ਮਿੱਠੀਆਂ ਘੱਟ ਖੱਟੀਆਂ ਵੱਧ ਯਾਦਾਂ ਛੱਡ ਗਿਆ ਵਰ੍ਹਾ 2020-ਜਸਪਾਲ ਸਿੰਘ ਨਾਗਰਾ ‘ਮਹਿੰਦਪੁਰੀਆ’

ਹਰ ਨਵਾਂ ਵਰ੍ਹਾ ਸ਼ੁਰੂ ਹੋਣ ਸਮੇਂ ਅਸੀਂ ਮਿੱਤਰਾਂ-ਦੋਸਤਾਂ ਨੂੰ ਸੰਦੇਸ਼ ਭੇਜਦੇ ਹਾਂ ਕਿ ਇਹ ਵਰ੍ਹਾ ਤੁਹਾਡੇ ਲਈ ਖੁਸ਼ੀਆਂ-ਖੇੜੇ ਅਤੇ ਤੰਦਰੁਸਤੀ ਲੈ ਕੇ ਆਵੇ।ਪਿਛਲੇ ਸਾਲ ਵੀ ਇੰਝ ਹੀ ਕੀਤਾ ਸੀ ਪਰ ਬਦਕਿਸਮਤੀ ਇਹ ਰਹੀ ਕਿ 2020 ਦਾ ਵਰ੍ਹਾ ਸਾਰੀ ਦੁਨੀਆਂ ਲਈ ਹੀ ਮਾੜਾ ਰਿਹਾ।ਅਸੀਂ ਹੁਣ 2021 ਨੂੰ ਵੀ ਇਹ ਹੀ ਕਹਿ ਰਹੇ ਹਾਂ ਕਿ ਸਾਰਿਆਂ ਲਈ ਇਹ ਸੁਖਾਵਾਂ ਅਤੇ ਖੁਸ਼ੀਆਂ ਭਰਪੂਰ ਹੋਵੇ।2020 ਦੇ ਪਹਿਲੇ ਦੋ ਕੁ ਮਹੀਨੇ ਤਾਂ ਠੀਕ-ਠਾਕ ਲੰਘ ਗਏ,ਉਸ ਤੋਂ ਬਾਅਦ ਕਰੋਨਾ ਵਾਇਰਸ ਚੀਨ ਤੋਂ ਪੈਰ ਪਸਾਰਦਾ-ਪਸਾਰਦਾ ਦੁਨੀਆਂ ਦੇ ਕੋਨੇ-ਕੋਨੇ ਤੱਕ ਜਾ ਪਹੁੰਚਿਆ।ਇਸ ਵਾਇਰਸ ਨੇ ਪੂਰੀ ਦੁਨੀਆਂ ਦੀਆਂ ਜੜ੍ਹਾਂ ਹਿਲਾ ਕੇ ਰੱਖ ਦਿੱਤੀਆਂ।ਇਸ ਨੇ ਲੱਖਾਂ ਜਾਨਾਂ ਲਈਆਂ।ਲੋਕਾਂ ਨੂੰ ਬੇਰੁਜਗਾਰ ਕਰ ਦਿੱਤਾ।ਸਾਰੇ ਕੰਮਕਾਰ ਠੱਪ ਹੋ ਕੇ ਰਹਿ ਗਏ।ਲੋਕ ਜਾਨਵਰਾਂ ਵਾਂਗ ਘਰਾਂ ਵਿੱਚ ਤੜੇ ਗਏ।ਜਿਹੜੀ ਅਲਕੋਹਲ ਨੂੰ ਕਈ ਲੋਕੀਂ ਹੱਥ ਤੱਕ ਨਹੀਂ ਸਨ ਲਾਉਂਦੇ,ਉਹ ਸਾਰਿਆਂ ਤੋਂ ਮੂਹਰੇ ਹੋ-ਹੋ ਹੱਥਾਂ ਨੂੰ ਸਾਫ ਕਰਨ ਲਈ ਵਰਤਣ ਲੱਗੇ।ਵਿਕਸਤ ਦੇਸ਼ਾਂ ਨੇ ਆਪਣੇ ਨਾਗਰਿਕਾਂ ਨੂੰ ਆਰਥਿਕ ਮਦੱਦ ਦੇ ਕੇ ਉਹਨਾਂ ਦੇ ਚੁਲਿ੍ਹਆਂ ਨੂੰ ਬਲਦਾ ਰੱਖਿਆ।
