ਕਿਵੇਂ ਬਚੇ ਪੰਜਾਬ ਦੀ ਕਿਸਾਨੀ ? ਬਲਿਹਾਰ ਸਿੰਘ ਲੇਹਲ (ਸਿਆਟਲ ਯੂ ਐੱਸ ਏ)

ਪੰਜਾਬ ਦੇ ਕਿਸਾਨਾਂ ਵਲੋਂ ਖੇਤੀ ਬਿੱਲਾਂ ਦੇ ਵਿਰੋਧ ਵਿਚ ਚੱਲ ਰਿਹਾ ਸੰਘਰਸ਼ ਪੂਰੇ ਸਿਖਰ ਉੱਤੇ ਹੈ| ਖੇਤੀ ਕਨੂੰਨਾਂ ਬਾਰੇ ਇਸ ਸੰਘਰਸ਼ ਦਾ ਸਿੱਟਾ ਜੋ ਮਰਜੀ ਨਿਕਲੇ ਪਰ ਇਹ ਸੰਘਰਸ਼ ਆਪਣੇ ਆਪ ਵਿਚ ਇੱਕ ਬੁਹਤ ਵੱਡੀ ਜਿੱਤ ਹੈ| ਇਨੀ ਵੱਡੀ ਗਿਣਤੀ ਵਿਚ ਪੰਜਾਬ ਦੇ ਹਰ ਜਾਤ, ਧਰਮ ਦੇ ਲੋਕਾਂ ਦੀ ਸ਼ਮੂਲੀਅਤ, ਖਾਸ ਕਰ ਕੇ ਪੰਜਾਬ ਦੇ ਨੌਜਵਾਨਾਂ ਦੀ ਸ਼ਮੂਲੀਅਤ (ਜਿਹਨਾਂ ਬਾਰੇ ਇਹ ਕਿਹਾ ਜਾਂਦਾ ਸੀ ਕਿ ਪੰਜਾਬ ਦੀ ਜਵਾਨੀਂ ਨਸ਼ਿਆਂ ਨੇ ਖਾ ਲਈ ਹੈ) ਅਤੇ ਹੋਰ ਰਾਜਾਂ ਦੇ ਲੋਕਾਂ ਵਲੋਂ ਪੰਜਾਬ ਦੇ ਕਿਸਾਨਾਂ ਦੀ ਹਮਾਇਤ ਕਰਨਾ ਆਪਣੇ ਆਪ ਵਿੱਚ ਇੱਕ ਵੱਡੀ ਜਿੱਤ ਹੈ | ਲੱਗਦਾ ਹੈ ਸਰਕਾਰ ਜਲਦੀ ਹੀ ਇਹ ਤਿੰਨੇਂ ਕਨੂਨ ਰੱਦ ਕਰ ਦੇਵੇਗੀ | ਪਰ ਪੰਜਾਬ ਦੀ ਕਿਸਾਨੀ ਫਿਰ ਵੀ ਖਤਰੇ ਵਿੱਚ ਹੈ | ਇਹ ਤਿੰਨ ਕਨੂਨ ਵਾਪਸ ਹੋਣ ਨਾਲ ਇਹ ਖਤਰਾ ਟਲ ਨਹੀਂ ਜਾਣਾ | ਜੇਕਰ ਇਹ ਤਿੰਨ ਕਨੂਨ ਹੀ ਖੇਤੀ ਲਈ ਵੱਡਾ ਖਤਰਾ ਹਨ ਤਾਂ ਇਹਨਾਂ ਕਨੂੰਨ ਦੇ ਪਾਸ ਹੋਣ ਤੋਂ ਪਹਿਲਾਂ ਕਿਸਾਨ ਕਿਓਂ ਕਰਜਾਈ ਸਨ ਅਤੇ ਖੁਦਕਸ਼ੀਆਂ ਕਰ ਰਹੇ ਸਨ | ਹਰੇ ਇਨਕਲਾਬ ਨੇ ਪੰਜਾਬ ਦੀ ਧਰਤੀ, ਹਵਾ ਅਤੇ ਪਾਣੀ ਜ਼ਹਿਰੀਲੇ ਕਰ ਦਿੱਤੇ ਹਨ | ਝੌਨੇ ਦੀ ਫਸਲ ਜ਼ਮੀਨ ਹੇਠਲਾ ਪਾਣੀ ਖਤਮ ਕਰ ਰਹੀ ਹੈ | ਇਹਨਾਂ ਕਨੂੰਨ ਨੂੰ ਰੱਦ ਕਰਵਾਉਣ ਤੋਂ ਬਾਅਦ ਵੀ ਜੇਕਰ ਪੰਜਾਬ ਨੂੰ ਬਚਾਉਣ ਲਈ ਕੋਈ ਠੋਸ ਉਪਰਾਲੇ ਨਾਂ ਕੀਤੇ ਗਏ ਤਾਂ ਪੰਜਾਬ ਕੁਝ ਕੁ ਸਾਲਾਂ ਵਿੱਚ ਇੱਕ ਜ਼ਹਿਰੀਲਾ ਰੇਗਿਸਤਾਨ ਬਣ ਜਾਵੇਗਾ | ਮਸਲਾ ਪੰਜਾਬ ਦੀ ਕਿਰਸਾਨੀਂ ਬਚਾਉਣ ਦਾ ਹੀ ਨਹੀਂ ਸਗੋਂ ਪੰਜਾਬ ਦੀ ਹੋਂਦ ਬਚਾਉਣ ਦਾ ਹੈ | ਪਿਛਲੀਆਂ ਕਈ ਸਦੀਆਂ ਤੋਂ ਪੰਜਾਬ ਦੇ ਲੋਕਾਂ ਦੀ ਜ਼ਿੰਦਗੀ ਸੰਘਰਸ਼ ਵਿੱਚ ਹੀ ਲੰਘਦੀ ਰਹੀ ਹੈ | ਆਜ਼ਾਦੀ ਤੋਂ ਬਾਅਦ ਅਤੇ ਰਾਜਨੀਤਕ ਤੋਰ ਤੇ ਇਸ ਖਿੱਤੇ ਵਿਚ ਟਿਕ ਟਿਕਾ ਹੋਣ ਦੇ ਬਾਵਜੂਦ ਵੀ ਪੰਜਾਬ ਦੇ ਲੋਕਾਂ ਨੂੰ ਸੰਘਰਸ਼ਾਂ ਦੇ ਰਾਹ ਹੀ ਤੁਰਨਾ ਪੈਂਦਾ ਰਿਹਾ ਹੈ | ਦਿਮਾਗ ਦੀ ਲੜਾਈ ਜਾਂ ਸਿਆਸਤ ਕਰਨ ਵਿਚ ਅਸੀਂ ਫਾਡੀ ਹਾਂ | ਜੇਕਰ ਸਰਕਾਰ ਸਾਡੇ ਨਾਲ ਧੱਕਾ ਕਰਨ ਤੋਂ ਨਹੀਂ ਹਟਦੀ ਤਾਂ ਇੱਕ ਵਾਰ ਸਰੀਰਕ ਟਕਰਾਅ ਵਾਲੇ ਸੰਘਰਸ਼ ਦੇ ਨਾਲ ਦਿਮਾਗੀ ਸੰਘਰਸ਼ ਵੀ ਕਰ ਕੇ ਦੇਖ ਲੈਣਾ ਚਾਹੀਦਾ ਹੈ | ਮੇਰਾ ਮਤਲਬ ਹੈ "ਆਰਥਿਕ ਬਾਈਕਾਟ" ਵਰਗੀ ਕੋਈ ਲਹਿਰ | ਕਿਸਾਨ ਇੱਕ ਵਾਰ ਸਰਕਾਰ ਨੂੰ ਹਿੱਕ ਠੋਕ ਕੇ ਕਹਿ ਦੇਣ ਕਿ ਜੇਕਰ ਸਾਡੀ ਫਸਲ ਦਾ ਸਹੀ ਮੁੱਲ ਨਹੀਂ ਲਗਾਉਣਾ ਤਾਂ ਅਸੀਂ ਵੀ ਆਪਣੇ ਖਾਣ ਜੋਗੀਆਂ ਦਾਲਾਂ, ਸਬਜ਼ੀਆਂ ਅਤੇ ਅਨਾਜ ਬੀਜ ਲਵਾਂਗੇ | ਦੋ ਸਾਲ ਲਈ ਨਾਂ ਤੁਹਾਥੋਂ ਕੁੱਝ ਖ੍ਰੀਦਾਗੇ ਅਤੇ ਨਾਂ ਹੀ ਵੇਚਾਂਗੇ | ਆਪਣੀ ਲੋੜ ਜੋਗੀ ਵਸਤੂ ਰੱਖ ਕੇ ਬਾਕੀ ਪਿੰਡਾਂ ਜਾਂ ਸ਼ਹਿਰਾਂ ਵਿਚ ਸਿੱਧਾ ਵੇਚ ਲੈਣ | ਜੇਕਰ ਕਿਸੇ ਨੇਂ ਕੋਈ ਨਵੀਂ ਗੱਡੀ ਖਰੀਦਣੀ ਹੈ, ਨਵਾਂ ਟਰੈਕਟਰ ਲੈਣਾ ਹੈ , ਨਵਾਂ ਮਕਾਨ ਬਣਾਉਣਾ ਹੈ ਜਾਂ ਕੋਈ ਵੀ ਹੋਰ ਚੀਜ ਖਰੀਦਣੀ ਹੈ ਜਿਸ ਤੋਂ ਬਿਨਾ ਦੋ ਸਾਲ ਤੱਕ ਸਰ ਸਕਦਾ ਹੋਵੇ ਤਾਂ ਦੋ ਸਾਲ ਕੋਈ ਵੀ ਚੀਜ ਨਾਂ ਖਰੀਦਣ | ਦੋ ਸਾਲ ਲਈ ਫਜੂਲ ਖਰਚੀ, ਮਹਿੰਗੇ ਵਿਆਹ ਅਤੇ ਸ਼ਰਾਬ ਖਰੀਦਣੀ ਬੰਦ ਕਰ ਦੇਣ | ਦੋ ਸਾਲ ਵਿਚ ਸਰਕਾਰ ਦੇ ਨੱਕ ਵਿਚ ਦਮ ਆ ਜਾਵੇਗਾ | ਇਸ ਤਰਾਂ ਵੀ ਸੰਘਰਸ਼ ਕੀਤਾ ਜਾ ਸਕਦਾ ਹੈ |

ਕੁਝ ਗੱਲਾਂ ਵੱਲ ਸਾਨੂੰ ਤੁਰੰਤ ਧਿਆਨ ਦੇਣ ਦੀ ਲੋੜ ਹੈ | ਜਿਵੇਂ ਕਿ :-

 1. ਹਰੀ ਕ੍ਰਾਂਤੀ :- ਪੰਜਾਬ ਦੇ ਲੋਕ ਕੁੱਝ ਵੀ ਕਰਨ ਦੇ ਸਮਰਥ ਹਨ | ਪਹਿਲਾਂ ਵੀ ਪੰਜਾਬ ਦੇ ਲੋਕਾਂ ਨੇ ਹਰੀ ਕ੍ਰਾਂਤੀ ਲਿਆ ਕੇ ਪੂਰੇ ਮੁਲਕ ਦਾ ਢਿੱਡ ਭਰਿਆ ਹੈ | ਇਸ ਹਰੀ ਕ੍ਰਾਂਤੀ ਨੇ ਪੰਜਾਬ ਦੀ ਧਰਤੀ, ਹਵਾ ਅਤੇ ਪਾਣੀ ਜ਼ਹਿਰੀਲੇ ਕਰ ਦਿੱਤੇ ਹਨ | ਹੁਣ ਇੱਕ ਨਹੀਂ ਦੋ ਹਰੀਆਂ ਕ੍ਰਾਂਤੀਆਂ ਪੰਜਾਬ ਵਿਚ ਵਾਪਰਨੀਆਂ ਚਾਹੀਦੀਆਂ ਹਨ | ਇਹ ਹਰੀਆਂ ਕ੍ਰਾਂਤੀਆਂ ਕੇਵਲ ਪੰਜਾਬ ਜਾਂ ਹਿੰਦੁਸਤਾਨ ਦਾ ਭਲਾ ਨਹੀਂ ਕਰਨਗੀਆਂ ਸਗੋਂ ਸਰਬਤ ਦਾ ਭਲਾ ਕਰਨਗੀਆਂ |

ਪਹਿਲੀ ਹਰੀ ਕ੍ਰਾਂਤੀ: ਪਹਿਲੀ ਹਰੀ ਕ੍ਰਾਂਤੀ ਹੋਵੇਗੀ ਜੈਵਿਕ (ਔਰਗੈਨਿਕ) ਖੇਤੀ | ਭਾਵ ਬਿਨਾਂ ਖਾਦਾਂ ਅਤੇ ਜ਼ਹਿਰੀਲੀਆਂ ਦਵਾਈਆਂ ਤੋਂ ਫਸਲ ਪੈਦਾ ਕਰਨੀ | ਆਪਣੇ ਵਰਤਣ ਜੋਗੀ ਹਰ ਚੀਜ ਆਪ ਪੈਦਾ ਕਰਨੀਂ | ਇਸ ਫਸਲ ਦੀ ਪੂਰੀ ਦੁਨੀਆਂ ਵਿਚ ਮੰਗ ਹੈ | ਇੱਕ ਵਾਰ ਅਸੀਂ ਸਿਆਟਲ ਵਿਚ ‘ਪੋਰਟੇਜ ਬੇਅ’ ਨਾਂ ਦੇ ਢਾਬੇ ਵਿਚ ਖਾਣਾ ਖਾਣ ਗਏ ਜੋ ਕਿ ਸਿਰਫ ਔਰਗੈਨਿਕ ਸਮਾਨ ਹੀ ਵਰਤਦੇ ਹਨ | ਭੀੜ ਇੰਨੀ ਕਿ ਤੋਬਾ ਤੋਬਾ | ਜਿਹਨਾਂ ਫਾਰਮਾਂ ਤੋਂ ਉਹ ਸਮਾਨ ਖਰੀਦਦੇ ਸਨ ਉਹਨਾਂ ਦੀ ਲਿਸਟ ਲਿਖ ਕੇ ਲਗਾਈ ਹੋਈ ਸੀ | ਬਲਿਊ ਬੇਰੀ ਦੇ ਅੱਗੇ ਜਦੋਂ ਮੈਂ ‘ਸਿੱਧੂ ਫਾਰਮ’ ਦਾ ਨਾਮ ਦੇਖਿਆ ਤਾਂ ਸਿਰ ਮਾਣ ਨਾਲ ਉੱਚਾ ਹੋ ਗਿਆ | ਚੇਤ ਸਿੰਘ ਸਿੱਧੂ ਦੀ ਔਰਗੈਨਿਕ ਬਲਿਊ ਬੇਰੀ ਦੁਨੀਆਂ ਭਰ ਵਿਚ ਮਸ਼ਹੂਰ ਹੈ | ਪੰਜਾਬੀ ਕੀ ਕੁਝ ਨਹੀਂ ਕਰ ਸਕਦੇ | ਪੰਜਾਬ ਵਿਚ ਔਰਗੈਨਿਕ ਖੇਤੀ ਦੀ ਇੱਕ ਸੰਸਥਾ ਜਾਂ ਬੋਰਡ ਬਣਨਾ ਚਾਹੀਦਾ ਹੈ, ਜੋ ਕਿ ਬੜੀ ਸਖਤੀ ਅਤੇ ਇਮਾਨਦਾਰੀ ਨਾਲ ਸਾਰਾ ਕੁੱਝ ਚੈੱਕ ਕਰਕੇ ‘ਔਰਗੈਨਿਕ’ ਹੋਣ ਦੀ ਮੋਹਰ ਲਾਵੇ | ਇਮਾਨਦਾਰੀ ਨਾਲ ਉੱਚ ਮਿਆਰੀ ਫਸਲ ਪੈਦਾ ਕਰੋਗੇ ਤਾਂ ਦੁਨੀਆਂ ਭਰ ਵਿਚ ਇਸ ਦੀ ਮੰਗ ਹੋਵੇਗੀ ਅਤੇ ਕੀਮਤ ਵੀ ਮੂੰਹ ਮੰਗੀ ਮਿਲੇਗੀ | ਇਸ ਦਾ ਮਿਆਰ ਇੰਨਾ ਉੱਚਾ ਹੋਣਾ ਚਾਹੀਦਾ ਕਿ ਦੁਨੀਆਂ ਭਰ ਵਿਚ ਪੰਜਾਬ ਦੇ ਔਰਗੈਨਿਕ ਸਮਾਨ ਨੂੰ ਲੋਕ ਇਸ ਤਰਾਂ ਖਰੀਦਣ ਜਿਵੇਂ ਮਾਈਕਰੋਸੋਫਟ ਵਾਲੇ ਤਾਮਿਲਨਾਇਡੂ ਦੇ ਕੰਪਿਊਟਰ ਇੰਜਨੀਅਰ ਭਰਤੀ ਕਰਦੇ ਹਨ | ਨਾਮ ਕਮਾਉਣਾਂ ਪੈਂਦਾ ਇਸ ਲਈ ਮਹਿਨਤ ਕਰਨੀ ਪੈਂਦੀ ਹੈ |ਬਾਹਰਲੇ ਦੇਸ਼ਾਂ ਵਿਚ ਵਸਦੇ ਲੋਕ ਜਿਹਨਾਂ ਦੀਆਂ ਪੰਜਾਬ ਵਿਚ ਜ਼ਮੀਨਾਂ ਹਨ, ਇਸ ਕ੍ਰਾਂਤੀ ਵਿਚ ਵੱਡਾ ਯੋਗਦਾਨ ਪਾ ਸਕਦੇ ਹਨ | ਇੱਕ ਵਾਰ ਕਹਿ ਦੇਣ ਕਿ ਸਾਡੀ ਜ਼ਮੀਨ ਵਿਚ ਝੋਨਾ ਨਹੀਂ ਲਗਣਾਂ ਚਾਹੀਦਾ, ਕੋਈ ਖਾਦ ਜਾਂ ਜ਼ਹਿਰੀਲੀ ਦਵਾਈ ਨਹੀਂ ਪੈਣੀ ਚਾਹੀਦੀ | ਠੇਕਾ ਬੇਸ਼ਕ ਘੱਟ ਦੇ ਦੇਵੋ, ਇਸ ਦਾ ਲੰਬੇ ਸਮੇਂ ਵਿਚ ਫਾਇਦਾ ਹੋਵੇਗਾ | ਗੁਰਦਵਾਰਿਆਂ, ਮੰਦਰਾਂ, ਪੰਚਾਇਤਾਂ ਜਾਂ ਹੋਰ ਸਾਂਝੀਆਂ ਜ਼ਮੀਨਾਂ ਬਾਰੇ ਵੀ ਇਸ ਤਰਾਂ ਦਾ ਮਤਾ ਪਾਸ ਕੀਤਾ ਜਾ ਸਕਦਾ ਹੈ | ਔਰਗੈਨਿਕ ਖੇਤੀ ਲਈ ਖੋਜ ਸੰਸਥਾਵਾਂ ਬਣਨੀਆਂ ਚਾਹੀਦੀਆਂ ਹਨ | ਹੁਣ ਤੱਕ ਜਿੰਨੀਆਂ ਵੀ ਖੇਤੀ ਸੰਸਥਾਵਾਂ ਹਨ ਸਾਰੀਆਂ ਦਾ ਜ਼ੋਰ ਖਾਦਾਂ ਅਤੇ ਜ਼ਹਿਰੀਲੀਆਂ ਦਵਾਈਆਂ ਦੀ ਵੱਧ ਤੋਂ ਵੱਧ ਵਰਤੋਂ ਕਰਨ ਬਾਰੇ ਕਿਸਾਨਾਂ ਨੂੰ ਦਸਣ ਉੱਤੇ ਲੱਗਾ ਹੋਇਆ ਹੈ | ਕਿਤੇ ਖਾਦਾਂ ਅਤੇ ਦਵਾਈਆਂ ਬਣਾਉਣ ਵਾਲਿਆਂ ਕੰਪਨੀਆਂ ਦਾ ਇਹਨਾਂ ਸੰਸਥਾਵਾਂ ਵਿਚ ਸਿੱਧਾ ਜਾਂ ਅਸਿੱਧਾ ਦਖਲ ਤਾਂ ਨਹੀਂ ?

 ਔਰਗੈਨਿਕ ਫਸਲਾਂ ਦੀ ਸਾਂਭ ਸੰਭਾਲ, ਪੈਕਿੰਗ ਅਤੇ ਪੂਰੀ ਦੁਨੀਆਂ ਵਿਚ ਮੰਡੀਕਰਣ ਲਈ ਲੋੜੀਂਦੇ ਪ੍ਰਬੰਧ ਕਰਨੇਂ ਅਤੇ ਢਾਂਚਾ ਬਣਾਉਣਾ ਪਵੇਗਾ | ਇਸ ਵਿਚ ਵੀ ਵਿਦੇਸ਼ੀ ਪੰਜਾਬੀ ਆਪਣੀ ਪੂੰਜੀ ਲਾ ਸਕਦੇ ਹਨ ਅਤੇ ਹਿਸਾਬ ਦਾ ਮੁਨਾਫ਼ਾ ਵੀ ਕਮਾ ਸਕਦੇ ਹਨ | ਮੁਨਾਫ਼ੇ ਦੀਆਂ ਲਾਲਚੀ ਵੱਡਿਆਂ ਕੰਪਨੀਆਂ ਨੂੰ ਬਰਾਬਰ ਦੀ ਟੱਕਰ ਦੇਣ ਵਾਲ਼ੀਆਂ ਪੰਜਾਬੀਆਂ ਦੀਆਂ ਆਪਣੀਆਂ ਕੰਪਨੀਆਂ ਬਣਾਉਣੀਆਂ ਪੈਣਗੀਆਂ | ਪੰਜਾਬ ਦੇ ਆਪਣੇ ਆਰਗੈਨਿਕ ਬ੍ਰਾਂਡ ਹੋਣ ਅਤੇ ਹਰ ਪੰਜਾਬੀ ਉਸ ਬ੍ਰਾਂਡ ਦਾ ਸਮਾਨ ਖਰੀਦੇ | ਦੂਸਰੀ ਹਰੀ ਕ੍ਰਾਂਤੀ :- ਦੂਸਰੀ ਹਰੀ ਕ੍ਰਾਂਤੀ ਹੈ "ਹਰੀ ਊਰਜਾ" | ਪੰਜਾਬ ਕੋਲ ਹਰੀ ਊਰਜਾ ਦੇ ਖੇਤਰ ਵਿਚ ਕ੍ਰਾਂਤੀ ਲਿਆਉਣ ਦੀ ਪੂਰੀ ਸਮਰਥਾ ਹੈ | ਇਸ ਵਿਚ ਸਭ ਤੋਂ ਅਹਿਮ ਹੈ ਸੂਰਜੀ ਊਰਜਾ ਤੋਂ ਬਿਜਲੀ ਬਣਾਉਣੀ | ਚੀਨ ਦੇ ਬਣੇ ਸੋਲਰ ਪੈਨਲ ਖੇਤਾਂ ਵਿਚ ਲਗਾ ਕੇ ਹਰੀ ਕ੍ਰਾਂਤੀ ਨਹੀਂ ਆਉਣੀ | ਸਗੋਂ ਪੰਜਾਬ ਵਿਚ ਇਸ ਬਾਰੇ ਖੋਜ ਹੋਣੀ ਚਾਹੀਦੀ ਹੈ | ਪੰਜਾਬ ਵਿਚ ਨਵੀਂ ਤਕਨੀਕ ਨਾਲ ਅਤਿ ਆਧੁਨਿਕ ਕਿਸਮ ਦੇ ਸੋਲਰ ਪੈਨਲ ਬਣਨੇ ਚਾਹੀਦੇ ਹਨ | ਪੰਜਾਬ ਹੋਰ ਮੁਲਖਾਂ ਨੂੰ ਕੇਵਲ ਸੋਲਰ ਪੈਨਲ ਹੀ ਨਾਂ ਵੇਚੇ ਸਗੋਂ ਇਸ ਖੇਤਰ ਵਿਚ ਤਕਨੀਕੀ ਮੁਹਾਰਤ ਵੀ ਵੇਚੇ | ਇਸ ਦੇ ਨਾਲ ਹੀ ਮਿਲਦੀ ਜੁਲਦੀ ਤਕਨੀਕ ਹੈ ਦਿਨ ਵੇਲੇ ਧੁੱਪ ਨਾਲ ਪੈਦਾ ਕੀਤੀ ਬਿਜਲੀ ਸਾਂਭਣ ਲਈ ਬੈਟਰੀਆਂ ਬਣਾਉਣੀਆਂ ਤਾਂ ਜੋ ਇਹ ਬਿਜਲੀ ਰਾਤ ਨੂੰ ਵਰਤੀ ਜਾ ਸਕੇ | ਇਸ ਬਾਰੇ ਵੀ ਬੁਹਤ ਖੋਜ ਹੋਣ ਵਾਲੀ ਹੈ | ਇਹਨਾਂ ਚੀਜ਼ਾਂ ਬਾਰੇ ਪੰਜਾਬ ਦੇ ਕਾਲਜਾਂ ਵਿਚ ਪੜ੍ਹਾਈ ਹੋਣੀ ਚਾਹੀਦੀ ਹੈ ਅਤੇ ਉੱਚ ਪੱਧਰ ਦੇ ਖੋਜ ਕੇਂਦਰ ਸਥਾਪਿਤ ਹੋਣੇ ਚਾਹੀਦੇ ਹਨ | ਨਵੀਂ ਤਕਨੀਕ ਨਾਲ ਉਹ ਬੈਟਰੀਆਂ ਬਣਾਉਣ ਦੀ ਲੋੜ ਹੈ ਜੋ ਕੇ ਜਿਆਦਾ ਬਿਜਲੀ ਜਿਆਦਾ ਲੰਬੇ ਸਮੇਂ ਤੱਕ ਸੰਭਾਲ ਕੇ ਰੱਖ ਸਕਣ | ਇਹ ਬੈਟਰੀਆਂ ਬਿਜਲੀ ਨਾਲ ਚੱਲਣ ਵਾਲੀਆਂ ਕਾਰਾਂ ਬਣਾਉਣ ਵਾਲਿਆਂ ਕੰਪਨੀਆਂ ਨੂੰ ਵੀ ਵੇਚੀਆਂ ਜਾ ਸਕਦੀਆਂ ਹਨ | ਪੰਜਾਬ ਇਸ ਹਰੀ ਕ੍ਰਾਂਤੀ ਵਿਚ ਪੂਰੀ ਦੁਨੀਆਂ ਦਾ ਮੋਢੀ ਸੂਬਾ ਬਣ ਸਕਦਾ ਹੈ | ਕੈਲੇਫੋਰਨੀਆ ਵਿਚ ਜਗਦੀਪ ਸਿੰਘ ਨੇ ਨਵੀਂ ਤਕਨੀਕ ਦੀਆਂ ਬੈਟਰੀਆਂ ਤੇ ਖੋਜ ਕਰਨ ਵਾਲੀ ਕੰਪਨੀ 'ਕੁਆਂਟਮ ਸਕੇਪ' ਸ਼ੁਰੂ ਕੀਤੀ ਸੀ ਜਰਮਨ ਦੀ ਕੰਪਨੀ ਵੋਲਕਸਵੈਗਨ ਵਾਲਿਆਂ ਨੇ 30 ਕਰੋੜ ਅਮਰੀਕੀ ਡਾਲਰ (ਰੁਪਏ ਆਪ ਬਣਾ ਲਿਓ) ਦੇ ਕੇ ਹਿੱਸਾ ਪਾਇਆ | ਪੰਜਾਬੀ ਕੀ ਨਹੀਂ ਕਰ ਸਕਦੇ | 2. ਪੜ੍ਹਾਈ :- ਪੰਜਾਬ ਵਿਚ ਉੱਚ ਮਿਆਰੀ ਸਕੂਲ, ਕਾਲਜ ਅਤੇ ਯੂਨੀਵਰਸਟੀਆਂ ਸਥਾਪਿਤ ਹੋਣੀਆਂ ਚਾਹੀਦੀਆਂ ਹਨ, ਜਿਥੇ ਕਿ ਪੰਜਾਬ ਦੇ ਬੱਚਿਆਂ ਦੇ ਨਾਲ ਬਾਹਰਲੇ ਮੁਲਖਾਂ ਤੋਂ ਵੀ ਲੋਕ ਪੜ੍ਹਨ ਆਉਣ | ਇਹਨਾਂ ਸੰਸਥਾਵਾਂ ਦਾ ਮਿਆਰ ਇੰਨਾ ਉੱਚਾ ਹੋਣਾ ਚਾਹੀਦਾ ਹੈ ਕਿ ਇਹਨਾਂ ਵਿਚ ਪੜ੍ਹੇ ਹੋਏ ਲੋਕਾਂ ਦੀ ਮੰਗ ਪੂਰੀ ਦੁਨੀਆਂ ਵਿਚ ਹੋਵੇ | ਇਸ ਤਰਾਂ ਪੰਜਾਬ ਡਾਕਟਰ, ਇੰਜਨੀਅਰ, ਨਰਸਾਂ ਅਤੇ ਕੰਪਿਊਟਰ ਪ੍ਰੋਗਰਾਮਰ ਪੈਦਾ ਕਰਨ ਵਾਲਾ ਦੁਨੀਆਂ ਦਾ ਮੋਢੀ ਸੂਬਾ ਹੋਵੇ | ਪੰਜਾਬ ਵਿਚ ਸਕੂਲ ਕਾਲਜ ਤਾਂ ਬੁਹਤ ਹਨ ਪਰ ਅੰਤਰਰਾਸ਼ਟਰੀ ਪੱਧਰ ਦੇ ਮਿਆਰ ਵਾਲੇ ਨਾਂ ਦੇ ਬਰਾਬਰ ਹੀ ਹਨ | ਇਹ ਕੰਮ ਪੰਜਾਬ ਵਿਚ ਬੁਹਤ ਪਹਿਲਾਂ ਹੋਣਾਂ ਚਾਹੀਦਾ ਸੀ ਕਿਓਂਕਿ ਪੰਜਾਬ ਦੀ ਧਰਤੀ ਉੱਤੇ ਗੁਰੂਆਂ, ਪੀਰਾਂ, ਫਕੀਰਾਂ ਨੇ ਗਿਆਨ, ਵਿਚਾਰ ਅਤੇ ਵਿਵੇਕ ਨੂੰ ਰੱਬ ਪਾਉਣ ਦੇ ਬਰਾਬਰ ਦਾ ਦਰਜਾ ਦਿੱਤਾ ਹੈ ਅਤੇ ਦਿਮਾਗ (ਦਸਮ ਦੁਆਰ) ਨੂੰ ਵੱਧ ਤੋਂ ਵੱਧ ਵਰਤਣ ਉੱਤੇ ਜ਼ੋਰ ਦਿੱਤਾ ਹੈ | ਪਰ ਅਸੀਂ ਉਹਨਾਂ ਦੇ ਉਪਦੇਸ਼ਾਂ ਤੋਂ ਦੂਰ ਚਲੇ ਗਏ | ਇਹ ਜਰੂਰੀ ਨਹੀਂ ਕੇ ਪੰਜਾਬ ਦੇ ਪੜ੍ਹੇ ਹੋਏ ਡਾਕਟਰ ਇੰਜੀਨੀਰਾਂ ਨੂੰ ਬਾਹਰਲੇ ਮੁਲਕਾਂ ਵਿੱਚ ਕੰਮ ਕਰਨਾਂ ਹੋਵੇਗਾ | ਹੁਣ ਤਾਂ ਕੰਪਿਊਟਰ ਰਾਹੀਂ ਕਿਸੇ ਮੁਲਕ ਵਿਚ ਬੈਠੇ ਹੋਏ ਦੁਨੀਆਂ ਦੇ ਕਿਸੇ ਵੀ ਮੁਲਕ ਲਈ ਕੰਮ ਕਰ ਸਕਦੇ ਹੋ | ਪੰਜਾਬ ਵਿਚ ਉੱਚ ਮਿਆਰੀ ਹਸਪਤਾਲ ਬਣ ਸਕਦੇ ਹਨ, ਜਿੱਥੇ ਕਿ ਬਾਹਰਲੇ ਮੁਲਖਾਂ ਵਿਚੋਂ ਲੋਕ ਇਲਾਜ ਕਰਵਾਉਣ ਲਈ ਆਉਣ |

   ਜਿਸ ਤਰਾਂ ਘੜੀਆਂ ਬਣਾਉਣ ਵਿਚ ਸਵਿਟਜ਼ਰਲੈਂਡ ਦਾ, ਕਾਰਾਂ ਬਣਾਉਣ ਵਿਚ ਜਪਾਨ ਦਾ ਅਤੇ ਹਥਿਆਰ ਬਣਾਉਣ ਵਿਚ ਅਮਰੀਕਾ ਦਾ ਨਾਮ ਚੱਲਦਾ ਹੈ ਇਸੇ ਤਰਾਂ ਪੰਜਾਬ ਦਾ ਵੀ ਨਾਮ ਹੋਣਾਂ ਚਾਹੀਦਾ ਹੈ | 3. ਕੁਝ ਲੋਕਾਂ ਦਾ ਖੇਤੀ ਧੰਦੇ ਵਿਚੋਂ ਬਾਹਰ ਨਿਕਲਣਾ :- ਪੰਜਾਬ ਦੇ ਕਿਸਾਨਾਂ ਦੇ ਧੀਆਂ ਪੁੱਤਰਾਂ ਲਈ ਇਹ ਜਰੂਰੀ ਨਹੀਂ ਕਿ ਉਹਨਾਂ ਨੇ ਖੇਤੀ ਹੀ ਕਰਨੀਂ ਹੈ | ਉਹ ਹੋਰ ਵੀ ਬੁਹਤ ਕੁਝ ਕਰ ਸਕਦੇ ਹਨ ਅਤੇ ਕਰਨਾਂ ਚਾਹੀਦਾ ਵੀ ਹੈ | ਜਿਸ ਹਿਸਾਬ ਨਾਲ ਜਨ ਸੰਖਿਆ ਵਧਦੀ ਹੈ ਜ਼ਮੀਨ ਨਹੀਂ ਵਧਦੀ, ਕਿਓਂਕਿ ਰੱਬ ਨੇ ਨਵੀਂ ਜ਼ਮੀਨ ਬਣਾਉਣੀ ਬੁਹਤ ਚਿਰ ਦੀ ਬੰਦ ਕੀਤੀ ਹੋਈ ਹੈ | ਸਗੋਂ ਜ਼ਮੀਨ ਵੰਡੀ ਜਾਂਦੀ ਹੈ ਜਿਸ ਨਾਲ ਖੇਤੀ ਲਾਹੇਵੰਦ ਧੰਦਾ ਨਹੀਂ ਰਹਿ ਜਾਂਦਾ | ਇਸ ਲਈ ਬੁਹਤ ਜਰੂਰੀ ਹੈ ਕਿ ਕਿਸਾਨਾਂ ਦੇ ਧੀਆਂ ਪੁੱਤਰ ਵਡੀ ਗਿਣਤੀ ਵਿਚ ਖੇਤੀ ਧੰਦੇ ਵਿਚੋਂ ਬਾਹਰ ਨਿਕਲਣ | ਜਿਵੇਂ ਕਿ ਪੜ੍ਹ ਲਿਖ ਕਿ ਨੌਕਰੀਆਂ ਕਰਨੀਆਂ, ਦੁਕਾਨ ਕਰਨੀਂ, ਆਪਣਾ ਕੋਈ ਹੋਰ ਕਾਰੋਬਾਰ, ਵਿਉਪਾਰ ਕਰਨਾਂ ਜਾਂ ਕਿਸੇ ਤਕਨੀਕੀ ਕੰਮ ਵਿਚ ਪੈਣਾਂ | ਮਕੈਨਿਕ, ਪਲੰਬਰ, ਬਿਜਲੀ ਕਾਮੇਂ ਜਾਂ ਇਸ ਤਰਾਂ ਦੇ ਹੋਰ ਬੁਹਤ ਧੰਦੇ ਹਨ ਜਿਹਨਾਂ ਵਲ ਕਿਸਾਨਾਂ ਦੇ ਧੀਆਂ ਪੁੱਤਰਾਂ ਨੂੰ ਧਿਆਨ ਦੇਣਾ ਚਾਹੀਦਾ ਹੈ | ਜਿਹੜੇ ਕੰਮ ਵਿਚ ਵੀ ਕਿਸੇ ਦਾ ਦਾਅ ਲੱਗਦਾ ਹੈ ਲਗਾ ਲੈਣਾਂ ਚਾਹੀਦਾ ਹੈ |  4. ਸਨਅਤ :- ਪਿਛਲੇ ਸਮੇਂ ਵਿਚ ਪੰਜਾਬ ਵਿਚ ਕਾਫੀ ਉਹ ਸਨਅਤਾਂ ਵੀ ਲੱਗੀਆਂ ਹਨ ਜਿਹਨਾਂ ਲਈ ਕੱਚਾ ਮਾਲ ਵੀ ਬਾਹਰਲੇ ਸੂਬਿਆਂ ਤੋਂ ਆਉਂਦਾ ਸੀ ਅਤੇ ਉਹਨਾਂ ਵਿਚ ਕੰਮ ਕਰਨ ਵਾਲੇ ਕਾਮੇ ਵੀ | ਪੰਜਾਬ ਨੂੰ ਇਹਨਾਂ ਸਨਅਤਾਂ ਨੇ ਵਾਤਾਵਰਣ ਦੂਸ਼ਿਤ ਕਰਨ ਤੋਂ ਬਿਨਾ ਹੋਰ ਕੁਝ ਨਹੀਂ ਦਿੱਤਾ | ਇਹਨਾਂ ਸਨਅਤਾਂ ਨੇ ਪੰਜਾਬ ਦੀ ਧਰਤੀ, ਹਵਾ ਅਤੇ ਪਾਣੀ ਜ਼ਹਿਰੀਲਾ ਕਰਨ ਵਿਚ ਖੇਤੀ ਨਾਲੋਂ ਵੀ ਵੱਧ ਯੋਗਦਾਨ ਪਾਇਆ ਹੈ | ਪੰਜਾਬ ਵਿਚ ਖੇਤੀ ਨਾਲ ਸਬੰਧਿਤ ਅਤੇ ਜਰੂਰੀ ਲੋੜੀਂਦੀਆਂ ਸਨਅਤਾਂ (ਜੋ ਕਿ ਪ੍ਰਦੂਸ਼ਣ ਰੋਕਣ ਲਈ ਨਵੀਂ ਤੋਂ ਨਵੀਂ ਤਕਨੀਕ ਦਾ ਇਸਤੇਮਾਲ ਕਰਨ) ਨੂੰ ਛੱਡ ਕੇ ਬਾਕੀ ਕੇਵਲ ਪ੍ਰਦੂਸ਼ਣ ਰਹਿਤ ਸਨਅਤਾਂ ਹੀ ਲੱਗਣੀਆਂ ਚਾਹੀਦੀਆਂ ਹਨ| 5. ਸਰਕਾਰਾਂ ਦਾ ਯੋਗਦਾਨ :- ਉਪਰੋਕਤ ਕੰਮ ਕਰਨ ਲਈ ਜੇਕਰ ਸਰਕਾਰਾਂ ਆਪਣਾ ਯੋਗਦਾਨ ਪਾਉਣ ਤਾਂ ਇਹ ਸਭ ਕੁਝ ਬੁਹਤ ਜਲਦੀ ਹੋ ਸਕਦਾ ਹੈ | ਸਰਕਾਰਾਂ ਦੇ ਯੋਗਦਾਨ ਤੋਂ ਬਿਨਾ ਵੀ ਇਹ ਸੰਭਵ ਹੈ ਪਰ ਸਮਾਂ ਵੱਧ ਲੱਗੇਗਾ | ਕੇਂਦਰ ਸਰਕਾਰ ਕੋਲੋਂ ਬੁਹਤੀ ਆਸ ਨਹੀਂ ਰੱਖੀ ਜਾ ਸਕਦੀ, ਕਿਓੰਕੇ ਪੰਜਾਬ ਦੇ 13 ਐਮ ਪੀ ਕੇਂਦਰ ਵਿਚ ਕਦੀ ਵੀ ਸਰਕਾਰ ਬਦਲਣ ਦੀ ਸਥਿਤੀ ਵਿੱਚ ਨਹੀਂ ਹੁੰਦੇ | 1947 ਵਿਚ ਪੰਜਾਬ ਦੀ ਵੰਡ ਅਤੇ ਫਿਰ ਮਹਾਂ ਪੰਜਾਬ ਦੀ ਥਾਂ ਪੰਜਾਬੀ ਸੂਬਾ ਬਣਨ ਨਾਲ ਪੰਜਾਬ ਬੁਹਤ ਛੋਟਾ ਸੂਬਾ ਰਹਿ ਗਿਆ ਹੈ ਅਤੇ ਇਸਦਾ ਰਾਜਨੀਤਕ ਨੁਕਸਾਨ ਪੰਜਾਬ ਦੇ ਲੋਕਾਂ ਨੂੰ ਉਮਰ ਭਰ ਭੁਗਤਣਾ ਪਵੇਗਾ | ਪਰ ਪੰਜਾਬ ਵਿਚ ਤਾਂ ਸਰਕਾਰ ਪੰਜਾਬ ਦੇ ਕਿਸਾਨਾਂ ਵਲੋਂ ਹੀ ਚੁਣੀ ਜਾਂਦੀ ਹੈ ਅਤੇ ਇਸ ਵਿਚ ਕਿਸਾਨਾਂ ਦੀ ਵੱਡੀ ਬੁਹਗਿਣਤੀ ਹੁੰਦੀ ਹੈ | ਪੰਜਾਬ ਦੀ ਸੂਬਾ ਸਰਕਾਰ ਦੀਆਂ ਪਿਛਲੇ ਸਮੇਂ ਦੀਆਂ ਨੀਤੀਆਂ ਵੀ ਪੰਜਾਬ ਪੱਖੀ ਨਹੀਂ ਰਹੀਆਂ ਹਨ | ਪੰਜਾਬ ਦੇ ਪਾਣੀਆਂ ਅਤੇ ਹੋਰ ਹੱਕਾਂ ਦਾ ਸੌਦਾ ਜਿਹਨਾਂ ਨੇਤਾਵਾਂ ਨੇ ਕੀਤਾ ਹੈ ਉਹ ਸਭ ਕਿਸਾਨ ਪਰਿਵਾਰਾਂ ਵਿਚੋਂ ਹੀ ਸਨ ਅਤੇ ਪੰਜਾਬ ਦੇ ਕਿਸਾਨਾਂ ਦੁਬਾਰਾ ਹੀ ਚੁਣੇ ਗਏ ਸਨ | ਪੰਜਾਬ ਵਿਚ ਸਰਕਾਰੀ ਸਕੂਲ ਬੰਦ ਕਰਕੇ ਸ਼ਰਾਬ ਦੇ ਨਵੇਂ ਠੇਕੇ ਖੋਲਣ ਦਾ ਕੰਮ ਪੰਜਾਬ ਦੇ ਕਿਸਾਨਾਂ ਦੁਆਰਾ ਚੁਣੀਆਂ ਕਿਸਾਨਾਂ ਦੀ ਬੁਹਗਿਣਤੀ ਵਾਲੀਆਂ ਸਰਕਾਰਾਂ ਹੀ ਕਰਦੀਆਂ ਰਹੀਆਂ ਹਨ | ਪੰਜਾਬ ਦੇ ਕਿਸਾਨ ਜਿਹੜੀ ਵੀ ਸਰਕਾਰ ਚੁਣਦੇ ਹਨ ਬਾਅਦ ਵਿਚ ਉਸੇ ਹੀ ਸਰਕਾਰ ਕੋਲੋਂ ਡਾਂਗਾਂ ਖਾਂਦੇ ਹਨ ਅਤੇ ਪੰਜ ਸਾਲ ਬਾਅਦ ਫਿਰ ਭੁੱਲ ਜਾਂਦੇ ਹਨ | ਲੱਗਦਾ ਪੰਜਾਬ ਦੇ ਲੋਕਾਂ ਦੀ ਯਾਦਸ਼ਕਤੀ ਬੁਹਤ ਘੱਟ ਹੈ | ਇਹ ਤਾਂ ਦੇਸ਼ ਦੀ ਆਜ਼ਾਦੀ ਲਈ ਤਸੀਹੇ ਕੱਟਣ ਵਾਲੇ ਦੇਸ਼ ਭਗਤਾਂ ਨੂੰ ਹਰਾ ਕੇ ਅੰਗਰੇਜ਼ਾਂ ਦੇ ਹੱਕ ਵਿਚ ਭੁਗਤਣ ਵਾਲਿਆਂ ਨੂੰ ਜਤਾਉਂਦੇ ਰਹੇ ਹਨ | ਸਰਕਾਰਾਂ ਵਲੋਂ ਲੋਕਾਂ ਨੂੰ ਮੁਫ਼ਤਖੋਰੇ ਜਰੂਰ ਬਣਾਇਆ ਗਿਆ ਪਰ ਬੁਨਿਆਦੀ ਢਾਂਚਾ ਉਸਾਰਨ ਵਲ ਕੋਈ ਧਿਆਨ ਨਹੀਂ ਦਿੱਤਾ ਗਿਆ|

     ਪੰਜਾਬ ਦੇ ਲੋਕ ਕੇਂਦਰ ਦੀ ਸਰਕਾਰ ਚੁਣਨ ਵਿਚ ਬਹੁਤਾ ਯੋਗਦਾਨ ਨਹੀਂ ਪਾ ਸਕਦੇ ਪਰ ਪੰਜਾਬ ਵਿਚ ਪੰਜਾਬ ਹਿਤੈਸ਼ੀ ਸਰਕਾਰ ਚੁਣ ਕੇ ਸਾਰੇ ਪੰਜਾਬੀਆਂ ਨੂੰ (ਇੱਕਲੇ ਕਿਸਾਨਾਂ ਨੂੰ ਨਹੀਂ) ਹੰਭਲਾ ਮਾਰਨਾਂ ਚਾਹੀਦਾ ਹੈ ਅਤੇ ਵਿਦੇਸ਼ਾਂ ਵਿਚ ਵਸਦੇ ਪੰਜਾਬੀਆਂ ਨੂੰ ਉਹਨਾਂ ਦੀ ਹਰ ਸੰਭਵ ਮਦਦ ਕਰਨੀਂ ਚਾਹੀਦੀ ਹੈ

Leave a Reply

Your email address will not be published. Required fields are marked *