ਗੱਲਬਾਤ ਲਈ ਤਿਆਰ ਪਰ ਕਾਨੂੰਨ ਰੱਦ ਕਰਨ ਦੀ ਮੰਗ ’ਤੇ ਕਾਇਮ

ਨਵੀਂ ਦਿੱਲੀ : ਪ੍ਰਦਰਸ਼ਨ ਕਰ ਰਹੇ ਕਿਸਾਨ ਯੂਨੀਅਨ ਦੇ ਆਗੂਆਂ ਨੇ ਅੱਜ ਕਿਹਾ ਹੈ ਕਿ ਉਹ ਸਰਕਾਰ ਨਾਲ ਗੱਲਬਾਤ ਲਈ ਤਿਆਰ ਹਨ ਪਰ ਪਹਿਲਾਂ ਤਿੰਨ ਨਵੇਂ ਖੇਤੀ ਕਾਨੂੰਨ ਰੱਦ ਕਰਨ ਬਾਰੇ ਵਿਚਾਰ ਵਟਾਂਦਰਾ ਕਰਨਗੇ। ਆਗੂਆਂ ਨੇ ਚੱਲ ਰਹੇ ਸੰਘਰਸ਼ ਨੂੰ ਹੋਰ ਤੇਜ਼ ਕਰਨ ਦਾ ਐਲਾਨ ਵੀ ਕੀਤਾ। ਇਸੇ ਦੌਰਾਨ ਕਿਸਾਨ ਆਗੂਆਂ ਨੇ ਐਲਾਨ ਕੀਤਾ ਹੈ ਕਿ 14 ਦਸੰਬਰ ਨੂੰ 32 ਕਿਸਾਨ ਜਥੇਬੰਦੀਆਂ ਦੇ ਨੁਮਾਇੰਦੇ ਇੱਕ ਦਿਨ ਦੀ ਭੁੱਖ ਹੜਤਾਲ ’ਤੇ ਬੈਠਣਗੇ।

ਯੂਨੀਅਨਾਂ ਦੇ ਆਗੂਆਂ ਦੀ ਬੈਠਕ ਮਗਰੋਂ ਕਿਸਾਨ ਆਗੂ ਕੰਵਲਪ੍ਰੀਤ ਸਿੰਘ ਪੰਨੂ ਨੇ ਮੀਡੀਆ ਨੂੰ ਦੱਸਿਆ ਕਿ ਰਾਜਸਥਾਨ ਦੇ ਸ਼ਾਹਜਹਾਂਪੁਰ ਤੋਂ ਹਜ਼ਾਰਾਂ ਕਿਸਾਨ ਐਤਵਾਰ ਨੂੰ ਸਵੇਰੇ 11 ਵਜੇ ਜੈਪੁਰ-ਦਿੱਲੀ ਹਾਈਵੇਅ ਰਾਹੀਂ ‘ਦਿੱਲੀ ਚੱਲੋ’ ਮਾਰਚ ਸ਼ੁਰੂ ਕਰਨਗੇ ਤੇ ਇਹ ਮਾਰਗ ਬੰਦ ਕਰਨ ਲਈ ਟਰੈਕਟਰ ਮਾਰਚ ਵੀ ਕੱਢਿਆ ਜਾਵੇਗਾ। ਉਨ੍ਹਾਂ ਕਿਹਾ ਕਿ ਦੇਸ਼ ਦੇ ਹੋਰਨਾਂ ਹਿੱਸਿਆਂ ਤੋਂ ਵੀ ਕਿਸਾਨ ਇਸ ਅੰਦੋਲਨ ’ਚ ਸ਼ਾਮਲ ਹੋਣ ਲਈ ਪਹੁੰਚ ਰਹੇ ਹਨ ਤੇ ਉਨ੍ਹਾਂ ਆਉਂਦੇ ਦਿਨਾਂ ’ਚ ਨਵੇਂ ਖੇਤੀ ਕਾਨੂੰਨਾਂ ਵਿਰੁੱਧ ਆਪਣਾ ਅੰਦੋਲਨ ਹੋਰ ਤੇਜ਼ ਕਰਨ ਦਾ ਫੈਸਲਾ ਲਿਆ ਹੈ। ਉਨ੍ਹਾਂ ਕਿਹਾ, ‘ਜੇਕਰ ਸਰਕਾਰ ਗੱਲਬਾਤ ਕਰਨਾ ਚਾਹੁੰਦੀ ਹੈ ਤਾਂ ਉਹ ਤਿਆਰ ਹਨ ਪਰ ਤਿੰਨੋਂ ਖੇਤੀ ਕਾਨੂੰਨ ਰੱਦ ਕਰਨ ਦੀ ਸਾਡੀ ਮੁੱਖ ਮੰਗ ਕਾਇਮ ਹੈ। ਇਸ ਤੋਂ ਬਾਅਦ ਹੀ ਅਸੀਂ ਆਪਣੀਆਂ ਹੋਰਨਾਂ ਮੰਗਾਂ ਬਾਰੇ ਚਰਚਾ ਕਰਾਂਗੇ।’ ਉਨ੍ਹਾਂ ਕਿਹਾ ਕਿ ਕਿਸਾਨ ਯੂਨੀਅਨਾਂ ਦੇ ਆਗੂ 14 ਦਸੰਬਰ ਨੂੰ ਖੇਤੀ ਕਾਨੂੰਨਾਂ ਖ਼ਿਲਾਫ਼ ਇੱਕਰੋਜ਼ਾ ਭੁੱਖ ਹੜਤਾਲ ਵੀ ਕਰਨਗੇ। ਉਨ੍ਹਾਂ ਕਿਹਾ ਕਿ ਸਰਕਾਰ ਇਸ ਅੰਦੋਲਨ ਨੂੰ ਕਮਜ਼ੋਰ ਕਰਨ ਦੀਆਂ ਕੋਸ਼ਿਸ਼ਾਂ ਕਰ ਰਹੀ ਹੈ ਪਰ ਸੰਘਰਸ਼ੀ ਕਿਸਾਨ ਅਜਿਹਾ ਨਹੀਂ ਹੋਣ ਦੇਣਗੇ। ਕਿਸਾਨ ਸ਼ਾਂਤਮਈ ਸੰਘਰਸ਼ ਜਾਰੀ ਰੱਖਣਗੇ। ਉਨ੍ਹਾਂ ਦੱਸਿਆ ਕਿ ਹਰਿਆਣਾ ਵਿੱਚ ਅੱਜ ਟੌਲ ਪਲਾਜ਼ੇ ਖੁੱਲ੍ਹੇ ਰਹੇ ਜਦਕਿ ਹੋਰ ਰਾਜਾਂ ਤੋਂ ਰਿਪੋਰਟ ਉਡੀਕੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਔਰਤਾਂ ਵੱਲੋਂ ਅੰਦੋਲਨ ਵਿੱਚ ਸ਼ਾਮਲ ਹੋਣ ਬਾਰੇ ਕਿਹਾ ਜਾ ਰਿਹਾ ਸੀ ਜਿਸ ਕਰਕੇ ਸਮੁੱਚੇ ਪ੍ਰਬੰਧ ਕਰਕੇ ਉਨ੍ਹਾਂ ਦੀ ਸ਼ਮੂਲੀਅਤ ਕਰਵਾਈ ਜਾਵੇਗੀ। ਉਨ੍ਹਾਂ ਕਿਹਾ ਕਿ ਖਨੌਰੀ ਹੱਦ ਨੇੜੇ ਪੁਲੀਸ ਵੱਲੋਂ ਲਾਏ ਗਏ ਬੈਰੀਕੈਡਾਂ ਨੂੰ ਤੋੜ ਕੇ ਕਿਸਾਨਾਂ ਦਾ ਕਾਫ਼ਲਾ ਦਿੱਲੀ ਵੱਲ ਵੱਧ ਰਿਹਾ ਹੈ। ਉੱਧਰ ਭਾਰਤੀ ਕਿਸਾਨ ਯੂਨੀਅਨ (ਚੜੂਨੀ) ਦੇ ਪ੍ਰਧਾਨ ਗੁਰਨਾਮ ਸਿੰਘ ਚੜੂਨੀ ਨੇ ਕਿਹਾ ਕਿ ਉਹ 19 ਦਸੰਬਰ ਨੂੰ ਗੁਰੂ ਤੇਗ਼ ਬਹਾਦਰ ਦੇ ਸ਼ਹੀਦੀ ਦਿਵਸ ਮੌਕੇ ਖ਼ੁਦ ਭੁੱਖ ਹੜਤਾਲ ਕਰਨਗੇ। ਉਨ੍ਹਾਂ ਚੇਤਾਵਨੀ ਦਿੱਤੀ ਕਿ ‘ਦਿੱਲੀ ਚੱਲੋ’ ਤਹਿਤ ਆ ਰਹੀਆਂ ਟਰਾਲੀਆਂ ਨੂੰ ਧੱਕੇ ਨਾਲ ਰੋਕਿਆ ਜਾ ਰਿਹਾ ਹੈ ਜਿਸ ਕਾਰਨ ਹੋਰ ਰਾਹ ਵੀ ਬੰਦ ਹੋ ਸਕਦੇ ਹਨ। ਇਸ ਲਈ ਇਨ੍ਹਾਂ ਟਰਾਲੀਆਂ ਨੂੰ ਦਿੱਲੀ ਆਉਣ ਦਿੱਤਾ ਜਾਵੇ। ਉਨ੍ਹਾਂ ਸੁਪਰੀਮ ਕੋਰਟ ਵਿੱਚ ਪਾਈ ਪਟੀਸ਼ਨ ਦੀ ਕਾਪੀ ਵੀ ਮੰਗਵਾਈ ਹੈ। ਆਗੂਆਂ ਨੇ ਕਿਹਾ ਕਿ ਇਸ ਅੰਦੋਲਨ ਦੀ ਇਹ ਸਫ਼ਲਤਾ ਹੀ ਹੈ ਕਿ ਸਰਕਾਰ ਹੁਣ ਮੰਨ ਰਹੀ ਹੈ ਕਿ ਇਨ੍ਹਾਂ ਕਾਨੂੰਨਾਂ ’ਚ ਨੁਕਸ ਹਨ। 

