ਜ਼ਿੰਦਗੀ ਦੇ ਉਤਰਾ-ਚੜਾਅ ’ਚੋਂ ਉਪਜੀ ਕਲਮ : ਨਿਰਲੇਪ ਕੌਰ ਨਵੀ, ਬੰਗੜ (ਰੂਪਾ ਪੱਤੀ)
ਜ਼ਿੰਦਗੀ ਦੇ ਸੰਘਰਸ਼-ਮਈ ਦੌਰ ’ਚੋਂ ਗੁਜ਼ਰਦਿਆਂ, ਜ਼ਿੰਦਗੀ ਦੇ ਉਤਰਾ-ਚੜਾਅ ਦੌਰਾਨ ‘ਸਮੇਂ’ ਦੇ ਪਏ ਥਪੇੜੇ’ ਇੰਨਸਾਨ ਨੂੰ ਐਸਾ ਝੰਮ ਕੇ ਰੱਖ ਦਿੰਦੇ ਹਨ ਕਿ ਬਿਨਾਂ ਕਿਸੇ ਸਹਾਰੇ ਤੋਂ ਉਹ ਸੰਭਲ ਨਹੀ ਸਕਦਾ ਹੁੰਦਾ। ਇਸ ਡਾਵਾਂ-ਡੋਲ ਅਵੱਸਥਾ ਵਿਚ ਜਿਨਾਂ ਨੂੰ ਕਲਮ ਦਾ ਸਹਾਰਾ ਮਿਲ ਜਾਵੇ, ਸਮਝੋ ਉਸ ਨੂੰ ਇਕ ਸ਼ਕਤੀਸ਼ਾਲੀ ਤੋਪ ਦਾ ਸਹਾਰਾ ਮਿਲ ਗਿਆ ਹੁੰਦਾ ਹੈ, ਜ਼ਬਰ, ਜੁਲਮ ਅਤੇ ਜ਼ਿਆਦਤੀਆਂ ਦਾ ਮੁਕਾਬਲਾ ਕਰਨ ਲਈ। ਤੂਫਾਨਾਂ ’ਚ ਘਿਰੀ ਜ਼ਿੰਦਗੀ ਦੀ ਕਿਸ਼ਤੀ ਦੇ ਡੱਕੋ-ਡੋਲੇ ਖਾਂਦੇ ਪਲਾਂ ਦੌਰਾਨ, ‘ਕਲਮੀ-ਤੋਪ’ ਦਾ ਸਹਾਰਾ ਪ੍ਰਾਪਤ ਕਰਨ ਵਾਲੀਆਂ ਸੁਭਾਗੀਆਂ ਰੂਹਾਂ ਵਿਚੋਂ ਇਕ ਮਾਣ-ਮੱਤਾ ਨਾਂ ਸਾਹਮਣੇ ਆਇਆ ਹੈ- ਨਿਰਲੇਪ ਕੌਰ ਨਵੀ ਬੰਗੜ (ਰੂਪਾ ਪੱਤੀ)। ਬਾ-ਕਮਾਲ ਸ਼ਾਇਰੀ ਅਤੇ ਰੂਹ ਨੂੰ ਛੂਹ ਲੈਣ ਵਾਲੇ ਗੀਤਾਂ ਦੀ ਸਿਰਜਣਾ ਕਰਨ ਵਾਲੀ ਨਿਰਲੇਪ ਦਾ ਜਨਮ ਮਾਤਾ ਪ੍ਰਕਾਸ਼ ਕੌਰ ਜੀ ਦੀ ਕੁੱਖੋਂ ਪਿਤਾ ਸਵ: ਸ. ਦਲੀਪ ਸਿੰਘ ਦੇ ਘਰ ਜਿਲਾ ਲੁਧਿਆਣਾ ਦੇ ਸ਼ਹਿਰ ਰਾਏਕੋਟ ਦੇ ਕੋਲ ਵਸੇ ਪਿੰਡ ਰੂਪਾ ਪਤੀ ਵਿਚ ਹੋਇਆ। ਸਮੇਂ ਦੇ ਤੀਰ ਸਹਿੰਦਿਆਂ, ਡਿੱਗਦੀ-ਢਹਿੰਦੀ ਨੂੰ ਕਲਮ ਦਾ ਸਹਾਰਾ ਮਿਲਣ ਨਾਲ ਜ਼ਿੰਦਗੀ ਜਿਊਣ ਦਾ ਇਕ ਨਵੀਂ ਆਸ ਤੇ ਕਿਰਨ ਜਾਗ ਉਠੀ। ਜਾਂ ਦੂਜੇ ਸ਼ਬਦਾਂ ਵਿਚ ਇਹ ਕਹਿ ਲਓ ਕਿ ਨਿਰਲੇਪ ਦੇ ਜੀਵਨ ਵਿੱਚ ਆਈਆਂ ਪਰਬਤਾਂ ਵਰਗੀਆਂ ਸਮੱਸਿਆਵਾਂ ਤੇ ਮੁਸੀਬਤਾਂ ਨੂੰ ਨਵੀ ਦੀ ਕਲਮੀ ਦਿ੍ਰੜਤਾ ਤੇ ਸਿ੍ਰੜਤਾ ਅੱਗੇ ਹਾਰ ਮੰਨਣੀ ਪਈ। ਉਹ ਹੁਣ ਹਰੇਕ ਨੂੰ ਇਹੀ ਕਹਿੰਦੀ ਹੈ ਕਿ ਸਾਨੂੰ ਮੁਸੀਬਤਾਂ ਨੂੰ ਦੇਖ ਕੇ ਜਰਾ ਵੀ ਘਬਰਾਉਣਾ ਨਹੀਂ ਚਾਹੀਦਾ, ਬਲਕਿ ਉਸਦਾ ਮੁਕਾਬਲਾ ਕਰਨਾ ਚਾਹੀਦਾ ਹੈ।
ਨਵੀ ਦੇ ਗੀਤਕਾਰੀ ਪੱਖ ਦੀ ਗੱਲ ਕਰੀਏ ਤਾਂ ਸੁਰੀਲੇ ਗਾਇਕ ਜੋਤ ਪੰਡੋਰੀ ਨੇ ਨਵੀ ਦੀ ਕਲਮ ਦੇ ਲਿਖੇ ਗੀਤ, ‘‘ਸਾਹਿਲ’’ (‘ਵਾਉ ਮਿਊਜ਼ਿਕ ਕੰਪਨੀ’), ਪਤੀ ਪਤਨੀ ਦੀ ਨੋਕ-ਝੋਕ ਨੂੰ ਦਰਸਾਉਂਦਾ ਗੀਤ, ‘‘ਨਿੱਕੀ ਨਿੱਕੀ ਗੱਲ’’ (ਹਾਣੀ ਰਿਕਾਰਡਜ ਕੰਪਨੀ) ਅਤੇ ਕਿਸਾਨਾਂ ਦੇ ਹੱਕਾਂ ਦੀ ਲੜਾਈ ਬਾਰੇ ਗੀਤ, ‘‘ਹੱਕਾਂ ਦੀ ਲੜਾਈ’’ (ਵਿਕਟਰ ਰਿਕਾਰਡਜ) ਨੂੰ ਪੇਸ਼ ਕੀਤਾ ਹੈ, ਜਦਕਿ ਪਿੰਦਰ ਜੁੜਾਹਾਂ ਨੇ ਉਸ ਦੇ ਵਿਛੋੜੇ ਦੇ ਦਰਦ ਨੂੰ ਬਿਆਨ ਕਰਦੇ ਗੀਤ, ‘‘ਅਹਿਸਾਸ’’ ਨੂੰ ਸੁਰੀਲੀ ਅਵਾਜ਼ ਦਿੰਦਿਆਂ (ਖੁਆਬ ਰਿਕਾਰਜ ਕੰਪਨੀ ਦੁਆਰਾ) ਮਾਰਕੀਟ ਵਿਚ ਉਤਾਰਿਆ ਹ
