ਸੰਦਲੀ ਪੈੜਾਂ ਛੱਡ ਰਹੀ ਮੁਟਿਆਰ : ਸਤਵੰਤ ਕੌਰ ਸੁੱਖੀ ਭਾਦਲਾ

‘ਮੈਂ ਅਜੇ ਦੂਜੀ ਜਮਾਤ ਵਿੱਚ ਹੀ ਹੋਵਾਂਗੀ ਜਦੋਂ ਮੈਂ ਆਪਣੇ ਘਰ ਵਿੱਚ ਮਾਤਾ ਜੀ ਨੂੰ ਚੁੱਲੇ ਤੇ ਰੋਟੀ ਬਣਾਉਂਦਿਆਂ ਵੇਖ ਆਪਣੇ ਅਹਿਸਾਸ ਧਰਤੀ ਦੀਆਂ ਪਰਤਾਂ ’ਤੇ ਉਲੀਕਣ ਲੱਗ ਪਈ ਸੀ। ਤਾਰਿਆਂ ਨੂੰ ਤੱਕਦੇ ਹੋਏ ਪਰਿਵਾਰ ਦੇ ਹਰ ਦੁੱਖ-ਸੁੱਖ ਨੂੰ ਗੀਤ ਵਾਂਗ ਗਾ ਲੈਣਾ ਮੇਰੀ ਫਿਤਰਤ ਬਣ ਗਿਆ ਸੀ”  ਵਰਗੇ ਵਿਚਾਰ ਸਾਂਝੇ ਕਰਨ ਵਾਲੀ ਜ਼ਿਲਾ ਲੁਧਿਆਣਾ ਦੇ ਪਿੰਡ- ਖੈਰਾ ਬੇਟ ਵਿਖੇ ਸ੍ਰ. ਬਲਦੇਵ ਸਿੰਘ ਸੈਕਟਰੀ ਦੇ ਘਰ ਮਾਤਾ ਸ੍ਰੀਮਤੀ ਮਨਜੀਤ ਕੌਰ ਜੀ ਦੀ ਕੁੱਖੋਂ ਜਨਮੀ ਸ਼ਾਇਰਾ, ਸਤਵੰਤ ਕੌਰ ਸੁੱਖੀ ਭਾਦਲਾ ਦੱਸਦੀ ਹੈ ਕਿ ਛੇਵੀਂ ਤੋਂ ਦਸਵੀਂ ਤੱਕ ਪਿੰਡ ਨੂਰਪੁਰ ਬੇਟ ਤੋਂ ਪੜਦਿਆਂ ਜਿੱਥੇ ਉਹ ਹਰ ਜਮਾਤ ਵਿੱਚ ਪਹਿਲੇ ਦਰਜੇ ਤੇ ਆਉਂਦੀ ਰਹੀ, ਉਥੇ ਸਕੂਲ ਦੇ ਪ੍ਰੋਗਰਾਮਾਂ ਵਿੱਚ ਵੀ ਆਪਣੀ ਕਵਿਤਾ ਜਾਂ ਗੀਤ ਨੂੰ ਸਟੇਜ ਤੇ ਜਦੋਂ ਬੋਲਦੀ ਤਾਂ ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਕੀਲ ਕੇ ਬਿਠਾ ਲੈਂਦੀ ਰਹੀ।

