ਪਟਿਆਲਾ ’ਚ ਬੇਰੁਜ਼ਗਾਰਾਂ ’ਤੇ ਲਾਠੀਚਾਰਜ, ਇੱਕ ਨੇ ਨਹਿਰ ’ਚ ਛਾਲ ਮਾਰੀ

For Main Tribune Punjab Desk/PT/DT (Story sent by Karam) A protester jump in Bhakhra Canal after cane-charge on protester of Unemployed ETT and Tet Pass Teacher during a protest in Patiala, on Sunday. Tribune photo: Rajesh Sachar

ਪਟਿਆਲਾ : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਸਥਾਨਕ ਰਿਹਾਇਸ਼ ‘ਨਿਊ ਮੋਤੀ ਬਾਗ ਪੈਲੇਸ’ ਦੇ ਘਿਰਾਓ ਲਈ ਆਏ ਬੇਰੁਜ਼ਗਾਰ ਈਟੀਟੀ ਟੈੱਟ ਪਾਸ ਯੂਨੀਅਨ ਦੇ ਕਾਰਕੁਨਾਂ ’ਤੇ ਪੁਲੀਸ ਨੇ ਲਾਠੀਚਾਰਜ ਕਰ ਦਿੱਤਾ। ਇਸ ਕਾਰਨ ਅੱਧੀ ਦਰਜਨ ਤੋਂ ਵੱਧ ਪ੍ਰਦਰਸ਼ਨਕਾਰੀ ਜ਼ਖ਼ਮੀ ਹੋ ਗਏ, ਜਦੋਂ ਕਿ ਵੱਡੀ ਗਿਣਤੀ ਕਾਰਕੁਨਾਂ ਨੂੰ ਪੁਲੀਸ ਨੇ ਹਿਰਾਸਤ ’ਚ ਲੈ ਲਿਆ।

