ਸਾਹਿਤ ਤੇ ਸੱਭਿਆਚਾਰ ਦਾ ਚਮਕਦਾ ਹੀਰਾ: ਰਾਜ ਕੁਮਾਰ ਸਾਹੋਵਾਲੀਆ

ਆਪਣੀ ਕਲਮ ਦਾ ਸਿੱਕਾ ਮੰਨਵਾ ਚੁੱਕੇ ਪੰਜਾਬੀ ਮਾਂ-ਬੋਲੀ ਦੇ ਵਫਾਦਾਰ, ਸ਼ੁਭ-ਚਿੰਤਕਾਂ, ਹਿਤੈਸ਼ੀਆਂ, ਸਿਰੜੀਆਂ ਅਤੇ ਚਮਕਦੇ-ਦਮਕਦੇ ਸੰਘਰਸ਼-ਸ਼ੀਲ ਹੀਰਿਆਂ ਵਿਚ ਰਾਜ ਕੁਮਾਰ ਸਾਹੋਵਾਲੀਆ ਇਕ ਉਭਰਵਾਂ ਸਿਰਕੱਢ ਨਾਂ ਹੈ। ਜਿਲਾ ਗੁਰਦਾਸਪੁਰ ਦੇ ਪਿੰਡ ਸਾਹੋਵਾਲ ਵਿਚ ਸ਼੍ਰੀਮਤੀ ਅਮਰਤੀ ਦੇਵੀ (ਮਾਤਾ) ਅਤੇ ਸਵ: ਸ੍ਰੀ ਕਿਸ਼ਨ ਚੰਦ (ਪਿਤਾ) ਜੀ ਦੇ ਘਰ ਨੂੰ ਭਾਗ ਲਾਉਣ ਵਾਲਾ ਰਾਜ ਕੁਮਾਰ ਦੱਸਦਾ ਹੈ ਕਿ ਧਾਰਮਿਕ ਯੋਧਿਆਂ ਦੀਆਂ ਕਥਾ-ਕਹਾਣੀਆਂ ਅਤੇ ਇਤਿਹਾਸ ਦੀ ਜਾਣਕਾਰੀ ਇਕੱਤਰ ਕਰਨ ਦੇ ਸ਼ੌਕ ਦੀ ਪੂਰਤੀ ਲਈ ਉਸ ਨੂੰ ਛੇ ਭਾਸ਼ਾਵਾਂ ਦੇ ਗਿਆਤਾ, ਸਨਾਤਨ ਮੱਤ ਅਤੇ ਸਿੱਖ ਧਰਮ ਦੀ ਭਰਪੂਰ ਜਾਣਕਾਰੀ ਰੱਖਣ ਵਾਲੀ ਸ਼ਖਸ਼ੀਅਤ ਸ੍ਰੀ ਮੇਹਰ ਚੰਦ (ਪੰਜਾਬੀ ਅਧਿਆਪਕ) ਦੀ ਘੰਟਿਆਂ ਬੱਧੀ ਮਿਲਦੀ ਸੰਗਤ ਦਾ ਸਬੱਬ, ਉਸਦੇ ਲਈ ਸੋਨੇ ਤੇ ਸੁਹਾਗਾ ਸਿੱਧ ਹੋਇਆ। ਪੰਜਾਬੀ ਸਟੈਨੋਗਰਾਫੀ ਅਤੇ ਗਿਆਨੀ ਕਰਨ ਉਪਰੰਤ ਸਾਹੋਵਾਲੀਆ ਨੇ ਐਮ. ਏ. (ਪੰਜਾਬੀ), (ਇਤਿਹਾਸ) ਅਤੇ (ਧਰਮ ਅਧਿਐਨ) ਕੁਆਲੀਫਾਈ ਨੈਸ਼ਨਲ ਇਲੀਜੀਬਿਲਟੀ ਟੈਸਟ ਫਾਰ ਕਾਲਜ ਲੈਕਚਰਾਰ (ਨੈਟ) (ਧਰਮ ਅਧਿਐਨ, ਪੰਜਾਬੀ) ਆਦਿ ਡਿਗਰੀਆਂ ਹਾਸਲ ਕਰਦਿਆਂ 21 ਅਕਤੂਬਰ 1991 ਨੂੰ ਪੰਜਾਬ ਸਿਵਲ ਸਕੱਤਰੇਤ ਚੰਡੀਗੜ ਵਿਖੇ ਬਤੌਰ ਕਲਰਕ ਨੌਕਰੀ ਆਰੰਭੀ : ਜਿੱਥੇ ਕਿ ਅੱਜ ਕਲ ਉਹ ਅੰਡਰ ਸੈਕਟਰੀ ਦੀਆਂ ਸੇਵਾਵਾਂ ਨਿਭਾ ਰਿਹਾ ਹੈ।
ਰਾਜ ਕੁਮਾਰ ਨੂੰ ਸਾਹਿਤ ਦੀ ਰਚਨਾ ਕਰਨ ਦਾ ਸੁਭਾਗ ਮੁਹਾਲੀ ਤੋਂ ਨਿਕਲਦੇ,‘ਸਕਾਈ ਹਾਕ ਟਾਈਮਜ’ ਦੇ ਪੱਤਰਕਾਰ ਸੁਰਿੰਦਰ ਸਿੰਘ ਸੈਲੀ ਨਾਲ ਸੰਪਰਕ ਉਪਰੰਤ ਹੋਇਆ। ਬਸ, ਫਿਰ ਤਾਂ ਜਾਣੋਂ ਉਸ ਦੇ ਅੰਦਰ ਜਿਉਂ ਸਾਹਿਤਕ ਲਾਵਾ ਹੀ ਫੁੱਟ ਤੁਰਿਆ। ਉਪਰੰਤ ਉਨਾਂ ਦੀ ਕਲਮ ’ਚੋਂ ਧਾਰਮਿਕ ਤੇ ਸਮਾਜਿਕ ਸੇਧ ਪ੍ਰਦਾਨ ਕਰਨ ਵਾਲੇ 275 ਦੇ ਕਰੀਬ ਆਰਟੀਕਲ ਨਿਕਲੇ। ਫਿਰ, ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਧਰਮ ਅਧਿਐਨ ਦੀ ਐਮ. ਏ. ਕਰਦਿਆਂ ਖੋਜ ਪੱਤਰ, ਰੰਗਰੇਟੇ ਗੁਰੂ ਕੇ ਬੇਟੇ- ਭਾਈ ਜੈਤਾ ਦੇ ਨਾਲ-ਨਾਲ ਗੁਰਬਾਣੀ ਤੱਥ ਵਿਚਾਰ ਸਿਰਲੇਖ ਹੇਠ ਅਤੇ ਹੋਰ ਧਾਰਮਿਕ ਲੇਖ, ਜਿਨਾਂ ਦੀ ਗਿਣਤੀ 130 ਤੋਂ ਉਪਰ ਹੈ, ਸਕਾਈ ਹਾਕ ਟਾਈਮਜ ਨੇ ਸਮੇਂ-ਸਮੇਂ ਤੇ ਪ੍ਰਕਾਸ਼ਿਤ ਕੀਤੇ। ਫਿਰ, 2008 ਵਿੱਚ ਸਾਹਿਤ ਕਲਾ ਸੱਭਿਆਚਾਰ ਮੰਚ ਮੁਹਾਲੀ ਨਾਲ ਜੁੜਦਿਆਂ ਹੋਇਆਂ ਪੰਜਾਬੀ ਕਾਵਿ-ਖੇਤਰ ਵਿਚ ਵੀ ਪੁਖ਼ਤਗੀ ਨਾਲ ਪੈਰ ਧਰਿਆ ਅਤੇ ਦੋ ਸੌ ਤੋਂ ਵੱਧ ਸੋਚਣ ਲਾਊ ਅਤੇ ਸਿਰ ਖੁਜਲਾਉਣ ਵਾਲੀਆਂ ਰਚਨਾਵਾਂ ਸਮੇਂ-ਸਮੇਂ ਤੇ ਪੰਜਾਬੀ ਸਾਹਿਤ-ਜਗਤ ਦੀ ਝੋਲੀ ਪਾਈਆਂ। ਉਸ ਦੀਆਂ ਰਚਨਾਵਾਂ ਨੂੰ ਜਨਤਾ ਐਕਸਪ੍ਰੈਸ, ਦੇਸ਼ ਸੇਵਕ, ਅਜੀਤ, ਰਜਨੀ, ਸ਼ਬਦ ਬੂੰਦ ਅਤੇ ਪੰਜਾਬ ਸਿਵਿਲ ਸਕੱਤਰੇਤ ਸਾਹਿਤ ਸਭਾ ਦੇ, ਸਕੱਤਰੇਤ ਸਮਾਂਚਾਰ, ਜਿਸਦਾ ਕਿ ਉਹ ਤਿੰਨ ਸਾਲ ਜ. ਸਕੱਤਰ ਵੀ ਰਿਹਾ, ਆਦਿ ਵਿਚ ਵੀ ਉਸ ਦੇ ਲੇਖ ਅਤੇ ਕਵਿਤਾਵਾਂ ਪ੍ਰਕਾਸ਼ਿਤ ਹੰਦੀਆਂ ਰਹੀਆਂ।
