ਪੰਜਾਬ ਵੱਡੇ ਪੱਧਰ ’ਤੇ ਕੋਵਿਡ ਟੀਕਾਕਰਨ ਦੀ ਸ਼ੁਰੂਆਤ ਲਈ ਪੂਰੀ ਤਰਾਂ ਤਿਆਰ: ਮੁੱਖ ਸਕੱਤਰ

ਚੰਡੀਗੜ/ਜਲੰਧਰ-ਪੰਜਾਬ ਵੱਡੇ ਪੱਧਰ ’ਤੇ ਕੋਵਿਡ ਟੀਕਾਕਰਨ ਦੀ ਸ਼ੁਰੂਆਤ ਲਈ ਪੂਰੀ ਤਰਾਂ ਤਿਆਰ ਹੈ ਅਤੇ ਲੋਕਾਂ ਦੀ ਉਨਾਂ ਦੇ ਜੋਖਮ ਤੇ ਹੋਰ ਕਾਰਕਾਂ, ਸਿਹਤ ਸੰਭਾਲ ਲਈ ਤਰਜੀਹ ਅਤੇ ਫਰੰਟਲਾਈਨ ਵਰਕਰਾਂ ਦੇ ਅਧਾਰ ’ਤੇ ਪਛਾਣ ਕਰਨ ਅਤੇ ਟੀਕਾਕਰਨ ਲਈ ਲੋੜੀਂਦੇ ਪ੍ਰੋਟੋਕੋਲ ਜਾਰੀ ਕੀਤੇ ਜਾ ਰਹੇ ਹਨ।ਇਹ ਜਾਣਕਾਰੀ ਪੰਜਾਬ ਦੇ ਮੁੱਖ ਸਕੱਤਰ ਸ੍ਰੀਮਤੀ ਵਿਨੀ ਮਹਾਜਨ ਨੇ ਅੱਜ ਇੱਥੇ ਦਿੱਤੀ।
ਉਨਾਂ ਕਿਹਾ ਕਿ ਸੂਬੇ ਦਾ ਸਰਕਾਰੀ ਅਮਲਾ ਪੂਰੀ ਤਰਾਂ ਤਿਆਰ ਹੈ ਅਤੇ ਰਾਜ ਵਿਚ ਵੱਡੇ ਪੱਧਰ ’ਤੇ ਟੀਕਾਕਰਨ ਮੁਹਿੰਮ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਸਾਰੇ ਲੋੜੀਂਦੇ ਪ੍ਰਬੰਧ ਕੀਤੇ ਗਏ ਹਨ।ਇਹ ਵੈਕਸੀਨ ਅਗਲੇ ਸਾਲ ਦੇ ਸ਼ੁਰੂ ਵਿੱਚ ਸੂਬੇ ’ਚ ਆਉਣ ਦੀ ਉਮੀਦ ਹੈ। ਹਾਲਾਂਕਿ, ਇਸ ਦੌਰਾਨ, ਉਨਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਲਾਗ ਦੇ ਅੱਗੇ ਫੈਲਣ ਨੂੰ ਰੋਕਣ ਲਈ ਕੋਵਿਡ ਸਬੰਧੀ ਢੁੱਕਵੀਆਂ ਸਾਵਧਾਨੀਆਂ ਖਾਸ ਕਰਕੇ ਮਾਸਕ ਪਹਿਨਣ ਅਤੇ ਇੱਕ ਦੂਜੇ ਤੋਂ ਸਮਾਜਿਕ ਵਿੱਥ ਬਣਾਏ ਰੱਖਣ ਦੀ ਸਖ਼ਤੀ ਨਾਲ ਪਾਲਣਾ ਕਰਨ।
ਸ੍ਰੀਮਤੀ ਮਹਾਜਨ ਆਪਣੇ ਚੱਲ ਰਹੇ ਫੀਲਡ ਦੌਰਿਆਂ ਦੇ ਹਿੱਸੇ ਵਜੋਂ ਅੱਜ ਜਲੰਧਰ ਜ਼ਿਲੇ ਦੇ ਦੌਰੇ ’ਤੇ ਸਨ। ਇਨਾਂ ਦੌਰਿਆਂ ਦਾ ਮੰਤਵ ਸ਼ਾਸਨ ਵਿੱਚ ਸੁਧਾਰ, ਵਿਕਾਸ ਪ੍ਰਾਜੈਕਟਾਂ ਵਿੱਚ ਤੇਜ਼ੀ ਲਿਆਉਣ ਦੇ ਨਾਲ ਨਾਲ ਜ਼ਮੀਨੀ ਪੱਧਰ ‘ਤੇ ਜਨਤਕ ਸੇਵਾਵਾਂ ਦੀ ਸਪੁਰਦਗੀ ਵਿੱਚ ਸੰਪੂਰਨ ਜਵਾਬਦੇਹੀ, ਜ਼ਿੰਮੇਵਾਰੀ ਅਤੇ ਪਾਰਦਰਸ਼ਤਾ ਨੂੰ ਯਕੀਨੀ ਬਣਾਉਣਾ ਹੈ।
ਜਲੰਧਰ ਡਵੀਜ਼ਨ ਦੇ ਡਿਪਟੀ ਕਮਿਸ਼ਨਰਾਂ ਦੀ ਸਮੀਖਿਆ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਮੁੱਖ ਸਕੱਤਰ ਨੇ ਜਲੰਧਰ ਡਵੀਜ਼ਨ ਅਧੀਨ ਆਉਂਦੇ ਸੱਤ ਜ਼ਿਲਿਆਂ ਦੇ ਡਿਪਟੀ ਕਮਿਸ਼ਨਰਾਂ ਨੂੰ ਮੌਜੂਦਾ ਸਮੇਂ ਕੀਤੀ ਜਾ ਰਹੀ ਰੋਜ਼ਾਨਾ 30,000 ਟੈਸਟਿੰਗ ਵਿੱਚ ਹੋਰ ਤੇਜ਼ੀ ਲਿਆਉਣ ਦੀ ਹਦਾਇਤ ਕੀਤੀ ਅਤੇ ਟੈਸਟ ਦੇ ਨਤੀਜਿਆਂ ਲਈ 24 ਘੰਟੇ ਦੀ ਸਮਾਂ ਸੀਮਾ ਨੂੰ ਸਖ਼ਤੀ ਨਾਲ ਯਕੀਨੀ ਬਣਾਉਣ ਲਈ ਕਿਹਾ ਤਾਂ ਜੋ ਸੂਬੇ ਵਿਚ ਕੋਵਿਡ ਦੀ ਸੰਭਾਵਤ ਦੂਜੀ ਲਹਿਰ ਦੇ ਅਸਰ ਨੂੰ ਘੱਟ ਕੀਤਾ ਜਾ ਸਕੇ।
ਉਨਾਂ ਡਿਪਟੀ ਕਮਿਸ਼ਨਰ ਨੂੰ ਸਮਾਜਿਕ ਇਕੱਠਾਂ ਉੱਤੇ ਲਗਾਈਆਂ ਗਈਆਂ ਤਾਜ਼ਾ ਪਾਬੰਦੀਆਂ ਨੂੰ ਸਖਤੀ ਨਾਲ ਲਾਗੂ ਕਰਨ ਅਤੇ ਸੂਬੇ ਵਿੱਚ ਤਿੱਖੀ ਨਿਗਰਾਨੀ ਬਣਾਏ ਰੱਖਣ ਦੀ ਹਦਾਇਤ ਕੀਤੀ ।
