ਭਾਰਤ ’ਚ ਕਰੋਨਾ ਵੈਕਸੀਨ ਦੀ ਡਲਿਵਰੀ ਸ਼ੁਰੂ

ਨਵੀਂ ਦਿੱਲੀ/ਪੁਣੇ/ਹੈਦਰਾਬਾਦ : ਕਰੋਨਾਵਾਇਰਸ ਖ਼ਿਲਾਫ਼ ਫੈਸਲਾਕੁਨ ਲੜਾਈ ਲਈ 16 ਜਨਵਰੀ ਤੋਂ ਦੇਸ਼ ਵਿੱਚ ਟੀਕਾਕਰਨ ਮੁਹਿੰਮ ਦੀ ਸ਼ੁਰੂਆਤ ਤੋਂ ਚਾਰ ਦਿਨ ਪਹਿਲਾਂ ਅੱਜ ਸਵੇਰੇ ‘ਕੋਵੀਸ਼ੀਲਡ’ ਟੀਕਿਆਂ ਦੀ ਪਹਿਲੀ ਖੇਪ ਪੁਣੇ ਤੋਂ ਦੇਸ਼ ਦੇ ਵੱਖ ਵੱਖ ਹਿੱਸਿਆਂ ’ਚ ਪੁੱਜ ਗਈ। ‘ਸਪਾਈਜੈੱਟ’ ਦਾ ਜਹਾਜ਼ ਸਵੇਰੇ 10 ਵਜੇ ਟੀਕੇ ਲੈ ਕੇ ਦਿੱਲੀ ਹਵਾਈ ਅੱਡੇ ’ਤੇ ਪਹੁੰਚਿਆ। ਇਸ ਤੋਂ ਪਹਿਲਾਂ ਤਿੰਨ ਟਰੱਕਾਂ ਵਿਚ ਇਨ੍ਹਾਂ ਟੀਕਿਆਂ ਨੂੰ ਸੀਰਮ ਇੰਸਟੀਚਿਊਟ ਆਫ਼ ਇੰਡੀਆ (ਐੱਸਆਈਆਈ) ਤੋਂ ਪੁਣੇ ਹਵਾਈ ਅੱਡੇ ’ਤੇ ਲਿਆਂਦਾ ਗਿਆ। ਉਧਰ ਭਾਰਤ ਬਾਇਓਟੈੱਕ ਨੇ ਵੀ ‘ਕੋਵੈਕਸੀਨ’ ਦੀ ਪਹਿਲੀ ਖੇਪ ਦੇਸ਼ ਦੇ ਹੋਰਨਾਂ ਹਿੱਸਿਆਂ ’ਚ ਭੇਜਣ ਦੀ ਤਿਆਰੀ ਖਿੱਚ ਲਈ ਹੈ। ਕੰਪਨੀ ਨੇ ਅੱਜ ਸ਼ਾਮੀਂ ਹੈਦਰਾਬਾਦ ਦੇ ਕੌਮਾਂਤਰੀ ਹਵਾਈ ਅੱਡੇ ਤੋਂ 11 ਸ਼ਹਿਰਾਂ ਲਈ ਖੇਪ ਨੂੰ ਰਵਾਨਾ ਕੀਤਾ। ਸ਼ਹਿਰੀ ਹਵਾਬਾਜ਼ੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਇਕ ਟਵੀਟ ਕਰਕੇ ਦੱਸਿਆ ਕਿ ਚਾਰ ਏਅਰਲਾਈਨਾਂ ਪੁਣੇ ਤੋਂ ਦੇਸ਼ ਭਰ ਦੇ 13 ਸ਼ਹਿਰਾਂ ਵਿੱਚ ਕੋਵਿਡ-19 ਟੀਕੇ ਦੀਆਂ 56.5 ਲੱਖ ਖੁਰਾਕਾਂ ਪਹੁੰਚਾਉਣ ਲਈ ਨੌਂ ਉਡਾਣਾਂ ਚਲਾਉਣਗੀਆਂ। ਮੁਹਿੰਮ ਦੀ ਸ਼ੁਰੂਆਤ ਸਵੇਰੇ ਪੁਣੇ ਤੋਂ ਦਿੱਲੀ ਲਈ ‘ਸਪਾਈਜੈੱਟ’ ਉਡਾਣ ਅਤੇ ਚੇਨੱਈ ਲਈ ‘ਗੋਏਅਰ’ ਦੀ ਉਡਾਣ ਨਾਲ ਹੋਈ। ਸ੍ਰੀ ਪੁਰੀ ਨੇ ਇਕ ਟਵੀਟ ’ਚ ਕਿਹਾ, ‘ਅਸੀਂ ਚੰਡੀਗੜ੍ਹ, ਦਿੱਲੀ, ਚੇਨੱਈ, ਗੁਹਾਟੀ, ਕੋਲਕਾਤਾ, ਸ਼ਿਲੌਂਗ, ਹੈਦਰਾਬਾਦ, ਭੁਬਨੇਸ਼ਵਰ, ਬੰਗਲੌਰ, ਪਟਨਾ ਤੇ ਵਿਜੈਵਾੜਾ ਸਣੇ ਭਾਰਤ ਦੇ ਹੋਰਨਾਂ ਸ਼ਹਿਰਾਂ ਵਿੱਚ ਟੀਕਾ ਪਹੁੰਚਾ ਦਿਆਂਗੇ।’  ਉਧਰ ਭਾਰਤੀ ਸੀਰਮ ਇੰਸਟੀਚਿਊਟ (ਐੱਸਆਈਆਈ) ਨੇ ‘ਕੋਵੀਸ਼ੀਲਡ’ ਵੈਕਸੀਨ ਦੀ ਪਹਿਲੀ ਖੇਪ ਦੇਸ਼ ਦੇ ਵੱਖ ਵੱਖ ਹਿੱਸਿਆਂ ’ਚ ਭੇਜਣ ਨੂੰ ‘ਇਤਿਹਾਸਕ ਤੇ ਗੌਰਵਮਈ’ ਪਲ ਕਰਾਰ ਦਿੱਤਾ ਹੈ। ਇੰਸਟੀਚਿਊਟ ਦੇ ਸੀਈਓ ਅਦਾਰ ਪੂਨਾਵਾਲਾ ਨੇ ਪੁਣੇ ਵਿੱਚ ਕੁਝ ਚੋਣਵੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅਸਲ ਚੁਣੌਤੀ ਵੈਕਸੀਨ ਨੂੰ ‘ਆਮ ਆਦਮੀ, ਦਬੇ ਕੁਚਲੇ ਲੋਕਾਂ ਤੇ ਸਿਹਤ ਸੰਭਾਲ ’ਚ ਲੱਗੇ ਕਾਮਿਆਂ ਤੱਕ ਪਹੁੰਚਾਉਣਾ ਹੈ।’ ਪੂਨਾਵਾਲਾ ਨੇ ਕਿਹਾ ਐੱਸਆਈਆਈ ਨੇ ਭਾਰਤ ਸਰਕਾਰ ਨੂੰ ਕਰੋਨਾ ਵੈਕਸੀਨ 200 ਰੁਪਈ ਪ੍ਰਤੀ ਡੋਜ਼ ਦੀ ਵਿਸ਼ੇਸ਼ ਕੀਮਤ ’ਤੇ ਉਪਲੱਬਧ ਕਰਵਾਈ ਹੈ। ਉਨ੍ਹਾਂ ਕਿਹਾ ਕਿ ਸਰਕਾਰ ਦੀ ਲੋੜੀਂਦੀ ਪ੍ਰਵਾਨਗੀ ਮਗਰੋਂ ਨਿੱਜੀ ਬਾਜ਼ਾਰ ’ਚ ਇਹ ਵੈਕਸੀਨ ਇਕ ਹਜ਼ਾਰ ਰੁਪਏ ਦੀ ਕੀਮਤ ’ਤੇ ਉਪਲੱਬਧ ਹੋਵੇਗੀ।  -ਪੀਟੀਆਈ

