ਲੋਕ-ਗਾਇਕੀ ਤੇ ਗੀਤਕਾਰੀ ਤੋਂ ਢਾਡੀ ਸਿੰਘ ਤੱਕ ਦਾ ਸਫ਼ਰ ਤਹਿ ਕਰਨ ਵਾਲੀ ਸਿਰਮੌਰ ਕਲਮ ਤੇ ਅਵਾਜ਼ : ਮੇਵਾ ਸਿੰਘ ਰੌਣਕ

ਗੀਤ-ਸੰਗੀਤ ਦੀ ਫੁਲਵਾੜੀ ਵਿਚ ਗੁਰਦਾਸ ਮਾਨ, ਹਾਕਮ ਬਖਤੜੀ ਵਾਲਾ, ਪਾਲੀ ਦੇਤਵਾਲੀਆ ਅਤੇ ਸਵ . ਲਾਲ ਚੰਦ ਯਮਲਾ ਜੱਟ ਆਦਿ ਜੀ ਵਰਗੇ ਗਿਣੇ-ਚੁਣੇ ਸੁਭਾਗੇ ਮਾਣ-ਮੱਤੇ ਨਾਮ ਹਨ, ਜਿਨਾਂ ਨੂੰ ਗਾਇਕੀ ਤੇ ਗੀਤਕਾਰੀ ਦੋਵਾਂ ਖੇਤਰਾਂ ਵਿਚ ਚੰਦਨ ਦੇ ਰੁੱਖ ਵਾਂਗ ਸਾਹਿਤਕ ਤੇ ਸੱਭਿਆਚਾਰਕ ਖੁਸ਼ਬੂਆਂ ਵਿਖੇਰਨ ਦੀ ਦਾਤ ਹਾਸਲ ਹੋਣ ਦਾ ਮਾਣ ਪ੍ਰਾਪਤ ਹੈ। ਇਸੇ ਹੀ ਕਤਾਰ ਵਿਚ ਆਉਂਦਾ ਇਕ ਖ਼ੂਬਸੂਰਤ ਨਾਂ ਹੈ, ਮੇਵਾ ਸਿੰਘ ਰੌਣਕ। ਲੰਬੇ ਅਰਸੇ ਤੋਂ ਗੀਤ-ਸੰਗੀਤ ਦੀ ਦੁਨੀਆਂ ਵਿਚ ਵਿਚਰਦਿਆਂ ਆਪਣੀਆਂ ਵਿਲੱਖਣ ਕਲਾਵਾਂ ਦਾ ਸਿੱਕਾ ਜਮਾ ਚੁੱਕੇ ਮੇਵਾ ਸਿੰਘ ਰੌਣਕ ਦਾ ਜਨਮ ਜਿਲਾ ਪਟਿਆਲਾ ਦੀ ਤਹਿਸੀਲ ਰਾਜਪੁਰਾ ਦੇ ਛੋਟੇ ਜਿਹੇ ਪਿੰਡ ਚੰਦੂਆਂ ਖੁਰਦ ਵਿਖੇ ਪਿਤਾ ਸ : ਅਜਮੇਰ ਸਿੰਘ ਤੇ ਮਾਤਾ ਬਿਮਲ ਕੌਰ ਦੇ ਗ੍ਰਹਿ ਵਿਖੇ ਹੋਇਆ। ਇਕ ਮੁਲਾਕਾਤ ਦੌਰਾਨ ਮੇਵਾ ਸਿੰਘ ਨੂੰ ”ਰੌਣਕ ਤਖੱਲਸ” ਦਾ ਰਾਜ ਪੁੱਛੇ ਜਾਣ ਤੇ ਉਸ ਕਿਹਾ, ” ਮੈਂ ਆਪਣੇ ਪਿੰਡ ਦੇ ਗੁਰਦੁਆਰਾ ਸਾਹਿਬ ਵਿਚ ਧਾਰਨਾ ਪੜ ਕੇ ਕੀਰਤਨ ਕਰਦਾ ਹੁੰਦਾ ਸੀ। ਜਦੋਂ ਮੈਂ ਗੁਰਦੁਆਰਾ ਸਾਹਿਬ ਜਾਣਾ ਤਾਂ ਨਾਲ ਦੇ ਬੱਚਿਆਂ ਨੂੰ ਚਾਅ ਚੜ ਜਾਣਾ। ਉਹਨਾਂ ਆਖਣਾ,” ਮੇਵਾ ਆ ਗਿਆ, ਮੇਵਾ ਆ ਗਿਆ।” ਗ੍ਰੰਥੀ ਸਿੰਘ ਨੇ ਅੱਗੋਂ ਆਖਣਾ,”ਬੱਚਿਓ ! ਇਹ ਇਕੱਲਾ ਮੇਵਾ ਸਿੰਘ ਨਹੀਂ, ਨਾਲ ਇਹ ਰੌਣਕ ਵੀ ਏ। ਜਿਹੜਾ ਕਿ ਰੌਣਕਾਂ ਲੈਕੇ ਆਉਂਦਾ ਹੈ।” . . .ਬਸ, ਗ੍ਰੰਥੀ ਸਿੰਘ ਜੀ ਦੇ ਮੁਖਾਰਬਿੰਦ ‘ਚੋਂ ਸਹਿਜ-ਸੁਭਾਅ ਨਿਕਲਿਆ ਬੋਲ, ”ਰੌਣਕ” ਹੀ ਮੇਰੇ ਲਈ ਤਖੱਲਸ ਬਣਕੇ ਰਹਿ ਗਿਆ।”
ਦਸਵੀਂ ਜਮਾਤ ਪਾਸ ਕਰਕੇ ਮੇਵਾ ਸਿੰਘ ਰੌਣਕ ਨੇ ਗਾਇਕੀ ਵਿਚ ਆਪਣੇ ਸਮੇਂ ਦੇ ਪ੍ਰਸਿੱਧ ਗਾਇਕ ਸ. ਕਰਮ ਸਿੰਘ ਅਲਬੇਲਾ ਜੀ ਨੂੰ ਅਤੇ ਹਰਮੋਨੀਅਮ ਸਾਜ਼ ਦੇ ਲਈ ਰਾਗੀ ਭਾਈ ਬਲਵੀਰ ਸਿੰਘ ਜੀ ਨੂੰ ਆਪਣਾ ਉਸਤਾਦ ਬਣਾਇਆ। ਇਸ ਤੋਂ ਇਲਾਵਾ ਮੇਵਾ ਰੌਣਕ ਨੂੰ ਤੂੰਬੀ ਨਾਲ ਰੌਣਕਾਂ ਲਾਉਣ ਦੀ ਵੀ ਪੂਰੀ ਮੁਹਾਰਿਤ ਹਾਸਲ ਹੈ। ਮੇਵਾ ਸਿੰਘ ਦੱਸਦਾ ਹੈ ਕਿ ਉਸ ਨੇ ਆਪਣੇ ਗੁਰਭਾਈ ਤੇ ਪ੍ਰਸਿੱਧ ਗਾਇਕ ਲੱਖੀ ਵਣਜਾਰਾ ਜੀ ਨਾਲ ਬਹੁਤ ਸਟੇਜਾਂ ਸਾਂਝੀਆਂ ਕੀਤੀਆਂ ਤੇ ਐਚ. ਐਮ. ਵੀ. ਦੇ ਗਾਇਕ ਅਵਤਾਰ ਸਿੰਘ ਫੱਕਰ ਨਾਲ ਹਰਮੋਨੀਅਮ ਉਤੇ ਸੰਗਤ ਕੀਤੀ। ਕੁੱਝ ਸਮਾਂ ਕਰਨੈਲ ਗਿੱਲ ਜੀ ਨਾਲ ਸੰਗਤ ਕਰਨ ਦਾ ਵੀ ਉਸਨੂੰ ਮੌਕਾ ਮਿਲਿਆ। ਗਾਇਕੀ ਦੀ ਉਸ ਦੀ ਇਕੱਲੇ ਦੀ ਸਭ ਤੋਂ ਪਹਿਲੀ ਸਟੇਜ 1983 ਵਿੱਚ ਰਾਮਲੀਲਾ ਰਾਜਪੁਰਾ ਸ਼ਹਿਰ ਦੀ ਸਟੇਜ ਸੀ, ਜਿੱਥੇ ਉਸ ਇਕੱਲੇ ਨੇ ਦਸ ਦਿਨਾਂ ਲਈ ਗਾਇਆ।