ਇਸ ਸੰਘਰਸ਼ ਦਾ ਹਿੱਸਾ ਸਮਾਜਿਕ ਕਾਰਕੁਨ ਯੋਗੇਂਦਰ ਯਾਦਵ ਨੇ ਕਿਹਾ ਕਿ ਰਾਜਸਥਾਨ ਤੇ ਹਰਿਆਣਾ ਦੇ ਕਿਸਾਨ ਇਕਜੁੱਟ ਹੋ ਰਹੇ ਹਨ ਤੇ ਉਨ੍ਹਾਂ ਦਾ ਦਿੱਲੀ ਮਾਰਚ ਭਲਕੇ ਐਤਵਾਰ ਨੂੰ ਸ਼ੁਰੂ ਹੋਵੇਗਾ। ਯਾਦਵ ਨੇ ਟਵੀਟ ਕੀਤਾ, ‘ਜੈਪੁਰ-ਦਿੱਲੀ ਰਾਜ ਮਾਰਗ ’ਤੇ ਕਿਸਾਨਾਂ ਦਾ ਦਿੱਲੀ ਮਾਰਚ ਅੱਜ ਨਹੀਂ ਭਲਕੇ ਐਤਵਾਰ ਨੂੰ ਸ਼ਾਹਜਹਾਂਪੁਰ ਬਾਰਡਰ ਤੋਂ ਸ਼ੁਰੂ ਹੋਵੇਗਾ। ਅੱਜ ਰਾਜਸਥਾਨ ਤੇ ਹਰਿਆਣਾ ਦੇ ਕਿਸਾਨ ਕੋਟਪੁਤਲੀ ਦੇ ਬਹਿਰੋੜ ’ਚ ਇਕੱਠੇ ਹੋਣਗੇ।’ ਨੋਇਡਾ ਦੇ ਚਿੱਲਾ ਬਾਰਡਰ ’ਤੇ 12 ਦਿਨਾਂ ਤੋਂ ਧਰਨਾ ਦੇ ਰਹੇ ਭਾਰਤੀ ਕਿਸਾਨ ਯੂਨੀਅਨ (ਭਾਨੂ) ਦੇ ਕੌਮੀ ਪ੍ਰਧਾਨ ਠਾਕੁਰ ਭਾਨੂ ਪ੍ਰਤਾਪ ਸਿੰਘ ਨੇ ਦੋਸ਼ ਲਾਇਆ ਕਿ ਉਨ੍ਹਾਂ ਚੋਣਾਂ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਖੁੱਲ੍ਹ ਕੇ ਹਮਾਇਤ ਕੀਤੀ ਸੀ ਕਿਉਂਕਿ ਉਨ੍ਹਾਂ ਨੂੰ ਆਸ ਸੀ ਉਹ ਕਿਸਾਨਾਂ ਦੇ ਹੱਕ ਦੀ ਗੱਲ ਕਰਨਗੇ, ਪਰ ਹੁਣ ਉਹ ਪ੍ਰਧਾਨ ਮੰਤਰੀ ਗਰੀਬਾਂ ਤੇ ਕਿਸਾਨਾਂ ਦੀ ਗੱਲ ਨਹੀਂ ਸੁਣ ਰਹੇ।

