ਕੇਂਦਰ ਦੀ ਚਿੱਠੀ ਦਾ ਜਵਾਬ ਦੇਣ ਲਈ ਪੰਜ ਮੈਂਬਰੀ ਕਮੇਟੀ ਕਾਇਮ

ਨਵੀਂ ਦਿੱਲੀ : ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕੀਤੇ ਜਾਣ ਦੀ ਮੰਗ ’ਤੇ ਕਾਇਮ ਪ੍ਰਦਰਸ਼ਨਕਾਰੀ ਕਿਸਾਨਾਂ ਨੇ ਕੇਂਦਰ ਸਰਕਾਰ ਦੀ ਸੱਜਰੀ ਗੱਲਬਾਤ ਦੀ ਪੇਸ਼ਕਸ਼ ਬਾਰੇ ਫੈਸਲਾ ਲੈਣ ਦੇ ਅਮਲ ਨੂੰ ਅੱਜ ਆਮ ਸਹਿਮਤੀ ਬਣਾਉਣ ਦੇ ਇਰਾਦੇ ਨਾਲ ਇਕ ਦਿਨ ਹੋਰ ਅੱਗੇ ਪਾ ਦਿੱਤਾ ਹੈ। ਕਿਸਾਨਾਂ ਯੂਨੀਅਨਾਂ ਨੇ ਕੇਂਦਰ ਵੱਲੋਂ ਭੇਜੀ ਗਈ ਚਿੱਠੀ ਦਾ ਢੁੱਕਵਾਂ ਜਵਾਬ ਦੇਣ ਲਈ ਮਸੌਦਾ ਤੈਅ ਕਰਨ ਬਾਰੇ ਸੰਯੁਕਤ ਕਿਸਾਨ ਮੋਰਚੇ ਦੇ 5 ਆਗੂਆਂ ਦੀ ਇਕ ਸਾਂਝੀ ਕਮੇਟੀ ਬਣਾ ਦਿੱਤੀ ਹੈ। ਇਸ ਦੌਰਾਨ ਕਿਸਾਨ ਆਗੂ ਭਲਕੇ ਪਹਿਲਾਂ ਐਲਾਨੇ ਪ੍ਰੋਗਰਾਮ ਮੁਤਾਬਕ 23 ਦਸੰਬਰ ਨੂੰ ‘ਕਿਸਾਨ ਦਿਹਾੜੇ’ ਵਜੋਂ ਮਨਾਉਣਗੇ। ਕਿਸਾਨ ਆਗੂਆਂ ਨੇੇ ਕਿਹਾ ਕਿ ਅਗਲੇ ਮਹੀਨੇ ਗਣਤੰਤਰ ਦਿਵਸ ਮੌਕੇ ਮੁੱਖ ਮਹਿਮਾਨ ਬਰਤਾਨੀਆ ਦੇ ਪ੍ਰਧਾਨ ਮੰਤਰੀ ਬੌਰਿਸ ਜੌਹਨਸਨ ਨੂੰ ਭਾਰਤ ਆਉਣ ਤੋਂ ਰੋਕਣ ਲਈ ਬਰਤਾਨਵੀ ਸੰਸਦ ਮੈਂਬਰਾਂ ’ਤੇ ਦਬਾਅ ਪਾਇਆ ਜਾਵੇਗਾ। ਉਧਰ ਸਿੰਘੂ ਬਾਰਡਰ ਸਮੇਤ ਵੱਖ ਵੱਖ ਮੋਰਚਿਆਂ ’ਤੇ ਅੱਜ ਦੂਜੇ ਦਿਨ ਵੀ ਕਿਸਾਨ ਭੁੱਖ ਹੜਤਾਲ ’ਤੇ ਬੈਠੇ। ਕੇਂਦਰ ਵੱਲੋਂ ਭੇਜੇ ਗਏ ਪੱਤਰ ਨੂੰ ਲੈ ਕੇ ਕਰੀਬ 7 ਘੰਟੇ ਲੰਮੀ ਬੈਠਕ ਸਿੰਘੂ ਬਾਰਡਰ ’ਤੇ ਹੋਈ, ਜਿਸ ਵਿੱਚ ਕੇਂਦਰ ਵੱਲੋਂ ਭੇਜੇ ਗਏ ਪੱਤਰ ਦੇ ਹਰ ਪਹਿਲੂ ਨੂੰ ਵਿਚਾਰਿਆ ਗਿਆ। ਵੱਖ-ਵੱਖ ਆਗੂਆਂ ਵੱਲੋਂ ਉਠਾਏ ਨੁਕਤਿਆਂ ਬਾਰੇ ਠੋਸ ਜਵਾਬ ਤਿਆਰ ਕਰਨ ਲਈ ਬਣਾਈ ਗਈ ਇਸ ਕਮੇਟੀ ਵਿੱਚ ਕ੍ਰਾਂਤੀਕਾਰੀ ਕਿਸਾਨ ਯੂਨੀਅਨ (ਪੰਜਾਬ) ਦੇ ਪ੍ਰਧਾਨ ਡਾ. ਦਰਸ਼ਨ ਪਾਲ, ਭਾਰਤੀ ਕਿਸਾਨ ਯੂਨੀਅਨ (ਏਕਤਾ ਸਿੱਧੂਪੁਰ) ਦੇ ਜਗਜੀਤ ਸਿੰਘ ਡੱਲੇਵਾਲਾ, ਆਲ ਇੰਡੀਆ ਕਿਸਾਨ ਫੈਡਰੇਸ਼ਨ ਤੋਂ ਪ੍ਰੇਮ ਸਿੰਘ ਭੰਗੂ, ਜਮਹੂਰੀ ਕਿਸਾਨ ਸਭਾ ਦੇ ਕੁਲਵੰਤ ਸਿੰਘ ਸੰਧੂ ਤੇ ਰਾਜਿੰਦਰ ਸਿੰਘ ਦੀਪਵਾਲਾ ਸ਼ਾਮਲ ਹਨ। ਅੱਜ ਦੀ ਪ੍ਰੈੱਸ ਕਾਨਫਰੰਸ ਨੂੰ ਕਿਸਾਨ ਆਗੂ ਕੁਲਵੰਤ ਸਿੰਘ ਸੰਧੂ ਨੇ ਸੰਬੋਧਨ ਕੀਤਾ।

