ਅੰਦੋਲਨ ਦੇਸ਼ ਭਰ ਵਿੱਚ ਫੈਲਾਉਣ ਦੀ ਤਿਆਰੀ

ਨਵੀਂ ਦਿੱਲੀ, 5 ਜਨਵਰੀ

ਕੇਂਦਰੀ ਮੰਤਰੀਆਂ ਨਾਲ ਤਿੰਨ ਖੇਤੀ ਕਾਨੂੰਨਾਂ ਸਣੇ ਹੋਰ ਕਿਸਾਨੀ ਮੰਗਾਂ ਨੂੰ ਲੈ ਕੇ ਬੀਤੇ ਦਿਨੀਂ ਹੋਈ ਮੀਟਿੰਗ ਬੇਸਿੱਟਾ ਰਹਿਣ ਮਗਰੋਂ ਹੁਣ ਸੰਯੁਕਤ ਕਿਸਾਨ ਮੋਰਚੇ ਨੇ ਕਿਸਾਨ ਅੰਦੋਲਨ ਨੂੰ ਦੇਸ਼ ਦੇ ਆਖ਼ਰੀ ਕੋਨੇ ਤੱਕ ਲੈ ਕੇ ਜਾਣ ਲਈ ਪ੍ਰੋਗਰਾਮ ਉਲੀਕੇ ਹਨ। ਦਿੱਲੀ ਅਤੇ ਐੱਨਸੀਆਰ ਦੇ ਇਲਾਕਿਆਂ ਵਿੱਚ ਸਥਾਨਕ ਲੋਕਾਂ ਨੂੰ ਅੰਦੋਲਨ ਵਿੱਚ ਸ਼ਾਮਲ ਕਰਨ ਮਗਰੋਂ ਹੁਣ ਦੂਜੇ ਰਾਜਾਂ ਦੇ ਕਿਸਾਨਾਂ ਨੂੰ ਕਾਰਪੋਰੇਟ ਘਰਾਣਿਆਂ ਖ਼ਿਲਾਫ਼ ਲਾਮਬੰਦ ਕਰਨ ਲਈ ਜਾਗ੍ਰਿਤੀ ਮੁਹਿੰਮ ਐਲਾਨੀ ਗਈ ਹੈ। ਸਿੰਘੂ ਬਾਰਡਰ ’ਤੇ ਕਿਸਾਨ ਆਗੂਆਂ ਵੱਲੋਂ ਕੀਤੀ ਗਈ ਪ੍ਰੈੱਸ ਕਾਨਫਰੰਸ ਦੌਰਾਨ ਦੱਸਿਆ ਗਿਆ ਕਿ 6 ਜਨਵਰੀ ਨੂੰ ਕੱਢਿਆ ਜਾਣ ਵਾਲਾ ਟਰੈਕਟਰ ਮਾਰਚ ਹੁਣ 7 ਜਨਵਰੀ ਨੂੰ ਕੱਢਿਆ ਜਾਵੇਗਾ। ਕਿਸਾਨ ਆਗੂ ਡਾ. ਦਰਸ਼ਨਪਾਲ ਨੇ ਦੱਸਿਆ ਕਿ ਪੰਜਾਬ, ਹਰਿਆਣਾ, ਉੱਤਰ ਪ੍ਰਦੇਸ਼ ਅਤੇ ਰਾਜਸਥਾਨ ਸਮੇਤ ਦੇਸ਼ ਦੇ ਹੋਰ ਕਿਸਾਨ ਇਸ ਟਰੈਕਟਰ ਮਾਰਚ ਵਿੱਚ ਸ਼ਾਮਲ ਹੋਣਗੇ। ਇਸ ਮਾਰਚ ਲਈ ਹਰਿਆਣਾ ਦੇ ਹਰੇਕ ਪਿੰਡ ਤੋਂ ਘੱਟੋ-ਘੱਟ 10-10 ਟਰਾਲੀਆਂ ਮੰਗਵਾਈਆਂ ਗਈਆਂ ਹਨ।

ਉਨ੍ਹਾਂ ਦੱਸਿਆ ਕਿ ਦੇਸ਼ ਭਰ ਤੋਂ ਕਿਸਾਨਾਂ ਦਾ ਦਿੱਲੀ ਕੂਚ ਜਾਰੀ ਹੈ ਅਤੇ ਅੰਦੋਲਨਾਂ ’ਚ ਸ਼ਮੂਲੀਅਤ ਵਧੀ ਹੈ। ਮਹਾਰਾਸ਼ਟਰ ਤੇ ਸ਼ਤੀਸ਼ੋਧਕ ਸਮਾਜ ਦੇ ਹਜ਼ਾਰਾਂ ਕਿਸਾਨ ਜੈਪੁਰ-ਦਿੱਲੀ ਹਾਈਵੇਅ ’ਤੇ ਪਹੁੰਚ ਰਹੇ ਹਨ। ਅਰਵਾਲ, ਨਾਲੰਦਾ, ਬਿਹਾਰ ਸਣੇ ਹੋਰ 20 ਤੋਂ ਵੱਧ ਥਾਵਾਂ ’ਤੇ ਅਣਮਿੱਥੇ ਸਮੇਂ ਦੀ ਭੁੱਖ ਹੜਤਾਲ ਸੰਯੁਕਤ ਕਿਸਾਨ ਮੋਰਚੇ ਨਾਲ ਜੁੜੀਆਂ ਜਥੇਬੰਦੀਆਂ ਨੇ ਸ਼ੁਰੂ ਕਰ ਦਿੱਤੀ ਹੈ। ਇਸੇ ਤਰ੍ਹਾਂ ਤਾਮਿਲਨਾਡੂ ਦੇ ਸਾਗਰ, ਕਰਨਾਟਕ ਤੇ ਚੇਨਈ ਵਿੱਚ ਕਿਸਾਨਾਂ ਨੇ ਪੱਕੇ ਮੋਰਚੇ ਕਾਇਮ ਕੀਤੇ ਹੋਏ ਹਨ। ਕਿਸਾਨ ਆਗੂ ਮੁਤਾਬਕ ਮੋਰਚੇ ਵੱਲੋਂ ‘ਪੋਲ ਖੋਲ੍ਹ ਯਾਤਰਾ’ ਤਹਿਤ ਮਹਾਰਾਸ਼ਟਰ ਦੇ ਸਾਰੇ ਜ਼ਿਲ੍ਹਿਆਂ ਦੇ ਦੌਰੇ ਕਰਕੇ ਖੇਤੀ ਕਾਨੂੰਨਾਂ ਖ਼ਿਲਾਫ਼ ਕਿਸਾਨਾਂ ਦੀ ਲਾਮਬੰਦੀ ਕੀਤੀ ਜਾਵੇਗੀ ਅਤੇ 15 ਜਨਵਰੀ ਨੂੰ ਮੁੰਬਈ ’ਚ ਵੱਡੀ ਰੈਲੀ ਦਾ ਸੱਦਾ ਦਿੱਤਾ ਜਾਵੇਗਾ।

ਯੋਗੇਂਦਰ ਯਾਦਵ ਨੇ ਦੱਸਿਆ ਕਿ 9 ਜਨਵਰੀ ਨੂੰ ਸਰ ਛੋਟੂਰਾਮ ਦੀ ਬਰਸੀ ਮੌਕੇ ਕਿਸਾਨਾਂ ਦੇ ਮਸੀਹਾ ਵਜੋਂ ਜਾਣੇ ਜਾਂਦੇ ਇਸ ਕਿਸਾਨ ਆਗੂ ਨੂੰ ਯਾਦ ਕੀਤਾ ਜਾਵੇਗਾ। ਦਿੱਲੀ ਦੇ ਚਾਰਾਂ ਬਾਰਡਰਾਂ ਸਮੇਤ ਦੇਸ਼ ਦੇ ਹੋਰ ਧਰਨਿਆਂ ਵਿੱਚ ਸਰ ਛੋਟੂਰਾਮ ਨੂੰ ਸ਼ਰਧਾਂਜਲੀਆਂ ਦਿੱਤੀਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਕੱਲ੍ਹ ਦੀ ਨਿਰਾਸ਼ਾਜਨਕ ਮੁਲਾਕਾਤ ਨੇ ਇੱਕ ਵਾਰ ਫਿਰ ਇਸ ਸਰਕਾਰ ਦੇ ਕਿਸਾਨ ਵਿਰੋਧੀ ਚਿਹਰੇ ਨੂੰ ਉਭਾਰਿਆ ਹੈ। ‘ਇਹ ਸਰਕਾਰ ਦਾ ਵਿਰੋਧਾਭਾਸ ਹੈ, ਜਦੋਂ ਇਕ ਪਾਸੇ ਪ੍ਰਧਾਨ ਮੰਤਰੀ ਅਤੇ ਮੰਤਰੀ ਐੱਮਐੱਸਪੀ ਦੀ ਸੁਰੱਖਿਆ ਬਾਰੇ ਜਨਤਾ ਨਾਲ ਗੱਲਬਾਤ ਕਰਦੇ ਹਨ ਅਤੇ ਦੂਜੇ ਪਾਸੇ ਇਹ ਸਾਰੀਆਂ ਫਸਲਾਂ ਤੇ ਸਾਰੇ ਕਿਸਾਨਾਂ ਲਈ ਐੱਮਐੱਸਪੀ ਦੀ ਕਾਨੂੰਨੀ ਗਾਰੰਟੀ ਤੋਂ ਇਨਕਾਰ ਕੀਤਾ ਜਾਂਦਾ ਹੈ।