ਮੇਵਾ ਰੌਣਕ ਦੀ ਰਿਕਾਰਡਿੰਗ ਵੱਲ ਨਜ਼ਰ ਮਾਰਿਆਂ ਪਤਾ ਲੱਗਦਾ ਹੈ ਕਿ ਉਸ ਦੀ ਸਭ ਤੋਂ ਪਹਿਲੀ ਰਿਕਾਰਡਿੰਗ ਦਿੱਲੀ ਦੀ ਸੋਨੋਟੋਨ ਕੰਪਨੀ ਵਿੱਚ ਬੀਬਾ ਆਸ਼ਾ ਚੌਹਾਨ ਨਾਲ ਕਰਵਾਈ ਕੈਸਿਟ, ”ਲਾਰੇ ਲਾਉਣ ਦੇ ਤਰੀਕੇ” ਸੀ। ਦੂਜੀ ਕੈਸਿਟ ਅਨੀਤਾ ਸਮਾਣਾ ਨਾਲ ਸੀ, ”ਧੰਨਵਾਦ ਭਾਬੀਏ” ਤੇ ਤੀਜੀ ਕੈਸਿਟ ਕੁਲਦੀਪ ਕੌਰ ਜੀ ਨਾਲ, ‘ਅਮਲੀ ਦੀ ਗੌਰਮਿੰਟ’, (ਫੇਮ ‘ਘੱਗਰੇ ਦੀ ਵੇ ਲੌਣ ਭਿੱਜ ਗੀ’) ਸੀ। ਆਪਣੇ ਲਿਖੇ ਗੀਤਾਂ ਤੋਂ ਇਲਾਵਾ ਰੌਣਕ ਨੇ ਹੋਰ ਵੀ ਕਈ ਗੀਤਕਾਰਾਂ ਦੇ ਗੀਤ ਗਾਏ, ਜਿਹਨਾਂ ਵਿੱਚ ਬੰਤ ਰਾਮ ਪੁਰੇ ਵਾਲਾ, ਮੇਹਰ ਦਬਾਲੀ ਵਾਲਾ, ਰੂਪਾ ਪਾਇਲ ਵਾਲਾ, ਲੱਛਮਣ ਲੱਛਾ, ਹਰਬੰਸ ਪੰਡਰਾਲੀ ਆਦਿ ਨਾਂ ਵਿਸੇਸ਼ ਜ਼ਿਕਰ ਯੋਗ ਹਨ।. . ਘੋਨੇ-ਮੋਨੇ ਸਿਰ ਤੋਂ ਸਿੰਘ ਸਰੂਪ ਵਿਚ ਬਦਲਣ ਦਾ ਰਾਜ ਸਾਂਝਾ ਕਰਦਿਆਂ ਗੱਲਬਾਤ ਦੌਰਾਨ ਰੌਣਕ ਨੇ ਕਿਹਾ, ‘ ਮੈਂ 2010 ਤੱਕ ਵਿਆਹਾਂ-ਸ਼ਾਦੀਆਂ ਅਤੇ ਸਭਿਆਚਾਰਕ ਮੇਲਿਆਂ ‘ਤੇ ਖੂਬ ਗਾਇਆ। ਫੇਰ ਮੈਨੂੰ ਇੱਕ ਸਟੇਜ ਉਤੇ ਕਿਸੇ ਨੇ, ”ਓਏ” ਕਹਿ ਕੇ ਆਖਿਆ ਤੇ ਬੋਲਿਆ, ”ਤੈਨੂੰ ਡਰਾਈਵਰਾਂ ਦਾ ਗੀਤ ਗਾਉਣ ਲਈ ਕਹਿ ਰਹੇ ਆਂ ; ਤੈਨੂੰ ਸੁਣਦਾ ਨੀ ?” ਬਸ ਏਥੋਂ ਮੇਰਾ ਮਨ ਬਦਲ ਗਿਆ। ਮੈਂ ਕਸਮ ਖਾਧੀ ਕਿ ਅੱਜ ਤੋਂ ਬਾਅਦ ਵਿਆਹਾਂ-ਸ਼ਾਦੀਆਂ ਦੇ ਪ੍ਰੋਗਰਾਮ ਨਹੀ ਲਵਾਂਗਾ। ਬਸ, ਫੇਰ ਮੈਂ ਢਾਡੀ ਸਿੰਘ ਬਣ ਗਿਆ। ਅੱਜ ਵੀ ਮੈਂ ਢਾਡੀ ਪ੍ਰੋਗਰਾਮ ਕਰ ਰਿਹਾ ਹਾਂ। ਮੈਂ ਆਕਾਸ਼ਵਾਣੀ ਪਟਿਆਲਾ ਤੋਂ ਇਲਾਵਾ ਦੂਰਦਰਸ਼ਨ ਦੇ ਵੱਖੋ-ਵੱਖ ਪ੍ਰੋਗਰਾਮਾਂ ਵਿਚ ਗਾਉਂਦਾ ਰਹਿੰਦਾ ਹਾਂ। ਮਿਡਲ ਕਲਾਸ ਦੀ ਫੈਮਿਲੀ ਕਰਕੇ ਮੈਂ ਭਾਂਵੇਂ ਉਹ ਕੁਝ ਤਾਂ ਨਹੀ ਕਰ ਸਕਿਆ ਜੋ ਮੇਰੇ ਸੁਪਨੇ ਸਨ, ਪਰ, ਫਿਰ ਵੀ ਓਸ ਮਾਲਕ ਦਾ ਸ਼ੁਕਰਗੁਜ਼ਾਰ ਹਾਂ ਕਿ ਮੈਨੂੰ ਮੇਰੇ ਮਿੱਤਰਾਂ ਨੇ ਬਹੁਤ ਸਹਿਯੋਗ ਦਿੱਤਾ।”. . . ”ਸਟੁੱਡੀਓ ਵਿਚ ਪੁਰਾਣੀ ਤੇ ਅੱਜ ਦੀ ਰਿਕਾਰਡਿੰਗ ਵਿਚ ਕੀ ਫਰਕ ਹੈ ਰੌਣਕ ਜੀ ?” ਦਾ ਉਤਰ ਦਿੰਦਿਆਂ ਉਸ ਕਿਹਾ, ”ਲੁਧਿਆਣਵੀ ਜੀ, ”ਉਦੋਂ ਸਟੁੱਡੀਓ ਵਿਚ ਅੱਜ ਵਾਲੀਆਂ ਸਹੂਲਤਾਂ ਨਹੀ ਸਨ ਹੁੰਦੀਆਂ ਕਿ ਜਿੱਥੋਂ ਗਲਤੀ ਹੋਈ ਉੱਥੋਂ ਅੱਗੇ ਗਾ ਲਿਆ। ਉਦੋਂ ਏ ਟਰੈਕ ਰਿਕਾਰਡਿੰਗ ਹੁੰਦੀ ਸੀ। ਕਿਸੇ ਕੋਲੋਂ ਗਾਉਣ ਲੱਗਿਆਂ ਜਾਂ ਸਾਜ਼ ਵਜਾਉਣ ਲੱਗਿਆਂ ਗਲਤੀ ਹੋ ਜਾਣੀ ਤਾਂ ਗੀਤ ਫੇਰ ਮੁੱਢ ਤੋਂ ਹੀ ਗਾਉਣਾ ਪੈਂਦਾ ਸੀ।”
