ਦਿੱਲੀ ਦੀਆਂ ਬਰੂਹਾਂ ਤੇ ਪੰਜਾਬੀਆਂ ਨੇ ਵਸਾਇਆ ਨਵਾਂ ਪੰਜਾਬ- ਜਸਪਾਲ ਸਿੰਘ ਨਾਗਰਾ ‘ਮਹਿੰਦਪੁਰੀਆ’

ਕੇਂਦਰ ਸਰਕਾਰ ਨੇ ਤਿੰਨ ਕਿਸਾਨ ਵਿਰੋਧੀ ਬਿੱਲ ਬਣਾ ਕੇ ਭਾਰਤ ਦੇ ਸਮੂਹ ਕਿਸਾਨਾਂ ਨੂੰ ਸੰਘਰਸ਼ ਕਰਨ ਲਈ ਮਜਬੂਰ ਕਰ ਦਿੱਤਾ ਹੈ।ਇਹਨਾਂ ਬਿੱਲਾਂ ਦੀ ਸਭ ਤੋਂ ਪਹਿਲਾਂ ਪੰਜਾਬ ਦੇ ਕਿਸਾਨਾਂ ਨੇ ਪੁਣਛਾਣ ਕਰਕੇ ਇਹ ਬਿੱਲ ਕਿਸਾਨ ਵਿਰੋਧੀ ਹੋਣ ਦਾ ਨਤੀਜਾ ਕੱਢਿਆ।ਪੰਜਾਬ ਦੇ ਕਿਸਾਨਾਂ ਨੇ ਇਹ ਬਿੱਲ ਰੱਦ ਕਰਵਾਉਣ ਲਈ ਸ਼ੁਰੂਆਤੀ ਦੌਰ ਵਿੱਚ ਪੰਜਾਬ ਦੇ ਰੇਲਵੇ ਟਰੈਕਾਂ ਤੇ ਧਰਨੇ ਦੇਣੇ ਸ਼ੁਰੂ ਕੀਤੇ ਪਰ ਜਦੋਂ ਕੇਂਦਰ ਸਰਕਾਰ ਦੇ ਕੰਨਾਂ ਤੇ ਜੂੰ ਨਾ ਸਰਕੀ ਤਾਂ ਪੰਜਾਬ ਦੇ ਕਿਸਾਨਾਂ ਨੇ ਦਿੱਲੀ ਜਾ ਕੇ ਧਰਨਾ ਦੇਣ ਦਾ ਰਾਹ ਚੁਣਿਆ।ਪੰਜਾਬ ਦੇ ਕਿਸਾਨਾਂ ਨੂੰ ਹਰਿਆਣਾ ਸਰਕਾਰ ਨੇ ਰੋਕਣ ਲਈ ਹਰ ਹਰਬਾ ਵਰਤਿਆ ਪਰ ਕਿਸਾਨਾਂ ਦੇ ਜੋਸ਼ ਅੱਗੇ ਸਾਰੀਆਂ ਰੁਕਾਵਟਾਂ ਠੁੱਸ ਹੋ ਕੇ ਰਹਿ ਗਈਆਂ। ਪੰਜਾਬ ਦੇ ਕਿਸਾਨ ਦਿੱਲੀ ਦੇ ਬਾਰਡਰ ਤੱਕ ਪਹੁੰਚਣ ਵਿੱਚ ਸਫਲ ਹੋ ਗਏ।
  ਪੰਜਾਬ ਦੇ ਕਿਸਾਨਾਂ ਦੀ ਸੂਝਬੂਝ ਨੇ ਇਸ ਸੰਘਰਸ਼ ਨੂੰ ਪੂਰੇ ਸ਼ਾਂਤਮਈ ਢੰਗ ਨਾਲ ਚਲਾਇਆ।ਕੇਂਦਰ ਸਰਕਾਰ ਨੇ ਇਸ ਸੰਘਰਸ਼ ਨੂੰ ਫੇਲ਼ ਕਰਨ ਲਈ ਹਰ ਚਾਲ ਵਰਤੀ ਪਰ ਉਹ ਸਫਲ ਨਾ ਹੋ ਸਕੀ।ਸਰਕਾਰ ਨੇ ਵਾਰ-ਵਾਰ ਕਿਸਾਨਾਂ ਨਾਲ ਮੀਟਿੰਗਾਂ ਕਰਕੇ ਆਪਣੇ ਬਿੱਲਾਂ ਨੂੰ ਕਿਸਾਨਾਂ ਦੇ ਹਿੱਤ ਵਿੱਚ ਹੋਣਾ ਦਾ ਹੀ ਢੰਡੋਰਾ ਪਿੱਟਿਆ।