ਭਾਰਤੀ ਸ਼ੇਅਰ ਬਾਜ਼ਾਰ ਹਾਲੋਂ ਬੇਹਾਲ

ਮੁੰਬਈ : ਕਰੋਨਾਵਾਇਰਸ ਦੇ ਵਧਦੇ ਕਹਿਰ, ਯੈੱਸ ਬੈਂਕ ਘਟਨਾਕ੍ਰਮ ਤੇ ਆਲਮੀ ਪੱਧਰ ’ਤੇ ਕੱਚੇ ਤੇਲ ਦੀਆਂ ਕੀਮਤਾਂ ਵਿੱਚ ਆਏ ਵੱਡੇ ਨਿਘਾਰ ਕਰਕੇ ਬੰਬੇ ਸਟਾਕ ਐਕਸਚੇਂਜ (ਬੀਐੱਸਈ) 1941 ਤੋਂ ਵੱਧ ਨੁਕਤਿਆਂ ਦੇ ਗੋਤੇ ਨਾਲ ਅੱਜ ਮੂਧੇ ਮੂੰਹ ਜਾ ਡਿੱਗਾ। ਨੈਸ਼ਨਲ ਸਟਾਕ ਐਕਸਚੇਂਜ ਨੇ 538 ਨੁਕਤਿਆਂ ਦੀ ਗਿਰਾਵਟ ਦਰਜ ਕੀਤੀ। ਇਸ ਦੇ ਨਾਲ ਹੀ ਭਾਰਤੀ ਸ਼ੇਅਰ ਬਾਜ਼ਾਰ ਨੇ ਅੱਜ ਇਕ ਦਿਨ ਵਿੱਚ ਸਭ ਤੋਂ ਵੱਡਾ ਨਿਘਾਰ ਵੀ ਰਿਕਾਰਡ ਕੀਤਾ। ਸੈਂਸੈਕਸ ਤੇ ਨਿਫ਼ਟੀ ਕ੍ਰਮਵਾਰ 2467 ਤੇ 695 ਨੁਕਤੇ ਹੇਠਾਂ ਵੱਲ ਨੂੰ ਗਏ। ਦਿਨ ਦੇ ਕਾਰੋਬਾਰ ਮਗਰੋਂ ਸੈਂਸੈਕਸ 1941.67 ਨੁਕਤਿਆਂ ਭਾਵ 5.17 ਫੀਸਦ ਦੇ ਨੁਕਸਾਨ ਨਾਲ 35,634.95 ਦੇ ਅੰਕੜੇ ’ਤੇ ਬੰਦ ਹੋਇਆ। ਪਿਛਲੇ 13 ਮਹੀਨਿਆਂ ’ਚ ਇਹ ਸਭ ਤੋਂ ਹੇਠਲਾ ਪੱਧਰ ਹੈ। ਉਧਰ ਨਿਫ਼ਟੀ 538 ਨੁਕਤਿਆਂ ਜਾਂ 4.90 ਫੀਸਦ ਦੇ ਨੁਕਸਾਨ ਨਾਲ 10,451.45 ਦੇ ਅੰਕੜੇ ’ਤੇ ਜਾ ਕੇ ਥੰਮਿਆ। ਸ਼ੇਅਰ ਬਾਜ਼ਾਰ ਨੂੰ ਆਏ ਇਸ ਵੱਡੇ ਗੋਤੇ ਨਾਲ ਨਿਵੇਸ਼ਕਾਂ ਦਾ 6,84,277.65 ਕਰੋੜ ਰੁਪਿਆ ਇਕ ਦਿਨ ਵਿੱਚ ਮਿੱਟੀ ਹੋ ਗਿਆ।

