ਖਿਡਾਰੀ ਕੌਮੀ ਸਨਮਾਨ ਮੋੜਨ ਲਈ ਦਿੱਲੀ ਪੁੱਜੇ

ਜਲੰਧਰ : ਦਿੱਲੀ ਦੇ ਸਿੰਘੂ ਬਾਰਡਰ ’ਤੇ ਮੋਰਚਾ ਲਾਈ ਬੈਠੇ ਕਿਸਾਨਾਂ ਦੇ ਹੱਕ ਵਿੱਚ ਹਾਅ ਦਾ ਨਾਅਰਾ ਮਾਰਦਿਆਂ ਪੰਜਾਬ ਦੇ ਅੱਠ ਸਾਬਕਾ ਖਿਡਾਰੀ ਅੱਜ ਰਾਸ਼ਟਰਪਤੀ ਨੂੰ ਆਪਣੇ ਕੌਮੀ ਸਨਮਾਨ ਮੋੜਨ ਲਈ ਜਲੰਧਰ ਤੋਂ ਰਵਾਨਾ ਹੋਏ, ਜਦ ਕਿ ਦਿੱਲੀ ਪੁੱਜਣ ਤਕ ਇਨ੍ਹਾਂ ਖਿਡਾਰੀਆਂ ਦੀ ਗਿਣਤੀ 30 ਹੋ ਗਈ। ਉਹ ਭਲਕੇ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੂੰ ਆਪਣੇ ਐਵਾਰਡ ਵਾਪਸ ਕਰਨਗੇ। ਉਹ ਰਾਸ਼ਟਰਪਤੀ ਨਾਲ ਮੁਲਾਕਾਤ ਲਈ ਸਮਾਂ ਲੈਣਗੇ। ਇਨ੍ਹਾਂ ਖਿਡਾਰੀਆਂ ਨੇ ਕਿਹਾ ਕਿ ਖੇਤੀ ਦੇ ਕਾਲੇ ਕਾਨੂੰਨ ਪੰਜਾਬ ਦੇ ਅਰਥਚਾਰੇ ਨੂੰ ਤਬਾਹ ਕਰਕੇ ਰੱਖ ਦੇਣਗੇ। ਇਨ੍ਹਾਂ ਖਿਡਾਰੀਆਂ ਨੂੰ ਆਸ਼ੀਰਵਾਦ ਦੇਣ ਲਈ ਵਾਤਾਵਰਨ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਆਏ ਹੋਏ ਸਨ। ਪਦਮਸ੍ਰੀ ਕਰਤਾਰ ਸਿੰਘ ਨੇ ਕਿਹਾ ਕਿ ਐਵਾਰਡ ਵਾਪਸ ਕਰਨ ਲਈ ਪੰਜਾਬ ਦੇ 30 ਖਿਡਾਰੀ ਦਿੱਲੀ ਪੁੱਜੇ ਹਨ, ਜਦ ਕਿ ਹਰਿਆਣਾ ਦੇ ਖਿਡਾਰੀਆਂ ਨੇ ਵੱਖਰੇ ਤੌਰ ’ਤੇ ਸਨਮਾਨ ਵਾਪਸ ਕਰਨ ਦਾ ਐਲਾਨ ਕੀਤਾ। ਜਲੰਧਰ ਤੋਂ ਰਵਾਨਾ ਹੋਣ ਵਾਲਿਆਂ ਵਿੱਚ ਗੋਲਡਨ ਗਰਲ ਦੇ ਤੌਰ ’ਤੇ ਜਾਣੀ ਜਾਂਦੀ ਰਾਜਬੀਰ ਕੌਰ ਅਤੇ ਉਸ ਦਾ ਪਤੀ ਗੁਰਮੇਲ ਸਿੰਘ, ਤਾਰਾ ਸਿੰਘ ਵੇਟਲਿਫਟਰ, ਰਣਧੀਰ ਸਿੰਘ, ਅਜੀਤ ਸਿੰਘ, ਮੁੱਕੇਬਾਜ਼ ਜੈਪਾਲ ਸਿੰਘ ਸ਼ਾਮਲ ਸਨ। ਸੰਗਰੂਰ ਜ਼ਿਲ੍ਹੇ ਨਾਲ ਸਬੰਧਤ ਮੁੱਕੇਬਾਜ਼ੀ ਵਿੱਚ ਪਦਮਸ੍ਰੀ ਤੇ ਅਰਜਨ ਐਵਾਰਡ ਪ੍ਰਾਪਤ ਕਰਨ ਵਾਲੇ ਕੌਰ ਸਿੰਘ ਵੀ ਆਪਣੀ ਬਜ਼ੁਰਗ ਅਵਸਥਾ ਦੀ ਪ੍ਰਵਾਹ ਨਾ ਕਰਦਿਆਂ ਦਿੱਲੀ ਜਾਣ ਵਾਲੇ ਕਾਫ਼ਲੇ ਦਾ ਹਿੱਸਾ ਬਣੇ। ਬਾਸਕਟਬਾਲ ਦੇ ਸਾਬਕਾ ਖਿਡਾਰੀ ਅਰਜਨਾ ਐਵਾਰਡੀ ਸੱਜਣ ਸਿੰਘ ਚੀਮਾ ਬੁਖਾਰ ਚੜ੍ਹਨ ਕਰਕੇ ਇਸ ਕਾਫ਼ਲੇ ਦਾ ਹਿੱਸਾ ਨਹੀਂ ਬਣ ਸਕੇ। ਦਿੱਲੀ ਜਾਣ ਵਾਲੇ ਇਨ੍ਹਾਂ ਸਾਬਕਾ ਖਿਡਾਰੀਆਂ ਦੀਆਂ ਗੱਡੀਆਂ ’ਤੇ ਕਿਸਾਨੀ ਹੱਕਾਂ ਸਬੰਧੀ ਬੈਨਰ ਲੱਗੇ ਹੋਏ ਸਨ।

