ਸੱਤਾਧਾਰੀਆਂ ਅੰਦਰ ਹੰਕਾਰ ਦਾ ਵਾਇਰਸ ਲੋਕਤੰਤਰ ਲਈ ਸਭ ਤੋਂ ਵੱਡਾ ਖਤਰਾ ਸੁਨੀਲ ਜਾਖੜ

ਮੋਹਾਲੀ/ ਚੰਡੀਗੜ-ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸ੍ਰੀ ਸੁਨੀਲ ਜਾਖੜ ਨੇ ਮੋਹਾਲੀ ਦੇ ਲਾਂਡਰਾ ਚੌਕ ਵਿਚ ਕਿਸਾਨਾਂ ਦੇ ਸੰਘਰਸ਼ ਦੀ ਹਮਾਇਤ ਵਿਚ ਕਾਂਗਰਸ ਪਾਰਟੀ ਵੱਲੋਂ ਲਗਾਏ ਜ਼ਿਲਾ ਪੱਧਰੀ ਧਰਨੇ ਨੂੰ ਸੰਬੋਧਨ ਕਰਦਿਆਂ ਆਖਿਆ ਹੈ ਕਿ ਕੇਂਦਰ ਸਰਕਾਰ ਵਿਚਲੇ ਸੱਤਾਧਾਰੀਆਂ ਅੰਦਰ ਹੰਕਾਰ ਦਾ ਵਾਇਰਸ ਲੋਕਤੰਤਰ ਲਈ ਸਭ ਤੋਂ ਵੱਡਾ ਖਤਰਾ ਬਣਿਆ ਹੋਇਆ ਹੈ।
ਸ੍ਰੀ ਸੁਨੀਲ ਜਾਖੜ ਨੇ ਕਿਹਾ ਕਿ ਲੋਕਤੰਤਰ ਦਾ ਅਧਾਰ ਹੀ ਲੋਕਾਂ ਦੀ ਸਰਕਾਰ ਹੁੰਦੀ ਹੈ ਜੋ ਕਿ ਲੋਕਾਂ ਦੁਆਰਾ ਚੁਣੀ ਹੋਵੇ ਅਤੇ ਲੋਕਾਂ ਦੀਆਂ ਇੱਛਾਵਾਂ ਅਤੇ ਜਰੂਰਤਾਂ ਅਨੁਸਾਰ ਲੋਕਾਂ ਨੂੰ ਪ੍ਰਸ਼ਾਸਨ ਮੁਹਈਆ ਕਰਵਾਏ। ਪਰ ਇਸ ਸਮੇਂ ਦਿੱਲੀ ਵਿਚ ਭਾਜਪਾ ਦੀ ਜੋ ਸਰਕਾਰ ਸੱਤਾ ਵਿਚ ਹੈ ਉਸਨੂੰ ਚੁਣਿਆ ਤਾਂ ਬੇਸ਼ੱਕ ਲੋਕਾਂ ਨੇ ਹੈ ਪਰ ਇਹ ਲੋਕ ਹਿੱਤਾਂ ਨੂੰ ਵਿਸਾਰ ਕੇ ਪੂਰੀ ਤਰਾਂ ਕਾਰਪੋਰੇਟਾਂ ਦੇ ਹਿੱਤ ਸਾਧਣ ਵਿਚ ਲੱਗੀ ਹੋਈ ਹੈ। ਉਨਾਂ ਨੇ ਕਿਹਾ ਕਿ ਕੇਂਦਰ ਸਰਕਾਰ ਦੀ ਇਹੀ ਨੀਤੀ ਦੇਸ਼ ਦੇ ਲੋਕਤੰਤਰ ਲਈ ਖਤਰਾ ਬਣੀ ਹੋਈ ਹੈ ਜੋ ਕਿ ਲੋਕ ਅਵਾਜ ਸੁਣਨ ਤੋਂ ਇਨਕਾਰੀ ਹੋਈ ਪਈ ਹੈ। ਉਨਾਂ ਨੇ ਕਿਹਾ ਕਿ ਲੋਕਤੰਤਰ ਵਿਚ ਤਾਨਾਸ਼ਾਹੀ ਲਈ ਕੋਈ ਥਾਂ ਨਹੀਂ ਹੁੰਦੀ।
ਸੂਬਾ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਵਾਰ ਵਾਰ ਆਖ ਰਹੇ ਹਨ ਕਿ ਨਵੇਂ ਖੇਤੀ ਕਾਨੂੰਨਾਂ ਨਾਲ ਵਿਚੋਲੀਏ ਖਤਮ ਹੋ ਜਾਣਗੇ ਪਰ ਭਾਰਤ ਸਰਕਾਰ ਤਾਂ ਆਪ ਵੱਡੇ ਕਾਰਪੋਰੇਟ ਘਰਾਣਿਆਂ ਦੀ ਵਿਚੋਲਗੀ ਕਰਕੇ ਕਾਲੇ ਕਾਨੂੰਨ ਲਾਗੂ ਕਰਨ ਲਈ ਵਿਚੋਲੀਏ ਦੀ ਭੁਮਿਕਾ ਨਿਭਾ ਰਹੀ ਹੈ। ਉਨਾਂ ਨੇ ਆਖਿਆ ਕਿ ਇਹ ਕਾਨੂੰਨ ਸਾਡੀ ਕਿਸਾਨੀ ਨੂੰ ਪੂਰੀ ਤਰਾਂ ਨਾਲ ਤਬਾਹ ਕਰ ਦੇਣਗੇ ਅਤੇ ਸਾਡੇ ਕਿਸਾਨਾਂ ਨੂੰ ਕਾਰਪੋਰੇਟਾਂ ਦਾ ਮਜਦੂਰ ਬਣਾ ਦੇਣਗੇ। ਇਸੇ ਲਈ ਕਿਸਾਨ ਇੰਨਾਂ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਵੱਡਾ ਸੰਘਰਸ਼ ਲੜ ਰਹੇ ਹਨ।
