ਬਦਾਯੂੰ ਵਿੱਚ ਮੰਦਰ ਗਈ ਔਰਤ ਦੀ ਬਲਾਤਕਾਰ ਮਗਰੋਂ ਹੱਤਿਆ

ਬਦਾਯੂੰ/ਲਖਨਊ : ਬਦਾਯੂੰ ਜ਼ਿਲ੍ਹੇ ਵਿੱਚ ਮੰਦਰ ਵਿੱਚ ਪੂਜਾ ਕਰਨ ਗਈ ਇੱਕ ਆਂਗੜਵਾੜੀ ਵਰਕਰ ਦੀ ਸਮੂਹਿਕ ਬਲਾਤਕਾਰ ਮਗਰੋਂ ਹੱਤਿਆ ਕਰ ਦਿੱਤੀ ਗਈ। ਇਸ ਮਾਮਲੇ ਵਿੱਚ ਮੰਦਰ ਦੇ ਮਹੰਤ ਸਣੇ ਤਿੰਨ ਵਿਅਕਤੀਆਂ ਖ਼ਿਲਾਫ਼ ਸਮੂਹਿਕ ਬਲਾਤਕਾਰ ਅਤੇ ਹੱਤਿਆ ਦਾ ਕੇਸ ਦਰਜ ਕੀਤਾ ਗਿਆ ਹੈ। ਵਿਰੋਧੀ ਧਿਰਾਂ ਨੇ ਇਸ ਘਟਨਾ ਦੀ ਤੁਲਨਾ ‘ਨਿਰਭਯਾ ਕਾਂਡ’ ਨਾਲ ਕਰਦਿਆਂ ਸੂਬਾ ਸਰਕਾਰ ਨੂੰ ਘੇਰਿਆ ਹੈ। ਉਧਰ ਮੁੱਖ ਮੰਤਰੀ ਯੋਗੀ ਅਦਿਤਿਆਨਾਥ ਨੇ ਇਸ ਘਟਨਾ ਸਬੰਧੀ ਰਿਪੋਰਟ ਮੰਗੀ ਹੈ। ਬਦਾਯੂੰ ਦੀ ਐੱਸਐੱਸਪੀ ਸੰਕਲਪ ਸ਼ਰਮਾ ਨੇ ਅੱਜ ਦੱਸਿਆ ਕਿ ਬੀਤੇ ਐਤਵਾਰ ਨੂੰ ਉਘੈਤੀ ਥਾਣਾ ਖੇਤਰ ਦੇ ਇੱਕ ਪਿੰਡ ਵਿੱਚ ਮੰਦਰ ਗਈ 50 ਸਾਲ ਦੀ ਔਰਤ ਦੀ ਸ਼ੱਕੀ ਹਾਲਤ ਵਿੱਚ ਮੌਤ ਹੋ ਗਈ। ਪਰਿਵਾਰ ਨੇ ਮੰਦਰ ਦੇ ਮਹੰਤ ਸੱਤਿਆ ਨਾਰਾਇਣ ਅਤੇ ਉਸ ਦੇ ਦੋ ਸਾਥੀਆਂ ’ਤੇ ਬਲਾਤਕਾਰ ਅਤੇ ਹੱਤਿਆ ਦਾ ਦੋਸ਼ ਲਾਇਆ ਹੈ। ਪੁਲੀਸ ਨੇ ਇਸ ਮਾਮਲੇ ਵਿੱਚ ਵੇਦ ਰਾਮ ਅਤੇ ਜਸਪਾਲ ਨੂੰ ਬੀਤੀ ਰਾਤ ਗ੍ਰਿਫ਼ਤਾਰ ਕਰ ਲਿਆ ਹੈ, ਜਦੋਂਕਿ ਮਹੰਤ ਫ਼ਰਾਰ ਹੈ। ਲਾਪ੍ਰਵਾਹੀ ਵਰਤਣ ਦੇ ਮਾਮਲੇ ’ਤੇ ਥਾਣਾ ਇੰਚਾਰਜ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਪੋਸਟਮਾਰਟਮ ਰਿਪੋਰਟ ਵਿੱਚ ਔਰਤ ਨਾਲ ਬਲਾਤਕਾਰ ਦੀ ਪੁਸ਼ਟੀ ਹੋਈ ਹੈ। ਸਮਾਜਵਾਦੀ ਪਾਰਟੀ, ਬਸਪਾ ਮੁਖੀ ਮਾਇਆਵਤੀ ਅਤੇ ਕਾਂਗਰਸ ਨੇ ਵੀ ਘਟਨਾ ਦੀ ਨਿਖੇਧੀ ਕੀਤੀ। ਉਧਰ ਕੌਮੀ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਰੇਖਾ ਸ਼ਰਮਾ ਨੇ ਉਤਰ ਪ੍ਰਦੇਸ਼ ਦੇ ਡੀਜੀਪੀ ਨੂੰ ਪੱਤਰ ਲਿਖ ਕੇ ਇਸ ਮਾਮਲੇ ਵਿੱਚ ਦਖ਼ਲ ਦੇਣ ਲਈ ਕਿਹਾ ਹੈ। -ਪੀਟੀਆਈ

ਮਹਿਲਾ ਸੁਰੱਖਿਆ ਮਾਮਲੇ ’ਚ ਸਰਕਾਰ ਦੀ ਨੀਅਤ ’ਚ ਖੋਟ: ਪ੍ਰਿਯੰਕਾ 

ਨਵੀਂ ਦਿੱਲੀ:ਕਾਂਗਰਸ ਆਗੂ ਪ੍ਰਿਯੰਕਾ ਗਾਂਧੀ ਵਾਡਰਾ ਅੱਜ ਬਦਾਯੂੰ ਸਮੂਹਿਕ ਬਲਾਤਕਾਰ ਅਤੇ ਹੱਤਿਆ ਕਾਂਡ ਮਾਮਲੇ ’ਤੇ ਯੋਗੀ ਸਰਕਾਰ ਉੱਤੇ ਵਰ੍ਹੀ ਅਤੇ ਇਸ ਘਟਨਾ ਦੀ ਤੁਲਨਾ ਹਾਥਰਸ ਕਾਂਡ ਨਾਲ ਕੀਤੀ। ਉਨ੍ਹਾਂ ਟਵੀਟ ਕੀਤਾ, ‘‘ਹਾਥਰਸ ਵਿੱਚ ਸਰਕਾਰੀ ਅਮਲੇ ਨੇ ਸ਼ੁਰੂ ਵਿੱਚ ਫਰਿਆਦੀ ਦੀ ਨਹੀਂ ਸੁਣੀ। ਸਰਕਾਰ ਨੇ ਅਫ਼ਸਰਾਂ ਨੂੰ ਬਚਾਇਆ ਅਤੇ ਆਵਾਜ਼ ਨੂੰ ਦਬਾਇਆ। ਬਦਾਯੂੰ ਵਿੱਚ ਥਾਣੇਦਾਰ ਨੇ ਫਰਿਆਦੀ ਦੀ ਨਹੀਂ ਸੁਣੀ, ਘਟਨਾ ਸਥਾਨ ਦਾ ਜਾਇਜ਼ਾ ਤੱਕ ਨਹੀਂ ਲਿਆ। ਮਹਿਲਾ ਸੁਰੱਖਿਆ ਦੇ ਮਾਮਲੇ ਵਿੱਚ ਯੂਪੀ ਸਰਕਾਰ ਦੀ ਨੀਅਤ ’ਚ ਖੋਟ ਹੈ।’’

Leave a Reply

Your email address will not be published. Required fields are marked *