ਕਿਸਾਨਾਂ ਦੀਆਂ ਦਲੀਲਾਂ ਨੂੰ ਸਮਝਦੇ ਹੋਏ ਵੀ ਹਰ ਵਾਰ ਆਪਣੇ ਬਿੱਲਾਂ ਨੂੰ ਠੀਕ ਹੋਣ ਦਾ ਨਾਟਕ ਰਚਿਆ।ਪੰਜਾਬ ਦੇ ਕਿਸਾਨਾਂ ਨੂੰ ਸ਼ੁਰੂ-ਸ਼ੁਰੂ ਵਿੱਚ ਬਹੁਤ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ ਪਰ ਹੌਲੀ-ਹੌਲੀ ਸਾਰਾ ਕੁੱਝ ਸੁਖਾਵਾਂ ਹੁੰਦਾ ਚਲਾ ਗਿਆ।ਇਸ ਸਮੇਂ ਦਿੱਲੀ ਦੀਆਂ ਬਰੂਹਾਂ ਤੇ ਪੰਜਾਬੀਆਂ ਨੇ ਨਵਾਂ ਪੰਜਾਬ ਵਸਾ ਲਿਆ ਹੈ।ਹੁਣ ਸੰਘਰਸ਼ ਪੰਜਾਬ ਦੇ ਇਕੱਲੇ ਕਿਸਾਨਾਂ ਦਾ ਸੰਘਰਸ਼ ਨਾ ਰਹਿ ਕੇ ਭਾਰਤ ਦੇ ਸਾਰੇ ਮਿਹਨਤਕਸ਼ ਲੋਕਾਂ ਦਾ ਸੰਘਰਸ਼ ਹੋ ਗਿਆ ਹੈ।
 ਪੰਜਾਬ ਦੇ ਕਿਸਾਨ ਪਹਿਲਾਂ ਹੀ ਜਾਣ ਚੁੱਕੇ ਸਨ ਕਿ ਇਹ ਸੰਘਰਸ਼ ਦੋ-ਚਾਰ ਦਿਨ ਦਾ ਸੰਘਰਸ਼ ਨਹੀਂ ,ਇਹ ਲੰਬਾ ਸਮਾਂ ਚੱਲਣ ਵਾਲਾ ਸੰਘਰਸ਼ ਹੈ।ਇਹੋ ਹੀ ਕਾਰਣ ਸੀ ਕਿਸਾਨ ਪਹਿਲਾਂ ਹੀ ਛੇ ਮਹੀਨੇ ਦਾ ਰਾਸ਼ਣ ਨਾਲ ਲੈ ਕੇ ਤੁਰੇ ਸਨ।ਅੱਜ ਹਾਲਾਤ ਇਹ ਬਣ ਚੁੱਕੇ ਹਨ ਕਿ ਕਿਸਾਨ ਧਰਨਿਆਂ ਵਿੱਚ ਖਾਣ-ਪੀਣ ਦਾ ਹਰ ਪਕਵਾਨ ਮਿਲ ਰਿਹਾ ਹੈ।ਕਿਸਾਨਾਂ ਦੇ ਇਸ ਸੰਘਰਸ਼ ਦੀ ਹਮਾਇਤ ਵਿੱਚ ਦੁਨੀਆਂ ਦੇ ਕੋਨੇ-ਕੋਨੇ ਤੋਂ ਪੰਜਾਬ ਨਾਲ ਸਬੰਧ ਰੱਖਣ ਵਾਲੇ ਲੋਕ ਮੈਦਾਨ ਵਿੱਚ ਖੁੱਲ ਕੇ ਉਤਰ ਆਏ ਹਨ। ਵਿਦੇਸ਼ਾਂ ਵਿੱਚ ਵੱਸਦੇ ਪੰਜਾਬੀ ਹੁਣ ਆਰਥਿਕ ਮਦੱਦ ਕਰਨ ਦੇ ਨਾਲ-ਨਾਲ ਖੁਦ ਵੀ ਇਸ ਸੰਘਰਸ਼ ਵਿੱਚ ਸ਼ਾਮਿਲ ਹੋ ਰਹੇ ਹਨ।ਇਸ ਸੰਘਰਸ਼ ਦੀ ਸ਼ਫਲਤਾ ਲਈ ਹੁਣ ਹਰ ਧਾਰਮਿਕ ਅਤੇ ਸਮਾਜਿਕ ਜਥੇਬੰਦੀ ਖੁੱਲਕੇ ਮਦੱਦ ਕਰ ਰਹੀ ਹੈ।ਦਿੱਲੀ ਵਿੱਚ ਕਈ ਸੰਸਥਾਵਾਂ ਨੇ ਲੋਕਾਂ ਦੀਆਂ ਮੁਸ਼ਕਿਲਾਂ ਨੂੰ ਭਾਂਪਦੇ ਹੋਏ ਮੁਫਤ ਸੇਵਾਵਾਂ ਵਾਲੇ ਮਾਲ਼ ਵੀ ਖੌਲ ਦਿੱਤੇ ਹਨ।
 ਕੇਂਦਰ ਸਰਕਾਰ ਨੂੰ ਲੱਗਦਾ ਸੀ ਕਿ ਕਿਸਾਨ ਅੱਕ-ਥੱਕ ਕੇ ਘਰਾਂ ਨੂੰ ਪਰਤ ਜਾਣਗੇ ਪਰ ਹੋ ਇਸਦੇ ਉਲਟ ਰਿਹਾ ਹੈ।ਪੰਜਾਬ ਦੇ ਕਿਸਾਨਾਂ ਵਲੋਂ ਸ਼ੁਰੂ ਕੀਤੇ ਸੰਘਰਸ਼ ਨੂੰ ਵੇਖਦੇ ਹੋਏ ਇਹ ਸੰਘਰਸ਼ ਭਾਰਤ ਦੇ ਦੂਜੇ ਸੂਬਿਆਂ ਤੱਕ ਵੀ ਪਹੁੰਚ ਗਿਆ ਹੈ।ਪੰਜਾਬ ਦੇ ਕਿਸਾਨਾਂ ਨੇ ਦੂਜੇ ਸੂਬਿਆਂ ਦੇ ਕਿਸਾਨਾਂ ਨੂੰ ਵੀ ਸੁਚੇਤ ਕੀਤਾ ਹੈ,ਇਹੋ ਹੀ ਕਾਰਣ ਹੈ ਕਿ ਹੁਣ ਉਹ ਕਿਸਾਨ ਵੀ ਵਹੀਰਾਂ ਘੱਤ ਕੇ ਦਿੱਲੀ ਵੱਲ੍ਹ ਆ ਰਹੇ ਹਨ।ਕਿਸਾਨਾਂ ਦਾ ਕਾਫਲਾ ਘੱਟਣ ਦੀ ਬਜਾਏ ਦਿਨੋਂ-ਦਿਨ ਵੱਧਦਾ ਹੀ ਜਾ ਰਿਹਾ ਹੈ।ਕੇਂਦਰ ਸਰਕਾਰ ਭਾਵੇਂ ਨਕਲੀ ਕਿਸਾਨ ਜਥੇਬੰਦੀਆਂ ਬਣਾ ਕੇ ਇਹਨਾਂ ਬਿੱਲਾਂ ਨੂੰ ਕਿਸਾਨ ਹਿਤੈਸ਼ੀ ਹੋਣ ਦਾ ਨਾਟਕ ਖੇਡ ਰਹੀ ਹੈ ਪਰ ਅਸਲੀ ਕਿਸਾਨ ਜਥੇਬੰਦੀਆਂ ਆਪਣੇ ਫੈਸਲੇ ਤੇ ਚਟਾਨ ਵਾਂਗ ਅੜੀਆਂ ਹੋਈਆਂ ਹਨ।ਕੇਂਦਰ ਸਰਕਾਰ ਦੇ ਉਹਨਾਂ ਇਸ਼ਤਿਹਾਰਾਂ ਨੇ ਸਰਕਾਰ ਦੇ ਝੂਠ ਦੀ ਪੋਲ ਖੋਲ ਦਿੱਤੀ ਹੈ ਜਿਹਨਾਂ ਵਿੱਚ ਬਿੱਲਾਂ ਨੂੰ ਸਹੀ ਠਹਿਰਾਉਣ ਲਈ ਪੰਜਾਬ ਦੇ ਇੱਕ ਕਿਸਾਨ ਦੀ ਫੋਟੋ ਛਾਪ ਦਿੱਤੀ ਹੈ ਜਦੋਂ ਕਿ ਉਹ ਕਿਸਾਨ ਪਹਿਲੇ ਦਿਨ ਤੋਂ ਹੀ ਇਹਨਾਂ ਬਿੱਲਾਂ ਦੇ ਵਿਰੋਧ ਵਿੱਚ ਦਿੱਲੀ ਦੇ ਸੰਘਰਸ਼ ਵਿੱਚ ਆਪਣਾ ਯੋਗਦਾਨ ਪਾ ਰਿਹਾ ਹੈ।
 ਕੇਂਦਰ ਦੀ ਸਰਕਾਰ ਸਿਰਫ ਦੋ-ਚਾਰ ਕਾਰਪੋਰੇਟ ਘਰਾਣਿਆਂ ਦੇ ਦਬਾਅ ਥੱਲੇ ਇਹਨਾਂ ਬਿੱਲਾਂ ਨੂੰ ਸਹੀ ਠਹਿਰਾਉਣ ਲਈ ਦਿਨ-ਰਾਤ ਯਤਨ ਕਰ ਰਹੀ ਹੈ।ਕਿਸਾਨਾਂ ਦੇ ਇਸ ਸੰਘਰਸ਼ ਨੇ ਸਾਬਿਤ ਕਰ ਦਿੱਤਾ ਹੈ ਕਿ ਜਦੋਂ ਤੱਕ ਇਹ ਬਿੱਲ ਰੱਦ ਬਹੀਂ ਹੁੰਦੇ,ਉਦੋਂ ਤੱਕ ਉਹ ਆਪਣੇ ਘਰਾਂ ਨੂੰ ਵਾਪਿਸ ਮੁੜਨ ਵਾਲੇ ਨਹੀਂ ਹਨ।ਇਹ ਸੰਘਰਸ਼ ਕੋਈ ਮਾਮੂਲੀ ਸੰਘਰਸ਼ ਨਹੀਂ ਹੈ,ਕਿਸਾਨਾਂ ਦੀ ਹੋਂਦ ਦਾ ਸੰਘਰਸ਼ ਹੈ।ਕਿਸਾਨ ਸਮਝਦੇ ਹਨ ਕਿ ਇਹ ਬਿੱਲ ਕਿਸਾਨ ਨੂੰ ਹੌਲੀ-ਹੌਲੀ ਮਾਲਕ ਹੋਣ ਦੀ ਥਾਂ ਤੇ ਮਜਦੂਰ ਬਣਾ ਦੇਣਗੇ।ਕਿਸਾਨਾਂ ਨੂੰ ਹੁਣ ਹਰ ਕਦਮ ਫੂਕ-ਫੂਕ ਕੇ ਧਰਨ ਦੀ ਲੋੜ ਹੈ। ਸਰਕਾਰ ਚਾਹੁੰਦੀ ਹੈ ਕਿ ਕਿਸੇ ਨਾ ਕਿਸੇ ਤਰੀਕੇ ਇਹ ਸੰਘਰਸ਼ ਹਿੰਸਕ ਹੋ ਜਾਵੇ ਤਾਂ ਕਿ ਉਹ ਕਿਸਾਨਾਂ ਤੇ ਤਸ਼ੱਦਦ ਕਰਨ ਦਾ ਰਾਹ ਚੁਣ ਸਕੇ।ਭਾਜਪਾ ਦੇ ਹੇਠਲੇ ਪੱਧਰ ਦੇ ਲੀਡਰ ਪੁੱਠੇ-ਸਿੱਧੇ ਬਿਆਨ ਦੇ ਕੇ ਚਾਹੁੰਦੇ ਹਨ ਕਿਸਾਨ ਹਮਲਾਵਰ ਰੱੁਖ ਅਖਤਿਆਰ ਕਰ ਲੈਣ। ਕਿਸਾਨਾਂ ਦੀ ਸੂਝਬੂਝ ਨੇ ਹੁਣ ਤੱਕ ਇਸ ਸੰਘਰਸ਼ ਨੂੰ ਪੂਰਨ ਤੌਰ ਤੇ ਸ਼ਾਂਤਮਈ ਚਲਾਇਆ ਹੈ।
  ਇਸ ਸਮੇਂ ਕੇਂਦਰ ਸਰਕਾਰ ਦੀ ਅੜਵਾਈ ਭਾਜਪਾ ਵਾਲਿਆਂ ਨੂੰ ਮਹਿੰਗੀ ਪਵੇਗੀ।ਕਿਸਾਨਾਂ ਨਾਲ ਪੰਗਾ ਸਰਕਾਰ ਦੀਆਂ ਜੜ੍ਹਾਂ ਹਿਲਾ ਦੇਵੇਗਾ।ਪੰਜਾਬੀ ਲੋਕ ਹੁਣ ਆਪਣੀਆਂ ਜਾਨਾਂ ਤਾਂ ਦੇ ਸਕਦੇ ਹਨ,ਇਹਨਾਂ ਬਿੱਲਾਂ ਨੂੰ ਰੱਦ ਕਰਵਾਏ ਬਿਨਾਂ ਘਰਾਂ ਨੂੰ ਜਾਣ ਵਾਲੇ ਨਹੀਂ ਹਨ।ਸਰਕਾਰ ਨੂੰ ਲੱਗਦਾ ਸੀ ਕਿ ਕਿਸਾਨ ਠੰਡ ਤੋਂ ਡਰਕੇ ਆਪਣੇ ਘਰਾਂ ਨੂੰ ਪਰਤ ਜਾਣਗੇ ਪਰ ਉਹ ਇਹ ਨਹੀਂ ਜਾਣਦੇ ਕਿ ਕਿਸਾਨ ਕੋਰਾ ਪੈਂਦੇ ਦਿਨਾਂ ਵਿੱਚ ਵੀ ਸਾਰੀ-ਸਾਰੀ ਰਾਤ ਫਸਲਾਂ ਨੂੰ ਪਾਣੀ ਲਾਉਂਦੇ ਰਹਿੰਦੇ ਹਨ।ਕਿਸਾਨਾਂ ਦੇ ਰਹਿਣ ਲਈ ਹੁਣ ਪੱਕੇ ਪ੍ਰਬੰਧ ਹੋ ਗਏ ਹਨ।ਕਿਸਾਨਾਂ ਦੀ ਲੋੜ ਦੀ ਹਰ ਵਸਤੂ ਉਹਨਾਂ ਨੂੰ ਉਪਲੱਬਧ ਹੋ ਰਹੀ ਹੈ।ਕੇਂਦਰ ਸਰਕਾਰ ਨੂੰ ਅਜੇ ਵੀ ਆਪਣੀ ਗਲਤੀ ਨੂੰ ਕਬੂਲਦੇ ਹੋਏ ਇਹ ਬਿੱਲ ਵਾਪਿਸ ਲੈ ਲੈਣੇ ਚਾਹੀਦੇ ਹਨ।ਇਹ ਬਿੱਲ ਦੇਸ਼ ਦੀ ਆਰਥਿਕਤਾ ਨੂੰ ਵੀ ਕਮਜੋਰ ਕਰ ਦੇਣਗੇ।ਅੰਤ ਵਿੱਚ ਇੱਕ ਸ਼ੇਅਰ ਅਰਜ ਹੈ:
 ਹੱਥ ਅਕਲ ਨੂੰ ਮਾਰ ਅਜੇ ਵੀ ਕੇਂਦਰ ਦੀਏ ਸਰਕਾਰੇ ਨ੍ਹੀਂ।
 ਬਿੱਲ ਵਾਪਿਸ ਤੂੰ ਲੈ-ਲੈ ਤੇਰੇ ਹੱਕ’ਚ ਲੱਗਣਗੇ ਨਾਅਰੇ ਨ੍ਹੀਂ। 
       ਜਸਪਾਲ ਸਿੰਘ ਨਾਗਰਾ ‘ਮਹਿੰਦਪੁਰੀਆ’
       ਯੂਬਾ ਸਿਟੀ-ਕੈਲੇਫੋਰਨੀਆ (ਅਮਰੀਕਾ)
     ਫੋਨ-001-360-448-1989

Leave a Reply

Your email address will not be published. Required fields are marked *