ਕਿਸਾਨਾਂ ਦੀ ਅਵਾਜ਼ ਬਣਕੇ ਨਵੀ ਕਹਿੰਦੀ ਹੈ :-
‘‘ਅਸੀਂ ਮੁੱਢ ਤੋਂ ਜੁਲਮ ਬੜੇ ਸਹਿੰਦੇ ਆਏ ਆਂ।
ਸਾਡੀ ਸੁਣੀ ਨਾ ਗਈ ਤਾਂਹੀ ਕਹਿੰਦੇ ਆਏ ਆਂ।
ਭੁੱਲੇ ਨਾ ‘‘ਚੁਰਾਸੀ’’ ਵਾਲੇ ਦੰਗੇ ਅੱਜ ਤੱਕ,
ਨਾਹੀ ਭੁੱਲੇ ਆਂ ਬਿੰਨੇ ਸੀ ਨਿਸ਼ਾਨਿਆਂ ਦੇ ਨਾਲ-
ਹੱਕਾਂ ਦੇ ਲਈ ਲੜਨਾ ਬਾਖੂਬੀ ਜਾਣਦੇ,
ਜਾਣੀ ਬੱਚੇ ਨਾ ਜੋ ਡਰਨ ਭਕਾਨਿਆਂ ਦੇ ਨਾਲ।
‘ਨਵੀ’ ਕਿਰਸਾਨੀ ਉਤੋਂ ਵਾਰੇ ਵਾਰੇ ਜਾਵੇ।
ਜਿਹੜਾ ਦਿੱਲੀ ਨੂੰ ਗਿਆ, ਉਹ ਜੰਗ ਜਿੱਤ ਕੇ ਹੀ ਆਵੇ।
‘ਰੂਪਾ ਪੱਤੀ ਪਿੰਡ’ ਬੈਠੇ ਕਰਦੇ ਦੁਆਵਾਂ,
ਮੁੱਲ ਦੁੱਗਣਾ ਪਾਵਾਂਗੇ ਹਰਜਾਨਿਆਂ ਦੇ ਨਾਲ।
ਹੱਕਾਂ ਦੇ ਲਈ ਲੜਨਾ . . . . । ’’
ਕਲਮ ਨੂੰ ‘ਤੋਪ’ ਬਣਾ ਕੇ ਵਿਚਰ ਰਹੀ, ਇੰਨਕਲਾਬੀ ਤਰਥੱਲੀਆਂ ਮਚਾਉਣ ਦਾ ਦਮ ਰੱਖਦੀ ਮੁਟਿਆਰ ਨਿਰਲੇਪ ਕੌਰ ਨਵੀ ਬੰਗੜ (ਰੂਪਾ ਪੱਤੀ), ਇਕ-ਨਾ-ਇਕ ਦਿਨ ਜਰੂਰ ਜਿਊਣ ਦੀਆਂ ਨਵੀਆਂ ਪੈੜਾਂ ਸਿਰਜਕੇ ਰੱਖ ਦਏਗੀ। ਮੇਰਾ ਪਰਵਰਦਗਾਰ ਉਸਨੂੰ ਨਿਰਵਿਘਨ ਚੱਲਦੇ ਰਹਿਣ ਦਾ ਬਲ ਬਖ਼ਸ਼ੇ ! ਸਾਡੀਆਂ ਦਿਲੀ ਦੁਆਵਾਂ ਨਾਲ ਹਨ, ਐਸੀਆਂ ਸੰਘਰਸ਼-ਸ਼ੀਲ ਤੇ ਉੱਦਮੀਂ ਕਲਮਾਂ ਲਈ!
-ਪ੍ਰੀਤਮ ਲੁਧਿਆਣਵੀ, (ਚੰਡੀਗੜ) 9876428641
ਸੰਪਰਕ : ਨਿਰਲੇਪ ਕੌਰ ਨਵੀ ਬੰਗੜ (ਰੂਪਾ ਪੱਤੀ), 7888332802