ਗੁਰਦੁਆਰਾ ਸ੍ਰੀ ਫ਼ਤਹਿਗੜ੍ਹ ਸਾਹਿਬ ਮੱਥਾ ਟੇਕਿਆ

ਫਤਹਿਗੜ੍ਹ ਸਾਹਿਬ : ਐਵਾਰਡ ਮੋੜਨ ਲਈ ਦਿੱਲੀ ਜਾਣ ਦੌਰਾਨ ਸਾਰੇ ਹੀ ਸਾਬਕਾ ਖਿਡਾਰੀਆਂ ਨੇ ਗੁਰਦੁਆਰਾ ਸ੍ਰੀ ਫਤਹਿਗੜ੍ਹ ਸਾਹਿਬ ਮੱਥਾ ਟੇਕਿਆ ਅਤੇ ਕਿਸਾਨਾਂ ਦੀ ਜਿੱਤ ਲਈ ਅਰਦਾਸ ਕੀਤੀ। ਇਸ ਮੌਕੇ ਗੁਰਦੁਆਰੇ ਦੇ ਹੈੱਡ ਗ੍ਰੰਥੀ ਹਰਪਾਲ ਸਿੰਘ ਨੇ ਖਿਡਾਰੀਆਂ ਨੂੰ ਸਿਰੋਪਾਓ ਦੇ ਕੇ ਸਨਮਾਨਿਆ। ਇਸ ਮੌਕੇ ਭਲਵਾਨ ਕਰਤਾਰ ਸਿੰਘ ਸਮੇਤ ਬਾਕੀ ਖਿਡਾਰੀਆਂ ਨੇ ਸਾਂਝੇ ਤੌਰ ’ਤੇ ਕਿਹਾ ਕਿ ਉਨ੍ਹਾਂ ਲਈ ਕਿਸਾਨਾਂ ਦੇ ਹਿੱਤ ਇਨ੍ਹਾਂ ਐਵਾਰਡਾਂ ਤੋਂ ਕਿਤੇ ਉਪਰ ਹਨ।

Leave a Reply

Your email address will not be published. Required fields are marked *