ਪੰਜਾਬੀ ਲੇਖਕ ਸਭਾ ਚੰਡੀਗੜ, ਪੰਜਾਬੀ ਕਵੀ ਮੰਡਲ ਚੰਡੀਗੜ, ਸਾਹਿਤ ਕਲਾ ਤੇ ਸਭਿਆਚਾਰ ਮੰਚ (ਰਜਿ:) ਮੋਹਾਲੀ, ਰਾਣਾ ਹੈਂਡੀ ਕਰਾਫਟਸ ਇੰਟਰਨੈਸ਼ਨਲ ਮੋਹਾਲੀ (ਸਾਹਿਤਕ ਵਿੰਗ) ਅਤੇ ਦੀਨਾਨਗਰ ਇੰਟਰਨੈਸ਼ਨਲ ਸਾਹਿਤ ਸਭਾ (ਰਜਿ:) ਆਦਿ ਨਾਲ ਕਾਫੀ ਲੰਬੇ ਸਮੇਂ ਤੋਂ ਸਾਂਝਾਂ ਪਾਲਦਾ ਚਲਿਆ ਆ ਰਿਹਾ ਸਾਹੋਵਾਲੀਆ ਹੁਣ ਤੱਕ ਢਾਈ ਦਰਜਨ ਦੇ ਕਰੀਬ ਸਾਂਝੀਆਂ ਕਾਵਿ-ਪੁਸਤਕਾਂ ਵਿਚ ਹਾਜਰੀਆਂ ਲੁਆ ਚੁੱਕਾ ਹੈ। ‘ਪੜੋ ਤੇ ਜਾਣੋ’, ‘ਸੋਚ ਉਡਾਰੀ’, ‘ਨਿਵੇਕਲੀ ਪੈੜ’, ‘ਤ੍ਰੈ-ਰੰਗ’ ਅਤੇ ‘ਤੀਰ ਨਿਸ਼ਾਨੇ ਤੇ’ ਆਦਿ ਉਸਦੀ ਵਿਸ਼ੇਸ਼ ਉਪਲਭਦੀ ਦਾ ਰੁੱਤਬਾ ਪ੍ਰਦਾਨ ਕਰਦੀਆਂ ਐਸੀਆਂ ਸਾਂਝੀਆਂ ਕਾਵਿ-ਪ੍ਰਕਾਸ਼ਨਾਵਾਂ ਹਨ, ਜਿਨਾਂ ਵਿਚ ਸ਼ਾਇਰ ਹੋਣ ਦੇ ਨਾਲ-ਨਾਲ ਸੰਪਾਦਨਾ ਦਾ ਸਿਹਰਾ ਵੀ ਉਸ ਸਿਰ ਹੀ ਜਾਂਦਾ ਹੈ। ਕਰੋਨਾ ਸਮੇਂ ਦੇ ਦੌਰਾਨ, ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪੰਜ ਸੌ ਪੰਜਾਹ ਸਾਲਾ ਪ੍ਰਕਾਸ਼ ਉਤਸਵ ਨੂੰ ਸਮਰਪਿਤ ‘ਕਾਵਿ-ਪੋਟਲੀ’ ਸਾਂਝੀ ਪੁਸਤਕ ਦੇ ਉਪਰਾਲੇ ਤੋਂ ਇਲਾਵਾ ਸ਼੍ਰੋਮਣੀ ਪੰਜਾਬੀ ਲਿਖਾਰੀ ਸਭਾ ਪੰਜਾਬ (ਰਜਿ.) ਵਲੋਂ ਪ੍ਰਕਾਸ਼ਿਤ, ‘ਰੰਗ-ਬਰੰਗੀਆਂ ਕਲਮਾਂ’ ਪੁਸਤਕ ਵਿਚ ਵੀ ਉਸਨੇ ਕਾਵਿਕ ਯੋਗਦਾਨ ਅਤੇ ਜ਼ਿਕਰ ਯੋਗ ਸਹਿਯੋਗ ਦਿੱਤਾ। ਇੱਥੇ ਹੀ ਬਸ ਨਹੀਂ, ਇਸ ਕਲਮ ਤੋਂ ਨਿਕਲੀਆਂ ਭਾਵ-ਪੂਰਤ ਰਚਨਾਵਾਂ ਆਲ ਇੰਡੀਆ ਰੇਡੀਓ ਜਲੰਧਰ ਤੋਂ ਨਸ਼ਰ ਹੁੰਦੇ ਕਵੀ-ਦਰਬਾਰਾਂ ਵਿਚ ਵੀ ਸਰੋਤਿਆਂ ਨੂੰ ਸਮੇਂ-ਸਮੇਂ ਤੇ ਸੁਣਨ ਲਈ ਮਿਲਦੀਆਂ ਰਹੀਆਂ ਹਨ।
