ਰਿਲਾਇੰਸ ਨੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਦਾ ਬੂਹਾ ਖੜਕਾਇਆ

ਚੰਡੀਗੜ੍ਹ : ਰਿਲਾਇੰਸ ਜੀਓ ਨੇ ਦੋ ਸੂਬਿਆਂ ਵਿਚ ਕੰਪਨੀ ਦੇ ਨੁਕਸਾਨ ਦੀ ਭਰਪਾਈ ਲਈ ਹੁਣ ਪੰਜਾਬ ਹਰਿਆਣਾ ਹਾਈ ਕੋਰਟ ਦਾ ਬੂਹਾ ਖੜਕਾਇਆ ਹੈ। ਰਿਲਾਇੰਸ ਜੀਓ ਇਨਫੋਕੋਮ ਲਿਮਿਟਡ ਨੇ ਹਾਈ ਕੋਰਟ ’ਚ ਪਟੀਸ਼ਨ ਤੋਂ ਇਲਾਵਾ ਵੱਖਰੀ ਅਰਜ਼ੀ ਪਾ ਕੇ ਮਾਮਲੇ ਦੀ ਜਲਦੀ ਸੁਣਵਾਈ ਦੀ ਮੰਗ ਵੀ ਕੀਤੀ ਹੈ। ਉਨ੍ਹਾਂ ਪੰਜਾਬ ਅਤੇ ਹਰਿਆਣਾ ਵਿਚ ਕੰਪਨੀ ਦੀ ਸੰਪਤੀ ਦੇ ਹੋਏ ਨੁਕਸਾਨ ਲਈ ਜ਼ਿੰਮੇਵਾਰ ਵਿਅਕਤੀਆਂ ਖ਼ਿਲਾਫ਼ ਕਾਰਵਾਈ ਮੰਗੀ ਹੈ। ਰਿਲਾਇੰਸ ਜੀਓ ਨੇ ਹਾਈ ਕੋਰਟ ’ਚ 661 ਸਫ਼ਿਆਂ ਦੀ ਪਟੀਸ਼ਨ ਦਾਇਰ ਕੀਤੀ ਹੈ। ਪਟੀਸ਼ਨ ’ਚ ਕਿਹਾ ਗਿਆ ਹੈ ਕਿ ਕਿਸਾਨ ਅੰਦੋਲਨ ਦੀ ਆੜ ਹੇਠ ਵਿਰੋਧੀ ਕੰਪਨੀਆਂ ਹੁਣ ਰਿਲਾਇੰਸ ਦਾ ਨਾਮ ਅਤੇ ਸੰਪਤੀ ਦਾ ਨੁਕਸਾਨ ਕਰਨਾ ਚਾਹੁੰਦੀਆਂ ਹਨ। ਇਹ ਵੀ ਕਿਹਾ ਗਿਆ ਹੈ ਕਿ ਕਿਸਾਨ ਘੋਲ ਦੀ ਆੜ ਵਿਚ ਰਿਲਾਇੰਸ ਦੇ ਦੋਹਾਂ ਸੂਬਿਆਂ ਵਿਚਲੇ ਢਾਂਚੇ ਨੂੰ ਨੁਕਸਾਨ ਪਹੁੰਚਾਇਆ ਜਾ ਰਿਹਾ ਹੈ ਜਿਸ ਨਾਲ ਕੰਪਨੀ ਦੀ ਸੇਵਾ ਅਤੇ ਗਾਹਕ ਪ੍ਰਭਾਵਿਤ ਹੋ ਰਹੇ ਹਨ। ਰਿਲਾਇੰਸ ਨੇ ਪਟੀਸ਼ਨ ’ਚ ਪੰਜਾਬ ਸਰਕਾਰ ਨੂੰ ਧਿਰ ਬਣਾਇਆ ਹੈ। ਜੀਓ ਕੰਪਨੀ ਨੇ ਖਦਸ਼ਾ ਜ਼ਾਹਰ ਕੀਤਾ ਹੈ ਕਿ ਜੇਕਰ ਪੰਜਾਬ ਵਿਚ ਸ਼ਰਾਰਤੀ ਅਨਸਰਾਂ ਨੂੰ ਭੰਨਤੋੜ ਤੋਂ ਨਾ ਰੋਕਿਆ ਗਿਆ ਤਾਂ ਕੰਪਨੀ ਦੇ ਮੁਲਾਜ਼ਮਾਂ ਅਤੇ ਸੰਪਤੀ ਦਾ ਹੋਰ ਨੁਕਸਾਨ ਹੋ ਸਕਦਾ ਹੈ। ਉਨ੍ਹਾਂ ਪਟੀਸ਼ਨ ’ਚ ਅਪੀਲ ਕੀਤੀ ਹੈ ਕਿ ਪੰਜਾਬ ਅਤੇ ਹਰਿਆਣਾ ਦੀਆਂ ਸਰਕਾਰਾਂ ਨੂੰ ਹੁਕਮ ਦਿੱਤੇ ਜਾਣ ਕਿ ਨੁਕਸਾਨ ਲਈ ਜ਼ਿੰਮੇਵਾਰ ਅਨਸਰਾਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇ ਅਤੇ ਭਵਿੱਖ ਵਿਚ ਅਜਿਹਾ ਨਾ ਹੋਣ ਲਈ ਢੁੱਕਵੇਂ ਕਦਮ ਉਠਾਏ ਜਾਣ ਲਈ ਆਖਿਆ ਜਾਵੇ।