ਕਰੋਨਾ ਦੇ 12,584 ਨਵੇਂ ਕੇਸ

ਨਵੀਂ ਦਿੱਲੀ: ਪਿਛਲੇ 24 ਘੰਟਿਆਂ ਵਿੱਚ 12,584 ਨਵੇਂ ਕੇਸਾਂ ਨਾਲ ਦੇਸ਼ ਵਿੱਚ ਕੋਵਿਡ-19 ਦੇ ਕੁੱਲ ਕੇਸ 1,04,79,179 ਹੋ ਗਏ ਹਨ। ਸਿਹਤ ਮੰਤਰਾਲੇ ਵੱਲੋਂ ਅੱਜ ਸਵੇਰੇ 8 ਵਜੇ ਤੱਕ ਜਾਰੀ ਅੰਕੜਿਆਂ ਮੁਤਾਬਕ 167 ਹੋਰ ਮੌਤਾਂ ਨਾਲ ਕਰੋਨਾ ਕਰਕੇ ਮੌਤ ਦੇ ਮੂੰਹ ਪੈਣ ਵਾਲਿਆਂ ਦਾ ਅੰਕੜਾ ਵਧ ਕੇ 1,51,327 ਨੂੰ ਪੁੱਜ ਗਿਆ ਹੈ। 96.49 ਫੀਸਦ ਦੀ ਕੌਮੀ ਰਿਕਵਰੀ ਦਰ ਨਾਲ ਹੁਣ ਤੱਕ 1,01,11,294 ਲੋਕ ਸਿਹਤਯਾਬ ਹੋ ਚੁੱਕੇ ਹਨ। ਕੋਵਿਡ ਕਰਕੇ ਹੋਣ ਵਾਲੀਆਂ ਮੌਤਾਂ ਦੀ ਦਰ 1.44 ਫੀਸਦ ਹੈ। ਕੋਵਿਡ-19 ਦੇ ਸਰਗਰਮ ਕੇਸਾਂ ਦੀ ਗਿਣਤੀ 2,16,558 ਹੈ, ਜੋ ਕੁੱਲ ਕੇਸਾਂ ਦਾ 2.07 ਫੀਸਦ ਹੈ। -ਪੀਟੀਆਈ

