‘ਪੱਤਾ ਪੱਤਾ ਸਿੰਘਾਂ ਦਾ ਵੈਰੀ’ : ‘ਹੰਸ’ ਗਿਣਾਉਣ ਲੱਗਿਆ ‘ਕੰਕੜ’ ਖਾਣ ਦੇ ਫ਼ਾਇਦੇ

ਨਵੀਂ ਦਿੱਲੀ : ਭਾਜਪਾ ਦੇ ਸੰਸਦ ਮੈਂਬਰ ਤੇ ਪੰਜਾਬੀ ਸੂਫ਼ੀ ਗਾਇਕ ਹੰਸ ਰਾਜ ਹੰਸ ਨੇ ਅੱਜ ਆਪਣੇ ਸੰਸਦੀ ਹਲਕੇ ਉੱਤਰ-ਪੱਛਮੀ ਦਿੱਲੀ ਦੇ ਹਰਿਆਣਾ ਦੀਆਂ ਸਰਹੱਦਾਂ ਨਾਲ ਲਗਦੇ ਪਿੰਡਾਂ ਦਾ ਦੌਰਾ ਕਰਕੇ ਲੋਕਾਂ ਨੂੰ ਤਿੰਨ ਕੇਂਦਰੀ ਖੇਤੀ ਕਾਨੂੰਨਾਂ ਦੇ ‘ਫਾਇਦਿਆਂ’ ਤੋਂ ਜਾਣੂ ਕਰਵਾਇਆ। ਹੰਸ ਦੇ ਸੰਸਦੀ ਹਲਕੇ ਵਿੱਚ ਸੌ ਦੇ ਕਰੀਬ ਪਿੰਡ ਪੈਂਦੇ ਹਨ। ਹੰਸ ਨੇ ਨਰੇਲਾ, ਬਵਾਨਾ ਤੇ ਮੁੰਡਕਾ ਆਦਿ ਸਮੇਤ ਹੋਰਨਾਂ ਪਿੰਡਾਂ ’ਚ ਜਾ ਕੇ ਖੇਤੀ ਮੰਤਰੀ ਨਰਿੰਦਰ ਸਿੰਘ ਤੋਮਰ ਵੱਲੋਂ ਪ੍ਰਦਰਸ਼ਨਕਾਰੀ ਕਿਸਾਨਾਂ ਨੂੰ ਲਿਖੇ ਪੱਤਰ ਦੀਆਂ ਕਾਪੀਆਂ ਵੀ ਵੰਡੀਆਂ। ਚੇਤੇ ਰਹੇ ਕਿ ਪੰਜਾਬ, ਹਰਿਆਣਾ, ਯੂਪੀ ਤੇ ਕੁਝ ਹੋਰਨਾਂ ਰਾਜਾਂ ਦੇ ਹਜ਼ਾਰਾਂ ਕਿਸਾਨ ਖੇਤੀ ਕਾਨੂੰਨਾਂ ਨੂੰ ਮਨਸੂਖ ਕੀਤੇ ਜਾਣ ਦੀ ਮੰਗ ਨੂੰ ਲੈ ਕੇ ਪਿਛਲੇ ਤਿੰਨ ਹਫ਼ਤਿਆਂ ਤੋਂ ਦਿੱਲੀ ਨੂੰ ਘੇਰੀ ਬੈਠੇ ਹਨ। ਪਿੰਡਾਂ ਦੀ ਫੇਰੀ ਦੌਰਾਨ ਲੋਕਾਂ ਨੂੰ ਮੁਖਾਤਿਬ ਹੁੰਦਿਆਂ ਹੰਸ ਨੇ ਕਿਹਾ, ‘ਕਿਸਾਨਾਂ ਨੂੰ ਚਾਹੀਦਾ ਹੈ ਕਿ ਉਹ ਤੋਮਰ ਦੇ ਇਸ ਪੱਤਰ ਨੂੰ ਪੜ੍ਹਨ ਤਾਂ ਕਿ ਉਨ੍ਹਾਂ ਨੂੰ ਇਹ ਸਮਝ ਆ ਜਾਵੇ ਕਿ ਨਵੇਂ ਕਿਸਾਨ ਕਾਨੂੰਨ ਉਨ੍ਹਾਂ ਲਈ ਕਿਵੇਂ ‘ਲਾਹੇਵੰਦ’ ਹਨ ਤੇ ਕਿਵੇਂ ਕੁਝ ਲੋਕ ਮੌਜੂਦਾ ਹਾਲਾਤ ਦਾ ਲਾਹਾ ਲੈਂਦਿਆਂ ਉਨ੍ਹਾਂ ’ਚ ਘਬਰਾਹਟ ਪੈਦਾ ਕਰ ਰਹੇ ਹਨ।’ ਉਨ੍ਹਾਂ ਕਿਹਾ, ‘ਮੈਨੂੰ ਯਕੀਨ ਹੈ ਕਿ ਕਿਸਾਨ ਜਦੋਂ ਇਨ੍ਹਾਂ ਪਰਚਿਆਂ ਨੂੰ ਪੜ੍ਹਨਗੇ ਤਾਂ ਯਕੀਨੀ ਤੌਰ ’ਤੇ ਸਕਾਰਾਤਮਕ ਮਾਹੌਲ ਬਣੇਗਾ।’ ਇਸ ਦੌਰਾਨ ਹੰਸ ਦੇ ਦੱਖਣੀ ਦਿੱਲੀ ਤੋਂ ਹਮਰੁਤਬਾ ਰਮੇਸ਼ ਬਿਧੂੜੀ ਨੇ ਵੀ ਨੌਂ ਕਿਲੋਮੀਟਰ ਲੰਮੀ ‘ਕਿਸਾਨ ਕਾਨੂੰਨ ਕਲਿਆਣ ਸਮਰਥਨ ਯਾਤਰਾ’ ਕੱਢ ਕੇ ਖੇਤੀ ਕਾਨੂੰਨਾਂ ਦੇ ਫਾਇਦੇ ਗਿਣਾਏ। ਇਹ ਯਾਤਰਾ ਜੈਤਪੁਰ, ਬਦਰਪੁਰ, ਮੀਠਾਪੁਰ ਤੇ ਮੋਲਾਰਬੰਦ ਆਦਿ ਪਿੰਡਾਂ ਵਿੱਚ ਦੀ ਹੋ ਕੇ ਲੰਘੀ।

Leave a Reply

Your email address will not be published. Required fields are marked *