ਰਿਲਾਇੰਸ ਦਾ ਹਲਫ਼ਨਾਮਾ ਝੂਠ ਦਾ ਪੁਲੰਦਾ: ਕਿਸਾਨ ਸੰਘਰਸ਼ ਤਾਲਮੇਲ ਕਮੇਟੀ

ਚੰਡੀਗੜ੍ਹ:ਰਿਲਾਇੰਸ ਵੱਲੋਂ ਪੰਜਾਬ ਹਰਿਆਣਾ ਹਾਈ ਕੋਰਟ ਦਾ ਰੁਖ਼ ਕੀਤੇ ਜਾਣ ਦੇ ਕੁਝ ਘੰਟਿਆਂ ਮਗਰੋਂ ਆਲ ਇੰਡੀਆ ਕਿਸਾਨ ਸੰਘਰਸ਼ ਤਾਲਮੇਲ ਕਮੇਟੀ ਨੇ ਕਿਹਾ ਕਿ ਕੰਪਨੀ ਵੱਲੋਂ ਦਾਖ਼ਲ ਕੀਤਾ ਗਿਆ ਹਲਫ਼ਨਾਮਾ ਝੂਠ ਦਾ ਪੁਲੰਦਾ ਹੈ। ਉਨ੍ਹਾਂ ਕਿਹਾ ਕਿ ਰਿਲਾਇੰਸ ਇੰਡਸਟਰੀਜ਼ ਵੱਲੋਂ ਅਦਾਲਤ ’ਚ ਦਿੱਤਾ ਗਿਆ ਹਲਫ਼ਨਾਮਾ ਸਿਰਫ਼ ਆਪਣੇ ਕਾਰੋਬਾਰੀ ਹਿੱਤਾਂ ਨੂੰ ਬਚਾਉਣ ਦਾ ਹੱਥਕੰਡਾ ਹੈ। -ਪੀਟੀਆਈ  

ਰਿਲਾਇੰਸ ਨੇ ਕਿਸਾਨਾਂ ਪ੍ਰਤੀ ਮੋਹ ਪ੍ਰਗਟਾਇਆ

ਰਿਲਾਇੰਸ ਕੰਪਨੀ ਨੇ ਇਸ ਦੌਰਾਨ ਕਿਸਾਨੀ ਪ੍ਰਤੀ ਮੋਹ ਦਾ ਪ੍ਰਗਟਾਵਾ ਕੀਤਾ ਹੈ। ਕੰਪਨੀ ਦਾ ਕਹਿਣਾ ਹੈ ਕਿ ਤਿੰਨ ਖੇਤੀ ਕਾਨੂੰਨਾਂ ਨਾਲ ਰਿਲਾਇੰਸ ਦਾ ਕੋਈ ਤੁਆਲਕ ਨਹੀਂ ਹੈ ਅਤੇ ਨਾ ਹੀ ਕੰਪਨੀ ਨੂੰ ਇਸ ਦਾ ਕੋਈ ਫਾਇਦਾ ਹੈ। ਰਿਲਾਇੰਸ ਨੇ ਇਹ ਵੀ ਆਖਿਆ ਕਿ ਕੰਟਰੈਕਟ ਫਾਰਮਿੰਗ ਵਿਚ ਕੰਪਨੀ ਨਹੀਂ ਹੈ ਅਤੇ ਨਾ ਹੀ ਉਹ ਇਸ ’ਚ ਪੈਰ ਧਰੇਗੀ। ਉਨ੍ਹਾਂ ਕਿਹਾ ਹੈ ਕਿ ਕੰਪਨੀ ਅੰਨਦਾਤੇ ਦੀ ਇੱਜ਼ਤ ਕਰਦੀ ਹੈ ਜੋ ਪੂਰੇ ਦੇਸ਼ ਦਾ ਪੇਟ ਭਰਦਾ ਹੈ। ਕਿਸਾਨਾਂ ਦੀ ਮਜ਼ਬੂਤੀ ਲਈ ਪੂਰੀ ਸਮਰੱਥਾ ਨਾਲ ਖੜ੍ਹਨ ਦਾ ਵੀ ਕੰਪਨੀ ਨੇ ਦਾਅਵਾ ਕੀਤਾ ਹੈ।  

Leave a Reply

Your email address will not be published. Required fields are marked *