ਧਰਨੇ ਵਾਲੀਆਂ ਥਾਵਾਂ ਤੋਂ ਸ਼ੁਰੂ ਹੋਵੇਗਾ ਟਰੈਕਟਰ ਮਾਰਚ

ਕਿਰਤੀ ਕਿਸਾਨ ਯੂਨੀਅਨ ਦੇ ਯੂਥ ਵਿੰਗ ਦੇ ਪ੍ਰਧਾਨ ਭੁਪਿੰਦਰ ਸਿੰਘ ਲੌਂਗੋਵਾਲ ਨੇ ਦੱਸਿਆ ਕਿ ਮੌਸਮ ਮੀਂਹ ਵਾਲਾ ਹੋਣ ਕਰਕੇ ਟਰੈਕਟਰ ਮਾਰਚ ਵਿੱਚ ਇਕ ਦਿਨ ਦੀ ਤਬਦੀਲੀ ਕੀਤੀ ਗਈ ਹੈ। ਇਸ ਤਹਿਤ ਕੁੰਡਲੀ-ਮਾਨੇਸਰ-ਪਲਵਲ (ਕੇਐੱਮਪੀ) ਮਾਰਗ ’ਤੇ ਸਿੰਘੂ ਤੋਂ ਟਿਕਰੀ ਵੱਲ ਅਤੇ ਟਿਕਰੀ ਤਰਫ਼ੋਂ ਸਿੰਘੂ ਵੱਲ ਇਹ ਟਰੈਕਟਰ ਮਾਰਚ ਸ਼ੁਰੂ ਕੀਤਾ ਜਾਵੇਗਾ। ਇਸੇ ਤਰ੍ਹਾਂ ਕੁੰਡਲੀ-ਗਾਜ਼ੀਆਬਾਦ-ਪਲਵਲ (ਕੇਜੀਪੀ) ਮਾਰਗ ’ਤੇ ਗਾਜ਼ੀਪੁਰ ਤੋਂ ਪਲਵਲ ਅਤੇ ਪਲਵਲ ਵੱਲੋਂ ਗਾਜ਼ੀਪੁਰ ਧਰਨੇ ਵੱਲ ਟਰੈਕਟਰ ਚੱਲਣਗੇ। ਚਾਰਾਂ ਧਰਨਿਆਂ ਤੋਂ ਦਿਨ ਦੇ 11 ਵਜੇ ਇਕੋ ਸਮੇਂ ਚੱਲੇ ਟਰੈਕਟਰ ਮਾਰਗ ਦੇ ਦੋਵੇਂ ਹਿੱਸਿਆਂ (ਕੇਐੱਮਪੀ), (ਕੇਜੀਪੀ) ਦੇ ਅੱਧ-ਵਿਚਕਾਰ ਇਕੱਠੇ ਹੋਣਗੇ ਜਿੱਥੇ ਕਿਸਾਨ ਆਗੂ ਸੰਖੇਪ ਭਾਸ਼ਣ ਦੇਣਗੇ। ਯੂਥ ਆਗੂ ਮੁਤਾਬਕ ਅੱਧ ’ਚ ਇਕੱਠੇ ਹੋਣ ਉਪਰੰਤ ਮਾਰਚ ਵਿੱਚ ਸ਼ਾਮਲ ਟਰੈਕਟਰ ਫਿਰ ਆਪਣੇ ਟਿਕਾਣਿਆਂ ਨੂੰ ਮੁੜ ਜਾਣਗੇ।

Leave a Reply

Your email address will not be published. Required fields are marked *