ਡਾ. ਦਰਸ਼ਨ ਪਾਲ ਨੇ ਦੱਸਿਆ ਕਿ ਭਲਕੇ 23 ਦਸੰਬਰ ਨੂੰ ਕੇਂਦਰ ਸਰਕਾਰ ਨੂੰ ਚਿੱਠੀ ਦਾ ਜਵਾਬ ਦਿੱਤਾ ਜਾਵੇਗਾ। ਸੂਤਰਾਂ ਮੁਤਾਬਕ ਪਹਿਲਾਂ ਇਹ ਜਵਾਬ ਅੱਜ ਦੇਣਾ ਸੀ, ਪਰ ਆਗੂਆਂ ਦਰਮਿਆਨ ਇਕ ਰਾਇ ਬਣਾਉਣ ਲਈ ਭਲਕੇ ਜਵਾਬ ਦਿੱਤਾ ਜਾਵੇਗਾ। ਡਾ. ਦਰਸ਼ਨ ਪਾਲ ਨੇ ਕਿਹਾ ਕਿ ਮੀਟਿੰਗ ਦੌਰਾਨ ਭਲਕੇ ਮਰਹੂਮ ਚੌਧਰੀ ਚਰਨ ਸਿੰਘ ਦੇ ਜਨਮ ਦਿਹਾੜੇ ਨੂੰ ‘ਕਿਸਾਨ ਦਿਵਸ’ ਵਜੋਂ ਮਨਾਉਣ ਲਈ ਤਿਆਰੀਆਂ ਦਾ ਜਾਇਜ਼ਾ ਲਿਆ ਗਿਆ। ਉਨ੍ਹਾਂ ਕਿਹਾ ਕਿ ਸਾਹਿਬਜ਼ਾਦਿਆਂ ਦੇ 26 ਤੇ 27 ਦਸੰਬਰ ਨੂੰ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸਮਾਗਮਾਂ ਵਿੱਚ ਬੁੱਧੀਜੀਵੀ ਬੁਲਾਏ ਜਾਣਗੇ। ਕਿਸਾਨ ਆਗੂ ਕੁਲਵੰਤ ਸੰਧੂ ਨੇ ਕਿਹਾ ਕਿ ਇੰਗਲੈਂਡ ਦੇ ਪ੍ਰਧਾਨ ਮੰਤਰੀ ਬੌਰਿਸ ਜੌਹਨਸਨ ਦਾ 26 ਜਨਵਰੀ ਨੂੰ ਗਣਤੰਤਰ ਦਿਵਸ ਸਮਾਗਮਾਂ ਵਿੱਚ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਣ ਦਾ ਪ੍ਰੋਗਰਾਮ ਹੈ, ਲਿਹਾਜ਼ਾ ਬਰਤਾਨਵੀ ਸੰਸਦ ਮੈਂਬਰਾਂ ਨੂੰ ਅਪੀਲ ਕੀਤੀ ਜਾਵੇਗੀ ਕਿ ਜਦੋਂ ਤੱਕ ਭਾਰਤ ’ਚ ਖੇਤੀਬਾੜੀ ਕਾਨੂੰਨ ਰੱਦ ਨਹੀਂ ਹੁੰਦੇ, ਉਹ ਜੌਹਨਸਨ ਉਪਰ ਦਬਾਅ ਪਾਉਣ ਕਿ ਉਹ ਭਾਰਤ ਦਾ ਦੌਰਾ ਨਾ ਕਰਨ। 

