ਟਰਾਂਜ਼ਿਸਟਰ ਬੰਬ ਧਮਾਕੇ ’ਚ 30 ਬਰੀ

ਨਵੀਂ ਦਿੱਲੀ : 35 ਸਾਲ ਪਹਿਲਾਂ ਉੱਤਰ ਭਾਰਤ ਵਿੱਚ ਹੋਏ ਲੜੀਵਾਰ ਟਰਾਂਜ਼ਿਸਟਰ ਬੰਬ ਧਮਾਕਿਆਂ ਦੇ ਕੇਸ ਵਿੱਚ ਅੱਜ ਦਿੱਲੀ ਦੀ ਇਕ ਅਦਾਲਤ ਨੇ 49 ਮੁਲਜ਼ਮਾਂ ਵਿੱਚੋਂ ਇਸ ਵੇਲੇ ਜਿਊਂਦੇ ਸਾਰੇ 30 ਸਿੱਖਾਂ ਨੂੰ ਬਰੀ ਕਰ ਦਿੱਤਾ ਹੈ। ਜ਼ਿਕਰਯੋਗ ਹੈ ਕਿ ਇਨ੍ਹਾਂ ਲੜੀਵਾਰ ਧਮਾਕਿਆਂ ਵਿੱਚ 69 ਲੋਕ ਮਾਰੇ ਗਏ ਸਨ ਅਤੇ 127 ਲੋਕ ਜ਼ਖ਼ਮੀ ਹੋ ਗਏ ਸਨ। ਵਧੀਕ ਸੈਸ਼ਨ ਜੱਜ ਸੰਦੀਪ ਯਾਦਵ ਨੇ ਕਿਹਾ ਕਿ ਇਸ ਮਾਮਲੇ ਦੀ ਜਾਂਚ ਵਿੱਚ ਕਈ ਤਰੁੱਟੀਆਂ ਸਨ ਅਤੇ 35 ਸਾਲ ਪੁਰਾਣੇ ਇਸ ਕੇਸ ਦੀ ਖ਼ਾਮੀਆਂ ਭਰਪੂਰ ਰਹੀ ਜਾਂਚ ਦੌਰਾਨ ਇਕੱਠੇ ਕੀਤੇ ਗਏ ਸਬੂਤਾਂ ਦੇ ਆਧਾਰ ’ਤੇ ਮੁਲਜ਼ਮਾਂ ਨੂੰ ਦੋਸ਼ੀ ਨਹੀਂ ਠਹਿਰਾਇਆ ਜਾ ਸਕਦਾ। ਪੁਲੀਸ ਦੀ ਚਾਰਜਸ਼ੀਟ ਅਨੁਸਾਰ 10 ਮਈ 1985 ਦੀ ਸ਼ਾਮ ਨੂੰ ਬੰਬ ਫਿੱਟ ਕੀਤੇ ਟਰਾਂਜ਼ਿਸਟਰਾਂ ਨੂੰ ਬੱਸਾਂ ਤੇ ਦਿੱਲੀ ਵਿੱਚ ਹੋਰ ਜਨਤਕ ਥਾਵਾਂ ਅਤੇ ਉੱਤਰ ਪ੍ਰਦੇਸ਼ ਤੇ ਹਰਿਆਣਾ ਦੇ ਨਾਲ ਲੱਗਦੇ ਖੇਤਰਾਂ ਵਿੱਚ ਛੱਡ ਦਿੱਤਾ ਗਿਆ ਸੀ। ਇਨ੍ਹਾਂ ਧਮਾਕਿਆਂ ਵਿੱਚ ਇਕੱਲੇ ਦਿੱਲੀ ’ਚ 49 ਲੋਕਾਂ ਦੀ ਮੌਤ ਹੋ ਗਈ ਸੀ ਤੇ 127 ਜਣੇ ਜ਼ਖ਼ਮੀ ਹੋ ਗਏ ਸਨ।
ਦਿੱਲੀ ਪੁਲੀਸ ਦੇ ਡੀਸੀਪੀ (ਕੇਂਦਰੀ) ਦੀ ਅਗਵਾਈ ਹੇਠਲੀ ਇਕ ਵਿਸ਼ੇਸ਼ ਜਾਂਚ ਟੀਮ ਨੇ ਇਸ ਮਾਮਲੇ ’ਚ 59 ਮੁਲਜ਼ਮਾਂ ਖ਼ਿਲਾਫ਼ ਚਾਰਜਸ਼ੀਟ ਦਾਇਰ ਕੀਤੀ ਸੀ। ਇਨ੍ਹਾਂ 59 ’ਚੋਂ ਪੰਜ ਜਣੇ ਭਗੌੜੇ ਹਨ ਜੋ ਕਦੇ ਅਦਾਲਤ ’ਚ ਪੇਸ਼ ਨਹੀਂ ਹੋਏ। ਉਪਰੰਤ ਜੁਲਾਈ 2006 ਵਿੱਚ ਟਰਾਇਲ ਕੋਰਟ ਨੇ ਸਬੂਤਾਂ ਦੀ ਘਾਟ ਕਰ ਕੇ ਪੰਜ ਜਣਿਆਂ ਨੂੰ ਬਰੀ ਕਰ ਦਿੱਤਾ ਸੀ। ਬਾਕੀ ਬਚਦੇ 49 ਮੁਲਜ਼ਮਾਂ ਵਿੱਚੋਂ 19 ਜਣਿਆਂ ਦੀ ਕੇਸ ਦੀ ਅਦਾਲਤੀ ਕਾਰਵਾਈ ਦੌਰਾਨ ਹੀ ਮੌਤ ਹੋ ਚੁੱਕੀ ਹੈ। ਅਖ਼ੀਰ ਪਿੱਛੇ ਰਹਿੰਦੇ 30 ਮੁਲਜ਼ਮ 1986 ਤੋਂ ਜ਼ਮਾਨਤ ’ਤੇ ਚੱਲ ਰਹੇ ਸਨ ਤੇ ਇਹ ਸਾਰੇ ਹੀ ਸਿੱਖ ਹਨ।
ਅਦਾਲਤ ਨੇ ਕਿਹਾ ਕਿ ਸਰਕਾਰੀ ਪੱਖ ਮੁਲਜ਼ਮਾਂ ਖ਼ਿਲਾਫ਼ ਦੋਸ਼ ਸਾਬਿਤ ਕਰਨ ਵਿੱਚ ਫੇਲ੍ਹ ਸਾਬਿਤ ਹੋਇਆ ਹੈ। ਇਹ ਟਿੱਪਣੀ ਕਰਦਿਆਂ ਅਦਾਲਤ ਨੇ ਸੁਰਜੀਤ ਕੌਰ, ਮਨਮੋਹਨ ਸਿੰਘ, ਗੁਰਦੇਵ ਸਿੰਘ, ਬੂਟਾ ਸਿੰਘ, ਕੁਲਬੀਰ ਸਿੰਘ ਉਰਫ਼ ਭੋਲਾ, ਇੰਦਰਜੀਤ ਸਿੰਘ ਉਰਫ਼ ਹੈਪੀ, ਹਰਦੀਪ ਸਿੰਘ, ਤੀਰਥ ਸਿੰਘ, ਮੁਖ਼ਤਿਆਰ ਸਿੰਘ, ਭੁਪਿੰਦਰ ਸਿੰਘ ਉਰਫ਼ ਭਿੰਦਾ, ਅਰਵਿੰਦਰ ਸਿੰਘ ਉਰਫ਼ ਨੀਟੂ, ਅਨੂਪ ਸਿੰਘ ਅਤੇ ਮਨਜੀਤ ਸਿੰਘ ਨੂੰ ਬਰੀ ਕਰ ਦਿੱਤਾ। ਅਦਾਲਤ ਨੇ ਜੋਗਿੰਦਰਪਾਲ ਸਿੰਘ ਭਾਟੀਆ, ਤਰਜੀਤ ਸਿੰਘ, ਸਰਵਜੀਤ ਸਿੰਘ, ਸੁਰਿੰਦਰਪਾਲ ਸਿੰਘ, ਦਲਜੀਤ ਸਿੰਘ, ਰਾਜਿੰਦਰ ਸਿੰਘ, ਸੇਵਾ ਸਿੰਘ, ਸੁਰਿੰਦਰਪਾਲ ਸਿੰਘ ਉਰਫ਼ ਡੌਲੀ, ਸ਼ਾਹਬਾਜ਼ ਸਿੰਘ, ਸੁਖਦੇਵ ਸਿੰਘ, ਜਸਪਾਲ ਸਿੰਘ, ਦਲਵਿੰਦਰ ਸਿੰਘ ਉਰਫ਼ ਪੱਪਾ, ਨਰਿੰਦਰ ਸਿੰਘ, ਗੁਰਮੀਤ ਸਿੰਘ, ਹਰਚਰਨ ਸਿੰਘ, ਗੁਰਦੀਪ ਸਿੰਘ ਸਹਿਗਲ ਅਤੇ ਗੁਰਮੀਤ ਸਿੰਘ ਉਰਫ਼ ਹੈਪੀ ਨੂੰ ਵੀ ਬਰੀ ਕਰ ਦਿੱਤਾ ਹੈ।
ਅਦਾਲਤ ਨੇ ਕਿਹਾ ਕਿ ਪੁਲੀਸ ਨੇ ਇਹ ਸਬੂਤ ਇਕੱਠੇ ਨਹੀਂ ਕੀਤੇ ਜਿਸ ਤੋਂ ਸਪੱਸ਼ਟ ਹੋ ਸਕੇ ਕਿ ਮੁਲਜ਼ਮਾਂ ਵੱਲੋਂ ਬੱਸ ਵਿੱਚ ਰੱਖੇ ਬੰਬ ਫਟੇ ਸਨ ਜਾਂ ਨਹੀਂ। ਜੇਕਰ ਬੰਬ ਨਹੀਂ ਫਟੇ ਸਨ ਤਾਂ ਉਨ੍ਹਾਂ ਨੂੰ ਨਕਾਰਾ ਕੀਤਾ ਗਿਆ ਜਾਂ ਨਹੀਂ।