          ਵਿਆਹ ਤੋਂ ਬਾਅਦ ਪ੍ਰਾਈਵੇਟ ਉਮੀਦਵਾਰ ਦੇ ਤੌਰ ਤੇ ਬੀ. ਏ. ਕਰਨ ਦੀ ਇੱਛਾ ਪੂਰੀ ਕਰਨ ਵਾਲੀ ਸੁੱਖੀ ਨੇ ਫੇਸਬੁੱਕ ’ਤੇ ਸ਼ਾਇਰੀ ਸ਼ੇਅਰ ਕੀਤੀ ਤਾਂ ਉਸ ਦੀ ਸ਼ਾਇਰੀ ’ਤੇ ਦੇਸ਼-ਵਿਦੇਸ਼ ਤੋਂ ਉਸਨੂੰ ਹਾਂ-ਪੱਖੀ ਕਮੈਂਟਸ ਧੜਾ-ਧੜ ਆਉਣ ਲੱਗੇ। ਬਸ ਇਨਾਂ ਹੱਲਾ-ਸ਼ੇਰੀ ਦਿੰਦੇ ਕੁਮੈਂਟਸ ਦੇ ‘‘ਪਰਾਂ” ਉਤੇ ਉਡਾਰੀਆਂ ਮਾਰਦਿਆਂ ਉਸਦਾ ਪਹਿਲਾ ਸਾਹਿਤਕ-ਸਨਮਾਨ ਗੁ. ਪਾਤਸ਼ਾਹੀ ਛੇਵੀਂ ਮੰਡੀ ਗੋਬਿੰਦਗੜ ਵਿਖੇ ਹੋਇਆ। ਗੱਲਬਾਤ ਕਰਦਿਆਂ ਸੁੱਖੀ ਨੇ ਕਿਹਾ, ‘‘ਮੈਂ ਆਪਣਾ ਉਸਤਾਦ ਡਾ. ਹਰੀ ਸਿੰਘ ਜਾਚਕ ਜੀ ਨੂੰ ਮੰਨਦੀ ਹਾਂ, ਜਿਨਾਂ ਨੇ ਮੇਰੇ ਪਤੀ ਨੂੰ ਕਿਹਾ ਸੀ, ‘‘ਬੇਟਾ, ਇਸ ਦੀ ਕਲਮ ਨਾ ਖੋਹਣਾ ਕਦੇ ਵੀ। ਕਿਸੇ ਹੀਰੇ ਦੀ ਪਰਖ ਇੱਕ ਜ਼ੌਹਰੀ ਹੀ ਕਰ ਸਕਦਾ ਹੈ।”  ਬਸ ਫਿਰ ਤਾਂ ਉਹ ਕੁਝ ਹੋਇਆ ਜਿਸਦੀ ਕਲਪਨਾ ਕਦੇ ਸੁਪਨੇ ਵਿੱਚ ਵੀ ਨਹੀਂ ਸੀ ਕੀਤੀ ਜਾ ਸਕਦੀ।” . . .ਜਿੱਥੇ ਇਸ ਮੁਟਿਆਰ ਦੀਆਂ ਕਵਿਤਾਵਾਂ, ਗੀਤ, ਕਹਾਣੀਆਂ ਅਤੇ ਲੇਖ, ਦੇਸ਼-ਵਿਦੇਸ਼ ਵਿੱਚ ਛਪਣ ਵਾਲੇ ਪੇਪਰਾਂ ਦਾ ਸ਼ਿੰਗਾਰ ਬਣ ਚੁੱਕੀਆਂ ਹਨ, ਉਥੇ ਪੁਸਤਕ-ਪ੍ਰਕਾਸ਼ਨਾ ਖੇਤਰ ਵਿਚ,‘‘ਵਾਰਿਸ ਵਿਰਸੇ ਦੇ”, ‘‘ਸਾਂਝੀਆਂ ਸੁਰਾਂ”, ‘‘ਜ਼ਹਿਰ ਭਰੇ ਦਰਿਆ” ਅਤੇ ਸ਼੍ਰੋਮਣੀ ਪੰਜਾਬੀ ਲਿਖਾਰੀ ਸਭਾ ਪੰਜਾਬ ਰਜਿ: ਦੇ ‘‘ਵਿਰਸੇ ਦੇ ਪੁਜਾਰੀ” ਅਤੇ ਕਾਵਿ-ਸੰਗ੍ਰਿਹ, ‘‘ਰੰਗ-ਬਰੰਗੀਆਂ ਕਲਮਾਂ” ਵਿੱਚ ਵੀ ਪ੍ਰਕਾਸ਼ਿਤ ਹੋਣ ਦਾ ਮਾਣ ਉਸ ਦੇ ਹਿੱਸੇ ਆਇਆ ਹੈ। ਸਤਵੰਤ ਸਿਰਫ ਲਿਖਣ ਤੱਕ ਹੀ ਸੀਮਿਤ ਨਹੀ, ਸੁਰੀਲੀ ਤੇ ਮਿੱਠੀ ਅਵਾਜ਼ ਦੀ ਮਾਲਕਣ ਉਹ ਇਕ ਵਧੀਆ ਗਾਇਕਾ ਵੀ ਹੈ।  