ਸ੍ਰੀ ਜਾਖੜ ਨੇ ਕਿਹਾ ਕਿ ਪੰਜਾਬੀ ਕ੍ਰਾਂਤੀ ਦਾ ਦੂਜਾ ਨਾਂਅ ਹਨ ਅਤੇ ਹਰ ਜੁਲਮ ਅਤੇ ਧੱਕੇ ਖਿਲਾਫ ਪੰਜਾਬ ਤੋਂ ਅਵਾਜ ਉਠਦੀ ਰਹੀ ਹੈ ਅਤੇ ਹੁਣ ਇਕ ਵਾਰ ਫਿਰ ਪੰਜਾਬ ਦੇ ਕਿਸਾਨਾਂ ਨੇ ਦੇਸ਼ ਭਰ ਦੇ ਕਿਸਾਨਾਂ ਨੂੰ ਜਗਾਉਣ ਲਈ ਅਲਖ ਜਗਾਈ ਹੈ। ਉਨਾਂ ਨੇ ਪੰਜਾਬੀਆਂ ਨੂੰ ਆਂਤਕਵਾਦੀ ਦੱਸਣ ਵਾਲਿਆਂ ਨੂੰ ਯਾਦ ਕਰਵਾਇਆ ਕਿ ਦੇਸ਼ ਦੇ ਪੇਟ ਪਾਲਕ ਜਿਹੜੇ ਕਿਸਾਨ ਦਿੱਲੀ ਦੀਆਂ ਬਰੂਹਾਂ ਤੇ ਸੰਘਰਸ਼ ਕਰ ਰਹੇ ਹਨ ਉਨਾਂ ਦੇ ਬੇਟੇ ਦੇਸ਼ ਦੀਆਂ ਸਰਹੱਦਾਂ ਦੀ ਰਾਖੀ ਲਈ ਡਟੇ ਹੋਏ ਹਨ। ਉਨਾਂ ਨੇ ਕਿਹਾ ਕਿ ਭਾਜਪਾਈਆਂ ਨੇ ਜੇਕਰ ਪੰਜਾਬੀਆਂ ਦਾ ਇਤਿਹਾਸ ਪੜਿਆ ਹੁੰਦਾ ਤਾਂ ਉਹ ਸਾਇਦ ਇਸ ਤਰਾਂ ਦੀਆਂ ਗੈਰਇਖਲਾਕੀ ਟਿੱਪਣੀਆਂ ਨਾ ਕਰਦੇ।
ਇਸ ਮੌਕੇ ਬੋਲਦਿਆਂ ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਸ: ਬਲਬੀਰ ਸਿੰਘ ਸਿੱਧੂ ਨੇ ਕਿਹਾ ਕਿ ਪੰਜਾਬ ਦਾ ਕਿਸਾਨ ਪੂਰੇ ਦੇਸ਼ ਦੀ ਲੜਾਈ ਲੜ ਰਿਹਾ ਹੈ। ਉਨਾਂ ਨੇ ਕਿਹਾ ਕਿ ਇਹ ਕਾਲੇ ਕਾਨੂੰਨ ਲਾਗੂ ਹੋਏ ਤਾਂ ਇਸ ਨਾਲ ਨਾ ਕੇਵਲ ਕਿਸਾਨ ਸਗੋਂ ਸਮਾਜ ਦੇ ਸਾਰੇ ਵਰਗ ਹੀ ਪ੍ਰਭਾਵਿਤ ਹੋਣਗੇ। ਉਨਾਂ ਨੇ ਕਿਹਾ ਕਿ ਖੇਤੀ ਦਾ ਵਪਾਰੀਕਰਨ ਸਹਿਨ ਨਹੀਂ ਕੀਤਾ ਜਾ ਸਕਦਾ ਹੈ ਅਤੇ ਸਾਡੇ ਕਿਸਾਨਾਂ ਦੇ ਖੇਤਾਂ ਵਿਚ ਕਾਰਪੋਰੇਟ ਨਹੀਂ ਵੜਨ ਦਿੱਤੇ ਜਾਣਗੇ। ਉਨਾਂ ਨੇ ਕਿਹਾ ਕਿ ਕੇਂਦਰ ਸਰਕਾਰ ਬਿਨਾਂ ਦੇਰੀ ਲੋਕ ਰਾਏ ਦਾ ਸਨਮਾਨ ਕਰਦਿਆਂ ਇਹ ਕਾਲੇ ਕਾਨੂੰਨ ਰੱਦ ਕਰੇ।
ਇਸ ਮੌਕੇ ਬੱਸੀਪਠਾਣਾ ਦੇ ਵਿਧਾਇਕ ਸ: ਗੁਰਪ੍ਰੀਤ ਸਿੰਘ, ਸ: ਦੀਪਇੰਦਰ ਸਿੰਘ ਢਿੱਲੋਂ ਜ਼ਿਲਾ ਕਾਂਗਰਸ ਪ੍ਰਧਾਨ, ਕੰਵਰਬੀਰ ਸਿੰਘ ਸਿੱਧੂ ਜ਼ਿਲਾ ਯੂਥ ਕਾਂਗਰਸ ਪ੍ਰਧਾਨ, ਸ: ਯਾਦਵਿੰਦਰ ਸਿੰਘ ਕੰਗ ਆਦਿ ਵੀ ਹਾਜਰ ਸਨ

Leave a Reply

Your email address will not be published. Required fields are marked *