ਨਵੀਆਂ ਉੱਭਰਦੀਆਂ ਨਾਰੀ-ਲੇਖਿਕਾਵਾਂ ਲਈ ਪ੍ਰੇਰਨਾਦਾਇਕ ਨਾਮ : ਗੁਲਾਫਸਾ ਬੇਗਮ

ਸਾਹਿਤਕ ਤੇ ਸਭਿਆਚਾਰਕ ਹਲਕਿਆਂ ਵਿਚ ਖ਼ੂਬਸੂਰਤ ਸੰਦਲੀ ਪੈੜਾਂ ਛੱਡਣ ਵਾਲੀ ਗੁਲਾਫਸਾ ਬੇਗਮ ਦਾ ਜਨਮ 12 ਦਸੰਬਰ 1994 ਨੂੰ ਜਿਲਾ ਸੰਗਰੂਰ ਦੇ ਸ਼ਹਿਰ ਸੁਨਾਮ (ਊਧਮ ਸਿੰਘ ਵਾਲਾ) ਵਿਖੇ ਪਿਤਾ ਰਮਜਾਨ ਮੁਹੰਮਦ ਦੇ ਘਰ ਮਾਤਾ ਚਰਾਗ ਬੀਬੀ ਦੀ ਕੁੱਖੋਂ ਹੋਇਆ। ਆਪਣੇ ਸ਼ਹਿਰ ਵਿੱਚ ਗ੍ਰੈਜੂਏਸ਼ਨ ਤੱਕ ਦੀ ਪੜਾਈ ਕਰਨ ਉਪਰੰਤ, ਸਵਿਮ ਕਾਲਜ (ਖੋਖਰ) ਵਿੱਚ ਬੀ. ਐਡ. ਅਤੇ ਰਣਬੀਰ ਕਾਲਜ (ਸੰਗਰੂਰ) ਤੋਂ ਐੱਮ. ਏ. ਅੰਗ੍ਰੇਜੀ ਦੀ ਪੜਾਈ ਕੀਤੀ। ਪੰਜਾਬ ਅਤੇ ਕੇਂਦਰੀ ਪੱਧਰ ਦੇ ਇਮਤਿਹਾਨ ਸਰ ਕੀਤੇ। ਅੱਜ-ਕੱਲ ਡਬਲ ਐੱਮ. ਏ. ਦੀ ਪੜਾਈ ਜਾਰੀ ਹੈ। ਇਕ ਮੁਲਾਕਾਤ ਦੌਰਾਨ ਗੁਲਾਫਸਾ ਨੇ ਦੱਸਿਆ ਕਿ ਉਸਨੂੰ ਸਾਹਿਤ ਪੜਨ ਦੀ ਚੇਟਕ ਬੀ. ਐਡ. ਦੌਰਾਨ ਕਾਲਜ ਵਿਖੇ ਲੱਗੀ। ਇਸ ਸਮੇਂ ਤੋਂ ਹੀ ਉਸ ਨੇ ਲਿਖਣਾ ਆਰੰਭ ਕੇ ਕਾਲਜ-ਮੈਗਜੀਨ ਵਿੱਚ ਛਪਣਾ ਸ਼ੁਰੂ ਕਰ ਦਿੱਤਾ। ਉਹ ਪੰਜਾਬੀ ਅਤੇ ਅੰਗ੍ਰੇਜੀ ਦੋਵਾਂ ਭਾਸ਼ਾਵਾਂ ਦੇ ਸਾਹਿਤ ਦੀ ਖੂਬ ਜਾਣਕਾਰੀ ਰੱਖਦੀ ਹੈ। ਉਹ ਜਿੱਥੇ ਆਲ ਇੰਡੀਆ ਪੱਧਰ ਦੀ ਰਜਿਸਟਰਡ ਸੰਸਥਾ ‘ਰਾਸ਼ਟਰੀ ਮਹਿਲਾ ਕਾਵਿ-ਮੰਚ ਵਿੱਚ ਜਿਲਾ ‘ਸੰਗਰੂਰ’ ਇਕਾਈ ਵਿੱਚੋਂ ਉਪ-ਪ੍ਰਧਾਨ ਵਜੋਂ ਸੇਵਾ ਨਿਭਾ ਰਹੀ ਹੈ, ਉਥੇ ਵਿਸ਼ਵ ਪੰਜਾਬੀ ਨਾਰੀ ਸਾਹਿਤਕ-ਮੰਚ ਦੀ ਮੈਂਬਰ ਵਜੋਂ ਵੀ ਆਪਣਾ ਯੋਗਦਾਨ ਪਾ ਰਹੀ ਹੈ। ਪਾਕਿਸਤਾਨੀ ਮੁਸ਼ਾਇਰਿਆਂ (‘ਸਾਂਝੀ ਬੈਠਕ ਪੰਜਾਬ ਦੀ’ ‘ਲਹਿੰਦਾ ਪੰਜਾਬ ਪਾਕਿਸਤਾਨ’) ਵਿੱਚ ਵੀ ਆਪਣੀਆਂ ਲਿਖਤਾਂ ਨਾਲ ਖੂਬ ਰੰਗ ਵਿਖੇਰਨ ਵਾਲੀ ਇਸ ਕਵਿੱਤਰੀ ਨੇ ਕਈ ਕਿਤਾਬਾਂ ਦੀ ਭੂਮਿਕਾ ਅਤੇ ਰੀਵਿਊ ਵੀ ਲਿਖੇ ਹਨ।
ਪਟਿਆਲਾ ਤੋਂ ਸੰਚਾਲਕ ਨਵਦੀਪ ਕੌਰ ਵੱਲੋਂ ਛਪਦਾ ‘ਹਰਫਨਾਮਾ’ ਮੈਗਜੀਨ ਦੇ ਨਾਲ-ਨਾਲ ‘ਐਂਟੀ ਕੁਰੱਪਸ਼ਨ ਪ੍ਰੈੱਸ’ ਅਤੇ ‘ਪੰਜਾਬ ਨਾਓ’ ਟੀ. ਵੀ. ਵਰਗੇ ਆੱਨਲਾਈਨ ਅਖਬਾਰਾਂ ਵਿੱਚ ਅੰਗ੍ਰੇਜੀ ਤੇ ਪੰਜਾਬੀ ਭਾਸ਼ਾ ਵਿੱਚ ਆਪਣੇ ਆਰਟੀਕਲਾਂ ਦਾ ਰੰਗ ਵਿਖੇਰਦੀ, ਗੁਲਾਫਸਾ ਆਪਣੀਆਂ ਪੈੜਾਂ ਛੱਡ ਰਹੀ ਹੈ। ਵੱਖ-ਵੱਖ ਸਮਿਆਂ ’ਤੇ ਇਲਾਕੇ ਭਰ ਦੇ ਕਵੀ ਦਰਬਾਰਾਂ ਅਤੇ ਸਾਹਿਤਕ ਸਰਗਰਮੀਆਂ ਵਿੱਚ ਹਿੱਸਾ ਪਾਉਂਦੀ ਇਹ ਮੁਟਿਆਰ ਕਵਿੱਤਰੀ ਪੰਜ ਸਾਂਝੇ ਕਾਵਿ-ਸੰਗ੍ਰਹਿਆਂ ਵਿੱਚ ਵੀ ਸ਼ਮੂਲੀਅਤ ਕਰ ਚੁੱਕੀ ਹੈ। ਅੰਗਰੇਜੀ ਤੇ ਪੰਜਾਬੀ ਦੇ ਨਾਲ-ਨਾਲ ਉਰਦੂ ਦੀ ਜਾਣਕਾਰੀ ਰੱਖਦੇ ਹੋਏ ਗੁਲਾਫਸਾ ਨੇ ਕੁਰਆਨ-ਮਜੀਦ ਦੀਆਂ ਆਇਤਾਂ ਅਤੇ ਜਪੁਜੀ ਸਾਹਿਬ ਦਾ ਅੰਤਰ -ਸੰਵਾਦ ਰਚਾ ਕੇ ਆਪਣੇ ਗਹਿਰੇ ਚਿੰਤਨ ਦਾ ਸਬੂਤ ਦਿੱਤਾ ਹੈ। ਗੁਲਾਫਸਾ ਦਾ ਕਲਮੀ ਰੰਗ ਦੇਖੋ
”ਸਾਡੇ ਸਿਰ ਉੱਤੇ ਛਾਇਆ ਰਹਿੰਦਾ ਸਦਾ ਹੀ ਹਨੇਰਾ,
ਹਾਲੇ ਸੁੰਞੀਆਂ ਨੇ ਸ਼ਾਮਾਂ ਅਤੇ ਸੁੰਞਾਂ ਹੈ ਸਵੇਰਾ।
ਸਾਡਾ ਚੰਮ ਪਿੰਜ-ਪਿੰਜ, ਰਾਠ ਵੇਖਦੇ ਨੇ ਜ਼ੇਰਾ,
ਕਦੋਂ ਤੱਕ ਕੋਈ ਗਰੀਬ, ਰੱਤ ਆਪਣੀ ਪਿਆਊ ?
