ਕੈਨਬਰਾ ਦੀ ਸੰਸਦ ਵਿਚ ਕਿਸਾਨ ਅੰਦੋਲਨ ਦਾ ਮੁੱਦਾ ਗੂੰਜਿਆ

ਸਿਡਨੀ : ਆਸਟਰੇਲੀਆ ਦੀ ਰਾਜਧਾਨੀ ਕੈਨਬਰਾ ਵਿਚ ਕੇਂਦਰੀ ਸੰਸਦ ਦੇ ਸਦਨ ਵਿਚ ਕਿਸਾਨ ਅੰਦੋਲਨ ਦਾ ਮੁੱਦਾ ਗੂੰਜਿਆ ਅਤੇ ਭਾਰਤੀ ਕਿਸਾਨਾਂ ਦੇ ਹੱਕ ’ਚ ਹਾਅ ਦਾ ਨਾਅਰਾ ਮਾਰਿਆ ਗਿਆ। 

ਸਿਡਨੀ ਦੇ ਗ੍ਰੀਨਵੇਅ ਹਲਕੇ ਤੋਂ ਲੇਬਰ ਪਾਰਟੀ ਦੀ ਸੰਸਦ ਮੈਂਬਰ ਮਿਸ਼ੈਲ ਰੋਲੈਂਡ ਨੇ ਸਪੀਕਰ ਨੂੰ ਮੁਖਾਤਿਬ ਹੁੰਦਿਆਂ ਕਿਹਾ ਕਿ ਉਸ ਨੂੰ ਹਲਕੇ ਦੇ ਲੋਕਾਂ ਨੇ ਦੱਸਿਆ ਕਿ ਭਾਰਤ ਸਰਕਾਰ ਨੇ ਖੇਤੀਬਾੜੀ ਸੈਕਟਰ ਵਿਚ ਕਿਸਾਨਾਂ ਨਾਲ ਸਲਾਹ-ਮਸ਼ਵਰਾ ਕੀਤੇ ਬਿਨਾਂ ਸਖ਼ਤ ਕਾਨੂੰਨੀ ਤਬਦੀਲੀਆਂ ਕੀਤੀਆਂ ਹਨ। ਖੇਤੀ ਨਾਲ ਜੁੜੇ ਕਿਸਾਨਾਂ-ਮਜ਼ਦੂਰਾਂ ਦੇ ਹਿੱਤ ਦਰਕਿਨਾਰ ਕੀਤੇ ਗਏ ਹਨ, ਜਿਸ ਕਾਰਨ ਕਿਸਾਨਾਂ ਨੂੰ ਡਰ ਹੈ ਕਿ ਉਨ੍ਹਾਂ ਦੀ ਰੋਜ਼ੀ-ਰੋਟੀ ਖ਼ਤਮ ਹੋ ਜਾਵੇਗੀ। ਦੱਸਣਯੋਗ ਹੈ ਕਿ ਗ੍ਰੀਨਵੇਅ ਖੇਤਰ ਭਾਰਤੀ ਪੰਜਾਬੀਆਂ ਦੀ ਵਸੋਂ ਵਾਲਾ ਹੈ।

   ਸੰਸਦ ਮੈਂਬਰ ਨੇ ਕਿਹਾ ਕਿ ਹੁਣ ਇਹ ਮੁੱਦਾ ਸੰਵੇਦਨਸ਼ੀਲ ਬਣ ਗਿਆ ਹੈ। ਭਾਰਤ ਵਿੱਚ ਕਿਸਾਨਾਂ ਵਲੋਂ ਵਿਆਪਕ ਹੜਤਾਲਾਂ ਕੀਤੀਆ ਜਾ ਰਹੀਆਂ ਹਨ ਅਤੇ ਰਾਜਧਾਨੀ ਦਿੱਲੀ ਦੀ ਘੇਰਾਬੰਦੀ ਕੀਤੀ ਹੋਈ ਹੈ। ਲੋਕ ਸੜਕਾਂ ਉੱਤੇ ਆਏ ਹਨ। ਆਸਟਰੇਲੀਆ ਵਿਚ ਵਸਦੇ ਭਾਰਤੀ ਲੋਕਾਂ ਵਿਚ ਵੀ ਖੇਤੀ ਕਾਨੂੰਨਾਂ ਨੂੰ ਲੈ ਕੇ ਬੇਚੈਨੀ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਇਸ ਮਾਮਲੇ ’ਤੇ ਭਾਰਤੀ ਹਾਈ ਕਮਿਸ਼ਨਰ ਨਾਲ ਵਿਚਾਰ ਕੀਤਾ ਹੈ। ਉਨ੍ਹਾਂ ਆਸ ਜਤਾਈ ਕਿ ਮਸਲੇ ਦਾ ਹੱਲ ਸ਼ਾਂਤੀਪੂਰਵਕ ਢੰਗ ਨਾਲ ਨਿਕਲੇਗਾ।