ਸ਼ੇਅਰ ਬਾਜ਼ਾਰ ਵਿੱਚ ਅੱਜ ਦੇ ਕਾਰੋਬਾਰ ਦੌਰਾਨ ਓਐੱਨਜੀਸੀ ਘਾਟਾ ਝੱਲਣ ਵਾਲੀਆਂ ਕੰਪਨੀਆਂ ’ਚੋਂ ਸਿਖਰ ’ਤੇ ਰਹੀ। ਕੰਪਨੀ ਦੇ ਸ਼ੇਅਰ 16 ਫੀਸਦ ਤਕ ਡਿੱਗ ਗਏ। ਨੁਕਸਾਨ ਝੱਲਣ ਵਾਲੀਆਂ ਹੋਰਨਾਂ ਕੰਪਨੀਆਂ ’ਚ ਰਿਲਾਇੰਸ ਇੰਡਸਟਰੀਜ਼, ਇੰਡਸਇੰਡ ਬੈਂਕ, ਟਾਟਾ ਸਟੀਲ, ਟੀਸੀਐੱਸ, ਆਈਸੀਆਈਸੀਆਈ ਬੈਂਕ ਤੇ ਬਜਾਜ ਆਟੋ ਪ੍ਰਮੁੱਖ ਹਨ। ਰਿਲਾਇੰਸ ਨੂੰ ਅੱਜ ਦੇ ਫੇਰਬਦਲ ਨਾਲ 12 ਫੀਸਦ ਤੋਂ ਵੱਧ ਦਾ ਨੁਕਸਾਨ ਹੋਇਆ। ਯੈੱਸ ਬੈਂਕ ਲਈ ਸੰਕਟਮੋਚਕ ਬਣ ਕੇ ਆਏ ਐੱਸਬੀਆਈ ਦੇ ਸ਼ੇਅਰ 6 ਫੀਸਦ ਤੋਂ ਵੱਧ ਜਾ ਡਿੱਗੇ। ਯੈੱਸ ਬੈਂਕ ਨੂੰ 31 ਫੀਸਦ ਦਾ ਫਾਇਦਾ ਹੋਇਆ ਹੈ। ਪਹਿਲੀ ਫਰਵਰੀ ਨੂੰ ਕੇਂਦਰੀ ਬਜਟ ਪੇਸ਼ ਕੀਤੇ ਜਾਣ ਮਗਰੋਂ ਸੈਂਸੈਕਸ ਹੁਣ ਤਕ 5,088.54 ਨੁਕਤੇ ਜਾਂ 12.49 ਫੀਸਦ ਤਕ ਡਿੱਗ ਚੁੱਕਾ ਹੈ ਜਦੋਂਕਿ ਨਿਫ਼ਟੀ ਨੂੰ 1510.65 ਨੁਕਤਿਆਂ ਜਾਂ 12 ਫੀਸਦ ਦੀ ਮਾਰ ਪਈ ਹੈ। ਪਿਛਲੇ ਸਾਲ ਸੈਂਸੈਕਸ ਤੇ ਨਿਫਟੀ ਵਿੱਚ ਕ੍ਰਮਵਾਰ ਸਾਲਾਨਾ 14 ਫੀਸਦ ਤੇ 12 ਫੀਸਦ ਦਾ ਉਛਾਲ ਆਇਆ ਸੀ। ਐੱਚਡੀਐੱਫਸੀ ਸਕਿਓਰਿਟੀਜ਼ ਦੇ ਹੈੱਡ (ਰਿਟੇਲ ਰਿਸਰਚ) ਦੀਪਕ ਜਸਾਨੀ ਨੇ ਕਿਹਾ, ‘ਓਪੇਕ ਤੇ ਰੂਸ ਵਿਚਾਲੇ ਕਰਾਰ ਟੁੱਟਣ ਮਗਰੋਂ ਕੱਚੇ ਤੇਲ ਦੀਆਂ ਕੀਮਤਾਂ ਇਕ ਦਿਨ ਵਿੱਚ 30 ਫੀਸਦ ਤੋਂ ਵੱਧ (ਪਿਛਲੇ ਤਿੰਨ ਦਹਾਕਿਆਂ ਵਿੱਚ) ਡਿੱਗ ਗਈਆਂ ਹਨ। ਕਰੋਨਾਵਾਇਰਸ ਮਹਾਮਾਰੀ ਨੇ ਵੀ ਸ਼ੇਅਰ ਬਾਜ਼ਾਰ ਨੂੰ ਵੱਡੀ ਢਾਹ ਲਾਈ ਹੈ।’

ਕੱਚੇ ਤੇਲ ਦੀਆਂ ਕੀਮਤਾਂ ਵਿੱਚ ਆਏ ਨਿਘਾਰ ਤੇ ਕਰੋਨਾਵਾਇਰਸ ਦੇ ਵਧਦੇ ਖ਼ੌਫ਼ ਨੇ ਆਲਮੀ ਪੱਧਰ ’ਤੇ ਵੀ ਸ਼ੇਅਰ ਬਾਜ਼ਾਰ ਨੂੰ ਵੱਡੀ ਸੱਟ ਮਾਰੀ ਹੈ। ਲੰਡਨ ਦਾ ਐੱਫਟੀਐੱਸਈ 100 ਇੰਡੈਕਸ, ਜਿਸ ਵਿੱਚ ਬਰਤਾਨੀਆ ਦੀ ਸਿਖਰਲੀਆਂ ਕੰਪਨੀਆਂ ਸ਼ੁਮਾਰ ਹਨ, 6.3 ਫੀਸਦ ਡਿੱਗ ਗਿਆ। ਉਂਜ ਦਿਨ ਦੇ ਕਾਰੋਬਾਰ ਇੰਡੈਕਸ ਲਗਪਗ 9 ਫੀਸਦ ਤਕ ਹੇਠਾਂ ਚਲਿਆ ਗਿਆ ਸੀ, ਪਰ ਮਗਰੋਂ ਕੁਝ ਸੰਭਲਦਿਆਂ ਪੈਰਾਂ ਸਿਰ ਹੋ ਗਿਆ। ਇਟਲੀ ਵਿੱਚ ਮਿਲਾਨ ਐੱਫਟੀਐੱਸਈ ਐੱਮਆਈਬੀ ਇੰਡੈਕਸ ਨੂੰ 9.9 ਫੀਸਦ ਦਾ ਨੁਕਸਾਨ ਹੋਇਆ। ਟੋਕੀਓ, ਹਾਂਗਕਾਂਗ ਤੇ ਸਿਡਨੀ ਦੇ ਸ਼ੇਅਰ ਬਾਜ਼ਾਰ ਕ੍ਰਮਵਾਰ 5, 4.2 ਤੇ 7.3 ਫੀਸਦ ਤਕ ਡਿੱਗ ਗਏ।

Leave a Reply

Your email address will not be published. Required fields are marked *