ਸੁਰੀਲੀ ਗਾਇਕਾ ਕੌਰ ਬਿੱਲੋ ਦਾ ਸਿੰਗਲ ਟਰੈਕ, ‘ਜਦੋਂ ਹੌਲੀ ਜਿਹੀ ਲੈਨਾ ਮੇਰਾ ਨਾਮ’ ਰਿਲੀਜ਼

ਚੰਡੀਗੜ (ਪ੍ਰੀਤਮ ਲੁਧਿਆਣਵੀ):   ਦੇਸ਼- ਵਿਦੇਸ਼ ਵਿਚ ਆਪਣੀ ਗਾਇਕੀ ਦਾ ਸਿੱਕਾ ਜਮਾ ਚੁੱਕੀ, ਸੱਭਿਆਚਾਰਕ ਹਲਕਿਆਂ ਦੀ ਸੁਪ੍ਰਸਿੱਧ ਸੁਰੀਲੀ ਗਾਇਕਾ ਕੌਰ ਬਿੱਲੋ ਦਾ ਸਿੰਗਲ ਟਰੈਕ, ‘ਜਦੋਂ ਹੌਲੀ ਜਿਹੀ ਲੈਨਾ ਮੇਰਾ ਨਾਮ’ ਅੰਤਰਰਾਸ਼ਟਰੀ ਗਾਇਕ ਸੁਰਿੰਦਰ ਛਿੰਦਾ ਜੀ ਦੇ ਕਰ-ਕਮਲਾਂ ਦੁਆਰਾ ਪੰਜਾਬੀ ਭਵਨ ਲੁਧਿਆਣਾ ਦੇ ਨਜ਼ਦੀਕ ਜਸਵੰਤ ਸਿੰਘ ਭੰਵਰਾ ਜੀ ਦੇ ਬੁੱਤ ਲਾਗੇ ਬੜੀ ਸ਼ਾਨੋ-ਸ਼ੌਕਤ ਨਾਲ ਰਿਲੀਜ਼ ਕੀਤਾ ਗਿਆ। ਜਿਕਰ ਯੋਗ ਹੈ ਕਿ ਇਹ ਗੀਤ ਪਾਕਿਸਤਾਨੀ ਗਾਇਕਾ ਨੂਰ ਜਹਾਂ ਵਲੋਂ ਵੀ ਪਹਿਲਾਂ ਰਿਕਾਰਡ ਕੀਤਾ ਗਿਆ ਹੈ। ਹੁਣ ਗਾਇਕਾ ਕੌਰ ਬਿੱਲੋ ਵੱਲੋਂ ਇਸ ਗੀਤ ਦੀ ਦੋਬਾਰਾ ਰਿਗਾਰਡਿੰਗ ਕੀਤੀ ਗਈ ਹੈ। ਇਸ ਨਵੀਂ ਰਿਕਾਰਡਿੰਗ ਨੂੰ ਸੰਗੀਤਕ ਛੋਹਾਂ ਦਿੱਤੀਆਂ ਹਨ ਮਨਧੀਰ ਸਿੰਘ ਤੇ ਮਨਜੀਤ ਸਿੰਘ ਨੇ। ਮਨੀ ਸੰਧੂ ਵੱਲੋਂ ਪ੍ਰਜੈਂਟ ਕੀਤੇ ਗਏ ਇਸ ਗੀਤ ਦੀ ਵੀਡੀਓ ਬਣਾਈ ਹੈ ਬਿੱਟੂ ਅਰੋੜਾ ਜੀ ਨੇ ਅਤੇ ਇਸਨੂੰ ਮਾਰਕੀਟ ਵਿਚ ਉਤਾਰਿਆ ਹੈ ਜਸ਼ਨ ਰਿਕਾਰਡਜ਼ ਕੰਪਨੀ ਨੇ। ਇਸ ਸੁਭਾਗੇ ਮੌਕੇ ਤੇ ਸੁਰਿੰਦਰ ਸ਼ਿੰਦਾ ਜੀ ਦੇ ਨਾਲ ਅੰਤਰਰਾਸ਼ਟਰੀ ਗਾਇਕ ਪਾਲੀ ਦੇਤਵਾਲੀਆ, ਨਰਿੰਦਰ ਨੂਰ (ਮੁੱਖ ਸੰਪਾਦਕ, ਫਿਲਮੀ ਫੋਕਸ ਮੈਗਜ਼ੀਨ ਲੁਧਿਆਣਾ), ਗੁਰਪ੍ਰੀਤ ਕੌਰ, ਧਰਮਿੰਦਰ ਸਿੰਘ ਅਤੇ ਬਿੰਦਰਾ ਸਿੰਘ ਆਦਿ ਵੀ ਹਾਜ਼ਰ ਸਨ।

          ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਗਾਇਕਾ ਕੌਰ ਬਿੱਲੋ ਨੇ ਦੱਸਿਆ ਕਿ ਇਸ ਗੀਤ ਦੀ ਤਿਆਰੀ ਵਿਚ ਪੂਰੀ ਟੀਮ ਨੇ ਹਰ ਪੱਖ ਤੋਂ ਤਨ, ਮਨ ਤੇ ਵਫ਼ਾਦਾਰੀ ਨਾਲ ਆਪੋ-ਆਪਣਾ ਰੋਲ ਨਿਭਾਇਆ ਹੈ। ਉਮੀਦ ਹੈ ਕਿ ਸਰੋਤਿਆਂ ਦੀਆਂ ਆਸਾਂ-ਉਮੀਦਾਂ ਉਤੇ ਇਹ ਗੀਤ ਖਰਾ ਉਤਰੇਗਾ।

Leave a Reply

Your email address will not be published. Required fields are marked *