          ਸਨਮਾਨਿਤ ਪੱਖ ਵਿਚ ਹੁਣ ਤੱਕ, ਪੰਜਾਬੀ ਗੀਤਕਾਰ ਮੰਚ ਲੁਧਿਆਣਾ, ਹਰਿਆਣਾ ਪੰਜਾਬੀ ਸਾਹਿਤ ਅਕਾਦਮੀ (ਸ੍ਰੀ ਗੁਰੂ ਨਾਨਕ ਦੇਵ ਜੀ ਦੇ 550- ਵੇ ਪ੍ਰਕਾਸ਼-ਪੁਰਬ ਨੂੰ ਸਮਰਪਿਤ ਕਾਵਿ ਮੁਕਾਬਲੇ ਵਿਚ ਪਹਿਲਾ ਸਥਾਨ ਹਾਸਲ ਕਰਨ ਤੇ),  ‘‘ਭੈਣਾਂ ਦੀ ਸੱਥ” ਵੱਲੋਂ (ਮੁਕਾਬਲੇ ਵਿਚ ਤੀਜਾ ਸਥਾਨ ਹਾਸਲ ਕਰਨ ਤੇ) ਦੇ ਨਾਲ-ਨਾਲ, ‘‘ਕਲਮਾਂ ਦੇ ਜਜ਼ਬਾਤ”, ‘‘ਕਵਿਤਾ- ਕੁੰਭ 5” ਆਦਿ ‘‘ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ” ਵੱਲੋਂ ਸਨਮਾਨ ਉਸਦੀ ਝੋਲੀ ਵਿੱਚ ਪਾਏ ਜਾਣ ਨੂੰ ਉਹ ਆਪਣੇ-ਆਪ ਨੂੰ ਵੱਡਭਾਗਣ ਸਮਝਦੀ ਹੈ।  ਅੱਜ ਕੱਲ ਬਰਾਈਟ ਕੈਰੀਅਰ ਪਬਲਿਕ ਸਕੂਲ ਦਮਹੇੜੀ ਨਜ਼ਦੀਕ ਫਤਿਹਗੜ ਸਾਹਿਬ ਵਿਖੇ ਇੱਕ ਅਧਿਆਪਕਾ ਵਜੋਂ ਕੰਮ ਕਰ ਰਹੀ ਇਹ ਸ਼ਾਇਰਾ ਜਿੱਥੇ ਲਿਖਣ ਅਤੇ ਗਾਉਣ ਦੀ ਮੁਹਾਰਤ ਰੱਖਦੇ ਆਪਣੇ ਬੇਟੇ ਗੁਰਪ੍ਰਤਾਪ ਸਿੰਘ ਵਿੱਚੋਂ ਆਪਣੇ ਸੁਪਨੇ ਦੇਖਦੀ ਹੈ, ਉਥੇ ਇਸਦੀਆਂ ਰਚਨਾਵਾਂ ਇਸਦੇ ਸਕੂਲ ਦੇ ਵਿਦਿਆਰਥੀ ਵੱਲੋਂ ਪਹਿਲ ਦੇ ਅਧਾਰ ਤੇ ਬੋਲਦੇ ਹੋਣ ਦਾ ਵੀ ਮਾਣ ਮਹਿਸੂਸ ਕਰਦੀ ਹੈ, ਉਹ।  ਕਲਮ ਦੇ ਲੱਗੇ ਅਵੱਲੇ ਸ਼ੌਂਕ ਸਦਕਾ ਦੇਸ਼ਾਂ-ਵਿਦੇਸ਼ਾਂ ਵਿੱਚ ਸ਼ਬਦਾਂ ਰਾਹੀਂ ਸੰਦਲੀ ਪੈੜਾਂ ਛੱਡ ਰਹੀ ਮੁਟਿਆਰ ਸੁੱਖੀ ਭਾਦਲਾ ਦਾ ਨਾਂ ਸਾਹਿਤਕ ਤੇ ਸੱਭਿਆਚਾਰਕ ਖੇਤਰ ਵਿਚ ਕਲਾ-ਪ੍ਰੇਮੀਆਂ ਦੇ ਬੁੱਲਾਂ ਉਤੇ ਹੋਰ ਵੀ ਗੂਹੜਾ ਹੋ ਜਾਵੇ, ਅੰਤਰ-ਆਤਮਾ ਦੀ ਅਵਾਜ਼ ਤੇ ਦਿਲੀ ਚਾਹਿਤ ਹੈ, ਮੇਰੀ !

          -ਪ੍ਰੀਤਮ ਲੁਧਿਆਣਵੀ, ਚੰਡੀਗੜ, 9876428641

ਸੰਪਰਕ :- ਸਤਵੰਤ ਕੌਰ ਸੁੱਖੀ ਭਾਦਲਾ, 81468-84115

Leave a Reply

Your email address will not be published. Required fields are marked *