ਦਿੱਲੀ ਵਰਗਾ ਸੰਘਰਸ਼ ਦੁਨੀਆ ’ਚ ਹੋਰ ਕਿਤੇ ਨਹੀਂ ਹੋ ਰਿਹਾ: ਅਰੁੰਧਤੀ ਰੌਇ

ਨਵੀਂ ਦਿੱਲੀ : ਅੱਜ ਉੱਘੀ ਲੇਖਕਾ ਅਰੁੰਧਤੀ ਰੌਇ ਕਿਸਾਨਾਂ ਦੇ ਸੰਘਰਸ਼ ਨਾਲ ਇਕਜੁੱਟਤਾ ਪ੍ਰਗਟਾਉਣ ਲਈ ਦਿੱਲੀ ਮੋਰਚੇ ਵਿੱਚ ਪੁੱਜੇ ਤੇ ਰੈਲੀ ’ਚ ਜੁੜੇ ਲੋਕਾਂ ਨੂੰ ਸੰਬੋਧਨ ਕੀਤਾ। ਉਨ੍ਹਾਂ ਕਿਹਾ, ‘ਇਹ ਸੰਘਰਸ਼ ਹਾਰਿਆ ਨਹੀਂ ਜਾ ਸਕਦਾ ਕਿਉਂਕਿ ਇਹ ਜ਼ਿੰਦਾ ਦਿਲ ਵਾਲਿਆਂ ਦਾ ਸੰਘਰਸ਼ ਹੈ। ਪੂਰੇ ਦੇਸ਼ ਦੀਆਂ ਉਮੀਦਾਂ ਤੁਹਾਡੇ ਨਾਲ ਹਨ ਕਿਉਂਕਿ ਲੜਨ ਵਾਲੇ ਲੋਕ ਦਿੱਲੀ ਆ ਗਏ ਹਨ ਤੇ ਇਹ ਹਾਰਨ ਵਾਲੇ ਨਹੀਂ ਹਨ। ਦੁਨੀਆ ’ਚ ਅਜਿਹਾ ਸੰਘਰਸ਼ ਹੋਰ ਕਿਤੇ ਨਹੀਂ ਹੋ ਰਿਹਾ, ਜਿਹੋ ਜਿਹਾ ਅੱਜ ਦਿੱਲੀ ਦੀਆਂ ਬਰੂਹਾਂ ’ਤੇ ਹੈ।’

ਅਰੁੰਧਤੀ ਨੇ ਕਿਸਾਨ ਸੰਘਰਸ਼ ਨੂੰ ਆਦਿਵਾਸੀ ਲੋਕਾਂ ਦੇ ਸੰਘਰਸ਼ਾਂ ਨਾਲ ਜੋੜਦਿਆਂ ਕਿਹਾ, ‘ਜੋ ਅੱਜ ਤੁਹਾਡੇ ਨਾਲ ਹੋ ਰਿਹਾ ਹੈ, ਆਦਿਵਾਸੀ ਕਈ ਦਹਾਕਿਆਂ ਤੋਂ ਇਹ ਹੰਢਾਉਂਦੇ ਆ ਰਹੇ ਹਨ। ਉੱਥੇ ਕੰਪਨੀਆਂ ਨੂੰ ਜ਼ਮੀਨਾਂ ਦਿੱਤੀਆਂ ਗਈਆਂ ਹਨ ਤੇ ਆਦਿਵਾਸੀਆਂ ਨੂੰ ਜੰਗਲਾਂ ਵਿੱਚੋਂ ਉਜਾੜਿਆ ਗਿਆ ਹੈ।’ ਉਨ੍ਹਾਂ ਕਿਹਾ ਕਿ ਇਸ ਅੰਦੋਲਨ ਨੇ ਦੇਸ਼ ਨੂੰ ਏਕਤਾ ਦੇ ਅਰਥ ਸਮਝਾਏ ਹਨ। ਸਰਕਾਰਾਂ ਵੱਖ-ਵੱਖ ਦਬਾਏ ਤਬਕਿਆਂ/ਵਰਗਾਂ ਨੂੰ ਇਕੱਲੇ- ਇਕੱਲੇ ਤਾਂ ਨਜਿੱਠ ਲੈਂਦੀਆਂ ਹਨ ਪਰ ਦਲਿਤਾਂ, ਆਦਿਵਾਸੀਆਂ, ਔਰਤਾਂ, ਕਿਸਾਨਾਂ ਤੇ ਮਜ਼ਦੂਰਾਂ ਦੀ ਏਕਤਾ ਤੋਂ ਘਬਰਾਉਂਦੀਆਂ ਹਨ। ਸਾਰੀਆਂ ਸਰਕਾਰਾਂ ਲੋਕਾਂ ਤੋਂ ਵੋਟਾਂ ਹਾਸਲ ਕਰਦੀਆਂ ਹਨ ਤੇ ਮਗਰੋਂ ਅੰਬਾਨੀਆਂ, ਅਡਾਨੀਆਂ ਤੇ ਸਾਮਰਾਜੀ ਬਹੁਕੌਮੀ ਕੰਪਨੀਆਂ ਦੇ ਹਿੱਤ ਪੂਰਦੀਆਂ ਹਨ। ਉਨ੍ਹਾਂ ਕਿਹਾ ਕਿ ਹੁਣ ਤਕ ਜੋ ਕਿਤਾਬਾਂ ਵਿੱਚ ਪੜ੍ਹਦੇ-ਪੜ੍ਹਾਉਂਦੇ ਆ ਰਹੇ ਸਾਂ, ਉਨ੍ਹਾਂ ਧਾਰਨਾਵਾਂ ਨੂੰ ਦੇਸ਼ ਨੇ ਇਸ ਅੰਦੋਲਨ ਰਾਹੀਂ ਦੇਖ ਲਿਆ ਹੈ।

ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਸੂਬਾ ਵਿੱਤ ਸਕੱਤਰ ਹਰਮੇਸ਼ ਮਾਲੜੀ ਨੇ ਕਿਹਾ ਕਿ ਪੰਜਾਬ ਦੇ ਖੇਤ ਮਜ਼ਦੂਰਾਂ ਨੂੰ ਇਸ ਅੰਦੋਲਨ ਵਿੱਚ ਅਹਿਮ ਸੰਘਰਸ਼ਸ਼ੀਲ ਧਿਰ ਵਜੋਂ ਉਭਾਰਨ ਲਈ ਉਨ੍ਹਾਂ ਦੀ ਜਥੇਬੰਦੀ ਯਤਨ ਜੁਟਾ ਰਹੀ ਹੈ ਅਤੇ ਲੋਹੜੀ ਤੋਂ ਪੰਜਾਬ ਅੰਦਰ ਖੇਤ ਮਜ਼ਦੂਰ ਵਿਹੜਿਆਂ ’ਚ ਵਿਸ਼ਾਲ ਜਨਤਕ ਲਾਮਬੰਦੀ ਦੀ ਮੁਹਿੰਮ ਦਾ ਦੂਜਾ ਗੇੜ ਸ਼ੁਰੂ ਕੀਤਾ ਜਾਵੇਗਾ।

ਅੱਜ ਦੀ ਰੈਲੀ ’ਚ ਪੰਜਾਬ ਸਟੂਡੈਂਟਸ ਯੂਨੀਅਨ (ਸ਼ਹੀਦ ਰੰਧਾਵਾ) ਦੀ ਅਗਵਾਈ ਹੇਠ ਵਿਦਿਆਰਥੀਆਂ ਦਾ ਜਥਾ ਵੀ ਸ਼ਾਮਲ ਹੋਇਆ। ਨੌਜਵਾਨ ਭਾਰਤ ਸਭਾ ਵੱਲੋਂ ਸੰਬੋਧਨ ਕਰਦਿਆਂ ਸੁਖਬੀਰ ਖੇਮੂਆਣਾ ਨੇ ਕਿਹਾ ਕਿ ਨੌਜਵਾਨਾਂ ਦਾ ਇਸ ਸੰਘਰਸ਼ ’ਚ ਮੋਹਰੀ ਰੋਲ ਹੈ। ਸਮਾਜਿਕ ਕਾਰਕੁਨ ਹਿਮਾਂਸ਼ੂ ਕੁਮਾਰ, ਨਵਸ਼ਰਨ, ਫ਼ਿਲਮਸਾਜ਼ ਸੰਜੇ ਕਾਕ ਵੀ ਮੌਜੂਦ ਸਨ। ਪਰਵਾਜ਼ ਥੀਏਟਰ ਅੰਮ੍ਰਿਤਸਰ ਵੱਲੋਂ ਡਾ. ਜਸਮੀਤ ਸਿੰਘ ਦੀ ਨਿਰਦੇਸ਼ਨਾ ਹੇਠ ਨਾਟਕ ਖੇਡਿਆ ਗਿਆ।

ਜੁਝਾਰੂ ਲਹਿਰ ਲਈ ਖੇਤ ਮਜ਼ਦੂਰਾਂ ਦਾ ਸਾਥ ਜ਼ਰੂਰੀ: ਉਗਰਾਹਾਂ

ਬੀਕੇਯੂ ਏਕਤਾ (ਉਗਰਾਹਾਂ) ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਕਿਸਾਨ ਸੰਘਰਸ਼ ਵਿੱਚ ਪੁੱਜੇ ਖੇਤ ਮਜ਼ਦੂਰਾਂ ਦੀ ਸ਼ਮੂਲੀਅਤ ਦੇ ਮਹੱਤਵ ਬਾਰੇ ਚਰਚਾ ਕੀਤੀ। ਉਨ੍ਹਾਂ ਕਿਹਾ ਕਿ ਨਵੇਂ ਖੇਤੀ ਕਾਨੂੰਨ ਖੇਤ ਮਜ਼ਦੂਰਾਂ ’ਤੇ ਸਭ ਤੋਂ ਵੱਧ ਮਾਰ ਕਰਨਗੇ। ਉਨ੍ਹਾਂ ਜ਼ੋਰ ਦਿੱਤਾ ਕਿ ਸੰਘਰਸ਼ ਨੂੰ ਜਿੱਤ ਦੇ ਫ਼ੈਸਲਾਕੁਨ ਅੰਜਾਮ ਤਕ ਪਹੁੰਚਾਉਣ ਲਈ ਖੇਤ ਮਜ਼ਦੂਰਾਂ ਦਾ ਸਾਥ ਅਣਸਰਦੀ ਲੋੜ ਹੈ। ਇਸ ਸਾਥ ਨਾਲ ਹੀ ਸਹੀ ਅਰਥਾਂ ’ਚ ਜੁਝਾਰੂ ਕਿਸਾਨ ਲਹਿਰ ਬਣ ਸਕਦੀ ਹੈ।

Leave a Reply

Your email address will not be published. Required fields are marked *