ਪੰਜਾਬ ’ਚ ਕਰੋਨਾ ਨਾਲ ਨੌਂ ਹੋਰ ਮੌਤਾਂ 

ਚੰਡੀਗੜ੍ਹ : ਪੰਜਾਬ ਵਿੱਚ ਕਰੋਨਾਵਾਇਰਸ ਨੇ ਲੰਘੇ 24 ਘੰਟਿਆਂ ਦੌਰਾਨ ਨੌਂ ਵਿਅਕਤੀਆਂ ਦੀ ਜਾਨ ਲੈ ਲਈ ਹੈ। ਲੁਧਿਆਣਾ ਵਿੱਚ ਤਿੰਨ, ਜਲੰਧਰ ’ਚ ਦੋ ਤੇ ਅੰਮ੍ਰਿਤਸਰ, ਗੁਰਦਾਸਪੁਰ, ਪਠਾਨਕੋਟ ਤੇ ਸੰਗਰੂਰ ਵਿੱਚ ਇੱਕ ਇੱਕ ਵਿਅਕਤੀ ਦੀ ਮੌਤ ਹੋਈ ਹੈ। ਲੰਘੇ ਇਕ ਦਿਨ ਦੌਰਾਨ 261 ਸੱਜਰੇ ਕੇਸ ਸਾਹਮਣੇ ਆਏ ਹਨ।

