ਹੋਣਹਾਰ ਕਵਿੱਤਰੀ ਤੇ ਕਹਾਣੀਕਾਰਾ : ਸਿਮਰਨਜੀਤ ਕੌਰ ਸਿਮਰ

‘ਆਪਣੇ ਸਮਾਜ ’ਚ ਦੱਬੇ ਕੁਚਲੇ ਲੋਕਾਂ ਦੀ ਹਾਲਤ ਅਤੇ ਕੁੜੀਆਂ ਨਾਲ ਹੁੰਦੀ ਵਿਤਕਰੇ ਦੀ ਭਾਵਨਾ ਮੈਥੋਂ ਸਹਾਰੀ ਨਹੀ ਜਾਂਦੀ। ਕਿਸੇ ਦਾ ਦਰਦ ਦੇਖ ਕੇ ਆਪ-ਮੁਹਾਰੇ ਅੱਖਾਂ ’ਚ ਅੱਥਰੂ ਆ ਜਾਂਦੇ ਹਨ ਮੇਰੇ। ਫਿਰ ਮੇਰੀ ਕਲਮ ਉਸ ਦਰਦ ਨੂੰ ਮਹਿਸੂਸ ਕਰਦੀ ਹੋਈ ਕੋਰੋ ਕਾਗਜ ਦੀ ਹਿੱਕੜੀ ਉਤੇ ਝਰੀਟੇ ਵਾਹੁਣ ਨੂੰ ਨਿਕਲ ਤੁਰਦੀ ਹੈ।” . . ਅਜਿਹੇ ਵਿਚਾਰਾਂ ਦਾ ਪ੍ਰਗਟਾਵਾ ਕਰਨ ਵਾਲੀ ਹੋਣਹਾਰ ਕਵਿੱਤਰੀ ਤੇ ਕਹਾਣੀਕਾਰਾ ਸਿਮਰਨਜੀਤ ਕੌਰ ਸਿਮਰ ਦਾ ਜਨਮ ਜਿਲਾ ਪਟਿਆਲਾ ਦੇ ਇੱਕ ਨਿੱਕੇ ਜਿਹੇ ਪਿੰਡ ਮਵੀਂ ਸੱਪਾਂ ਵਿਖੇ ਪਿਤਾ ਸਰਦਾਰ ਗੱਜਣ ਸਿੰਘ ਦੇ ਵਿਹੜੇ ਵਿਚ ਮਾਤਾ ਬਲਵਿੰਦਰ ਕੌਰ ਜੀ ਦੀ ਪਾਕਿ-ਪਵਿੱਤਰ ਕੁੱਖੋਂ ਹੋਇਆ। ਸਿਮਰ ਦੱਸਦੀ ਹੈ ਕਿ ਉਸਨੂੰ ਬਚਪਨ ਤੋਂ ਹੀ ਅੱਖ਼ਰਾਂ ਨਾਲ ਲਗਾਓ ਹੋ ਗਿਆ ਸੀ। ਮੁੱਢਲੀ ਪੜਾਈ ਪਿੰਡੋਂ ਕਰਕੇ ਉਸਨੇ ਪਲੱਸ-ਟੂ ਸ. ਹ. ਸ. ਕਰਹਾਲੀ ਸਾਹਿਬ ਤੋਂ ਅਤੇ ਬੀ. ਏ. ਦੀ ਪੜਾਈ ਗੁਰੂ ਹਰਗੋਬਿੰਦ ਸਾਹਿਬ ਖ਼ਾਲਸਾ ਗਰਲਜ ਕਾਲਜ ਕਰਹਾਲੀ ਸਾਹਿਬ ਤੋਂ ਕੀਤੀ। ਅੱਗੇ ਹੁਣ ਬੀ. ਐਡ ਕਰਨ ਦੀ ਤਿਆਰੀ ਹੈ, ਉਸਦੀ ਕਵਿਤਾ ਦੇ ਨਾਲ-ਨਾਲ ਕਹਾਣੀਆਂ ਵੀ ਲਿਖਣ ਵਾਲੀ ਸਿਮਰ ਹੁਣ ਤੱਕ ਆਨ-ਲਾਈਨ ਹੁੰਦੇ ਕਈ ਕਵੀ-ਦਰਬਾਰਾਂ ’ਚ ਵੀ ਆਪਣੀ ਹਾਜ਼ਰੀ ਲਗਵਾ ਚੁੱਕੀ ਹੈ। ‘ਸਾਹਿਤਕਾਰੋਂ ਕਾ ਮੰਚ‘ (ਫੇਸ ਬੁੱਕ ਗਰੁੱਪ) ਦੇ ਹਿੰਦੀ ਕਵੀ-ਦਰਬਾਰ ’ਚ ਉਸ ਨੇ ਆਪਣੀ ਲਿਖ਼ਤ ਦੀ ਬਦੌਲਤ, ‘‘ਪ੍ਰਸ਼ੰਸਾ ਯੋਗ‘‘ ਸਰਟੀਫਿਕੇਟ ਵੀ ਪ੍ਰਾਪਤ ਕੀਤਾ ਹੈ। ਸਿਮਰ ਦੇ ਅਖਬਾਰਾਂ ਦੇ ਛਪਣ ਖੇਤਰ ਦੀ ਗੱਲ ਕਰੀਏ ਤਾਂ ਉਸ ਦੀਆਂ ਰਚਨਾਵਾਂ, ਵਿਰਾਸਤ, ਲਿਸ਼ਕਾਰਾ ਟਾਈਮਜ, ਪੰਜਾਬੀ ਇੰਨ ਹਾਲੈਂਡ ਤੇ ਨਿਊਜ਼ ਟਾਈਮਜ ਪੰਜਾਬ ਵਿਚ ਛਪ ਚੁੱਕੀਆਂ ਹਨ। ਸਾਹਿਤ ਤੇ ਸੱਭਿਆਚਾਰ ਵਿਚ ਵੇਲ ਵਾਂਗ ਫੈਲ ਰਹੀ ਅਸ਼ਲੀਲਤਾ ਬਾਰੇ ਉਹ ਆਖਦੀ ਹੈ, ‘‘ਇਹ ਬੰਦੇ ਦੀ ਡਿੱਗ ਰਹੀ ਮਾਨਸਿਕ ਹਾਲਤ ਦਾ ਪ੍ਰਗਟਾਵਾ ਕਰਦੀ ਹੈ ਜੋ ਬਹੁਤ ਬੁਰੀ ਤੇ ਨਿੰਦਣ ਯੋਗ ਗੱਲ ਹੈ। ਸਾਨੂੰ ਵੱਧ ਤੋਂ ਵੱਧ ਚੰਗਾ ਸਾਹਿਤ ਪੜਨਾ ਤੇ ਲਿਖਣਾ ਚਾਹੀਦਾ ਹੈ। ਆਪਣੇ ਸਮੇਂ ਨੂੰ ਉਸਾਰੂ ਕੰਮਾਂ ’ਚ ਲਾਉਣਾ ਚਾਹੀਦਾ ਹੈ, ਤਦ ਹੀ ਅਸੀਂ ਨਰੋਏ ਤੇ ਨਿਰੋਗ ਸਾਹਿਤ ਤੇ ਸਮਾਜ ਦੀ ਸਿਰਜਣਾ ਕਰ ਸਕਦੇ ਹਾਂ।” . . .