ਕਿਸਾਨੀ ਸੰਘਰਸ਼ ਸਿਰਫ਼ ਕੇਂਦਰੀ ਕਾਨੂੰਨਾਂ ਖ਼ਿਲਾਫ਼: ਬੁਰਜਗਿੱਲ

ਨਵੀਂ ਦਿੱਲੀ: ਭਾਰਤੀ ਕਿਸਾਨ ਯੂਨੀਅਨ (ਡਕੌਂਦਾ) ਦੇ ਪ੍ਰਧਾਨ ਬੂਟਾ ਸਿੰਘ ਬੁਰਜਗਿੱਲ ਨੇ ਇਹ ਸਪੱਸ਼ਟ ਕੀਤਾ ਹੈ ਕਿ 32 ਜਥੇਬੰਦੀਆਂ ਦੀ ਸਾਂਝੀ ਮੀਟਿੰਗ ’ਚ ਭਾਕਿਯੂ (ਏਕਤਾ ਉਗਰਾਹਾਂ) ਗਰੁੱਪ ਵੱਲੋਂ ਜੇਲ੍ਹਾਂ ’ਚ ਬੰਦ ਬੁੱਧੀਜੀਵੀਆਂ ਬਾਰੇ ਕੀਤੇ ਗਏ ਸਮਾਗਮ ਦਾ ਸਾਂਝੇ ਕਿਸਾਨੀ ਸੰਘਰਸ਼ ਨਾਲ ਕੋਈ ਸਬੰਧ ਨਹੀਂ ਹੈ। ਉਨ੍ਹਾਂ ਕਿਹਾ ਕਿ ਭਾਵੇਂ ਇਹ ਮਨੁੱਖੀ ਅਧਿਕਾਰਾਂ ਦਾ ਵੱਡਾ ਮੁੱਦਾ ਹੈ ਪਰ ਸਾਝਾ ਕਿਸਾਨੀ ਸੰਘਰਸ਼ ਕੇਂਦਰ ਸਰਕਾਰ ਵੱਲੋਂ ਬਣਾਏ ਤਿੰਨ ਖੇਤੀ ਕਾਨੂੰਨਾਂ, ਵਾਤਾਵਰਨ ਸਬੰਧੀ ਆਰਡੀਨੈਂਸ ਅਤੇ ਤਜਵੀਜ਼ਤ ਬਿਜਲੀ ਸੋਧ ਬਿੱਲ ਖ਼ਿਲਾਫ਼ ਹੈ। ਉਗਰਾਹਾਂ ਦੇ ਇਸ ਕਦਮ ਨਾਲ ਕਿਸਾਨ ਸੰਘਰਸ਼ ਨੂੰ ਠੇਸ ਪਹੁੰਚੀ ਹੈ।

