ਕਿਸਾਨਾਂ ਦੀ ਕੇਂਦਰ ਨਾਲ ਵਾਰਤਾ ਅੱਜ

ਨਵੀਂ ਦਿੱਲੀ: ਦਿੱਲੀ ਦੀਆਂ ਹੱਦਾਂ ’ਤੇ ਚੱਲ ਰਿਹਾ ਕਿਸਾਨੀ ਸੰਘਰਸ਼ ਅੱਜ ਠੰਢ ਤੇ ਭਾਰੀ ਮੀਂਹ ਦੇ ਬਾਵਜੂਦ ਭਖਿਆ ਰਿਹਾ। ਖੇਤੀ ਕਾਨੂੰਨ ਰੱਦ ਕਰਨ ਅਤੇ ਹੋਰ ਮੰਗਾਂ ਨੂੰ ਲੈ ਕੇ ਦਿੱਲੀ ਦੇ ਬਾਰਡਰਾਂ ’ਤੇ ਡਟੇ ਕਿਸਾਨਾਂ ਅਤੇ ਕੇਂਦਰ ਸਰਕਾਰ ਵਿਚਾਲੇ ਭਲਕੇ ਹੋਣ ਵਾਲੀ ਗੱਲਬਾਤ ਤੋਂ ਬਾਅਦ ਕਿਸਾਨ ਸੰਘਰਸ਼ ਦੀ ਨਵੀਂ ਰੂਪ-ਰੇਖਾ ਤੈਅ ਹੋਵੇਗੀ। ਇਸ ਅਹਿਮ ਬੈਠਕ ਤੋਂ ਪਹਿਲਾਂ ਅੱਜ ਪੰਜਾਬ ਦੀਆਂ 32 ਕਿਸਾਨ ਜਥੇਬੰਦੀਆਂ ਵੱਲੋਂ ਸਿੰਘੂ ਬਾਰਡਰ ’ਤੇ ਵਿਚਾਰ ਵਟਾਂਦਰਾ ਕੀਤਾ ਗਿਆ। ਕਿਸਾਨ ਆਗੂਆਂ ਨੇ ਦੱਸਿਆ ਕਿ ਕੇਂਦਰ ਨਾਲ ਹੋਣ ਵਾਲੀ ਮੀਟਿੰਗ ਦੀਆਂ ਤਿਆਰੀਆਂ ਪੂਰੀਆਂ ਕਰ ਲਈਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਜਥੇਬੰਦੀਆਂ ਆਪਣੀਆਂ ਮੰਗਾਂ ਚੱਲ ਰਹੇ ਸੰਘਰਸ਼ਾਂ ਦੇ ਬਲਬੂਤੇ ਮਨਵਾਉਣਗੀਆਂ। ਸੰਯੁਕਤ ਕਿਸਾਨ ਮੋਰਚੇ ਵੱਲੋਂ ਸਪਸ਼ਟ ਕੀਤਾ ਜਾ ਚੁੱਕਾ ਹੈ ਕਿ ਉਹ ਖੇਤੀ ਕਾਨੂੰਨਾਂ ਨੂੰ ਰੱਦ ਕੀਤੇ ਜਾਣ ਦੀ ਆਪਣੀ ਮੰਗ ’ਤੇ ਕਾਇਮ ਹੈ। ਬੈਠਕ ਦੌਰਾਨ ਸੰਗਰੂਰ ’ਚ ਕਿਸਾਨਾਂ ’ਤੇ ਪੁਲੀਸ ਵੱਲੋਂ ਕੀਤੇ ਗਏ ਲਾਠੀਚਾਰਜ ਦੀ ਸਖ਼ਤ ਨਿਖੇਧੀ ਕੀਤੀ ਗਈ। ਕਿਸਾਨ ਆਗੂਆਂ ਨੇ ਕਿਹਾ ਕਿ 30 ਦਸੰਬਰ ਨੂੰ ਹੋਈ ਗੱਲਬਾਤ ਦੌਰਾਨ ਸਰਕਾਰ ਨੇ ਜਿਹੜੀਆਂ ਦੋ ਮੱਦਾਂ ’ਤੇ ਸਹਿਮਤੀ ਬਣਨ ਬਾਰੇ ਬਿਆਨ ਦਿੱਤਾ ਸੀ, ਉਸ ’ਤੇ ਅਜੇ ਤੱਕ ਕੁਝ ਵੀ ਲਿਖਤੀ ਨਹੀਂ ਮਿਲਿਆ ਹੈ ਜਿਸ ਕਰਕੇ ਆਗੂਆਂ ਨੂੰ ਅਜੇ ਵੀ ਸਰਕਾਰ ’ਤੇ ਯਕੀਨ ਨਹੀਂ ਹੈ। ਕਿਸਾਨ ਆਗੂ ਡਾ. ਦਰਸ਼ਨਪਾਲ ਨੇ ਕਿਹਾ ਕਿ ਉਹ ਕੇਂਦਰ ਸਰਕਾਰ ਨਾਲ ਇਸ ਆਸ ਨਾਲ ਵਿਗਿਆਨ ਭਵਨ ਵਿੱਚ ਗੱਲ ਕਰਨ ਜਾ ਰਹੇ ਹਨ ਕਿ ਕੇਂਦਰੀ ਖੇਤੀ ਮੰਤਰੀ ਨਰੇਂਦਰ ਸਿੰਘ ਤੋਮਰ ਸਾਥੀ ਮੰਤਰੀਆਂ ਨਾਲ ਤਿੰਨੋਂ ਕਾਨੂੰਨ ਰੱਦ ਕਰਨ ਅਤੇ ਕਿਸਾਨੀ ਮੰਗਾਂ ਦੇ ਹੱਲ ਕੱਢਣ ਵਾਲੀ ਗੱਲ ਕਰਨਗੇ। ਉਨ੍ਹਾਂ ਕਿਹਾ,‘‘ਜਿਹੋ-ਜਿਹੇ ਹਾਲਾਤ ਅਤੇ ਮੌਸਮੀ ਬਿਪਤਾ ਦੇ ਬਾਵਜੂਦ ਕਿਸਾਨ ਆਪਣੇ ਪਰਿਵਾਰਾਂ ਸਮੇਤ ਧਰਨਿਆਂ ਉਪਰ ਡਟੇ ਹੋਏ ਹਨ, ਉਨ੍ਹਾਂ ਨੂੰ ਦੇਖਦਿਆਂ ਸਰਕਾਰ ਤੁਰੰਤ ਜਾਗੇ। ਹੁਣ ਇਹ ਜਨ ਅੰਦੋਲਨ ਹਰ ਸੂਬੇ ਵਿੱਚ ਦਸਤਕ ਦੇ ਚੁੱਕਾ ਹੈ। ਅਡਾਨੀ, ਅੰਬਾਨੀ ਵਰਗੇ ਕਾਰਪੋਰੇਟ ਘਰਾਣਿਆਂ ਪ੍ਰਤੀ ਕਿਸਾਨਾਂ ਵਿੱਚ ਗੁੱਸਾ ਹੈ।’’ ਕਿਸਾਨ ਆਗੂ ਨੇ ਦੱਸਿਆ ਕਿ ਤਿੰਨਾਂ ਖੇਤੀ ਕਾਨੂੰਨਾਂ ਦਾ ‘ਭੁੱਗਾ’ ਸਾੜ ਕੇ ਧਰਨਿਆਂ ਦੌਰਾਨ ਲੋਹੜੀ ਦਾ ਤਿਓਹਾਰ ਮਨਾਇਆ ਜਾਵੇਗਾ।

ਬੈਠਕ ਦੌਰਾਨ ਸੰਗਰੂਰ ’ਚ ਕਿਸਾਨਾਂ ’ਤੇ ਪੁਲੀਸ ਵੱਲੋਂ ਕੀਤੇ ਗਏ ਲਾਠੀਚਾਰਜ ਦੀ ਸਖ਼ਤ ਨਿਖੇਧੀ ਕੀਤੀ ਗਈ। ਕਿਸਾਨ ਆਗੂਆਂ ਹਰਮੀਤ ਸਿੰਘ ਕਾਦੀਆਂ, ਮਨਜੀਤ ਸਿੰਘ ਰਾਏ ਅਤੇ ਜਗਮੋਹਨ ਸਿੰਘ ਪਟਿਆਲਾ ਨੇ ਕਿਹਾ ਕਿ ਭਾਜਪਾ ਦੀ ਪੰਜਾਬ ਇਕਾਈ ਦੇ ਪ੍ਰਧਾਨ ਅਸ਼ਵਨੀ ਸ਼ਰਮਾ ਦੀ ਸੰਗਰੂਰ ਅਤੇ ਮੋਗਾ ਆਮਦ ’ਤੇ ਕਿਸਾਨਾਂ ਵੱਲੋਂ ਵਿਰੋਧ ਕੀਤਾ ਗਿਆ ਸੀ। ਸੰਗਰੂਰ ’ਚ ਪੁਲੀਸ ਵੱਲੋਂ ਕੀਤੇ ਗਏ ਲਾਠੀਚਾਰਜ ਦੌਰਾਨ ਕਈ ਕਿਸਾਨ ਜ਼ਖ਼ਮੀ ਵੀ ਹੋਏ ਹਨ। ਆਗੂਆਂ ਨੇ ਕਿਹਾ ਕਿ ਪੰਜਾਬ ਦੇ ਭਾਜਪਾ ਆਗੂ ਜਾਣ ਬੁੱਝ ਕੇ ਮਾਹੌਲ ਖ਼ਰਾਬ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਕਦੇ ਭੜਕਾਊ ਬਿਆਨਬਾਜ਼ੀ ਅਤੇ ਕਦੇ ਕਾਨੂੰਨਾਂ ਦੇ ਹੱਕ ’ਚ ਪ੍ਰਚਾਰ ਰਾਹੀਂ ਕਿਸਾਨਾਂ ਨੂੰ ਭੜਕਾਇਆ ਜਾ ਰਿਹਾ ਹੈ ਜਦਕਿ ਚਾਹੀਦਾ ਇਹ ਹੈ ਕਿ ਉਹ ਪੰਜਾਬ ਦੇ ਲੋਕਾਂ ਦੀ ਆਵਾਜ਼ ਸੁਣਨ ਅਤੇ ਕੇਂਦਰ ਸਰਕਾਰ ਤੱਕ ਉਸ ਨੂੰ ਪਹੁੰਚਾਉਣ ਕਿ ਲੋਕ ਅਖੌਤੀ ਫਾਇਦੇ ਨਹੀਂ ਚਾਹੁੰਦੇ ਹਨ। ਇਸ ਦੌਰਾਨ ਕਿਸਾਨ ਆਗੂਆਂ ਨੇ ਕਿਹਾ ਕਿ ਜੇਕਰ ਪੰਜਾਬ ਸਰਕਾਰ ਗੰਨੇ ਦਾ ਰੇਟ ਨਹੀਂ ਵਧਾਉਂਦੀ ਹੈ ਤਾਂ ਉਸ ਖ਼ਿਲਾਫ਼ ਵੀ ਸੰਘਰਸ਼ ਵਿੱਢਿਆ ਜਾਵੇਗਾ।

