ਸੰਸਦ ਦੀ ਨਵੀਂ ਇਮਾਰਤ ਦਾ ਨੀਂਹ ਪੱਥਰ 10 ਨੂੰ

ਨਵੀਂ ਦਿੱਲੀ:ਪ੍ਰਧਾਨ ਮੰਤਰੀ ਨਰਿੰਦਰ ਮੋਦੀ 10 ਦਸੰਬਰ ਨੂੰ ਸੰਸਦ ਦੀ ਨਵੀਂ ਇਮਾਰਤ ਦਾ ਨੀਂਹ ਪੱਥਰ ਰੱਖਣਗੇ। ਲੋਕ ਸਭਾ ਸਪੀਕਰ ਓਮ ਬਿਰਲਾ ਨੇ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਨਵੀਂ ਇਮਾਰਤ ਦਾ ਰਕਬਾ 64,500 ਸਕੁਏਅਰ ਮੀਟਰ ਤੱਕ ਫੈਲਿਆ ਹੈ ਅਤੇ ਇਸ ਦੀ ਉਸਾਰੀ ’ਤੇ ਅੰਦਾਜ਼ਨ 971 ਕਰੋੜ ਰੁਪਏ ਦਾ ਖ਼ਰਚਾ ਆਵੇਗਾ। ਨਵੀਂ ਪ੍ਰਸਤਾਵਿਤ ਇਮਾਰਤ ਦੇ ਵੇਰਵੇ ਸਾਂਝੇ ਕਰਦਿਆਂ ਸ੍ਰੀ ਬਿਰਲਾ ਨੇ ਦੱਸਿਆ, ‘‘ਲੋਕਤੰਤਰ ਦੇ ਮੌਜੂਦਾ ਮੰਦਰ ਨੂੰ 100 ਸਾਲ ਪੂਰੇ ਹੋਣ ਜਾ ਰਹੇ ਹਨ। ਇਹ ਦੇਸ਼ਵਾਸੀਆਂ ਲਈ ਮਾਣ ਵਾਲੀ ਗੱਲ ਹੈ ਕਿ ਨਵੀਂ ਸੰਸਦ ਦਾ ਨਿਰਮਾਣ ਆਪਣੇ ਲੋਕਾਂ ਵੱਲੋਂ ਕੀਤਾ ਜਾਵੇਗਾ ਜੋ ਆਤਮ-ਨਿਰਭਰ ਭਾਰਤ ਦੀ ਪ੍ਰਮੁੱਖ ਮਿਸਾਲ ਹੈ।’’ ਉਨ੍ਹਾਂ ਪ੍ਰਧਾਨ ਮੰਤਰੀ ਨੂੰ ਸਮਾਗਮ ਲਈ ਅੱਜ ਰਸਮੀ ਸੱਦਾ ਦਿੱਤਾ। ਉਨ੍ਹਾਂ ਕਿਹਾ ਕਿ ਨਵੀਂ ਇਮਾਰਤ ’ਤੇ ਭੂਚਾਲ ਦਾ ਅਸਰ ਨਹੀਂ ਹੋਵੇਗਾ ਅਤੇ 2 ਹਜ਼ਾਰ ਸਿੱਧੇ ਅਤੇ 9 ਹਜ਼ਾਰ ਵਿਅਕਤੀ ਅਸਿੱਧੇ ਤੌਰ ’ਤੇ ਇਸ ਦੀ ਉਸਾਰੀ ’ਚ ਸ਼ਾਮਲ ਹੋਣਗੇ। ਉਨ੍ਹਾਂ ਕਿਹਾ ਕਿ ਨਵੀਂ ਇਮਾਰਤ ਅੰਦਰ 1,224 ਸੰਸਦ ਮੈਂਬਰ ਇਕੱਠਿਆਂ ਬੈਠ ਸਕਣਗੇ ਜਦਕਿ ਦੋਵੇਂ ਸਦਨਾਂ ਦੇ ਸਾਰੇ ਸੰਸਦ ਮੈਂਬਰਾਂ ਲਈ ਨਵਾਂ ਦਫ਼ਤਰੀ ਕੰਪਲੈਕਸ ਮੌਜੂਦਾ ਸ਼੍ਰਮ ਸ਼ਕਤੀ ਭਵਨ ਵਿਖੇ ਉਸਾਰਿਆ ਜਾਵੇਗਾ। ਸ੍ਰੀ ਬਿਰਲਾ ਨੇ ਕਿਹਾ ਕਿ ਮੌਜੂਦਾ ਸੰਸਦ ਭਵਨ ਨੂੰ ਸਾਂਭ ਕੇ ਰੱਖਿਆ ਜਾਵੇਗਾ ਕਿਉਂਕਿ ਇਹ ਮੁਲਕ ਦੀ ਪੁਰਾਤਨ ਸੰਪਤੀ ਹੈ। ਉਨ੍ਹਾਂ ਕਿਹਾ ਕਿ ਨੀਂਹ ਪੱਥਰ ਸਮਾਗਮ ਦੌਰਾਨ ਸਾਰੀਆਂ ਸਿਆਸੀ ਪਾਰਟੀਆਂ ਨੂੰ ਸੱਦੇ ਦਿੱਤੇ ਜਾਣਗੇ। ਉਂਜ ਕੋਵਿਡ ਨਾਲ ਸਬੰਧਤ ਦਿਸ਼ਾ-ਨਿਰਦੇਸ਼ਾਂ ਦਾ ਪਾਲਣ ਵੀ ਯਕੀਨੀ ਬਣਾਇਆ ਜਾਵੇਗਾ।

Leave a Reply

Your email address will not be published. Required fields are marked *