ਖੇਤੀ ਕਾਨੂੰਨਾਂ ਦੇ ਹੱਕ ’ਚ ਤੋਮਰ ਨੂੰ ਮਿਲਿਆ ਕਿਸਾਨਾਂ ਦਾ ਸਮੂਹ

ਨਵੀਂ ਦਿੱਲੀ: ਤਿੰਨ ਖੇਤੀ ਕਾਨੂੰਨਾਂ ਖ਼ਿਲਾਫ਼ ਚੱਲ ਰਹੇ ਕਿਸਾਨ ਅੰਦੋਲਨ ਦੌਰਾਨ ਹਰਿਆਣਾ ਦੇ 29 ਕਿਸਾਨਾਂ ਦਾ ਵਫ਼ਦ ਅੱਜ ਖੇਤੀਬਾੜੀ ਮੰਤਰੀ ਨਰੇਂਦਰ ਸਿੰਘ ਤੋਮਰ ਨੂੰ ਮਿਲਿਆ ਅਤੇ ਨਵੇਂ ਖੇਤੀ ਕਾਨੂੰਨਾਂ ਨੂੰ ਹਮਾਇਤ ਦਿੰਦਿਆਂ ਚੇਤਾਵਨੀ ਦਿੱਤੀ ਕਿ ਜੇਕਰ ਇਹ ਕਾਨੂੰਨ ਰੱਦ ਕੀਤੇ ਗਏ ਤਾਂ ਉਹ ਰੋਸ ਪ੍ਰਦਰਸ਼ਨ ਕਰਨਗੇ। ਇਸ ਦੌਰਾਨ ਤੋਮਰ ਨੇ ਦੱਸਿਆ ਕਿ ਸਰਕਾਰ ਅੰਦੋਲਨਕਾਰੀ ਕਿਸਾਨਾਂ ਨਾਲ ਅਗਲੇ ਗੇੜ ਦੀ ਗੱਲਬਾਤ ਕਰਨ ਲਈ ਸਲਾਹ-ਮਸ਼ਵਰਾ ਕਰ ਰਹੀ ਹੈ। -ਪੀਟੀਆਈ     

ਧਰਨੇ ਤੋਂ ਪਰਤ ਰਹੇ ਕਿਸਾਨ ਦੀ ਮੌਤ

ਅੰਮ੍ਰਿਤਸਰ : ਕਿਸਾਨ ਧਰਨੇ ਤੋਂ ਦਿੱਲੀ ਤੋਂ ਪਰਤ ਰਹੇ ਕਿਸਾਨ ਦਲਬੀਰ ਸਿੰਘ (57) ਵਾਸੀ ਪਿੰਡ ਬੱਗਾ ਦੀ ਸੜਕ ਹਾਦਸੇ ’ਚ ਮੌਤ ਹੋ ਗਈ ਹੈ। ਕਿਸਾਨ ਜਥੇਬੰਦੀ ਵੱਲੋਂ ਰਾਜ ਸਭਾ ਮੈਂਬਰ ਸ਼ਵੇਤ ਮਲਿਕ ਦੇ ਘਰ ਦੇ ਬਾਹਰ ਕਿਸਾਨ ਦੀ ਲਾਸ਼ ਰੱਖ ਕੇ ਪ੍ਰਦਰਸ਼ਨ ਕੀਤਾ ਗਿਆ। ਕਿਸਾਨਾਂ ਨੇ ਸਰਕਾਰ ਤੋਂ ਮੁਆਵਜ਼ੇ ਦੀ ਮੰਗ ਕੀਤੀ ਹੈ। ਕਿਸਾਨ ਆਗੂ ਹਰਜੀਤ ਸਿੰਘ ਝੀਤਾ ਨੇ ਦੱਸਿਆ ਕਿ ਪ੍ਰਸ਼ਾਸਨ ਨੇ ਮ੍ਰਿਤਕ ਕਿਸਾਨ ਦੇ ਪਰਿਵਾਰ ਨੂੰ ਪੰਜ ਲੱਖ ਰੁਪਏ ਦਾ ਮੁਆਵਜ਼ਾ ਦੇਣ ਦੀ ਮੰਗ ਮੰਨ ਲਈ ਹੈ ਅਤੇ ਪਰਿਵਾਰ ਦੇ ਇੱਕ ਜੀਅ ਨੂੰ ਸਰਕਾਰੀ ਨੌਕਰੀ ਦੇਣ ਦੀ ਤਜਵੀਜ਼ ਸਰਕਾਰ ਨੂੰ ਭੇਜੀ ਜਾਵੇਗੀ। ਇਹ ਕਿਸਾਨ ਧਰਨੇ ਤੋਂ ਆਪਣੇ ਬੇਟੇ ਦੇ ਵਿਆਹ ਦੀ ਤਿਆਰੀ ਲਈ ਪਰਤਿਆ ਸੀ। 

ਹੁਣ ਵਾਰੋ-ਵਾਰੀ ਮੰਚ ਸੰਭਾਲਣਗੀਆਂ ਕਿਸਾਨ ਜਥੇਬੰਦੀਆਂ

ਨਵੀਂ ਦਿੱਲੀ : ਸਿੰਘੂ ਬਾਰਡਰ ’ਤੇ ਪੰਜਾਬ ਦੀਆਂ 32 ਕਿਸਾਨ ਜਥੇਬੰਦੀਆਂ ਵੱਲੋਂ ਹੁਣ ਸਟੇਜ ਸੰਚਾਲਨ ਲਈ ਪ੍ਰਬੰਧਾਂ ਨੂੰ ਹੋਰ ਸੁਚਾਰੂ ਰੂਪ ਵਿੱਚ ਚਲਾਉਣ ਲਈ ਰੋਜ਼ਾਨਾ 5-5 ਜਥੇਬੰਦੀਆਂ ਦੀ ਜ਼ਿੰਮੇਵਾਰੀ ਲਾਈ ਗਈ ਹੈ। ਇਹ ਜਥੇਬੰਦੀਆਂ ਰੋਜ਼ਾਨਾ ਬਦਲੀਆਂ ਜਾਣਗੀਆਂ ਤੇ ਵਲੰਟੀਅਰਾਂ ਦੀ ਜ਼ਿੰਮੇਵਾਰੀ ਹੋਵੇਗੀ ਕਿ ਉਹ ਮੰਚ ਸੰਚਾਲਨ ਦੇਖਣ। ਇਸ ਮੰਚ ਤੋਂ ਵਿਸ਼ੇ ਤੋਂ ਹਟਵਾਂ ਭਾਸ਼ਣ ਨਾ ਦੇਣ ਦੀ ਤਾਕੀਦ ਕੀਤੀ ਗਈ ਹੈ। ਅੱਜ ਵੱਖ-ਵੱਖ ਕਿਸਾਨ ਆਗੂਆਂ ਨੇ ਆਪਣੀਆਂ ਤਕਰੀਰਾਂ ਵਿੱਚ ਮੋਦੀ ਸਰਕਾਰ ਨੂੰ ਰਗੜੇ ਲਾਏ ਤੇ ਕਿਸਾਨਾਂ ਨਾਲ ਡਟੇ ਰਹਿਣ ਦਾ ਅਹਿਦ ਲਿਆ। ਠੰਢ ਦੇ ਬਾਵਜੂਦ ਅੱਜ ਵੱਡੀ ਗਿਣਤੀ ਵਿੱਚ ਨੇੜੇ ਦੇ ਇਲਾਕਿਆਂ ਦੇ ਕਿਸਾਨ ਸ਼ਾਮਲ ਹੋਏ। ਹੋਰ ਸੂਬਿਆਂ ਤੋਂ ਵੀ ਕਿਸਾਨ ਪਹੁੰਚਣੇ ਸ਼ੁਰੂ ਹੋ ਗਏ ਹਨ। ਟਰਾਲੀਆਂ ਦੀ ਗਿਣਤੀ ਵਧਣ ਕਰਕੇ ਕੁੰਡਲੀ-ਮਾਨੇਸਰ ਹਾਈਵੇਅ ਦੇ ਉੱਤਰੀ ਚੌਕ ਤੋਂ ਹਰਿਆਣਾ ਵੱਲ ਨੂੰ ਹੋਰ ਲੰਬੀ ਕਤਾਰ ਲੱਗ ਗਈ ਹੈ।