ਮੀਟਿੰਗ ਤੋਂ ਪਹਿਲਾਂ ਰਾਜਨਾਥ ਨੂੰ ਮਿਲੇ ਤੋਮਰ

ਨਵੀਂ ਦਿੱਲੀ:ਕੇਂਦਰ ਤੇ ਕਿਸਾਨ ਜਥੇਬੰਦੀਆਂ ਵਿਚਾਲੇ ਭਲਕੇ ਸੱਤਵੇਂ ਗੇੜ ਦੀ ਹੋਣ ਵਾਲੀ ਅਹਿਮ ਗੱਲਬਾਤ ਤੋਂ ਪਹਿਲਾਂ ਅੱਜ ਕੇਂਦਰੀ ਖੇਤੀਬਾੜੀ ਮੰਤਰੀ ਨਰੇਂਦਰ ਸਿੰਘ ਤੋਮਰ ਨੇ ਰੱਖਿਆ ਮੰਤਰੀ ਰਾਜਨਾਥ ਸਿੰਘ ਨਾਲ ਮੁਲਾਕਾਤ ਕੀਤੀ ਅਤੇ ਇਸ ਮੌਜੂਦਾ ਸੰਕਟ ਦੇ ਜਲਦ ਹੱਲ ਲਈ ਸਰਕਾਰ ਦੀ ਰਣਨੀਤੀ ’ਤੇ ਚਰਚਾ ਕੀਤੀ। ਸੂਤਰਾਂ ਅਨੁਸਾਰ ਖੇਤੀਬਾੜੀ ਮੰਤਰੀ ਤੋਮਰ ਨੇ ਇਸ ਦੌਰਾਨ ਰੱਖਿਆ ਮੰਤਰੀ ਨਾਲ ਇਸ ਸੰਕਟ ਦੇ ਹੱਲ ਲਈ ਵਿਚਕਾਰਲਾ ਰਾਹ ਲੱਭਣ ਲਈ ਸਾਰੇ ਸੰਭਾਵੀ ਬਦਲਾਂ ਬਾਰੇ ਚਰਚਾ ਕੀਤੀ। ਅਟਲ ਬਿਹਾਰੀ ਵਾਜਪਾਈ ਦੀ ਸਰਕਾਰ ਸਮੇਂ ਖੇਤੀਬਾੜੀ ਮੰਤਰੀ ਰਹੇ ਰਾਜਨਾਥ ਸਿੰਘ ਇਸ ਮੁੱਦੇ ’ਤੇ ਪਰਦੇ ਦੇ ਪਿੱਛੇ ਰਹਿ ਕੇ ਕੰਮ ਕਰ ਰਹੇ ਹਨ।

Leave a Reply

Your email address will not be published. Required fields are marked *