅਤੇ ਹੋਰ ਵਿਦੇਸ਼ੀ ਸ਼ਰਧਾਲੂਆਂ ’ਤੇ ਨਜ਼ਰ ਰੱਖੀ ਜਾ ਰਹੀ ਹੈ।

ਨਹੀ ਹੋਣਗੀਆਂ ਸਿਆਸੀ ਕਾਨਫਰੰਸਾਂ
ਇਸ ਵਾਰ ਹੋਲੇ ਮਹੱਲੇ ਦੇ ਦੂਜੇ ਦਿਨ ਸਿਆਸੀ ਕਾਨਫਰੰਸਾਂ ਨਹੀ ਹੋਣਗੀਆਂ। ਸ਼੍ਰੋਮਣੀ ਅਕਾਲੀ ਦਲ ਵਲੋਂ ਕਾਨਫਰੰਸ ਦੀ ਪੂਰੀ ਤਿਆਰੀ ਕੀਤੀ ਗਈ ਸੀ ਪਰ ਐਨ ਮੌਕੇ ’ਤੇ ਕਾਨਫਰੰਸ ਰੱਦ ਕਰ ਦਿੱਤੀ ਗਈ ਅਤੇ ਇਸ ਦਾ ਕਾਰਨ ਕੋਰੋਨਾਵਾਇਰਸ ਦੱਸਿਆ ਹੈ। ਕਾਂਗਰਸ ਅਤੇ ਆਮ ਆਦਮੀ ਪਾਰਟੀ ਵਲੋਂ ਪਹਿਲਾਂ ਹੀ ਕਾਨਫਰੰਸ ਕਰਨ ਤੋਂ ਇਨਕਾਰ ਕਰ ਦਿਤਾ ਗਿਆ ਸੀ। ਸਿੱਖ ਸਦਭਾਵਨਾ ਦਲ ਦੇ ਮੁਖੀ ਭਾਈ ਬਲਦੇਵ ਸਿੰਘ ਵਡਾਲਾ ਅਤੇ ਸਿਮਰਨਜੀਤ ਸਿੰਘ ਮਾਨ ਦੀ ਅਗਵਾਈ ਵਾਲੇ ਅਕਾਲੀ ਦਲ (ਅੰਮ੍ਰਿਤਸਰ) ਵਲੋਂ ਕਾਨਫਰੰਸ ਕਰਨ ਦਾ ਐਲਾਨ ਕੀਤਾ ਗਿਆ ਹੈ।

ਅੰਮ੍ਰਿਤਸਰ ਤੋਂ ਆਏ ਸ਼ਰਧਾਲੂ ਦੀ ਮੌਤ
ਕੀਰਤਪੁਰ ਸਾਹਿਬ : ਜ਼ਿਲ੍ਹਾ ਅੰਮ੍ਰਿਤਸਰ ਦੇ ਪਿੰਡ ਕਲੇਰਾ ਬਾਲਾਂ ਬਾਈ ਥਾਣਾ ਮੱਤੇਵਾਲ ਤੋਂ ਆਪਣੇ ਸਾਥੀਆਂ ਨਾਲ ਹੋਲਾ ਮਹੱਲੇ ਵੇਖਣ ਆਏ ਸ਼ਰਧਾਲੂ ਦੀ ਦਿਲ ਦਾ ਦੌਰਾ ਪੈਣਾ ਕਾਰਨ ਮੌਤ ਹੋ ਗਈ। ਪੁਲੀਸ ਅਧਿਕਾਰੀ ਜੁਝਾਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੀ ਪਛਾਣ ਪਰਮਜੀਤ ਸਿੰਘ (42) ਪੁੱਤਰ ਦਲਬੀਰ ਸਿੰਘ ਵਜੋਂ ਹੋਈ ਹੈ।

Leave a Reply

Your email address will not be published. Required fields are marked *