ਅੱਜ ਦੀ ਮੀਟਿੰਗ ਵਿੱਚ ਜਲੰਧਰ, ਕਪੂਰਥਲਾ, ਹੁਸ਼ਿਆਰਪੁਰ, ਅੰਮਿ੍ਰਤਸਰ, ਗੁਰਦਾਸਪੁਰ, ਪਠਾਨਕੋਟ ਅਤੇ ਤਰਨ ਤਾਰਨ ਜ਼ਿਲਿਆਂ ਦੇ ਵਿਕਾਸ ਪ੍ਰਾਜੈਕਟਾਂ ਅਤੇ ਪ੍ਰਬੰਧਕੀ ਕਾਰਜਾਂ ਦੀ ਸਮੀਖਿਆ ਕੀਤੀ ਗਈ।
ਮੁੱਖ ਸਕੱਤਰ ਨੇ ਡਿਪਟੀ ਕਮਿਸ਼ਨਰਾਂ ਨੂੰ ਕਿਹਾ ਕਿ ਉਹ ਆਪਣੇ ਸਬੰਧਤ ਜ਼ਿਲਿਆਂ ਵਿੱਚ ਮਹੱਤਵਪੂਰਨ ਪ੍ਰਾਜੈਕਟਾਂ ਦਾ ਸਮੇਂ ਸਿਰ ਮੁਕੰਮਲ ਹੋਣਾ ਯਕੀਨੀ ਬਣਾਉਣ। ਉਨਾਂ ਵਿਕਾਸ ਕਾਰਜਾਂ ’ਤੇ ਤਸੱਲੀ ਪ੍ਰਗਟਾਈ ਜੋ ਜ਼ਿਲਾ ਪ੍ਰਸ਼ਾਸਨ ਦੇ ਕੋਵਿਡ ਰਿਸਪਾਂਸ ਦੇ ਕਾਰਜ ਵਿੱਚ ਲੱਗੇ ਹੋਣ ਦੇ ਬਾਵਜੂਦ ਮੁੜ ਸ਼ੁਰੂ ਕੀਤੇ ਗਏ ਹਨ।
ਅੱਜ ਦੀ ਮੀਟਿੰਗ ਵਿਚ ਸਮੀਖਿਆ ਲਈ ਸਾਹਮਣੇ ਆਏ ਮਹੱਤਵਪੂਰਨ ਪ੍ਰਾਜੈਕਟਾਂ ਵਿਚ ਆਦਮਪੁਰ ਸਿਵਲ ਹਵਾਈ ਅੱਡੇ ਲਈ ਅਪਰੋਚ ਰੋਡ, ਅੰਮਿ੍ਰਤਸਰ ਵਿਚ ਡੀਏਸੀ ਦਾ ਕੰਮਕਾਜ, ਤਰਨ ਤਾਰਨ ਲਾਅ ਯੂਨੀਵਰਸਿਟੀ ਦੀ ਸ਼ੁਰੂਆਤ ਕਰਨ ਦੀ ਤਿਆਰੀ, ਦਿੱਲੀ-ਕਟੜਾ ਐਕਸਪ੍ਰੈਸਵੇ ਪ੍ਰਾਜੈਕਟ ਦੀ ਪ੍ਰਗਤੀ ਅਤੇ ਸਮਾਰਟ ਸਿਟੀ ਦੇ ਕਾਰਜ ਸ਼ਾਮਲ ਸਨ।
ਮੁੱਖ ਸਕੱਤਰ ਨੂੰ ਸਮਾਰਟ ਵਿਲੇਜ ਕੰਪੇਨ ਤੋਂ ਜਾਣੂੰ ਕਰਾਇਆ ਗਿਆ ਅਤੇ ਦੱਸਿਆ ਕਿ ਫੇਜ਼ 1 ਲਈ ਯੂਈਆਈਪੀ ਪ੍ਰੋਜੈਕਟ ਇਸ ਦਸੰਬਰ ਦੇ ਅਖੀਰ ਤੱਕ ਮੁਕੰਮਲ ਕਰ ਦਿੱਤੇ ਜਾਣਗੇ ਅਤੇ ਪੇਂਡੂ ਅਤੇ ਸ਼ਹਿਰੀ ਦੋਵਾਂ ਖੇਤਰਾਂ ਵਿੱਚ ਫੇਜ਼ 2 ਪ੍ਰਾਜੈਕਟ ਪੂਰੇ ਜ਼ੋਰਾਂ ‘ਤੇ ਚੱਲ ਰਹੇ ਹਨ।