ਉਧਰ ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਦੇ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਤੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਆਗੂ ਸਰਵਣ ਸਿੰਘ ਪੰਧੇਰ ਨੇ ਵੱਖਰੀ ਪ੍ਰੈੱਸ ਕਾਨਫਰੰਸ ਵਿੱਚ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਭੇੇਜਿਆ ਪੱਤਰ, ਕੋਈ ਸੱਦਾ ਪੱਤਰ ਨਹੀਂ ਹੈ, ਸਗੋਂ ਇਹ ਕੇਂਦਰ ਸਰਕਾਰ ਵੱਲੋਂ ਇਕ ਤਰ੍ਹਾਂ ਨਾਲ ਪ੍ਰਚਾਰ ਹੀ ਕੀਤਾ ਗਿਆ ਹੈ। ਉਗਰਾਹਾਂ ਨੇ ਕਿਹਾ ਕਿ ਕੇਂਦਰ ਨੇ ਮੀਟਿੰਗ ਲਈ ਹੁਣ ਕਿਸਾਨਾਂ ਮੁਤਾਬਕ ਹੀ ਤਰੀਕ ਤੇ ਸਥਾਨ ਮਿੱਥਣ ਦੀ ਗੱਲ ਆਖ ਕੇ ਲੋਕਾਂ ’ਚ ਇਹ ਭਰਮ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਹੈ ਗੱਲਬਾਤ ਲਈ ਸਰਕਾਰ ਨੇ ਪਹਿਲਕਦਮੀ ਕੀਤੀ ਹੈ। ਉਨ੍ਹਾਂ ਕਿਹਾ, ‘ਕੇਂਦਰ ਨੇ ਖੁ਼ਦ ਨੂੰ ਬਰੀ ਕਰਵਾ ਕੇ ਕਿਸਾਨਾਂ ਨੂੰ ਦੋਸ਼ੀ ਠਹਿਰਾਉਣ ਦੀ ਕੋਸ਼ਿਸ਼ ਕੀਤੀ ਹੈ।’ ਉਨ੍ਹਾਂ ਕਿਹਾ ਕਿ ਦੋਵੇਂ ਜਥੇਬੰਦੀਆਂ ਸੰਯੁਕਤ ਕਿਸਾਨ ਮੋਰਚੇ ਦੇ ਫ਼ੈਸਲੇ ਮੁਤਾਬਕ ਵੀ ਐਕਸ਼ਨ ਕਰਨਗੀਆਂ।