ਮੇਵਾ ਰੌਣਕ ਨੇ ਆਪਣੇ ਲਿਖੇ ਗੀਤਾਂ ਤੋਂ ਇਲਾਵਾ ਬਹੁਤ ਸਾਰੇ ਗਾਇਕਾਂ ਨਾਲ ਰਿਕਾਰਡਿੰਗ ਵਿੱਚ ਤੂੰਬੀ ਵੀ ਵਜਾਈ ਹੈ। ਮੇਵਾ ਰੌÎਣਕ ਜਿੱਥੇ ਲੱਖੀ ਵਣਜਾਰਾ, ਤਰਲੋਕ ਚਹਿਲ, ਸੁੱਖ ਚਮਕੀਲਾ, ਫੌਜੀ ਰਾਜਪੁਰੀ, ਦੁਰਗਾ ਰੰਗੀਲਾ, ਗੁਰਬਖਸ਼ ਸ਼ੌਂਕੀ, ਸਵ: ਕੁਲਦੀਪ ਪਾਰਸ, ਕਰਤਾਰ ਰਮਲਾ ਜੀ ਆਦਿ ਗਾਇਕਾਂ ਨਾਲ ਬਹੁਤ ਵਧੀਆ ਰਹਿ ਚੁੱਕੀ ਨੇੜਤਾ ਨੂੰ ਯਾਦ ਕਰਦਾ ਹੈ, ਉਥੇ ਪੁਰਾਣੇ ਵਿਰਸੇ ਨੂੰ ਸੰਭਾਲੀ ਬੈਠੇ ਗੀਤ- ਸੰਗੀਤ ਪ੍ਰੇਮੀ ਬਲਜੀਤ ਸਿੰਘ ਟੰਡਨ ਤੇ ਸੁਰਿੰਦਰ ਸਿੰਘ ਗਿੱਲ ਦੁੱਗਰੀ ਨਾਲ ਵੀ ਬਹੁਤ ਗਹਿਰਾ ਪਿਆਰ ਹੋਣ ਦਾ ਮਾਣ ਮਹਿਸੂਸ ਕਰਦਾ ਹੈ। ਗੀਤ-ਸੰਗੀਤ ਦੀ ਦੁਨੀਆਂ ਵਿਚ ਦਹਾਕਿਆਂ ਤੋ ਆਪਣੀ ਕਲਮ ਤੇ ਅਵਾਜ਼ ਨਾਲ ਪ੍ਰਭਾਵਸ਼ਾਲੀ ਪੈੜਾਂ ਛੱਡਦੇ ਆ ਰਹੇ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੇ ਸੱਚੇ-ਸੁੱਚੇ ਸਪੂਤ ਮੇਵਾ ਸਿੰਘ ਰੌਣਕ ਨੂੰ ਮੇਰਾ ਪ੍ਰਵਰਦਗਾਰ ਨਿਰਵਿਘਨ ਰੌਣਕਾਂ ਲਾਉਂਦੇ ਰਹਿਣ ਦਾ ਅਤੇ ਦੇਸ਼-ਵਿਦੇਸ਼ ਵਿਚ ਆਪਣੀਆਂ ਕਲਾਵਾਂ ਦੇ ਝੰਡੇ ਗੱਡੀ ਰੱਖਣ ਦਾ ਹੋਰ ਵੀ ਬਲ ਬਖ਼ਸ਼ੇ !
-ਪ੍ਰੀਤਮ ਲੁਧਿਆਣਵੀ, (ਚੰਡੀਗੜ), 9876428641
ਸੰਪਰਕ : ਮੇਵਾ ਸਿੰਘ ਰੋਣਕ, 9878268586

Leave a Reply

Your email address will not be published. Required fields are marked *