ਉਨਾਂ ਰਾਜ ਵਿੱਚ ਯੂਈਆਈਪੀ ਦੇ ਹਿੱਸੇ ਵਜੋਂ ਕੀਤੇ ਜਾ ਰਹੇ 11,000 ਕਰੋੜ ਰੁਪਏ ਦੇ ਕਾਰਜਾਂ ਅਤੇ ਐਸਵੀਸੀ ਦੇ ਹਿੱਸੇ ਵਜੋਂ 3,610 ਕਰੋੜ ਰੁਪਏ ਦੀ ਲਾਗਤ ਵਾਲੇ ਕਾਰਜਾਂ ‘ਤੇ ਤਸੱਲੀ ਪ੍ਰਗਟ ਕੀਤੀ।
ਮੁੱਖ ਸਕੱਤਰ ਨੇ ਡਿਪਟੀ ਕਮਿਸ਼ਨਰਾਂ ਨੂੰ ਦਸੰਬਰ ਦੇ ਅਖੀਰ ਤੱਕ ਸਕੂਲਾਂ ਅਤੇ ਆਂਗਣਵਾੜੀ ਕੇਂਦਰਾਂ ਵਿੱਚ ਪੀਣ ਵਾਲੇ ਪਾਣੀ ਅਤੇ ਪਖਾਨਿਆਂ ਦੀ 100 ਪ੍ਰਤੀਸ਼ਤ ਉਪਲਬਧਤਾ ਨੂੰ ਯਕੀਨੀ ਬਣਾਉਣ ‘ਤੇ ਧਿਆਨ ਕੇਂਦਰਿਤ ਕਰਨ ਲਈ ਵੀ ਕਿਹਾ । ਉਨਾਂ ਲੜਕੀਆਂ ਅਤੇ ਔਰਤਾਂ ਵਿੱਚ ਅਨੀਮੀਆ ਨਾਲ ਨਜਿੱਠਣ ਲਈ ਹਰ ਸੰਭਵ ਕੋਸ਼ਿਸ਼ ਕਰਨ ਦੀਆਂ ਹਦਾਇਤਾਂ ਵੀ ਦਿੱਤੀਆਂ।
ਬਾਅਦ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੁੱਖ ਸਕੱਤਰ ਨੇ ਕਿਹਾ ਕਿ ਪੰਜਾਬ ਸਰਕਾਰ ਕੋਵਿਡ ਮਹਾਂਮਾਰੀ ਦੀ ਸੰਭਾਵਿਤ ਦੂਜੀ ਲਹਿਰ ਦਾ ਟਾਕਰਾ ਕਰਨ ਲਈ ਹਰ ਸੰਭਵ ਯਤਨ ਕਰ ਰਹੀ ਹੈ, ਜਿਸ ਲਈ ਰਾਜ ਵਿੱਚ ਸੈਂਪਲਿੰਗ ਸਮਰੱਥਾ ਵਿੱਚ ਕਾਫ਼ੀ ਵਾਧਾ ਕੀਤਾ ਜਾ ਰਿਹਾ ਹੈ। ਉਨਾਂ ਦੱਸਿਆ ਕਿ ਮੌਜੂਦਾ ਸਮੇਂ ਰਾਜ ਵਿੱਚ ਰੋਜ਼ਾਨਾ 30,000 ਕੋਵਿਡ ਟੈਸਟ ਕੀਤੇ ਜਾ ਰਹੇ ਹਨ, ਜਿਨਾਂ ਵਿੱਚੋਂ 75 ਫੀਸਦੀ ਸੈਂਪਲ ਆਰਟੀ-ਪੀਸੀਆਰ ਟੈਸਟ ਲਈ ਲਏ ਗਏ। ਆਰਟੀਪੀਸੀਆਰ ਟੈਸਟ ਦੀ ਸਟੀਕਤਾ ਕਾਰਨ ਇਸ ਵਿਚ ਹੋਰ ਤੇਜ਼ੀ ਲਿਆਂਦੀ ਜਾਵੇਗੀ।