ਪੁਲੀਸ ਨੇ ਦਿੱਲੀ ਦੀਆਂ ਹੱਦਾਂ ’ਤੇ ਸੁਰੱਖਿਆ ਵਧਾਈ

ਨਵੀਂ ਦਿੱਲੀ: ਕੇਂਦਰ ਦੇ ਨਵੇਂ ਖੇਤੀ ਕਾਨੂੰਨਾਂ ਦੇ ਵਿਰੋਧ ’ਚ ਅੰਦੋਲਨ ਹੋਰ ਤੇਜ਼ ਕਰਨ ਅਤੇ ਜੈਪੁਰ-ਦਿੱਲੀ ਤੇ ਯਮੁਨਾ ਐੱਕਸਪ੍ਰੈੱਸਵੇਅ ਰੋਕਣ ਸਬੰਧੀ ਕਿਸਾਨਾਂ ਦੇ ਐਲਾਨ ਦੇ ਮੱਦੇਨਜ਼ਰ ਦਿੱਲੀ ਪੁਲੀਸ ਨੇ ਅੱਜ ਸ਼ਹਿਰ ਦੀਆਂ ਹੱਦਾਂ ’ਤੇ ਵੱਡੀ ਗਿਣਤੀ ’ਚ ਪੁਲੀਸ ਤਾਇਨਾਤ ਕਰ ਦਿੱਤੀ ਹੈ ਤੇ ਕੰਕਰੀਟ ਦੀਆਂ ਰੋਕਾਂ ਲਗਾ ਦਿੱਤੀਆਂ ਹਨ। 

ਇੱਕ ਸੀਨੀਅਰ ਪੁਲੀਸ ਅਧਿਕਾਰੀ ਨੇ ਦੱਸਿਆ ਕਿ ਗੁੜਗਾਓਂ ਨਾਲ ਲੱਗਦੀ ਦਿੱਲੀ ਦੀ ਹੱਦ ਤੇ ਜੈਪੁਰ ਤੋਂ ਕੌਮੀ ਰਾਜਧਾਨੀ ਨੂੰ ਜੋੜਨ ਵਾਲੇ ਕੌਮੀ ਰਾਜਮਾਰਗ ਨੰ. 8 ’ਤੇ ਕੋਈ ਮੁਜ਼ਾਹਰਾ ਨਹੀਂ ਹੋ ਰਿਹਾ। ਉਨ੍ਹਾਂ ਦੱਸਿਆ, ‘ਹੁਣ ਤੱਕ ਦਿੱਲੀ-ਗੁੜਗਾਓਂ ਹੱਣ ’ਤੇ ਕੋਈ ਮੁਜ਼ਾਹਰਾ ਨਹੀਂ ਹੈ। ਅਜਿਹੇ ’ਚ ਆਵਾਜਾਈ ’ਚ ਕੋਈ ਅੜਿੱਕਾ ਨਹੀਂ ਹੈ ਪਰ ਕਿਸੇ ਵੀ ਹਾਲਾਤ ਨਾਲ ਨਜਿੱਠਣ ਲਈ ਸੁਰੱਖਿਆ ਦੇ ਪੁਖ਼ਤਾ ਬੰਦੋਬਸਤ ਕੀਤੇ ਗਏ ਹਨ।’