ਉਧਰ ਲੜੀਵਾਰ ਭੁੱਖ ਹੜਤਾਲ ਦੇ ਦੂਜੇ ਦਿਨ ਅੱਜ ਮੁੜ ਮੋਰਚਿਆਂ ’ਤੇ 11-11 ਦੇ ਜਥੇ ਵਿੱਚ ਵੱਖ-ਵੱਖ ਜਥੇਬੰਦੀਆਂ ਦੇ ਆਗੂਆਂ ਨੇ ਸ਼ਮੂਲੀਅਤ ਕੀਤੀ। ਬੁਲਾਰਿਆਂ ਨੇ ਭਖਵੀਆਂ ਤਕਰੀਰਾਂ ਨਾਲ ਮਾਹੌਲ ਗਰਮਾਈ ਰੱਖਿਆ। ਅੱਜ ਦੀ ਭੁੱਖ ਹੜਤਾਲ ’ਚ ਬੈਠਣ ਵਾਲਿਆਂ ’ਚ ਕਿਸਾਨ ਸੰਘਰਸ਼ ਕਮੇਟੀ ਪੰਜਾਬ ਦੇ ਸੂਬਾਈ ਆਗੂ ਪਰਮਜੀਤ ਸਿੰਘ ਬਾਗਾ, ਆਜ਼ਾਦ ਕਿਸਾਨ ਸੰਘਰਸ਼ ਕਮੇਟੀ ਦੇ ਆਗੂ ਬਾਬਾ ਮਹਿੰਦਰ ਸਿੰਘ ਵੇਈਂਪੂਈਂ, ਕਿਸਾਨ ਸੰਘਰਸ਼ ਕਮੇਟੀ ਦੇ ਕੰਵਲਜੀਤ ਸਿੰਘ ਪੰਨੂ, ਕੁੱਲ ਹਿੰਦ ਕਿਸਾਨ ਫੈਡਰੇਸ਼ਨ ਭੰਗੂ ਦੇ ਪਵਨ ਕੁਮਾਰ ਸਗੋਲਪੁਰ, ਕਿਰਤੀ ਕਿਸਾਨ ਯੂਨੀਅਨ ਦੇ ਜਤਿੰਦਰ ਸਿੰਘ ਛੀਨਾ, ਸਤਿਆਵਾਨ ਨਰਵਾਨ ਬੀਕੇਯੂ ਚੜੂਨੀ ਆਦਿ ਸ਼ਾਮਲ ਸਨ। ਇਸ ਦੌਰਾਨ ਟਿੱਕਰੀ ਬਾਰਡਰ ’ਤੇ ਵੀ ਬੀਕੇਯੂ (ਉਗਰਾਹਾਂ) ਦੇ ਆਗੂਆਂ ਵੱਲੋਂ ਭੁੱਖ ਹੜਤਾਲ ਕੀਤੀ ਗਈ। ਬੀਕੇਯੂ ਏਕਤਾ (ਉਗਰਾਹਾਂ) ਵੱਲੋਂ ਅੱਜ ਟਿੱਕਰੀ ਬਾਰਡਰ ਦੇ ਰੋਹਤਕ ਬਾਈਪਾਸ ਉਪਰ ਰੈਲੀ ਕੀਤੀ ਗਈ, ਜਿਸ ਨੂੰ ਲਗਪਗ ਡੇਢ ਦਰਜਨ ਬੁਲਾਰਿਆਂ ਨੇ ਸੰਬੋਧਨ ਕੀਤਾ। ਸੰਯੁਕਤ ਕਿਸਾਨ ਮੋਰਚੇ ਵੱਲੋਂ ਦਿੱਤੇ ਸੱਦੇ ਨਾਲ ਸਹਿਮਤੀ ਪ੍ਰਗਟਾਉਂਦਿਆਂ ਪੰਜ ਆਗੂਆਂ ਦਰਬਾਰਾ ਸਿੰਘ ਛਾਜਲਾ, ਕਿਰਪਾਲ ਸਿੰਘ ਧੂਰੀ, ਮੱਖਣ ਪਾਪੜਾ, ਮਾਣਕ ਸਿੰਘ ਥਲੇਸਾਂ ਤੇ ਜਰਨੈਲ ਸਿੰਘ ਜਵੰਧਾ ਪਿੰਡੀ ਨੂੰ ਜਥੇਬੰਦੀ ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਫੁੱਲਾਂ ਦੇ ਹਾਰ ਪਾ ਕੇ ਭੁੱਖ ਹੜਤਾਲ ਉਪਰ ਬਿਠਾਇਆ।