ਉਧਰ ਕਿਸਾਨ ਸਮਰਥਕ ਆਪੋ-ਆਪਣੇ ਹਲਕਿਆਂ ਦੇ ਸੰਸਦ ਮੈਂਬਰਾਂ ਤੇ ਹੋਰ ਰਾਜਨੀਤਕ ਆਗੂਆਂ ਨੂੰ ਮਿਲ ਕੇ ਜ਼ੋਰ ਪਾ ਰਹੇ ਹਨ ਕਿ ਆਸਟਰੇਲੀਆ ਸਰਕਾਰ ਕਿਸਾਨ ਵਿਰੋਧੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਭਾਰਤ ’ਤੇ ਕੂਟਨੀਤਕ ਢੰਗ ਨਾਲ ਕੌਮਾਂਤਰੀ ਦਬਾਅ ਪਾਵੇ।

ਦੱਖਣੀ ਆਸਟਰੇਲੀਆ ਵਿੱਚ ਭਾਰਤੀ ਕਿਸਾਨਾਂ ਦੀ ਹਮਾਇਤ 

ਐਡੀਲੇਡ :ਭਾਰਤ ਸਰਕਾਰ ਵੱਲੋਂ ਦਿੱਲੀ ਕਿਸਾਨ ਅੰਦੋਲਨ ਦੀਆਂ ਹੱਕੀ ਮੰਗਾਂ ਪ੍ਰਤੀ ਅਪਣਾਏ ਗੈਰ-ਜ਼ਿੰਮੇਵਾਰ ਅਤੇ ਤਾਨਾਸ਼ਾਹ ਰਵੱਈਏ ਨੂੰ ਵਿਸ਼ਵ ਪੱਧਰ ’ਤੇ ਜਨਤਕ ਕਰਨ ਲਈ ਭਾਰਤੀ ਭਾਈਚਾਰੇ ਵੱਲੋਂ ਆਸਟਰੇਲੀਆ ਦੇ ਵੱਖ-ਵੱਖ ਸ਼ਹਿਰਾਂ ਵਿੱਚ ਮੁਜ਼ਾਹਰੇ ਕੀਤੇ ਜਾ ਰਹੇ ਹਨ ਅਤੇ ਆਪਣੇ ਵਾਹਨਾਂ ਉਪਰ ਕਿਸਾਨ ਅੰਦੋਲਨ ਦੇ ਹੱਕ ਵਿੱਚ ਪੋਸਟਰ ਲਾ ਕੇ ਕਿਸਾਨ ਅੰਦੋਲਨ ਦੀ ਹਮਾਇਤ ਕੀਤੀ ਜਾ ਰਹੀ ਹੈ। ਸ਼ਹੀਦ ਭਗਤ ਸਿੰਘ ਸਪੋਰਟਸ ਕਲੱਬ ਦੱਖਣੀ ਆਸਟਰੇਲੀਆ ਦੇ ਨੁਮਾਇੰਦਿਆਂ ਤੇ ਖਿਡਾਰੀਆਂ ਨੇ ਭਾਰਤੀ ਕਿਸਾਨ ਮੋਰਚੇ ਦੇ ਹੱਕ ਵਿੱਚ ਆਵਾਜ਼ ਬੁਲੰਦ ਕਰਦਿਆਂ ਐਡੀਲੇਡ ਦੇ ਉੱਤਰੀ ਇਲਾਕੇ ਦੇ ਜ਼ਿਪ-ਕਰਾਸ ਚੌਕ ਵਿੱਚ ਡਿਜੀਟਲ ਬੈਨਰ ਲਾ ਕੇ ਹਮਾਇਤ ਕੀਤੀ। ਭਾਰਤੀ ਕਿਸਾਨਾਂ ਤੇ ਭਾਰਤ ਸਰਕਾਰ ਵਿਚਾਲੇ ਵਧਦੀ ਤਲਖ਼ੀ ਦਾ ਮੁੱਦਾ ਵਿਧਾਨਿਕ ਕੌਂਸਲ ਦੇ ਮੈਂਬਰ ਤੁੰਗ ਨੁਗੋ ਵੱਲੋਂ ਦੱਖਣੀ ਆਸਟਰੇਲੀਆ ਦੇ ਸੰਸਦ ਵਿੱਚ ਸੰਜੀਦਗੀ ਨਾਲ ਸਾਂਝਾ ਕੀਤਾ ਗਿਆ। ਉਨ੍ਹਾਂ ਭਾਰਤੀ ਕਿਸਾਨਾਂ ਵੱਲੋਂ ਖੇਤੀ ਕਾਨੂੰਨਾਂ ਨੂੰ ਰੱਦ ਕਰਾਉਣ ਸਬੰਧੀ ਦਿੱਲੀ ਵਿਚ ਚੱਲ ਰਿਹਾ ਅੰਦੋਲਨ ਸੂਬਾ ਸੰਸਦ ਦੇ ਧਿਆਨ ਵਿੱਚ ਲਿਆਂਦਾ। 

Leave a Reply

Your email address will not be published. Required fields are marked *