ਪੰਜਾਬ ਵਿੱਚ ਕਰੋਨਾ ਵੈਕਸੀਨ ਦੀ ਪਹਿਲੀ ਖੇਪ ਪੁੱਜੀ

ਚੰਡੀਗੜ੍ਹ : ਪੰਜਾਬ ਸਰਕਾਰ ਨੂੰ ਕੇਂਦਰ ਸਰਕਾਰ ਤੋਂ ਅੱਜ ਕਰੋਨਾ ਵੈਕਸੀਨ ‘ਕੋਵੀਸ਼ੀਲਡ’ ਦੀ ਪਹਿਲੀ ਖੇਪ ਪ੍ਰਾਪਤ ਹੋ ਗਈ ਹੈ ਅਤੇ 16 ਜਨਵਰੀ ਤੋਂ ਪੰਜਾਬ ਵਿੱਚ ਟੀਕਾਕਰਨ ਸ਼ੁਰੂ ਹੋ ਜਾਵੇਗਾ। ਪੰਜਾਬ ਸਰਕਾਰ ਨੇ 16 ਜਨਵਰੀ ਨੂੰ 110 ਥਾਵਾਂ ’ਤੇ ਹੈਲਥ ਕੇਅਰ ਵਰਕਰਾਂ (ਐੱਚਸੀਡਬਲਿਊ) ਦੇ ਟੀਕਾਕਰਨ ਲਈ ਹਰ ਤਰ੍ਹਾਂ ਦੇ ਪ੍ਰਬੰਧ ਮੁਕੰਮਲ ਕਰ ਲਏ ਹਨ। ਅੱਜ ਟੀਕੇ ਦੀਆਂ 20,450 ਵਾਇਲ (ਸ਼ੀਸ਼ੀਆਂ) ਪ੍ਰਾਪਤ ਹੋਈਆਂ ਹਨ ਅਤੇ ਹਰ ਸ਼ੀਸ਼ੀ ਵਿਚ ਟੀਕੇ ਦੀਆਂ 10 ਖੁਰਾਕਾਂ ਹਨ, ਜੋ ਲਾਭਪਾਤਰੀ ਨੂੰ 28 ਦਿਨਾਂ ਦੇ ਫ਼ਰਕ ਨਾਲ ਦੋ ਖ਼ੁਰਾਕਾਂ ਵਿੱਚ ਦਿੱਤੀਆਂ ਜਾਣਗੀਆਂ। ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਦੱਸਿਆ ਕਿ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ, ਪੰਜਾਬ ਦੇ ਈਪੀਆਈ ਅਧਿਕਾਰੀ ਨੇ ਚੰਡੀਗੜ੍ਹ ਹਵਾਈ ਅੱਡੇ ਤੋਂ ਕੋਵੀਸ਼ੀਲਡ ਨਾਮੀ ਕਰੋਨਾ ਵੈਕਸੀਨ ਦੀ ਪਹਿਲੀ ਖੇਪ ਪ੍ਰਾਪਤ ਕੀਤੀ। ਇਹ ਵੈਕਸੀਨ ਆਕਸਫੋਰਡ ਯੂਨੀਵਰਸਿਟੀ ਵੱਲੋਂ ਤਿਆਰ ਕੀਤੀ ਗਈ ਹੈ ਅਤੇ ਹੁਣ ਇਸ ਦਾ ਉਤਪਾਦਨ ਭਾਰਤ ਵਿੱਚ ਸੀਰਮ ਇੰਸਟੀਚਿਊਟ ਵੱਲੋਂ ਕੀਤਾ   ਜਾ ਰਿਹਾ ਹੈ। ਇਸ ਦੇ ਤੀਜੇ ਪੜਾਅ ਦੇ ਟਰਾਇਲਾਂ ਦਾ ਡਾਟਾ ਉਪਲੱਬਧ ਹੈ। ਸਿਹਤ ਮੰਤਰੀ ਨੇ ਕਿਹਾ ਕਿ ਟੀਕਾਕਰਨ ਦੀ ਸ਼ੁਰੂਆਤ ਲਈ ਹਰੇਕ ਜ਼ਿਲ੍ਹੇ ਵਿੱਚ ਪੰਜ ਥਾਵਾਂ ਦੀ ਚੋਣ ਕੀਤੀ ਗਈ ਹੈ, ਜਿੱਥੇ ਹਰੇਕ ਸਥਾਨ ’ਤੇ 100 ਲਾਭਪਾਤਰੀਆਂ ਨੂੰ ਟੀਕਾ ਲਗਾਇਆ ਜਾਵੇਗਾ। ਜ਼ਿਲ੍ਹਾ ਹਸਪਤਾਲ ਐੱਸਏਐੱਸ ਨਗਰ ਅਤੇ ਜੀਐੱਮਸੀ ਅੰਮ੍ਰਿਤਸਰ ਵਿੱਚ ਕੇਂਦਰ ਸਰਕਾਰ ਨਾਲ ਦੋ ਸੈਸ਼ਨ ਸਾਈਟਾਂ ਦਾ ਸਿੱਧਾ ਪ੍ਰਸਾਰਨ/ਵੈੱਬਕਾਸਟ ਕੀਤਾ ਜਾਵੇਗਾ। ਸਿਹਤ ਮੰਤਰੀ ਨੇ ਕਿਹਾ ਕਿ ਇਸ ਵੇਲੇ ਵੈਕਸੀਨ ਨੂੰ ਸਟੇਟ ਵੈਕਸੀਨ ਸਟੋਰ, ਸੈਕਟਰ-24 ਵਿੱਚ ਸਟੋਰ ਕੀਤਾ ਗਿਆ ਹੈ ਅਤੇ ਮਗਰੋਂ ਇਸ ਨੂੰ ਖੇਤਰੀ, ਜ਼ਿਲ੍ਹਾ ਅਤੇ ਬਲਾਕ ਵੈਕਸੀਨ ਸਟੋਰਾਂ ’ਤੇ ਉਪਲੱਬਧ ਕਰਵਾਇਆ ਜਾਵੇਗਾ। ਹਰੇਕ ਟੀਕਾਕਰਨ ਸੈਸ਼ਨ ਦੇ ਪ੍ਰਬੰਧਨ ਲਈ ਪੰਜ ਮੈਂਬਰੀ ਟੀਮ ਬਣਾਈ ਗਈ ਹੈ। ਇਸ ਤੋਂ ਇਲਾਵਾ ਟੀਕਾਕਰਨ ਪ੍ਰੋਗਰਾਮ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਟੀਮ ਸੁਪਰਵਾਈਜ਼ਰ ਅਤੇ ਏਈਐੱਫਆਈ ਪ੍ਰਬੰਧਨ ਕੇਂਦਰ ਵਿੱਚ ਨੋਡਲ ਅਧਿਕਾਰੀ ਵੀ ਤਾਇਨਾਤ ਕੀਤੇ ਗਏ ਹਨ।  

Leave a Reply

Your email address will not be published. Required fields are marked *