ਉਨਾਂ ਕਿਹਾ ਕਿ ਅਧਿਕਾਰੀਆਂ ਨਾਲ ਅਜਿਹੀਆਂ ਜ਼ਮੀਨ ਪੱਧਰੀ ਮੀਟਿੰਗਾਂ ਕਰਨ ਦਾ ਉਦੇਸ਼ ਸਰਕਾਰ ਦੇ ਚੱਲ ਰਹੇ ਕੰਮਾਂ ਅਤੇ ਯੋਜਨਾਵਾਂ ਬਾਰੇ ਫੀਡਬੈਕ ਲੈਣਾ ਅਤੇ ਜ਼ਿਲਿਆਂ ਵਿੱਚ ਆ ਰਹੀ ਕਿਸੇ ਵੀ ਮੁਸ਼ਕਿਲ ਜਾਂ ਰੁਕਾਵਟਾਂ ਨੂੰ ਹੱਲ ਕਰਨਾ ਹੈ।
ਮੁੱਖ ਸਕੱਤਰ ਦੇ ਨਾਲ ਵਿੱਤ ਕਮਿਸ਼ਨਰ (ਕਰ) ਏ ਵੇਨੂ ਪ੍ਰਸਾਦ, ਪ੍ਰਮੁੱਖ ਸਕੱਤਰ ਹਾਊਸਿੰਗ ਅਤੇ ਅਰਬਨ ਡਿਵੈਲਪਮੈਂਟ ਸਰਵਜੀਤ ਸਿੰਘ, ਪ੍ਰਮੁੱਖ ਸਕੱਤਰ ਪਲਾਨਿੰਗ ਜਸਪਾਲ ਸਿੰਘ, ਪ੍ਰਮੁੱਖ ਸਕੱਤਰ ਉਦਯੋਗ ਅਤੇ ਵਣਜ ਅਲੋਕ ਸ਼ੇਖਰ, ਪ੍ਰਮੁੱਖ ਸਕੱਤਰ ਪੀਡਬਲਿਯੂਡੀ ਜਸਪ੍ਰੀਤ ਤਲਵਾਰ ਅਤੇ ਸਕੱਤਰ ਸਥਾਨਕ ਸਰਕਾਰਾਂ ਏਕੇ ਸਿਨਹਾ ਮੌਜੂਦ ਸਨ। ਡਿਵੀਜ਼ਨਲ ਕਮਿਸ਼ਨਰ ਰਾਜ ਕਮਲ ਚੌਧਰੀ ਵੀ ਮੀਟਿੰਗ ਵਿੱਚ ਸ਼ਾਮਿਲ ਹੋਏ।

ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ (ਜਲੰਧਰ) ਅਪਨੀਤ ਰਿਆਤ (ਹੁਸ਼ਿਆਰਪੁਰ), ਦੀਪਤੀ ਉੱਪਲ (ਕਪੂਰਥਲਾ), ਮੁਹੰਮਦ ਇਸ਼ਫਾਕ (ਗੁਰਦਾਸਪੁਰ), ਸੰਯਮ ਅਗਰਵਾਲ (ਪਠਾਨਕੋਟ), ਕੁਲਵੰਤ ਸਿੰਘ (ਤਰਨ ਤਾਰਨ), ਅੰਮਿ੍ਰਤਸਰ ਦੇ ਏਡੀਸੀ ਹਿਮਾਂਸ਼ੂ ਅਗਰਵਾਲ ਅਤੇ ਜਲੰਧਰ ਨਗਰ ਨਿਗਮ ਕਮਿਸ਼ਨਰ ਕਰਨੇਸ਼ ਸ਼ਰਮਾ ਨੇ ਵੀ ਮੀਟਿੰਗ ਵਿੱਚ ਸ਼ਿਰਕਤ ਕੀਤੀ।

Leave a Reply

Your email address will not be published. Required fields are marked *