ਮੀਂਹ ’ਚ ਕੰਮ ਆਈਆਂ ਤਰਪਾਲਾਂ ਵਾਲੀਆਂ ਟਰਾਲੀਆਂ

ਨਵੀਂ ਦਿੱਲੀ: ਦਿੱਲੀ ਧਰਨੇ ’ਚ ਆਉਣ ਤੋਂ ਪਹਿਲਾਂ ਕਿਸਾਨਾਂ ਨੇ ਆਪਣੀਆਂ ਟਰਾਲੀਆਂ ਵਿਗੜੇ ਮੌਸਮ ਨਾਲ ਨਜਿੱਠਣ ਲਈ ਪਹਿਲਾਂ ਹੀ ਤਿਆਰ ਕਰ ਲਈਆਂ ਸਨ। ਅੱਜ ਤੜਕੇ ਦਿੱਲੀ ’ਚ ਪਏ ਹਲਕੇ ਮੀਂਹ ਨਾਲ ਕਿਸਾਨਾਂ ਵੱਲੋਂ ਕੀਤੇ ਗਏ ਬੰਦੋਬਸਤ ਕੰਮ ਆਏ ਤੇ ਇਸ ਮੀਂਹ ਨਾਲ ਕਿਸਾਨਾਂ ਵੱਲੋਂ ਕੀਤੇ ਪ੍ਰਬੰਧਾਂ ਦੀ ਅਜ਼ਮਾਇਸ਼ ਵੀ ਹੋ ਗਈ। ਕਈ ਕਿਸਾਨਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਪਹਿਲਾਂ ਹੀ ਖਦਸ਼ੇ ਸਨ ਕਿ ਅੱਧ ਦਸੰਬਰ ਵਿੱਚ ਮੀਂਹ ਪੈ ਸਕਦਾ ਹੈ ਇਸੇ ਕਰਕੇ ਉਹ ਟਰਾਲੀਆਂ ਉੱਪਰ ਤਰਪਾਲਾਂ ਲਾ ਕੇ ਲਿਆਏ ਸੀ। 

ਕੰਬਾਈਨਾਂ ਲੈ ਕੇ ਧਰਨਿਆਂ ’ਚ ਪਹੁੰਚਣ ਲੱਗੇ ਕਿਸਾਨ

ਨਵੀਂ ਦਿੱਲੀ : ਸਿੰਘੂ ਬਾਰਡਰ ਉੱਪਰ ਜਿੱਥੇ ਟਰੈਕਟਰਾਂ ਟਰਾਲੀਆਂ, ਕਾਰਾਂ, ਜੀਪਾਂ, ਬੱਸਾਂ ਤੇ ਹੋਰ ਗੱਡੀਆਂ ਨੇ ਕੌਮੀ ਸ਼ਾਹ ਰਾਹ ਘੇਰਿਆ ਹੋਇਆ ਹੈ ਉੱਥੇ ਹੁਣ ਕਿਸਾਨ ਕੰਬਾਈਨਾਂ ਲੈ ਕੇ ਵੀ ਪਹੁੰਚਣ ਲੱਗੇ ਹਨ। ਅੰਬਾਲਾ ਦੇ ਪਿੰਡ ਲੰਗਰ ਛੰਨੀ ਦਾ ਹਰਪ੍ਰੀਤ ਸਿੰਘ ਆਪਣੀ ਕੰਬਾਈਨ ਲੈ ਕੇ ਪਹੁੰਚਿਆ ਤੇ ਉਸ ਨੇ ਇਹ ਕੰਬਾਈਨ ਸਿੰਘੂ ਬਾਰਡਰ ਨੇੜੇ ਕਰਕੇ ਖੜ੍ਹੀ ਕੀਤੀ ਹੈ। ਉਹ ਭਾਰਤੀ ਕਿਸਾਨ ਯੂਨੀਅਨ (ਚੜੂਨੀ) ਦਾ ਸਰਗਰਮ ਕਾਰਕੁਨ ਹੈ ਜਿਸ ਨੇ ਸਿੰਘੂ ਬਾਰਡਰ ਦੇ ਬੈਰੀਕੇਡ ਤੋੜੇ ਸਨ ਤੇ ਕੌਮੀ ਰਾਜਧਾਨੀ ਤੱਕ ਪਹੁੰਚਣ ਲਈ ਰੋਕਾਂ ਹਟਾਈਆਂ ਹਨ। 

Leave a Reply

Your email address will not be published. Required fields are marked *