ਉਧਰ ਪੁਲੀਸ ਦੇ ਅਜਿਹੇ ਕਥਿਤ ਅਣਮਨੁੱਖੀ ਰਵੱਈਏ ਦੇ ਵਿਰੋਧ ’ਚ ਅਤੇ ਆਪਣੀਆਂ ਮੰਗਾਂ ਦੇ ਹੱਕ ’ਚ ਪ੍ਰਦਰਸ਼ਕਾਰੀਆਂ ਵਿੱਚੋਂ ਦੋ ਨੌਜਵਾਨਾਂ ਨੇ ਦੇਰ ਸ਼ਾਮੀਂ ਭਾਖੜਾ ਨਹਿਰ ’ਚ ਛਾਲ ਮਾਰ ਕੇ ਖ਼ੁਦਕਸ਼ੀ ਕਰਨ ਦੀ ਵੀ ਕੋਸ਼ਿਸ ਕੀਤੀ, ਪ੍ਰੰਤੂ ਗੋਤਾਖੋਰਾਂ ਨੇ ਦੋਵਾਂ ਨੂੰ ਬਚਾਅ ਲਿਆ। ਦੂਜੇ ਬੰਨੇ ਪੈਲੇਸ ਨੇੜੇ ਵਾਈਪੀਐੱਸ ਚੌਕ ’ਚ ਕਾਰਕੁਨਾਂ ਦਾ ਦੇਰ ਸ਼ਾਮ ਤੱਕ ਰੋਸ ਧਰਨਾ ਜਾਰੀ ਸੀ। ਪ੍ਰਦਰਸ਼ਨਕਾਰੀਆਂ ਦੀ ਹਮਾਇਤ ਵਜੋਂ ਵਿਰੋਧੀ ਧਿਰ ਦੇ ਆਗੂ ਹਰਪਾਲ ਚੀਮਾ ਤੇ ਅਕਾਲੀ ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ ਵੀ ਧਰਨੇ ’ਚ ਸ਼ਾਮਲ ਹੋਏ। ਬੇਰੁਜ਼ਗਾਰ ਈ.ਟੀ.ਟੀ. ਟੈੱਟ ਪਾਸ ਯੂਨੀਅਨ ਪੰਜਾਬ ਨੂੰ ਇਸ ਗੱਲ ਦਾ ਗਿਲਾ ਸੀ ਕਿ ਪੰਜਾਬ ਸਰਕਾਰ ਵੱਲੋਂ ਅਧਿਆਪਕਾਂ ਦੀ 1664 ਆਸਾਮੀਆਂ ਦੀ ਕੀਤੀ ਜਾਣ ਵਾਲੀ ਭਰਤੀ ਟੈੱਟ ਪਾਸ ਬੇਰੁਜ਼ਗਾਰਾਂ ਦੀ ਸੰਖਿਆ ਦੇ ਮੁਕਾਬਲੇ ਬੜੀ ਘੱਟ ਹੈ। ਭਰਤੀ ਨੂੰ ਮੋਕਲਾ ਕਰਕੇ 12 ਹਜ਼ਾਰ ਤੱਕ ਕਰਨ ਸਮੇਤ ਹੋਰ ਮੰਗਾਂ ਤੇ ਮਸਲਿਆਂ ਨੂੰ ਲੈ ਕੇ ਮੁੱਖ ਮੰਤਰੀ ਦੇ ਜ਼ਿਲ੍ਹੇ ਵੱਲ ਅੱਜ ਸਵੇਰ ਤੋਂ ਵਹੀਰਾਂ ਘੱਤੀਆਂ ਗਈਆਂ ਸਨ। ਯੂਨੀਅਨ ਨੇ ਮੰਗਾਂ ਦੇ ਨਿਬੇੜੇ ਤੱਕ ਅਮਰਿੰਦਰ ਸਿੰਘ ਦੇ ਮਹਿਲ ਦੇ ਘਿਰਾਓ ਦੇ ਸੱਦੇ ’ਤੇ ਪੰਜਾਬ ਭਰ ਵਿੱਚੋਂ ਕਾਰਕੁਨ ਪਹਿਲਾਂ ਨਹਿਰੂ ਪਾਰਕ ’ਚ ਇਕੱਤਰ ਹੋਏ, ਪ੍ਰੰਤੂ ਜਦੋਂ ਤਾਇਨਾਤ ਪੁਲੀਸ ਵੱਲੋਂ ਉਨ੍ਹਾਂ ਦੀ ਘੇਰਾਬੰਦੀ ਕੀਤੀ ਜਾਣ ਲੱਗੀ ਤਾਂ ਉਨ੍ਹਾਂ ਤੁਰੰਤ ਪਾਰਕ ’ਚੋਂ ਪੈਲੇਸ ਵੱਲ ਚਾਲੇ ਪਾ ਲਏ। ਪ੍ਰਦਰਸ਼ਕਾਰੀਆਂ ਨੇ ਜਦੋਂ ਵਾਈਪੀਐੱਸ ਚੌਕ ’ਚ ਦਸਤਕ ਦਿੱਤੀ ਤਾਂ ਪੁਲੀਸ ਨੂੰ ਹੱਥਾਂ-ਪੈਰਾਂ ਦੀ ਪੈ ਗਈ। ਪੁਲੀਸ ਨੇ ਕਾਰਕੁਨਾਂ ਨੂੰ ਖਦੇੜਣ ਲਈ ਲਾਠੀਚਾਰਜ ਆਰੰਭ ਦਿੱਤਾ। ਇਸ ਦੌਰਾਨ ਮਹਿਲਾਵਾਂ ਸਮੇਤ ਕਈ ਕਾਰਕੁਨਾਂ ਦੀ ਕਾਫ਼ੀ ਖਿੱਚ-ਧੂਹ ਵੀ ਕੀਤੀ ਗਈ ਅਤੇ ਕਈ ਕਾਰਕੁਨ ਜ਼ਖ਼ਮੀ ਹੋ ਗਏ। ਪੁਲੀਸ ਨੇ ਯੂਨੀਅਨ ਪ੍ਰਧਾਨ ਦੀਪਕ ਕੰਬੋਜ, ਮਨੀ ਸੰਗਰੂਰ, ਸੁਖਚੈਨ ਪਟਿਆਲਾ ਸਮੇਤ ਅੱਧੀ ਦਰਜਨ ਤੋਂ ਵੱਧ ਕਾਰਕੁਨਾਂ ਨੂੰ ਹਿਰਾਸਤ ’ਚ ਲੈ ਲਿਆ।

ਜ਼ਖ਼ਮੀ ਕਾਰਕੁਨਾਂ ਨੂੰ ਸਥਾਨਕ ਰਾਜਿੰਦਰਾ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ। ਯੂਨੀਅਨ ਆਗੂ ਸੰਦੀਪ ਸਾਮਾ ਨੇ ਦੋਸ਼ ਲਾਇਆ ਕਿ ਪੁਲੀਸ ਨੇ ਮਹਿਲਾਵਾਂ ਨੂੰ ਵੀ ਲਾਠੀਚਾਰਜ ਦੀ ਲਪੇਟ ’ਚ ਲੈਣ ਤੋਂ ਗੁਰੇਜ਼ ਨਹੀਂ ਕੀਤਾ। ਇਸੇ ਦੌਰਾਨ ਦੋ ਕਾਰਕੁਨਾਂ ਫੁੱਲਬਾਗ ਸਿੰਘ ਮਾਨਸਾ ਤੇ ਰਣਜੀਤ ਸਿੰਘ ਨੇ ਸੰਗਰੂਰ ਰੋਡ ’ਤੇ ਸੰਕੇਤਰ ਪੱਧਰ ਦੇ ਰੋਸ ਪ੍ਰਦਰਸ਼ਨ ਮਗਰੋਂ ਨਹਿਰ ’ਚ ਛਾਲ ਮਾਰ ਦਿੱਤੀ ਗਈ, ਪ੍ਰੰਤੂ ਪ੍ਰਸ਼ਾਸਨ ਵੱਲੋਂ ਮੁਸਤੈਦ ਕੀਤੇ ਗੋਤਾਖੋਰਾਂ ਦੀ ਮਦਦ ਜ਼ਰੀਏ ਦੋਵੇਂ ਨੌਜਵਾਨਾਂ ਨੂੰ ਨਹਿਰ ਵਿੱਚੋਂ ਕੱਢ ਲਿਆ ਗਿਆ ਹੈ। ਉਧਰ ਬਾਈਪਾਸ ਓਵਰਬ੍ਰਿੱਜ ਦੇ ਲੋਹੇ ਦੇ ਉੱਚੇ ਐਂਗਲਾਂ ‘ਤੇ ਚੜ੍ਹ ਦੋ ਕਾਰਕੁਨਾਂ ਨੇ ਦੇਰ ਸ਼ਾਮ ਤੋਂ ਰੋਸ ਆਰੰਭ ਦਿੱਤਾ ਸੀ। ਦੇਰ ਸ਼ਾਮ ਤੱਕ ਪ੍ਰਦਰਸ਼ਨਕਾਰੀ ਵਾਈ.ਪੀ.ਐੱਸ. ਚੌਕ ’ਚ ਅੰਦੋਲਨ ਲਈ ਇਸ ਗੱਲੋਂ ਬਜ਼ਿੱਦ ਸਨ ਕਿ ਮੁੱਖ ਮੰਤਰੀ ਅਮਰਿੰਦਰ ਸੰਘਰਸ਼ੀ ਕਾਰਕੁਨਾਂ ਨਾਲ ਗੱਲਬਾਤ ਕਰਨ ਤੇ ਉਨ੍ਹਾਂ ਦੀਆਂ ਮੰਗਾਂ ’ਤੇ ਗੌਰ ਕੀਤੀ ਜਾਵੇ। ਧਰਨੇ ’ਚ ਦੇਰ ਸ਼ਾਮੀਂ ਵਿਰੋਧੀ ਧਿਰ ਦੇ ਆਗੂ ਹਰਪਾਲ ਸਿੰਘ ਚੀਮਾ ਤੇ ਅਕਾਲੀ ਵਿਧਾਇਕ ਹਰਿੰਦਰਪਾਲ ਚੰਦੂਮਾਜਰਾ ਵੀ ਸ਼ਾਮਲ ਹੋਏ। ਚੀਮਾ ਨੇ ਕੈਪਟਨ ਸਰਕਾਰ ’ਤੇ ਮਹਿਲਾ ਦਿਵਸ ’ਤੇ ਮਹਿਲਾਵਾਂ ’ਤੇ ਕੀਤੇ ਅੱਤਿਆਚਾਰ ਦੀ ਨਿਖੇਧੀ ਕੀਤੀ ਅਤੇ ਬੇਰੁਜ਼ਗਾਰਾਂ ਦੀਆਂ ਮੰਗਾਂ ਮੰਨਣ ’ਤੇ ਜ਼ੋਰ ਦਿੱਤਾ। ਉਨ੍ਹਾਂ ਹਸਪਤਾਲ ‘ਚ ਦਾਖਲ ਬੇਰੁਜ਼ਗਾਰ ਅਧਿਆਪਕਾਂ ਦਾ ਹਾਲ ਚਾਲ ਵੀ ਜਾਣਿਆ। ਸਾਬਕਾ ਸਿੱਖਿਆ ਮੰਤਰੀ ਡਾ. ਦਲਜੀਤ ਸਿੰਘ ਚੀਮਾ ਤੇ ਸੁਰਜੀਤ ਸਿੰਘ ਰੱਖੜਾ ਨੇ ਬੇਰੁਜ਼ਗਾਰਾਂ ’ਤੇ ਕੀਤੇ ਤਸ਼ੱਦਦ ਦੀ ਨਿਖੇਧੀ ਕੀਤੀ ਹੈ। ਜਥੇਬੰਦੀ ਦੇ ਆਗੂਆਂ ਦੱਸਿਆ ਕਿ ਜਦੋਂ ਤੱਕ ਪ੍ਰਸ਼ਾਸਨ ਮੁੱਖ ਮੰਤਰੀ ਨਾਲ ਦੁਵੱਲੀ ਗੱਲਬਾਤ ਨਹੀਂ ਕਰਵਾਉਂਦਾ ਉਦੋਂ ਤੱਕ ਵਾਈਪੀਐੱਸ ਚੌਕ ਵਿੱਚ ਰੋਸ ਧਰਨਾ ਜਾਰੀ ਰੱਖਿਆ ਜਾਵੇਗਾ।

Leave a Reply

Your email address will not be published. Required fields are marked *