ਭਾਰਤ ਦੇ ਨੇਤਾਵਾਂ ਨੇ ਜਿਹੜੇ ਗੁੱਲ ਖਿਲਾਰੇ ਉਹ ਕਿਸੇ ਤੋਂ ਲੁਕੇ ਛਿਪੇ ਨਹੀਂ।ਮੋਦੀ ਸਰਕਾਰ ਨੇ ਬਿਨ੍ਹਾਂ ਸੋਚੇ ਸਮਝੇ ਤਾਲ਼ਾਬੰਦੀ ਕਰਕੇ ਲੋਕਾਂ ਨੂੰ ਜਿੱਥੇ ਸੀ, ਉੱਥੇ ਹੀ ਰਹਿਣ ਲਈ ਮਜਬੂਰ ਕਰ ਦਿੱਤਾ।ਕੋਈ ਸੈਰ-ਸਪਾਟੇ ਤੇ ਗਿਆ ਉਧਰ ਹੀ ਘਿਰ ਗਿਆ।ਬਹੁਤ ਸਾਰੇ ਪ੍ਰਵਾਸੀ ਦੂਜੇ ਸੂਬਿਆਂ ਵਿੱਚ ਫਸ ਗਏ।ਕੰਮ-ਧੰਦੇ ਬੰਦ ਹੋ ਗਏ।ਖਾਣ-ਪੀਣ ਦਾ ਸਮਾਨ ਖਤਮ ਹੋ ਗਿਆ।ਸ਼ੁਰੂਆਤੀ ਦੌਰ ਵਿੱਚ ਕੁੱਝ ਸਮਾਜ ਸੇਵੀ ਜਥੇਬੰਦੀਆਂ ਨੇ ਗਰੀਬਾਂ ਦੇ ਘਰਾਂ ਤੱਕ ਪਹੁੰਚ ਕਰਕੇ ਖਾਣ-ਪੀਣ ਦਾ ਸਮਾਨ ਪਹੁੰਚਾਇਆ।ਇਹ ਸਿਲਸਿਲਾ ਵੀ ਕੋਈ ਬਹੁਤੀ ਦੇਰ ਨਾ ਚੱਲ ਸਕਿਆ।ਆਵਾਜਾਈ ਦੇ ਸਾਰੇ ਸਾਧਨ ਬੰਦ ਕਰ ਦਿੱਤੇ ਗਏ।ਪੰਜਾਬ ਵਿੱਚ ਦੂਜੇ ਸੂਬਿਆਂ ਤੋਂ ਕੰਮ ਕਰਨ ਆਏ ਹਜਾਰਾਂ ਹੀ ਮਜਦੂਰ ਭੁੱਖ ਨਾਲ ਜੂਝਣ ਲੱਗੇ।ਉਹ ਆਪਣੇ ਘਰਾਂ ਨੂੰ ਪਰਤਣ ਲਈ ਕਾਹਲੇ ਪੈਣ ਲੱਗੇ।ਜਾਣ ਦਾ ਕੋਈ ਸਾਧਨ ਨਾ ਬਣਦਾ ਵੇਖ ਬਹੁਤ ਸਾਰੇ ਗਰੀਬ ਲੋਕ ਪਰਿਵਾਰਾਂ ਸਮੇਤ ਪੈਦਲ ਹੀ ਆਪਣੇ ਘਰਾਂ ਵੱਲ ਚੱਲ ਪਏ।ਕਈ ਲੋਕਾਂ ਦੇ ਪੈਰਾਂ ਵਿੱਚੋਂ ਖੂਨ ਨਿਕਲਣ ਲੱਗ ਪਿਆ।ਕਈ ਰਾਹਾਂ ਵਿੱਚ ਹੀ ਰੱਬ ਨੂੰ ਪਿਆਰੇ ਹੋ ਗਏ।ਸੜਕਾਂ ਅਤੇ ਰੇਲਵੇ ਟਰੈਕਾਂ ਤੇ ਸੌਣ ਲਈ ਮਜਬੂਰ ਹੋ ਗਏ।ਅਚਾਨਕ ਜਦੋਂ ਰੇਲ ਆਵਾਜਾਈ ਸ਼ੁਰੂ ਕਰ ਦਿੱਤੀ ਗਈ ਤਾਂ ਬਹੁਤ ਸਾਰੇ ਮਜਦੂਰ ਟਰੇਨ ਥੱਲੇ ਆ ਕੇ ਦਰੜੇ ਗਏ।ਸੋਨੂੰ ਸੂਦ ਵਰਗੇ ਭਲੇ ਪੁਰਸ਼ਾਂ ਨੇ ਗਰੀਬ ਲੋਕਾਂ ਲਈ ਖਾਣਪੀਣ ਦਾ ਹੀ ਪ੍ਰਬੰਧ ਨਹੀਂ ਕੀਤਾ ਸਗੋਂ ਉਹਨਾਂ ਨੂੰ ਘਰਾਂ ਤੱਕ ਪਹੁੰਚਾਉਣ ਲਈ ਟਿਕਟਾਂ ਤੱਕ ਦਾ ਵੀ ਪ੍ਰਬੰਧ ਕੀਤਾ।ਇੱਕ ਮਾਂ ਆਪਣੇ ਪੁੱਤਰ ਨੂੰ ਸਕੂਟਰੀ ਤੇ ਹੀ ਕਈ ਸੌ ਮੀਲ ਦਾ ਸਫਰ ਕਰਕੇ ਲੈਣ ਚਲੇ
ਕੋਰੋਨਾ ਦੀ ਦਹਿਸ਼ਤ ਨੇ ਆਪਣਿਆਂ ਨੂੰ ਹੀ ਪਰਾਏ ਕਰ ਦਿੱਤਾ।ਗਿਆਨੀ ਨਿਰਮਲ ਸਿੰਘ ਦੀ ਜਦੋਂ ਮੌਤ ਹੋਈ ਤਾਂ ਕਈ ਸ਼ਮਸ਼ਾਨ ਘਾਟ ਵਾਲਿਆਂ ਨੇ ਉਹਨਾਂ ਦਾ ਸੰਸਕਾਰ ਕਰਨ ਤੋਂ ਹੀ ਨਾਂਹ ਕਰ ਦਿੱਤੀ।ਅਖੀਰ ਉਹਨਾਂ ਦਾ ਸੰਸਕਾਰ ਕਰਨ ਲਈ ਵੱਖਰੀ ਜਗ੍ਹਾ ਦਾ ਪ੍ਰਬੰਧ ਕਰਨਾ ਪਿਆ।ਕੋਰੋਨਾ ਨਾਲ ਮਰਨ ਵਾਲਿਆਂ ਦੇ ਘਰਦਿਆਂ ਨੇ ਵੀ ਲਾਸ਼ਾਂ ਲੈਣ ਤੋਂ ਨਾਂਹ ਕਰ ਦਿੱਤੀ।ਕਈਆਂ ਦਾ ਸੰਸਕਾਰ ਸਰਕਾਰੀ ਕਰਮਚਾਰੀਆਂ ਨੂੰ ਆਪਣੇ ਪੱਧਰ ਤੇ ਕਰਨਾ ਪਿਆ।ਪਿੰਡਾਂ ਵਿੱਚ ਪਹਿਰੇ ਤੱਕ ਲੱਗਣ ਲੱਗ ਪਏ ਕਿ ਕੋਈ ਬਾਹਰਲਾ ਵਿਅਕਤੀ ਪਿੰਡ ਵਿੱਚ ਦਾਖਲ ਨਾ ਹੋ ਜਾਵੇ।ਹਸਪਤਾਲਾਂ ਵਿੱਚ ਮਚੀ ਹਫੜਾ-ਦਫੜੀ ਕਰਕੇ ਕਈ ਲਾਸ਼ਾਂ ਵੀ ਇੱਧਰ ਦੀਆਂ ਉਧਰ ਹੁੰਦੀਆਂ ਰਹੀਆਂ।ਡਾਕਟਰਾਂ ਵਲੋਂ ਅੰਗ ਕੱਢੇ ਜਾਣਦੀਆਂ ਅਫਵਾਹਾਂ ਨੇ ਵੀ ਚੰਗੀ ਤੂਲ਼ ਫੜੀ।ਸਿਹਤ ਵਿਭਾਗ ਦੀਆਂ ਟੀਮਾਂ ਦੇ ਦਾਖਲੇ ਨੂੰ ਕਈ ਪਿੰਡਾਂ ਵਾਲਿਆਂ ਨੇ ਬੈਨ ਕਰ ਦਿੱਤਾ।ਕੋਰੋਨਾ ਕਾਰਣ ਲੱਖਾਂ ਲੋਕ ਬੇਰੁਜਗਾਰ ਹੋ ਗਏ।
ਕੋਰੋਨਾ ਦੇ ਚੱਲਦਿਆਂ-ਚੱਲਦਿਆਂ ਕੇਂਦਰ ਸਰਕਾਰ ਨੇ ਕਾਹਲੀ ਵਿੱਚ ਤਿੰਨ ਅਜਿਹੇ ਬਿੱਲ ਬਣਾ ਦਿੱਤੇ ਜਿਹਨਾਂ ਦਾ ਨੋਟਿਸ ਸਭ ਤੋਂ ਪਹਿਲਾਂ ਪੰਜਾਬ ਦੇ ਕਿਸਾਨਾਂ ਨੇ ਲਿਆ।ਪੰਜਾਬ ਦੇ ਸੂਝਵਾਨ ਕਿਸਾਨਾਂ ਨੇ ਜਦੋਂ ਬਿੱਲਾਂ ਦਾ ਵਿਸ਼ਲੇਸ਼ਣ ਕੀਤਾ ਤਾਂ ਉਹ ਇਸ ਨਤੀਜੇ ਤੇ ਪਹੁੰਚੇ ਕਿ ਇਹ ਤਿੰਨੋਂ ਬਿੱਲ ਕਿਸਾਨ ਵਿਰੋਧੀ ਹਨ।ਕਿਸਾਨਾਂ ਨੇ ਪਹਿਲਾਂ ਪੰਜਾਬ ਵਿੱਚ ਇਹਨਾਂ ਬਿੱਲਾਂ ਨੂੰ ਰੱਦ ਕਰਵਾਉਣ ਲਈ ਧਰਨੇ-ਮਜਾਹਰੇ ਸ਼ੁਰੂ ਕੀਤੇ ਫਿਰ ਹੌਲੀ-ਹੌਲੀ ਰੇਲਵੇ ਟਰੈਕ ਰੋਕਣ ਵੱਲ੍ਹ ਵਧੇ।ਅਜਿਹਾ ਕਰਨ ਤੇ ਸਰਕਾਰ ਦੇ ਕੰਨਾਂ ਤੇ ਜੂੰ ਨਾ ਸਰਕੀ।ਪੰਜਾਬ ਦੇ ਕਿਸਾਨਾਂ ਵੱਲ੍ਹ ਵੇਖਕੇ ਹਰਿਆਣਾ ਦੇ ਕਿਸਾਨਾਂ ਵਿੱਚ ਵੀ ਹਿਲਜੁੱਲ ਹੋਈ।ਜਦੋਂ 25-26 ਨਵੰਬਰ ਨੂੰ ਪੰਜਾਬ ਦੇ ਕਿਸਾਨਾਂ ਨੇ ਦਿੱਲੀ ਜਾ ਕੇ ਧਰਨਾ ਦੇਣ ਦਾ ਐਲਾਨ ਕੀਤਾ ਤਾਂ ਹਰਿਆਣਾ ਦੇ ਕਿਸਾਨਾਂ ਨੇ ਪਹਿਲ ਕਰਕੇ ਦਿੱਲੀ ਵੱਲ੍ਹ ਕੂਚ ਕੀਤਾ। ਪੰਜਾਬ ਦੇ ਕਿਸਾਨਾਂ ਨੂੰ ਹਰਿਆਣਾ ਬਾਰਡਰ ਤੇ ਰੋਕਣ ਲਈ ਖੱਟਰ ਸਰਕਾਰ ਨੇ ਅੱਡੀ ਚੋਟੀ ਦਾ ਜੋਰ ਲਇਆ ਪਰ ਪੰਜਾਬ ਦੇ ਜੁਝਾਰੂ ਕਿਸਾਨਾਂ ਨੇ ਸਾਰੀਆਂ ਰੋਕਾਂ ਨੂੰ ਕੁੱਝ ਮਿੰਟਾਂ ਵਿੱਚ ਹੀ ਤੋੜ ਦਿੱਤਾ। ਪੰਜਾਬ ਅਤੇ ਹਰਿਆਣਾ ਦੇ ਕਿਸਾਨਾਂ ਨੇ ਦਿੱਲੀ ਜਾ ਕੇ ਡੇਰਾ ਲਾ ਲਿਆ।ਕੇਂਦਰ ਸਰਕਾਰ ਨੂੰ ਲੱਗਦਾ ਸੀ ਕਿ ਇਹ ਕਿਸਾਨ ਦੋ-ਚਾਰ ਦਿਨ ਖੱਜਲ-ਖੁਆਰ ਹੋ ਕੇ ਆਪਣੇ ਘਰਾਂ ਨੂੰ ਪਰਤ ਜਾਣਗੇ ਪਰ ਹੋਇਆ ਸਾਰਾ ਕੁੱਝ ਇਸਦੇ ਉਲਟ।ਪੰਜਾਬੀਆਂ ਦੀ ਗੈਰਤ ਨੇ ਪੰਜਾਬੀਆਂ ਦੇ ਖੂਨ ਨੂੰ ਖੌਲਣ ਲਾ ਦਿੱਤਾ।ਪੰਜਾਬੀਆਂ ਨੇ ਇਸ ਸੰਘਰਸ਼ ਨੂੰ ਸਫਲ ਕਰਨ ਲਈ ਅਜਿਹੀ ਵਿਉਂਤਬੰਦੀ ਕੀਤੀ ਜਿਸ ਨੂੰ ਵੇਖ ਕੇ ਕੇਂਦਰ ਸਰਕਾਰ ਦੇ ਲੂੰ ਕੰਡੇ ਖੜੇ ਹੋ ਗਏ।ਇਸ ਸੰਘਰਸ਼ ਵਿੱਚ ਹਰ ਮਜ਼੍ਹਬ,ਹਰ ਧਰਮ ਦੇ ਲੋਕ ਸ਼ਾਮਿਲ ਹੋਣ ਲੱਗ ਪਏ।ਕਿਸਾਨਾਂ ਦੀ ਗਿਣਤੀ ਘੱਟਣ ਦੀ ਬਜਾਏ ਵੱਧਣੀ ਸ਼ੁਰੂ ਹੋ ਗਈ। ਪੰਜਾਬ ਦੇ ਕਿਸਾਨਾਂ ਦੀ ਦਲੇਰੀ ਅਤੇ ਹਿੰਮਤ ਵੇਖ ਕੇ ਦੂਜੇ ਸੂਬਿਆਂ ਦੇ ਕਿਸਾਨਾਂ ਦੀ ਵੀ ਅੱਖ ਖੁੱਲੀ ਕਿ ਕਿਵੇਂ ਸਰਕਾਰ ਦੀਆਂ ਮਾੜੀਆਂ ਨੀਤੀਆਂ ਨੇ ਉਹਨਾਂ ਨੂੰ ਉਜਾੜਿਆ ਹੈ।ਕਿਸਾਨਾਂ ਦਾ ਇਹ ਸੰਘਰਸ਼ ਹੁਣ ਦੇਸ਼ ਦੇ ਕਿਸਾਨਾਂ ਦਾ ਸੰਘਰਸ਼ ਨਾ ਰਹਿ ਕੇ ਪੂਰੀ ਦੁਨੀਆਂ ਦੇ ਲੋਕਾਂ ਦਾ ਸੰਘਰਸ਼ ਹੋ ਨਿੱਬੜਿਆ ਹੈ।
ਕਿਸਾਨਾਂ ਦਾ ਇਹ ਸੰਘਰਸ਼ ਇੱਕ ਇਤਿਹਾਸਿਕ ਸੰਘਰਸ਼ ਬਣ ਗਿਆ ਹੈ।ਸਰਕਾਰ ਨੂੰ ਲੱਗਦਾ ਸੀ ਕਿ ਠੰਡ ਸ਼ੁਰੂ ਹੁੰਦੇ ਹੀ ਕਿਸਾਨ ਘਰਾਂ ਨੂੰ ਪਰਤ ਜਾਣਗੇ।ਹੋਇਆ ਇਸਦੇ ਬਿਲਕੁਲ ਉਲਟ। ਇਸ ਸੰਘਰਸ਼ ਵਿੱਚ ਔਰਤਾਂ,ਬੱਚੇ ਅਤੇ ਨੌਜੁਆਨ ਤਾਂ ਸ਼ਾਮਿਲ ਹੋਏ ਹੀ ਹੋਏ ਸਗੋਂ ਇਸ ਸੰਘਰਸ਼ ਦਾ ਖੁਸਰੇ ਵੀ ਹਿੱਸਾ ਬਣੇ।ਕੇਂਦਰ ਸਰਕਾਰ ਨੇ ਹੁਣ ਤੱਕ ਕਿਸਾਨਾਂ ਨਾਲ ਜਿੰਨੀਆਂ ਵੀ ਮੀਟਿੰਗਾਂ ਕੀਤੀਆਂ ਉਹਨਾਂ ਸਾਰੀਆਂ ਵਿੱਚ ਹੀ ਬਿੱਲ ਕਿਸਾਨਾਂ ਦੀ ਆਮਦਨ ਵਧਾਉਣ ਵਾਲੇ ਹਨ ਕਹਿਕੇ ਹੀ ਬੁੱਤਾ ਸਾਰਿਆ ਹੈ। ਕੇਂਦਰ ਦੇ ਮੰਤਰੀ ਕਿਸਾਨਾਂ ਦੀਆਂ ਦਲੀਲਾਂ ਅੱਗੇ ਬੇ-ਦਲੀਲ ਤਾਂ ਹੁੰਦੇ ਹਨ ਪਰ ਮੈਂ ਨਾ ਮਾਨੂੰ ਵਾਲੀ ਨੀਤੀ ਛੱਡਣ ਲਈ ਸਹਿਮਤ ਨਹੀਂ ਹੁੰਦੇ।ਇਸ ਵਰ੍ਹੇ ਨੇ ਦੇਸ਼ ਨੂੰ ਆਰਥਿਕ ਤੌਰ ਤੇ ਵੀ ਕਮਜੋਰ ਕੀਤਾ ਹੈ। ਮੋਦੀ ਸਰਕਾਰ ਨੇ ਵਿਕਾਸ ਦਾ ਢੰਡੋਰਾ ਜਰੂਰ ਪਿੱਟਿਆ ਪਰ ਵਿਕਾਸ ਨਾ ਹੋ ਕੇ ਦੇਸ਼ ਦਾ ਵਿਨਾਸ਼ ਜਰੂਰ ਹੋਇਆ ਹੈ।2020 ਦਾ ਵਰ੍ਹਾ ਭਾਵੇਂ ਪੂਰੀ ਦੁਨੀਆਂ ਲਈ ਮਾੜਾ ਰਿਹਾ ਪਰ ਭਾਰਤ ਲਈ ਅਤੇ ਵਿਸ਼ੇਸ਼ ਤੌਰ ਤੇ ਪੰਜਾਬੀਆਂ ਲਈ ਬਹੁਤ ਹੀ ਬੁਰਾ ਸਾਬਿਤ ਹੋਇਆ ਹੈ।ਵਰ੍ਹਾ ਖਤਮ ਹੋ ਗਿਆ ਹੈ।ਨਵਾਂ ਵਰ੍ਹਾ 2021 ਸ਼ੁਰੂ ਹੋ ਰਿਹਾ ਹੈ।ਕਿਸਾਨਾਂ ਦੀਆਂ ਮੰਗਾਂ ਜਿਉਂ ਦੀਆਂ ਤਿਉਂ ਹੀ ਖੜੀਆਂ ਹਨ।ਸਰਕਾਰ ਅਜੇ ਵੀ ਟਾਲਮਟੋਲ ਹੀ ਕਰ ਰਹੀ ਹੈ।
ਸਭ ਤੋਂ ਵੱਧ ਬੁਰੀ ਗੱਲ ਇਹ ਰਹੀ ਕਿ ਕੇਂਦਰ ਸਰਕਾਰ ਨੇ ਕਿਸਾਨਾਂ ਨੂੰ ਕਦੇ ਵੱਖਵਾਦੀ,ਕਦੇ ਖਾਲਿਸਤਾਨੀ ਅਤੇ ਕਦੇ ਵਿਚੋਲੀਏ ਕਹਿ ਕੇ ਭੰਡਿਆ।ਇੱਥੋਂ ਤੱਕ ਕਿ ਸਮਾਜ ਸੇਵੀ ਜਥੇਬੰਦੀਆਂ ਨੂੰ ਵੀ ਦੂਜੇ ਮੁਲਕਾਂ ਤੋਂ ਫੰਡਿੰਗ ਹੁੰਦੀ ਕਹਿ ਕੇ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਗਈ।ਕੇਂਦਰ ਸਰਕਾਰ ਇਹ ਨਹੀਂ ਜਾਣਦੀ ਕਿ ਬਾਬੇ ਨਾਨਕ ਵਲੋਂ ਸ਼ੁਰੂ ਕੀਤਾ ਗਿਆ ਲੰਗਰ ਰਹਿੰਦੀ ਦੁਨੀਆਂ ਤੱਕ ਅਤੁੱਟ ਚੱਲਦਾ ਰਹੇਗਾ।ਰੱਬ ਅੱਗੇ ਅਸੀਂ ਹੁਣ ਇਹੋ ਹੀ ਦੁਆ ਕਰਦੇ ਹਾਂ ਕਿ ਨਵਾਂ ਵਰ੍ਹਾ ਸਾਰਿਆਂ ਲਈ ਖੁਸ਼ੀਆਂ ਅਤੇ ਖੇੜੇ ਲੈ ਕੇ ਆਵੇ।ਇਸ ਨਵੇਂ ਵਰ੍ਹੇ ਵਿੱਚ ਸਭ ਦੀਆਂ ਆਸਾਂ ਨੂੰ ਬੂਰ ਪਵੇ।ਅੰਤ ਵਿੱਚ ਇੱਕ ਸ਼ੇਅਰ ਅਰਜ ਹੈ:
ਨਵਿਆਂ ਸਾਲਾ ਖੁਸ਼ੀਆਂ-ਖੇੜੇ ਆਪਣੇ ਨਾਲ ਲਿਆਵੀਂ।
ਸਭ ਦੇ ਘਰਾਂ’ਚ ਖੁਸ਼ਹਾਲੀ ਦਾ ਰੱਜਕੇ ਮੀਂਹ ਵਰਸਾਵੀਂ।
ਜਸਪਾਲ ਸਿੰਘ ਨਾਗਰਾ ‘ਮਹਿੰਦਪੁਰੀਆ’
ਯੂਬਾ ਸਿਟੀ-ਕੈਲੇਫੋਰਨੀਆ (ਅਮਰੀਕਾ)
ਫੋਨ-001-360-448-1989

Leave a Reply

Your email address will not be published. Required fields are marked *