ਬਹੁ-ਪੱਖੀ ਰੋਸ਼ਨੀਆਂ ਵੰਡਦਾ ਸ਼ਾਨਦਾਰ ਨਗੀਨਾ : ਡਾ. ਸਿਮਰਜੀਤ ਕੌਰ ਬਰਾੜ ‘ਸਿੰਮੀ’

ਸਾਹਿਤਕ, ਅਧਿਆਪਨ ਤੇ ਸਮਾਜ-ਸੇਵੀ ਖੇਤਰ ਵਿਚ ਡਾ. ਸਿਮਰਜੀਤ ਕੌਰ ਬਰਾੜ ‘ਸਿੰਮੀ’ ਅਨਗਿਣਤ ਸਟੇਜਾਂ ਤੋਂ ਸਨਮਾਨਿਆ-ਸਤਿਕਾਰਿਆ ਅਤੇ ਆਪਣੀ ਨਿਵੇਕਲੀ ਪਛਾਣ ਬਣਾ ਚੁੱਕਾ ਇਕ ਸ਼ਾਨਾਂ-ਮੱਤਾ ਨਗੀਨਾ ਹੈ। ਸ੍ਰੀ ਮੁਕਤਸਰ ਸਾਹਿਬ ਜ਼ਿਲੇ ਦੇ ਪਿੰਡ ਫਕਰਸਰ ਦੇ ਸਵ. ਸੁਰਿੰਦਰਪਾਲ ਸਿੰਘ ਬਰਾੜ (ਪ੍ਰਿੰਸੀਪਲ ਰਿਟਾਇਰ) ਅਤੇ ਸ੍ਰੀਮਤੀ ਅਮਰਜੀਤ ਕੌਰ ਬਰਾੜ (ਹੈੱਡ- ਟੀਚਰ ਰਿਟਾਇਰ) ਦੀ ਲਾਡਲੀ ਸਿਮਰਜੀਤ ਜੀ ਨੇ ਨਾਨਕ ਸਿੰਘ, ਜਸਵੰਤ ਕੰਵਲ, ਅੰਮ੍ਰਿਤਾ ਪ੍ਰੀਤਮ, ਸ਼ਿਵ ਕੁਮਾਰ ਬਟਾਲਵੀ, ਦਲੀਪ ਕੌਰ ਟਿਵਾਣਾ, ਬਚਿੰਤ ਕੌਰ, ਗੁਰਦਿਆਲ ਸਿੰਘ, ਅਜਮੇਰ ਔਲਖ, ਬਲਵੰਤ ਗਾਰਗੀ, ਕਪੂਰ ਸਿੰਘ ਘੁੰਮਣ, ਪ੍ਰਿੰ. ਸੁਜਾਨ ਸਿੰਘ, ਕੁਲਵੰਤ ਸਿੰਘ ਵਿਰਕ ਅਤੇ ਰਾਮ ਸਰੂਪ ਅਣਖੀ ਆਦਿ ਲੇਖਕਾਂ ਦੀਆਂ ਰਚਨਾਵਾਂ ਕਾਲਜ ਤੱਕ ਦੀ ਪੜਾਈ ਪੂਰੀ ਕਰਦੇ-ਕਰਦੇ ਪੜ ਲਈਆਂ ਸਨ। ਸਾਹਿਤ ਲਿਖਣ ਵਿਚ ਆਪਣੇ ਮੰਮੀ ਜੀ ਨੂੰ ਆਪਣਾ ਆਦਰਸ਼ ਮੰਨਣ ਵਾਲੀ ਸਿੰਮੀ ਦੱਸਦੀ ਹੈ, ਕਿ ਲੇਖਕਾਂ ਵਿਚੋਂ ਦਲੀਪ ਕੌਰ ਟਿਵਾਣਾ ਜੀ ਦੀ ਕਲਮ ਦੀ ਹਰ ਸਿਰਜਨਾ ਨੇ ਉਸਨੂੰ ਬਹੁਤ ਪ੍ਰਭਾਵਿਤ ਕੀਤਾ। ਡਾ. ਸਿੰਮੀ ਦੇ ਲਿਖਣ ਦੀ ਸ਼ੁਰੂਆਤ ਕਵਿਤਾ ਤੋਂ ਹੋਈ। ਜਿਹੜੀਆਂ ਕਿ ‘ਅੱਖਰ’, ‘ਤ੍ਰਿਸ਼ੰਕੂ’, ‘ਪ੍ਰਤੀਮਾਨ’, ‘ਪੰਜਾਬੀ ਦੁਨੀਆਂ’, ‘ਜਨ ਸਾਹਿਤ’, ‘ਸਮੁੰਦਰੋਂ ਪਾਰ’, ‘ਕਲਾਕਾਰ’, ‘ਜਾਗੋ ਇੰਟਰਨੈਸ਼ਨਲ’ ਆਦਿ ਮੈਗਜ਼ੀਨਾਂ ਵਿੱਚ ਸਮੇਂ-ਸਮੇਂ ਤੇ ਛਪਦੀਆਂ ਰਹੀਆਂ। ਉਪਰੰਤ ਜਦ ਉਨਾਂ ਨੂੰ ਪਤਾ ਲੱਗਿਆ ਕਿ ਕਵਿਤਾ ਨਾਲੋਂ ਕਹਾਣੀ ਦਾ ਕੈਨਵਸ ਜਿਆਦਾ ਵੱਡਾ ਹੈ, ਤਦ ਫਿਰ ਉਨਾਂ ਦੀ ਕਲਮ ਦਾ ਰੁਝਾਨ ਕਹਾਣੀ ਵੱਲ ਵੀ ਹੋ ਗਿਆ। 2003 ਵਿਚ ਉਨਾਂ ਦੀ ਲਿਖੀ ਪਹਿਲੀ ਕਹਾਣੀ ”ਮੇਰਾ ਕਸੂਰ ਕੀ ਸੀ”, ਅਜੀਤ ਅਖਬਾਰ ਦਾ ਸ਼ਿੰਗਾਰ ਬਣੀ। ਜਿਸਦਾ ਪਾਠਕਾਂ ਵੱਲੋਂ ਬਹੁਤ ਭਰਵਾਂ ਹੁੰਗਾਰਾ ਮਿਲਿਆ। ਉਪਰੰਤ ਛਪਣ ਦੇ ਦਾਇਰੇ ਵਿਚ ‘ਅਜੀਤ’ ਤੇ ‘ਪੰਜਾਬੀ ਟ੍ਰਿਬਿਊਨ’ ਦਾ ਵੀ ਉਨਾਂ ਲਈ ਇਕ ਨਰੋਆ ਵਾਧਾ ਹੋ ਗਿਆ। . . ਵੱਖ-ਵੱਖ ਮੁਕਾਬਲਿਆਂ ਵਿਚ ਭਾਗ ਲੈਣ ਦੀ ਗੱਲ ਕਰੀਏ ਤਾਂ ਸਕੂਲ ਪੱਧਰ ਤੇ ਚਿੱਤਰਕਾਰੀ ਤੇ ਪੇਂਟਿੰਗ ਦੇ ਬਹੁਤ ਸਾਰੇ ਮੁਕਾਬਲਿਆਂ ਵਿੱਚ ਮੱਲਾਂ ਮਾਰਦਿਆਂ, ਸਟੇਟ ਪੱਧਰੀ ਸਨਮਾਨ ਚੰਡੀਗੜ ਵਿਖੇ ਪੰਜਾਬ ਭਵਨ ਵਿੱਚ ਪੰਜਾਬ ਦੇ ਰਾਜਪਾਲ ਸ੍ਰੀ ਬੀ. ਕੇ. ਐੱਨ. ਛਿੱਬੜ ਜੀ ਦੇ ਕਰ-ਕਮਲਾਂ ਦੁਆਰਾ ਉਨਾਂ ਹਾਸਲ ਕੀਤਾ। ਇਸ ਤੋਂ ਬਾਅਦ ਕਾਲਜ ਦੌਰਾਨ ਲੋਕ-ਗੀਤ, ਗੀਤ, ਸ਼ਬਦ, ਪੇਂਟਿੰਗ, ਨਿਬੰਧ ਲੇਖਣ, ਕਹਾਣੀ ਲੇਖਣ ਮੁਕਾਬਲਿਆਂ ਵਿੱਚ ਯੂਨੀਵਰਸਿਟੀ ਪੱਧਰ ਤੇ ਹਿੱਸਾ ਲੈਂਦਿਆਂ ਪਹਿਲੇ-ਦੂਜੇ ਸਥਾਨ ਹਾਸਿਲ ਕਰਦੇ ਰਹੇ। ਹਰ ਜਿੱਤ ਡਾ. ਸਿੰਮੀ ਵਿੱਚ ਨਵਾਂ ਜੋਸ਼, ਨਵਾਂ ਹੌਂਸਲਾ ਭਰਦੀ ਰਹੀ। ਉਨਾਂ ਦਾ ਕਹਿਣ ਹੈ ਕਿ ਪੇਂਟਿੰਗ ਤਾਂ ਉਹ ਅੱਜ ਵੀ ਕਰਦੀ ਹੈ, ਕਿਉਂਕਿ ਰੰਗਾਂ ਨਾਲ ਖੇਡਣਾ ਉਸਨੂੰ ਬਹੁਤ ਚੰਗਾ ਲੱਗਦਾ ਹੈ।
ਪੁਸਤਕ-ਪ੍ਰਕਾਸ਼ਨਾ ਖੇਤਰ ਵਿਚ, ‘ਸੰਘਰਸ਼’ (ਪੰ. ਸ. ਸਿੱ. ਬੋਰਡ ਮੋਹਾਲੀ ਵੱਲੋਂ ਸਕੂਲਾਂ ਦੀਆਂ ਲਾਇਬ੍ਰੇਰੀਆਂ ਲਈ ਪ੍ਰਵਾਣਿਤ) ਅਤੇ ‘ ਉਮਰ ਕੈਦ ‘ ਨਾਂ ਦੇ ਦੋ ਮੌਲਿਕ ਕਹਾਣੀ- ਸੰਗ੍ਰਹਿ ਸਾਹਿਤ ਜਗਤ ਦੀ ਝੋਲ਼ੀ ਪਾਉਣ ਤੋਂ ਇਲਾਵਾ, ‘ਤਿੜਕਦੇ ਰਿਸ਼ਤੇ’, ‘ਸੁਰਜੀਤ ਕਤਲ ਕਾਂਡ ਅਤੇ ਹੋਰ ਕਹਾਣੀਆਂ’, ‘ਜ਼ਿੰਦਗੀ ਦਾ ਰੁਦਨ’, ‘ਸੁੱਤੀ ਗਲ਼ੀ ਦਾ ਸ਼ੋਰ’, ‘ਚੁੱਪ ਦੀ ਆਵਾਜ਼’ ਆਦਿ ਕਹਾਣੀ-ਸੰਗ੍ਰਹਾਂ ਵਿੱਚ ਬਰਾੜ ਜੀ ਦੀਆਂ ਵੱਖ-ਵੱਖ ਕਹਾਣੀਆਂ . . ਅਤੇ ‘ਸ਼ਬਦ-ਸ਼ਬਦ ਪਰਵਾਜ਼’ ਕਾਵਿ-ਸੰਗ੍ਰਹਿ ਵਿੱਚ ਉਸ ਦੀਆਂ ਕਵਿਤਾਵਾਂ ਪ੍ਰਕਾਸ਼ਿਤ ਹੋ ਚੁੱਕੀਆਂ ਹਨ, ਜਿਹੜੀਆਂ ਕਿ ਬਹੁਤ ਮਕਬੂਲ ਵੀ ਹੋਈਆਂ। ਇਸਤੋਂ ਇਲਾਵਾ ਪੰਦਰਾਂ ਖੋਜ- ਪੱਤਰ ਅਤੇ ਦੋ ਦਰਜਨ ਦੇ ਕਰੀਬ ਪੁਸਤਕਾਂ ਦੇ ਰਿਵਿਊ ਵੱਖ-ਵੱਖ ਰਿਸਰਚ ਮੈਗਜ਼ੀਨਾਂ ਵਿੱਚ ਪ੍ਰਕਾਸ਼ਿਤ ਹੋ ਚੁੱਕੇ ਹਨ। ਦੋ ਪੁਸਤਕਾਂ ਦੇ ਅੰਗਰੇਜੀ ਤੋਂ ਪੰਜਾਬੀ ਅਨੁਵਾਦ ਦੇ ਕਾਰਜ ਵਿੱਚ ਵੀ ਉਨਾਂ ਨੇ ਯੋਗਦਾਨ ਪਾਇਆ ਹੈ। ਚਾਰ ਐਜੂਕੇਸ਼ਨ ਦੀਆਂ ਸੰਪਾਦਿਤ ਪੁਸਤਕਾਂ ਵਿੱਚ ਐਜੂਕੇਸ਼ਨ ਦੇ ਰਿਸਰਚ ਪੇਪਰ ਪ੍ਰਕਾਸ਼ਿਤ ਹੋਏ। ਅੱਠ ਰਿਸਰਚ ਪੇਪਰ ਐਜੂਕੇਸ਼ਨ ਦੇ ਵੱਖ-ਵੱਖ ਰਿਸਰਚ ਜਨਰਲਾਂ ਵਿੱਚ ਛਪ ਚੁੱਕੇ ਹਨ। ਐੱਮ. ਐੱਡ ਦੇ 26 ਵਿਦਿਆਰਥੀ ਡਾ. ਬਰਾੜ ਸਿੰਮੀ ਦੀ ਗਾਈਡੈਂਸ ਦੇ ਅਧੀਨ ਆਪਣਾ ਰਿਸਰਚ ਦਾ ਕੰਮ ਪੂਰਾ ਕਰਕੇ ਡਿਗਰੀਆਂ ਲੈ ਚੁੱਕੇ ਹਨ। ਇੱਕ ਵਿਦਿਆਰਥੀ ਦਾ ਰਿਸਰਚ ਦਾ ਕੰਮ ਚੱਲ ਰਿਹਾ ਹੈ। ਇਸਤੋਂ ਇਲਾਵਾ ਨਾਮਵਰ ਕਹਾਣੀਕਾਰ ਜਸਵੀਰ ਰਾਣਾ ਦੇ ਲਿਖੇ ਨਾਵਲ, ”ਇੱਥੋਂ ਰੇਗਿਸਤਾਨ ਦਿਸਦਾ ਹੈ” ਪ੍ਰਤੀ ਬਹੁਤ ਸਾਰੇ ਆਲੋਚਕਾਂ, ਵਿਦਵਾਨਾਂ ਦੇ ਲਿਖੇ ਖੋਜ ਪਰਚਿਆਂ ਨੂੰ ਲੜੀ-ਬੱਧ ਕਰਕੇ ਡਾ. ਸਿਮਰਜੀਤ ਨੇ ‘ਜਸਵੀਰ ਰਾਣਾ ਦੀ ਨਾਵਲ ਵਿਧੀ ਤੇ ਦ੍ਰਿਸ਼ਟੀ’ ਸਿਰਲੇਖ ਅਧੀਨ ਪੁਸਤਕ ਸੰਪਾਦਿਤ ਕਰਕੇ ਪਾਠਕਾਂ ਤੱਕ ਪਹੁੰਚਾਉਣ ਦਾ ਇੱਕ ਸ਼ਲਾਘਾ-ਯੋਗ ਉਪਰਾਲਾ ਕੀਤਾ ਹੈ।
ਫਿਰ, ਸਦੀਵੀ ਵਿਛੋੜਾ ਦੇ ਗਏ ਆਪਣੇ ਪਿਤਾ ਜੀ ਦੀ ਯਾਦ ਨੂੰ ਸਮਰਪਿਤ ਡਾ. ਸਿੰਮੀ ਜੀ ਨੇ 2018 ਵਿਚ, ”ਪ੍ਰਿੰ. ਸੁਰਿੰਦਰਪਾਲ ਸਿੰਘ ਬਰਾੜ ਯਾਦਗਾਰੀ ਪੁਰਸਕਾਰ ਬੋਰਡ, ਫਕਰਸਰ” ਸਥਾਪਿਤ ਕੀਤਾ, ਜਿਸ ਦੀ ਚੇਅਰਮੈਨ ਡਾ. ਸਿੰਮੀ ਜੀ ਹਨ। ਇਸ ਵਿੱਚ ਸਾਹਿਤ ਸੰਪਾਦਕੀ ਦੇ ਖੇਤਰ ਵਿੱਚ ਨਾਮਣਾ ਖੱਟਣ ਵਾਲੀਆਂ ਪ੍ਰਮੁੱਖ ਸ਼ਖਸੀਅਤਾਂ ਵਿੱਚੋਂ ਚੋਣ ਕਰਕੇ ਹਰ ਸਾਲ ਇਕ ਸ਼ਖਸੀਅਤ ਨੂੰ ਗਿਆਰਾਂ ਹਜ਼ਾਰ ਰੁਪਏ ਨਕਦ ਇਨਾਮ, ਦੋਸ਼ਾਲਾ, ਸਨਮਾਨ ਪੱਤਰ ਅਤੇ ਯਾਦਗਾਰੀ ਚਿੰਨ ਨਾਲ ਸਨਮਾਨਿਤ ਕੀਤਾ ਜਾਂਦਾ ਹੈ। ਇਸ ਲੜੀ ਦੇ ਤਹਿਤ ਸ. ਕੰਵਰਜੀਤ ਭੱਠਲ ਨੂੰ ‘ਕਲਾਕਾਰ’ ਲਈ ਅਤੇ ਧਿਆਨ ਸਿੰਘ ਸ਼ਾਹ ਸਿਕੰਦਰ ਨੂੰ ‘ਰੂਪਾਂਤਰਣ’ ਲਈ ਇਹ ਸਨਮਾਨ ਦਿੱਤਾ ਜਾ ਚੁੱਕਾ ਹੈ। ਜਦਕਿ ਸ. ਬਿਕਰਮਜੀਤ ਸਿੰਘ ਨੂਰ ਜੀ ਨੂੰ ਦਸੰਬਰ, 2020 ਵਿਚ ਇਹ ਸਨਮਾਨ ਦਿੱਤਾ ਜਾ ਰਿਹਾ ਹੈ।. . .ਡਾ. ਸਿੰਮੀ ਜੀ ਦੀਆਂ ਸੇਵਾਵਾਂ ਦੀ ਇੱਥੇ ਹੀ ਵਸ ਨਹੀ। ਬਹੁਤ ਲੰਮੇ ਸਮੇਂ ਤੋਂ ਐੱਨ. ਐੱਸ ਐੱਸ. ਅਤੇ ਰੈੱਡ ਰਿਬਨ ਕਲੱਬ ਦੇ ਨਾਲ ਪ੍ਰੋਗਰਾਮ ਆਫੀਸਰ ਅਤੇ ਨੋਡਲ ਆਫੀਸਰ ਦੇ ਤੌਰ ਤੇ ਜੁੜਨ ਸਦਕਾ ਉਹ ਬਹੁਤ ਸਾਰੇ ਸਮਾਜ ਭਲਾਈ ਦੇ ਕੰਮਾਂ ਵਿੱਚ ਵੀ ਹਿੱਸਾ ਲੈ ਚੁੱਕੀ ਹੈ ਅਤੇ ਆਪਣੇ ਵਿਦਿਆਰਥੀਆਂ ਤੇ ਸਮਾਜ ਨੂੰ ਉਹਨਾਂ ਦੇ ਹੱਕਾਂ ਅਤੇ ਉਹਨਾਂ ਦੇ ਫਰਜ਼ਾਂ ਦੇ ਪ੍ਰਤੀ ਸੁਚੇਤ ਕਰਨ ਦੀ ਕੋਸ਼ਿਸ਼ ਵਿਚ ਰਹਿੰਦੀ ਹੈ। ਡਾ. ਸਿੰਮੀ ਦਾ ਇਹ ਵੀ ਮੰਨਣਾ ਹੈ ਕਿ, ”ਰਿਸ਼ਤਿਆਂ ਵਿੱਚੋਂ ਪਿਆਰ, ਮੁਹੱਬਤ, ਅਪਣੱਤ ਖਤਮ ਹੁੰਦੀ ਜਾ ਰਹੀ ਹੈ। ਰਿਸ਼ਤਿਆਂ ਦੇ ਮੋਹ ਤੋਂ ਮੁਨਕਰ ਹੋਇਆ ਮਨੁੱਖ ਸਮਾਜ ਵਿਰੋਧੀ ਵਰਤਾਰੇ ਦਾ ਹਿੱਸਾ ਬਣਦਾ ਜਾ ਰਿਹਾ ਹੈ ‘ਤੇ ਸਮਾਜਿਕ ਕਦਰਾਂ-ਕੀਮਤਾਂ ਦਾ ਘਾਣ ਕਰਦਾ ਜਾ ਰਿਹਾ ਹੈ। ਮੇਰੀਆਂ ਕਹਾਣੀਆਂ ਦੇ ਵਿਸ਼ੇ ਵੀ ਇਹੋ ਜਿਹੇ ਵਰਤਾਰੇ ਦੀ ਤਰਜਮਾਨੀ ਕਰਦੇ ਹਨ।” . . ਇਕ ਸਵਾਲ ਦੇ ਉਤਰ ਵਿਚ ਡਾ. ਸਿੰਮੀ ਜੀ ਨੇ ਚਿੰਤਾ ਪ੍ਰਗਟਾਉਂਦਿਆਂ ਕਿਹਾ, ”ਸਾਡੇ ਅੱਜ ਕੱਲ ਦੇ ਕੁੱਝ ਚੰਦ ਕੁ ਗਾਇਕ ਤੇ ਗੀਤਕਾਰ ਜੋ ਸਾਡੇ ਨੌਜਵਾਨ ਵਰਗ ਨੂੰ ਹਥਿਆਰਾਂ ਦੀ ਵਰਤੋਂ ਲਈ ਪ੍ਰੇਰਿਤ ਕਰ ਰਹੇ ਹਨ, ਆਪਣੇ ਗੀਤਾਂ ਦੇ ਵਿੱਚ ਆਪਣੀ ਵੀਡਿਓਗਰਾਫੀ ਰਾਹੀਂ ਵੀ ਅਸ਼ਲੀਲਤਾ ਪਰੋਸ ਰਹੇ ਹਨ, ਨਸ਼ੇ ਕਰਨ ਲਈ ਉਕਸਾਅ ਰਹੇ ਹਨ ਅਤੇ ਸਾਡੇ ਨੌਜਵਾਨਾਂ ਨੂੰ ਕੁਰਾਹੇ ਪਾਉਣ ਦਾ ਕੰਮ ਕਰ ਰਹੇ ਹਨ, ਉਨਾਂ ਨੂੰ ਮੇਰੀ ਗੁਜ਼ਾਰਿਸ਼ ਹੈ ਕਿ ਉਨਾਂ ਨੂੰ ਆਪਣੇ ਗੀਤਾਂ ਰਾਹੀਂ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੀ ਸਹੀ ਤਸਵੀਰ ਪੇਸ਼ ਕਰਨੀ ਚਾਹੀਦੀ ਹੈ। ਸਾਡੀ ਨੌਜਵਾਨ ਪੀੜੀ ਨੂੰ ਗੁੰਮਰਾਹ ਕਰਕੇ ਗੈਂਗਸਟਰ ਬਣਾ ਕੇ ਹਾਸ਼ੀਏ ਤੋਂ ਬਾਹਰ ਧੱਕਣ ਦਾ ਕੰਮ ਨਹੀਂ ਕਰਨਾ ਚਾਹੀਦਾ।”
ਦਸਮੇਸ਼ ਗਰਲਜ਼ ਕਾਲਜ ਆੱਫ ਐਜੂਕੇਸ਼ਨ, ਬਾਦਲ ਵਿੱਚ ਬਤੌਰ ਅਸਿਸਟੈਂਟ ਪ੍ਰੋਫੈਸਰ ਕੰਮ ਕਰ ਰਹੇ ਡਾ. ਸਿਮਰਜੀਤ ਜੀ, ਜੋ ਕਿ ਐਮ. ਏ. (ਪੰਜਾਬੀ), ਬੀ. ਐੱਡ, ਐੱਮ. ਐੱਡ, ਨੈੱਟ, ਪੀ. ਐੱਚ. ਡੀ (ਐਜੂਕੇਸ਼ਨ) ਦੀ ਸਿੱਖਿਆ ਪ੍ਰਾਪਤ ਹਨ, ਨੂੰ ਮਿਲੇ ਹੋਰ ਮਾਨ-ਸਨਮਾਨਾਂ ਦੀ ਗੱਲ ਕਰੀਏ ਤਾਂ, ‘ਨੈਸ਼ਨਲ ਯੂਥ ਵੈਲਫੇਅਰ ਵਿਭਾਗ, ਫਰੀਦਕੋਟ ਵੱਲੋਂ (2010, 2012), ‘ਸਟੱਡੀ ਸਰਕਲ ਸੰਸਥਾ’, ਜ਼ਿਲਾ ਸ੍ਰੀ ਮੁਕਤਸਰ ਸਾਹਿਬ ਵੱਲੋਂ, ‘ਯੂਥ ਸਰਵਿਸਜ਼ ਵਿਭਾਗ ਸ੍ਰੀ ਮੁਕਤਸਰ ਸਾਹਿਬ’ (2017, 2018) ਦੇ ਨਾਲ-ਨਾਲ 2018 ਵਿਚ ਪੰ. ਯੂਨੀ. ਚੰਡੀਗੜ ਦੇ ਯੁਵਕ ਭਲਾਈ ਵਿਭਾਗ ਵੱਲੋਂ ਪ੍ਰਕਾਸ਼ਿਤ ਕੀਤੇ ਜਾਂਦੇ ਮੈਗਜ਼ੀਨ, ‘ਜਵਾਂ ਤਰੰਗ’ ਦੇ ਪੰਜਾਬੀ ਸੈਕਸ਼ਨ ਦੇ ਵਧੀਆ ਸੰਪਾਦਕੀ ਕਾਰਜ ਲਈ ਪੰ. ਯੂਨੀ. ਚੰਡੀਗੜ ਦੇ ਵਾਈਸ ਚਾਂਸਲਰ ਸ੍ਰੀ ਰਾਜ ਕੁਮਾਰ ਜੀ ਵੱਲੋਂ,. .ਯੁਵਕ ਸੇਵਾਵਾਂ ਵਿਭਾਗ ਪੰਜਾਬ ਵੱਲੋਂ,. .ਯੂਥ ਸਰਵਿਸਜ਼ ਸ੍ਰੀ ਮੁਕਤਸਰ ਸਾਹਿਬ ਦੇ ਡਾਇਰੈਕਟਰ ਵੱਲੋਂ (ਰੈੱਡ ਰਿਬਨ ਕਲੱਬ ਦੇ ਨੋਡਲ ਆਫੀਸਰ ਦੀ, ਜਿੰਮੇਵਾਰੀ ਨਾਲ ਭੂਮਿਕਾ ਨਿਭਾਉਣ ਵਜੋਂ),. . ਕੌਂਸਲ ਫਾੱਰ ਟੀਚਰ ਐਜੂਕੇਸ਼ਨ ਵੱਲੋਂ (ਪੀ. ਐੱਚ. ਡੀ. ਦੇ ਰਿਸਰਚ ਦੇ ਕੰਮ ਨੂੰ ਮਾਨਤਾ ਅਤੇ ਮਹੱਤਤਾ ਦਿੰਦੇ ਹੋਏ) ਆਦਿ ਸਨਮਾਨਾਂ ਤੋਂ ਇਲਾਵਾ, ‘ਕੌਮਾਂਤਰੀ ਕਲਾਕਾਰ ਸੰਗਮ, ਪੰਜਾਬ ਬਰਨਾਲਾ’ ਵੱਲੋਂ, ‘ਵਧੀਆ ਕਹਾਣੀਕਾਰ’ ਅਤੇ ‘ਤੇਰਵਾਂ ਭਾਈ ਘਨੱਈਆ ਨਿਸ਼ਕਾਮ ਸੇਵਾ ਸਨਮਾਨ-2020’ ਆਦਿ ਡਾ. ਸਿਮਰਜੀਤ ਦੇ ਸਾਹਿਤਕ ਤੇ ਸਮਾਜਿਕ ਕੱਦ-ਬੁੱਤ ਨੂੰ ਉਚਾ ਕਰਦੇ ਹਨ।