‘ਖਾਮੀਆਂ ਭਰਪੂਰ ਜਾਂਚ ’ਚ ਇਕੱਠੇ ਕੀਤੇ ਸਬੂਤਾਂ ਦੇ ਆਧਾਰ ’ਤੇ ਦੋਸ਼ੀ ਨਹੀਂ ਠਹਿਰਾਇਆ ਜਾ ਸਕਦਾ’

ਅਦਾਲਤ ਨੇ 120 ਪੰਨਿਆਂ ਦੇ ਆਪਣੇ ਫ਼ੈਸਲੇ ਵਿੱਚ ਕਿਹਾ, ‘‘ਕੁਝ ਮਾਮਲਿਆਂ ਵਿੱਚ ਜਾਂਚ ’ਚ ਤਾਂ ਕਈ ਗਵਾਹਾਂ ਨੂੰ ਸ਼ਾਮਲ ਕੀਤਾ ਜਾਂਦਾ ਹੈ ਪਰ ਉਨ੍ਹਾਂ ਨੂੰ ਅਦਾਲਤ ’ਚ ਪੇਸ਼ ਨਹੀਂ ਕੀਤਾ ਜਾਂਦਾ। ਨਿਸ਼ਚਿਤ ਤੌਰ ’ਤੇ ਇਹੀ ਤੱਥ ਨਿਕਲਦਾ ਹੈ ਕਿ ਅਜਿਹੇ ਮਾਮਲਿਆਂ ਦੀ ਜਾਂਚ ਖਾਮੀਆਂ ਤੇ ਤਰੁੱਟੀਆਂ ਭਰਪੂਰ ਹੁੰਦੀ ਹੈ। ਅਜਿਹੀ ਖਾਮੀਆਂ ਭਰਪੂਰ ਜਾਂਚ ਦੌਰਾਨ ਇਕੱਠੇ ਗਏ ਸਬੂਤਾਂ ਦੇ ਆਧਾਰ ’ਤੇ ਮੁਲਜ਼ਮਾਂ ਨੂੰ ਦੋਸ਼ੀ ਨਹੀਂ ਠਹਿਰਾਇਆ ਜਾ ਸਕਦਾ। ਜੱਜ ਨੇ ਕਿਹਾ ਕਿ ਸਬੂਤਾਂ ਤੋਂ ਇਹ ਸਪੱਸ਼ਟ ਹੋ ਗਿਆ ਹੈ ਕਿ ਜਾਂਚ ਦੌਰਾਨ ਪੁਲੀਸ ਅਧਿਕਾਰੀਆਂ ਨੇ ਵੱਖ ਵੱਖ ਵਿਅਕਤੀਆਂ ਨੂੰ ਚੁੱਕਿਆ ਅਤੇ ਉਨ੍ਹਾਂ ਉੱਪਰ ਤਸ਼ੱਦਦ ਕਰ ਕੇ ਅਤੇ ਦਬਾਅ ਪਾ ਕੇ ਉਨ੍ਹਾਂ ਤੋਂ ਜਬਰੀ ਕੁਝ ਵੀ ਕਬੂਲ ਕਰਵਾ ਲਿਆ।

Leave a Reply

Your email address will not be published. Required fields are marked *