ਦੱਸ ਕਾਮਿਆਂ ਦੀ ਰੱਬਾ, ਪ੍ਰਭਾਤ ਕਦੋਂ ਆਊ? ”
ਨਾਰੀ ਹੋਣ ਦੇ ਨਾਤੇ ਉਹ ਭਵਿੱਖ ਵਿੱਚ ਘੱਟੋ-ਘੱਟ ਤੀਹ ਨਾਰੀ-ਲੇਖਿਕਾਵਾਂ ਦੀਆਂ ਕਿਤਾਬਾਂ ਉੱਪਰ ਆਲੋਚਨਾਤਮਕ ਆਰਟੀਕਲ ਲਿਖ ਕੇ ਪੰਜਾਬੀ ਸਾਹਿਤ ਨੂੰ ਹੋਰ ਵੀ ਭਰਪੂਰ- ਦੇਣ, ਦੇਣ ਜਾ ਰਹੀ ਹੈ। ਇਹ ਸਾਰੀਆਂ ਮਾਣਮੱਤੀਆਂ ਪ੍ਰਾਪਤੀਆਂ ਦਾ ਖਿਤਾਬ ਉਹ ਮੈਡਮ ਨਿਰਮਲ ਕੌਰ ਕੋਟਲਾ, ਪ੍ਰੋ. ਦਿਨੇਸ਼ ਸ਼ਰਮਾ ਅਤੇ ਲੇਖਕ ਕੁਲਦੀਪ ਨਿਆਜ ਸਮੇਤ ਆਪਣੇ ਪਰਿਵਾਰ ਦੀ ਝੋਲੀ ਪਾਉਂਦੀ ਹੈ।. . . ਮੁਟਿਆਰ ਗੁਲਾਫਸਾ ਬੇਗਮ ਰੂਪੀ ਕਲ-ਕਲ ਵਗਦੀ ਸਾਹਿਤ ਦੀ ਇਸ ਰਾਵੀ ਲਈ ਉਹ ਦਿਨ ਹੁਣ ਦੂਰ ਨਹੀ, ਜਦੋਂ ‘ਅੰਮਿ੍ਰਤਾ ਪ੍ਰੀਤਮ’ ਵਰਗੇ ਅਵਾਰਡ ਤੇ ਪੁਰਸਕਾਰ ਉਸਦੀ ਝੋਲ਼ੀ ਦਾ ਸ਼ਿੰਗਾਰ ਬਣਨ ਲਈ ਤਰਸਣਗੇ। ਰੱਬ ਕਰੇ ! ਉਹ ਸੁਭਾਗੇ ਪੱਲ ਜਲਦੀ ਆਉਣ !
-ਪ੍ਰੀਤਮ ਲੁਧਿਆਣਵੀ (ਚੰਡੀਗੜ), 9876428641
ਸੰਪਰਕ : ਗੁਲਾਫਸਾ ਬੇਗਮ, ਸੁਨਾਮ (ਸੰਗਰੂਰ), 98148-26006

Leave a Reply

Your email address will not be published. Required fields are marked *