ਆਪਣੀ ਮਾਂ-ਬੋਲੀ ਪੰਜਾਬੀ ਅਤੇ ਪੰਜਾਬ ਦੀ ਮਿੱਟੀ ਪ੍ਰਤੀ ਜਨੂੰਨ ਦੀ ਹੱਦ ਤੱਕ ਵਫਾਦਾਰੀ ਪਾਲਣ ਵਾਲੀ, ਸਾਡੀ ਨੌਜਵਾਨ ਪੀੜੀ ਦਾ ਆਦਰਸ਼, ਆਪਣੀਆਂ ਦਮਦਾਰ ਕਲਾਵਾਂ ਦੀ ਅਮਿੱਟ ਛਾਪ ਛੱਡ ਚੁੱਕੀ ਸੂਝਵਾਨ, ਬੁੱਧੀਜੀਵੀ, ਦੂਰਦਰਸ਼ੀ, ਸਮਾਜ-ਸੇਵੀ ਤੇ ਮਿਕਨਾਤੀਸੀ ਸਖਸ਼ੀਅਤ ਡਾ. ਸਿਮਰਜੀਤ ਕੌਰ ਬਰਾੜ ‘ਸਿੰਮੀ’, ਦੀ ਸਾਹਿਤ ਤੇ ਸਮਾਜ ਪ੍ਰਤੀ ਸੋਚ ਨੂੰ ਸਿਜਦਾ ਕਰਦਾ ਹਾਂ। ਬੇਸ਼ੱਕ ਸਰਕਾਰੀ ਅਤੇ ਗੈਰ ਸਰਕਾਰੀ ਅਦਾਰੇ ਉਸ ਨੂੰ ਸਨਮਾਨਿਤ ਕਰ ਚੁੱਕੇ ਹਨ, ਪਰ ਸਰਕਾਰੀ ਤੌਰ ਤੇ ਇਸ ਬਹੁ-ਪੱਖੀ ਨਗੀਨੇ ਦੀ ਕਦਰ ਪਾਉਣ ਲਈ ਸਟੇਟ ਐਵਾਰਡ ਅਤੇ ਰਾਸ਼ਟਰੀ ਪੁਰਸਕਾਰ, ਜਿਸ ਦੀ ਕਿ ਉਹ ਹੱਕਦਾਰ ਵੀ ਬਣਦੀ ਹੈ, ਉਸ ਦੇ ਰਾਹਾਂ ਵਿਚ ਪਲਕਾਂ ਵਿਛਾਈ ਬੈਠੇ ਅਜੇ ਉਡੀਕ ਕਰ ਰਹੇ ਹਨ, ਉਸਦੀ। ਰੱਬ ਕਰੇ ! ਸਰਕਾਰੀ ਅਦਾਰਿਆਂ ਦੀਆਂ ਨਜ਼ਰਾਂ ਜਲਦੀ ਸਵੱਲੀਆਂ ਹੋਣ, ਇਸ ਤਪੱਸਵੀ ਮੁਟਿਆਰ ਲਈ ! ਆਮੀਨ!
-ਪ੍ਰੀਤਮ ਲੁਧਿਆਣਵੀ, ਚੰਡੀਗੜ, 9876428641
ਸੰਪਰਕ : ਡਾ. ਸਿਮਰਜੀਤ ਕੌਰ ਬਰਾੜ ‘ਸਿੰਮੀ’, (ਸ੍ਰੀ ਮੁਕਤਸਰ ਸਾਹਿਬ), 9569792630 ਭਰaਰ.ਸਮਿeਰਜeeਟਕਉਰ0ਗਮaਲਿ.ਚੋਮ

Leave a Reply

Your email address will not be published. Required fields are marked *