ਇੱਥੋਂ ਤੱਕ ਦੇ ਸਾਹਿਤਕ ਸਫ਼ਰ ਦੌਰਾਨ ਆਪਣੇ ਦਾਦਾ ਜੀ, ਪਾਪਾ ਤੇ ਮੰਮੀ ਜੀ ਦਾ ਮਿਲ ਰਿਹਾ ਸਹਿਯੋਗ ਦੱਸਣ ਵਾਲੀ ਸਿਮਰਨਜੀਤ ਕੌਰ ਸਿਮਰ ਅਜੇ ਤਕ ਆਪਣੀ ਕੋਈ ਮੌਲਿਕ ਪੁਸਤਕ ਦਾ ਉਪਰਾਲਾ ਤਾਂ ਨਹੀਂ ਕਰ ਸਕੀ, ਪਰ ਸਾਹਿਤਕ ਕਲਸ ਪਬਲੀਕੇਸ਼ਨ, ਪਟਿਆਲਾ ਦੇ ਸੰਸਥਾਪਕ ਸ੍ਰੀ ਸਾਗਰ ਸੂਦ ਜੀ ਵੱਲੋਂ ਪ੍ਰਕਾਸ਼ਤ ਕਰਵਾਏ ਜਾ ਰਹੇ ਸਾਂਝੇ ਕਾਵਿ-ਸੰਗ੍ਰਹਿ ਦਾ ਜਲਦੀ ਹੀ ਹਿੱਸਾ ਬਣ ਰਹੀ ਹੈ, ਉਹ। ਸਿਮਰ ਦੀ ਲਿਖਤ ਦਾ ਨਮੂਨਾ ਦੇਖੋ :-
” ਇਹ ਕਲਮ ਜਦੋਂ ਮੇਰੇ ਹੱਥ ਵਿਚ ਆਵੇ,
ਇਹ ਦੁੱਖ ਹੀ ਦੁੱਖ ਬਸ ਲਿਖਦੀ ਜਾਵੇ।
ਖੁਸ਼ੀ ਵਾਲੇ ਅਹਿਸਾਸ ਫੇਰ ਲਿਖ ਨਾ ਹੁੰਦੇ,
ਮੁੱਖ ’ਤੇ ਝੂਠੇ ਹਾਸੇ ਕਿਉਂ ਦਿਸ ਨਾ ਹੁੰਦੇ।
ਦਿਲ ਦੀ ਕਿਤਾਬੋਂ ਫਿਰ ਹੰਝੂ ਹੀ ਕਿਰਦੇ,
ਸੁਪਨੇ-ਸੱਧਰਾਂ ਦੇ ਬੂਹੇ ਢੁੱਕੇ ਹੀ ਮਿਲਦੇ।
ਖੂਨ ਅਰਮਾਨਾਂ ਦਾ, ਕਾਤਿਲ ਪਤਾ ਨਹੀਂ,
ਉਡੇ ਵਿੱਚ ਅਸਮਾਨੀ, ਕੀਤੀ ਖ਼ਤਾ ਨਹੀਂ।
ਖੁਸ਼ੀਆਂ-ਚਾਅ, ‘ ਸਿਮਰ‘ ਅਧੂਰੇ ਰਹਿ ਗਏ ਨੇ,
ਖਿਆਲਾਂ ਵਾਲੇ ਪੰਛੀ ਅੱਕ ਕੇ ਬਹਿ ਗਏ ਨੇ। ”
ਰੱਬ ਕਰੇ ! ਚਾਵਾਂ, ਰੀਝਾਂ ਤੇ ਸਧਰਾਂ ਨਾਲ ਆਪਣੇ ਦਿਲੀ ਜਜ਼ਬਾਤਾਂ ਤੇ ਅਰਮਾਨਾਂ ਨੂੰ ਕੋਰੇ ਕਾਗਜ਼ਾਂ ਦੀ ਹਿੱਕੜੀ ਦਾ ਸ਼ਿੰਗਾਰ ਬਣਾਉਂਦੀ, ਹਰ ਪੱਲ ਅੱਗੇ ਵਧਦੀ, ਇਹ ਮੁਟਿਆਰ ਸਿਮਰਨਜੀਤ ਕੌਰ ਸਿਮਰ ਆਪਣਿਆਂ ਸੁਪਨਿਆਂ ਅਤੇ ਇਰਾਦਿਆਂ ਦੀ ਪੂਰਤੀ ਕਰਨ ਵਿਚ ਦਿਨ ਦੁੱਗਣੀ ਰਾਤ ਚੌਗੁਣੀ ਤਰੱਕੀ ਕਰੇ! ਸਾਡੀਆਂ ਦਿਲੀ ਦੁਆਵਾਂ ਨਾਲ ਹਨ, ਉਸਦੇ।
ਪ੍ਰੀਤਮ ਲੁਧਿਆਣਵੀ (ਚੰਡੀਗੜ), 9876428641
ਸੰਪਰਕ- ਸਿਮਰਨਜੀਤ ਕੌਰ ਸਿਮਰ, 7009036334

Leave a Reply

Your email address will not be published. Required fields are marked *