ਅੰਨਦਾਤਾ ਲਈ ਇੱਕ ਡੰਗ ਦੀ ਰੋਟੀ ਛੱਡਣ ਦਾ ਸੱਦਾ 

ਕਿਸਾਨ ਯੂਨੀਅਨਾਂ ਵੱਲੋਂ ਸੰਘਰਸ਼ ਨੂੰ ਤਿੱਖਾ ਕਰਨ ਦੀ ਲੜੀ ਤਹਿਤ ਪਹਿਲਾਂ ਐਲਾਨੇ ਪ੍ਰੋਗਰਾਮ ਮੁਤਾਬਕ ਕਿਸਾਨ ਭਲਕੇ 23 ਦਸੰਬਰ ਨੂੰ ‘ਕਿਸਾਨ ਦਿਹਾੜੇ’ ਵਜੋਂ ਮਨਾਉਣਗੇ। ਕਿਸਾਨ ਆਗੂਆਂ ਨੇ ਦੇਸ਼ ਵਿਦੇਸ਼ ’ਚ ਬੈਠੇ ਲੋਕਾਂ ਨੂੰ ਕਿਸਾਨੀ ਸੰਘਰਸ਼ ਨਾਲ ਇਕਜੁੱਟਤਾ ਦਾ ਇਜ਼ਹਾਰ ਕਰਦਿਆਂ ‘ਦੁਪਹਿਰ ਦਾ ਭੋਜਨ ਨਾ ਖਾਣ’ ਦਾ ਸੱਦਾ ਦਿੱਤਾ।ਕਿਸਾਨ ਆਗੂ ਮਰਹੂਮ ਚੌਧਰੀ ਚਰਨ ਸਿੰਘ ਦਾ ਭਲਕੇ ਜਨਮ ਦਿਹਾੜਾ ਹੈ।

ਕਿਸਾਨ ਜਥੇਬੰਦੀਆਂ ਵੈਬਿਨਾਰ ਰਾਹੀਂ ਦੇਣਗੀਆਂ ਸਵਾਲਾਂ ਦੇ ਜਵਾਬ

ਨਵੀਂ ਦਿੱਲੀ: ਕਿਸਾਨਾਂ ਦੇ ਸੋਸ਼ਲ ਮੀਡੀਆ ਸੈੱਲ ਨੇ ਜਾਣਕਾਰੀ ਦਿੱਤੀ ਹੈ ਕਿ ਖੇਤੀ ਕਾਨੂੰਨਾਂ ਸਬੰਧੀ ਹਰ ਸਵਾਲ ਦਾ ਜਵਾਬ ਵੀਰਵਾਰ ਨੂੰ ਵੈਬਿਨਾਰ ਰਾਹੀਂ ਦਿੱਤਾ ਜਾਵੇਗਾ। ਇਸ ਵੈਬੀਨਾਰ ’ਚ ਜ਼ੂਮ ਰਾਹੀਂ ਲੋਕ ਜੁੜ ਸਕਣਗੇ। ਸੋਸ਼ਲ ਮੀਡੀਆ ਸੈੱਲ ਦੇ ਮੁਖੀ ਬਲਜੀਤ ਸਿੰਘ ਸੰਧੂ ਨੇ ਕੰਗਨਾ ਰਣੌਤ, ਮੁਕੇਸ਼ ਖੰਨਾ ਅਤੇ ਪਾਇਲ ਰੋਹਤਗੀ ਵੀ ਸ਼ਾਮਲ ਹੈ, ਨੂੰ ਵੈਬਿਨਾਰ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਹੈ।

Leave a Reply

Your email address will not be published. Required fields are marked *