ਸਨਮਾਨਾਂ ਦੀ ਲੜੀ ਵਿਚ, ਭਾਰਤੀ ਦਲਿਤ ਸਾਹਿਤ ਅਕਾਦਮੀ ਨਵੀਂ ਦਿੱਲੀ ਵਲੋਂ, ‘ਡਾ. ਅੰਬੇਦਕਰ ਫੈਲੋਸ਼ਿਪ ਅਵਾਰਡ’, ਸ਼੍ਰੋਮਣੀ ਪੰਜਾਬੀ ਲਿਖਾਰੀ ਸਭਾ ਪੰਜਾਬ (ਰਜਿ.) ਵਲੋਂ, ‘ਮਾਣ ਪੰਜਾਬ ਦਾ ਐਵਾਰਡ’ ਤੋਂ ਇਲਾਵਾ ਸਕੱਤਰੇਤ ਕਲਚਰਲ ਸੋਸਾਇਟੀ ਚੰਡੀਗੜ (ਖੇਤੀ-ਬਾੜੀ ਮੰਤਰੀ ਸ. ਸੁੱਚਾ ਸਿੰਘ ਲੰਗਾਹ ਦੁਆਰਾ) ਅਤੇ ਸਾਹਿਤ ਕਲਾ ਤੇ ਸਭਿਆਚਾਰ ਮੰਚ (ਰਜਿ.) ਮੁਹਾਲੀ (ਸ੍ਰ. ਅਮਰੀਕ ਸਿੰਘ ਪੂੰਨੀ, ਆਈ. ਏ. ਐਸ. (ਸਾਬਕਾ ਮੁੱਖ ਸਕੱਤਰ ਪੰਜਾਬ ਦੁਆਰਾ) ਪ੍ਰਾਪਤ ਮਾਣ-ਸਨਮਾਨ ਉਸਦਾ ਸਾਹਿਤਕ ਕੱਦ-ਬੁੱਤ ਉਚਾ ਕਰਦੇ ਹਨ। ਸਿਰੜੀ, ਸਿਦਕੀ ਤੇ ਫੱਕਰ ਬਿਰਤੀ ਦੇ ਮਾਲਕ, ਵਿਦਵਾਨ ਨੌਜਵਾਨ ਸ਼ਾਇਰ, ਰਾਜ ਕੁਮਾਰ ਸਾਹੋਵਾਲੀਆ ਜੀ ਦੀ ਝੋਲ਼ੀ ਵਿਚ ਮਾਨ-ਸਨਮਾਨ ਤੇ ਐਵਾਰਡ ਧੜਾ-ਧੜ ਪੈਂਦੇ ਉਸ ਦੇ ਸਾਹਿਤਕ ਤੇ ਸਮਾਜਿਕ ਕੱਦ-ਬੁੱਤ ਨੂੰ ਅੰਬਰਾਂ ਵੱਲ ਨੂੰ ਲਿਜਾਂਦੇ ਰਹਿਣ, ਧੁਰ ਆਤਮਾ ’ਚੋਂ ਆਪ-ਮੁਹਾਰੇ ਨਿਕਲੀ ਦਿਲੀ ਅਵਾਜ਼ ਤੇ ਇੱਛਾ ਹੈ ਮੇਰੀ ! ਆਮੀਨ!
-ਪ੍ਰੀਤਮ ਲੁਧਿਆਣਵੀ (ਚੰਡੀਗੜ), 9876428641
ਸੰਪਰਕ: ਰਾਜ ਕੁਮਾਰ ਸਾਹੋਵਾਲੀਆ, ਮੁਹਾਲੀ (6283100703)

Leave a Reply

Your email address will not be published. Required fields are marked *