ਨਿਰਭੈਆ ਕੇਸ : ਚਾਰੇ ਦੋਸ਼ੀਆਂ ਨੂੰ ਫਾਸ਼ੀ ਦਿੱਤੀ ਗਈ

ਨਵੀਂ ਦਿੱਲੀ : ਨਿਰਭੈਆ ਮਾਮਲੇ ਦਾ ਆਖ਼ਿਰਕਾਰ 7 ਸਾਲ, 3 ਮਹੀਨੇ ਤੇ 4 ਦਿਨਾਂ ਬਾਅਦ ਇਨਸਾਫ਼ ਮਿਲ ਹੀ ਗਿਆ। ਨਿਰਭੈਆ ਦੇ ਦੋਸ਼ੀਆਂ ਦੀ ਫਾਂਸੀ ਦੇ ਨਾਲ ਹੀ ਇਹ ਮਾਮਲਾ ਹਮੇਸ਼ਾ ਲਈ ਬੰਦ ਹੋ ਜਾਵੇਗਾ। ਇਸ ਤੋਂ ਬਾਅਦ ਵੀ ਇਹ ਮਾਮਲਾ ਭਵਿੱਖ ਵਿਚ ਹਮੇਸ਼ਾ ਯਾਦ ਰੱਖਿਆ ਜਾਵੇਗਾ। ਇਸ ਮਾਮਲੇ ਦੀ ਸ਼ੁਰੂਆਤ 16 ਦਸੰਬਰ 2012 ਦੀ ਰਾਤ ਨੂੰ ਹੋਈ ਸੀ, ਜਦੋਂ ਨਿਰਭਿਆ ਆਪਣੇ ਇਕ ਦੋਸਤ ਨਾਲ ਸਾਕੇਤ ਸਥਿਤ ਸਿਲੈਕਟ ਸਿਟੀ ਮਾਲ ‘ਚ ‘ਲਾਈਫ ਆਫ ਪਾਈ’ ਮੂਵੀ ਦੇਖ ਕੇ ਵਾਪਸ ਆ ਰਹੀ ਸੀ। ਘਰ ਵਾਪਸੀ ਲਈ ਉਨ੍ਹਾਂ ਕਰੀਬ ਰਾਤ 8 ਵਜੇ ਆਟੋ ਲਿਆ ਪਰ ਉਨ੍ਹਾਂ ਨੂੰ ਇਸ ਭਿਆਨਕ ਪਲ਼ ਦਾ ਅੰਦਾਜ਼ਾ ਨਹੀਂ ਸੀ ਜਿਹੜਾ ਉਨ੍ਹਾਂ ਦਾ ਇੰਤਜ਼ਾਰ ਕਰ ਰਿਹਾ ਸੀ। ਨਿਰਭਿਆ ਦੇ ਦੋਸਤ ਨੇ ਆਟੋ ਰਾਹੀਂ ਹੀ ਸਿੱਧੇ ਘਰ ਜਾਣ ਦਾ ਮਨ ਬਣਾਇਆ ਸੀ ਪਰ ਆਟੋ ਵਾਲਾ ਤਿਆਰ ਨਾ ਹੋਇਆ। ਇਸ ਕਾਰਨ ਉਹ ਰਾਤ ਕਰੀਬ 8:30 ਵਜੇ ਆਟੋਂ ਤੋਂ ਮੁਨਰਿਕਾ ਉਤਰ ਗਏ ਸਨ। ਉਸ ਵੇਲੇ ਉੱਥੇ ਇਕ ਸਫੈਦ ਰੰਗ ਦੀ ਬੱਸ ਪਹਿਲਾਂ ਤੋਂ ਹੀ ਖੜ੍ਹੀ ਸੀ। ਇਸ ਵਿਚੋਂ ਇਕ ਲੜਕਾ ਵਾਰ-ਵਾਰ ਪੁੱਛ ਰਿਹਾ ਸੀ- ਕਿੱਥੇ ਜਾਣਾ ਹੈ। ਉਸ ਨੇ ਨਿਰਭੈਆ ਨੂੰ ਦੀਦੀ ਕਹਿ ਕੇ ਪੁਕਾਰਿਆ ਸੀ। ਉਸ ਨੇ ਇਨ੍ਹਾਂ ਦੋਵਾਂ ਨੂੰ ਪਾਲਮ ਪਿੰਡ ਜਾਣ ਦੀ ਗੱਲ ਕਹੀ ਸੀ ਜਿਸ ਤੋਂ ਬਾਅਦ ਦੋਵੇਂ ਬੱਸ ਵਿਚ ਬੈਠ ਗਏ। ਬੱਸ ਵਿਚ ਪਹਿਲਾਂ ਤੋਂ ਹੀ ਇਸ ਲੜਕੇ ਨੂੰ ਮਿਲਾਕ ਕੁੱਲ 6 ਲੋਕ ਮੌਜੂਦ ਸਨ। ਬਾਕੀ ਲੋਕ ਸਵਾਰੀਆਂ ਦੇ ਵਾਂਗ ਵੱਖੋ-ਵੱਖ ਸੀਟਾਂ ‘ਤੇ ਪਿੱਛੇ ਬੈਠੇ ਸਨ। ਦੋਵਾਂ ਨੂੰ ਇਸ ਗੱਲ ਦਾ ਅੰਦਾਜ਼ਾ ਨਹੀਂ ਸੀ ਕਿ ਅੱਗੇ ਇਨ੍ਹਾਂ ਨਾਲ ਕੀ ਹੋਣ ਵਾਲਾ ਹੈ।

ਨਿਰਭੈਆ ਦੇ ਦੋਸਤ ਨੇ ਇਕ ਨਿੱਜੀ ਚੈਨਲ ਨੂੰ ਦੱਸਿਆ ਸੀ ਕਿ ਬੱਸ ਚੱਲਣ ਤੋਂ ਬਾਅਦ ਉਨ੍ਹਾਂ ਨੂੰ ਇੰਝ ਲੱਗ ਰਿਹਾ ਸੀ ਜਿਵੇਂ ਕੁਝ ਠੀਕ ਨਹੀਂ ਹੈ। ਜਿਹੜਾ ਲੜਕਾ ਪਾਲਮ ਪਿੰਡ ਜਾਣ ਦੀ ਆਵਾਜ਼ ਲਗਾ ਰਿਹਾ ਸੀ, ਉਸ ਨੇ ਦੋਵਾਂ ਤੋਂ ਕਿਰਾਇਆ ਮੰਗਿਆਂ ਤਾਂ ਨਿਰਭੈਆ ਦੇ ਦੋਸਤ ਨੇ ਉਸ ਨੂੰ 20 ਰੁਪਏ ਦਿੱਤੇ। ਥੋੜ੍ਹੀ ਦੇਰ ਅੱਗੇ ਜਾਣ ‘ਤੇ ਉਸ ਲੜਕੇ ਨੇ ਬੱਸ ਦੇ ਗੇਟ ਬੰਦ ਕਰ ਦਿੱਤੇ। ਇਸ ਤੋਂ ਬਾਅਦ ਪਿੱਛੇ ਬੈਠੇ ਤਿੰਨ ਲੋਕ ਅੱਗੇ ਆ ਗਏ ਤੇ ਨਿਰਭੈਆ ਦੇ ਦੋਸਤ ਨਾਲ ਬਦਮੀਜ਼ੀ ਕਰਨ ਲੱਗੇ। ਫਿਰ ਬਹਿਸ ਹੋਣ ‘ਤੇ ਉਨ੍ਹਾਂ ਨਿਰਭੈਆ ਦੇ ਦੋਸਤ ਨਾਲ ਕੁੱਟਮਾਰ ਸ਼ੁਰੂ ਕਰ ਦਿੱਤੀ। ਦੋਵਾਂ ਤੋਂ ਫੋਨ ਵੀ ਖੋਹ ਲਿਆ।

ਜਦੋਂ ਨਿਰਭੈਆ ਆਪਣੇ ਦੋਸਤ ਦੇ ਬਚਾਅ ‘ਚ ਨਿੱਤਰੀ ਤਾਂ ਸਾਰੇ ਦੋਸ਼ੀਆਂ ਨੇ ਉਸ ਨਾਲ ਨਾ ਸਿਰਫ਼ ਕੁੱਟਮਾਰ ਕੀਤੀ ਬਲਕਿ ਉਸ ਨੂੰ ਖਿੱਚ ਕੇ ਪਿੱਛੇ ਲੈ ਗਏ ਤੇ ਵਾਰੋ-ਵਾਰੀ ਉਸ ਨਾਲ ਜਬਰ ਜਨਾਹ ਕੀਤਾ। ਇਸ ਦੌਰਾਨ ਜਦੋਂ ਨਿਰਭਿਆ ਦੇ ਦੋਸਤ ਨੇ ਉਸ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਤਾਂ ਲੋਹੇ ਦੀ ਰਾਡ ਨਾਲ ਮਾਰ-ਮਾਰ ਕੇ ਉਸ ਨੂੰ ਜ਼ਖ਼ਮੀ ਕਰ ਦਿੱਤਾ ਜਿਸ ਤੋਂ ਬਾਅਦ ਉਹ ਬੇਹੋਸ਼ ਹੋ ਗਿਆ। ਇਸ ਤੋਂ ਬਾਅਦ ਜਿਹੜਾ ਦਰਦਨਾਕ ਸਿਲਸਿਲਾ ਨਿਰਭੈਆ ਨਾਲ ਸ਼ੁਰੂ ਹੋਇਆ, ਉਸ ਨੂੰ ਸ਼ਬਦਾਂ ‘ਚ ਬੰਨ੍ਹ ਸਕਣਾ ਕਾਫ਼ੀ ਮੁਸ਼ਕਲ ਹੈ। ਇਨ੍ਹਾਂ ਦਰਿੰਦਿਆਂ ਨੇ ਆਪਣੀ ਹਵਸ ਮਿਟਾਉਣ ਦੇ ਨਾਲ ਹੀ ਨਿਰਭੈਆ ਦੇ ਸਰੀਰ ‘ਚ ਲੋਹੇ ਦੀ ਰਾਡ ਵਾੜ ਦਿੱਤੀ ਸੀ। ਉਸ ਦੇ ਸਰੀਰ ਨੂੰ ਨੋਚ ਸੁੱਟਿਆ।

ਨਿਰਭੈਆ ਦੇ ਦੋਸਤ ਨੇ ਨਿੱਜੀ ਚੈਨਲ ਨੂੰ ਦੱਸਿਆ ਸੀ ਕਿ ਜਦੋਂ ਉਸ ਨੂੰ ਹੋਸ਼ ਆਇਆ ਤਾਂ ਇਹ ਸਾਰੇ ਆਪਸ ‘ਚ ਗੱਲਬਾਤ ਕਰ ਰਹੇ ਸਨ ਕਿ ਹੁਣ ਲੜਕੀ ਮਰ ਗਈ ਹੈ ਤੇ ਇਸ ਨੂੰ ਬੱਸ ‘ਚੋਂ ਹੇਠਾਂ ਸੁੱਟ ਦਿੰਦੇ ਹਾਂ। ਦਰਿੰਦਿਆਂ ਦੀ ਮਨਸ਼ਾ ਦੋਵਾਂ ਨੂੰ ਗੱਡੀ ਹੇਠਾਂ ਕੁਚਲ ਦੇਣ ਦੀ ਸੀ। ਦੋਵਾਂ ਨੂੰ ਸੜਕ ‘ਤੇ ਸੁੱਟ ਕੇ ਉਨ੍ਹਾਂ ‘ਤੇ ਗੱਡੀ ਚੜ੍ਹਾਉਣ ਦੀ ਕੋਸ਼ਿਸ਼ ਵੀ ਕੀਤੀ ਪਰ ਉਹ ਬੱਚ ਗਏ। ਜਿਸ ਜਗ੍ਹਾ ਦੋਵਾਂ ਨੂੰ ਸੁੱਟਿਆ ਗਿਆ ਸੀ, ਉਹ ਦੱਖਣੀ ਦਿੱਲੀ ਦੇ ਮਹਿਪਾਲਪੁਰ ਨੇੜੇ ਵਸੰਤ ਵਿਹਾਰ ਇਲਾਕਾ ਸੀ। ਉੱਥੋਂ ਲਗਾਤਾਰ ਗੱਡੀਆਂ ਤੇ ਆਟੋ ਲੰਘ ਰਹੇ ਸਨ। ਨਿਰਭੈਆ ਦੇ ਦੋਸਤ ਨੇ ਮਦਦ ਦੀ ਅਪੀਲ ਕੀਤੀ ਪਰ ਉੱਥੇ ਕੋਈ ਨਹੀਂ ਰੁਕਿਆ। ਅਖੀਰ ਚ ਇਕ ਬਾਈਕ ਵਾਲਾ ਉਨ੍ਹਾਂ ਨੂੰ ਦੇਖ ਕੇ ਰੁਕਿਆ। ਉਸ ਨੇ ਪਹਿਲਾਂ ਇਕ ਫੋਨ ਕੀਤਾ ਤੇ ਫਿਰ ਇਕ ਗੱਡੀ ਤੇ ਪੀਸੀਆਰ ਵੈਨ ਉੱਥੇ ਆਈ। ਉੱਥੋਂ ਉਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ।

ਸਵੇਰ ਹੋਣ ਤਕ ਇਹ ਖ਼ਬਰ ਪੂਰੀ ਦਿੱਲੀ ਤੇ ਕੁਝ ਸਮੇਂ ਬਾਅਦ ਪੂਰੇ ਦੇਸ਼ ਵਿਚ ਫੈਲ ਚੁੱਕੀ ਸੀ। ਹਰ ਕੋਈ ਨਿਰਭਿਆ ਦੀ ਜ਼ਿੰਦਗੀ ਤੇ ਉਸ ਲਈ ਇਨਸਾਫ਼ ਮੰਗ ਰਿਹਾ ਸੀ। ਇਸ ਸਬੰਧੀ ਲੋਕ ਜਿੱਥੇ ਸੜਕਾਂ ‘ਤੇ ਨਿੱਤਰ ਆਏ ਸਨ ਉੱਥੇ ਹੀ ਨਿਰਭਿਆ ਆਪਣੀ ਜ਼ਿੰਦਗੀ ਦੀ ਜੰਗ ਹਸਪਤਾਲ ‘ਚ ਲੜ ਰਹੀ ਸੀ। ਦੇਸ਼ ਭਰ ‘ਚ ਨਿਰਭਿਆ ਨੂੰ ਇਨਸਾਫ਼ ਦਿਵਾਉਣ ਲਈ ਲੋਕ ਸੜਕਾਂ ‘ਤੇ ਨਿੱਤਰ ਆਏ ਸਨ। ਇਸ ਦੌਰਾਨ ਉਸ ਦੀ ਹਾਲਤ ਕਾਫ਼ੀ ਨਾਜ਼ੁਕ ਹੁੰਦੀ ਜਾ ਰਹੀ ਸੀ ਜਿਸ ਦੀ ਵਜ੍ਹਾ ਨਾਲ ਉਸ ਨੂੰ ਵੈਂਟੀਲੇਟਰ ‘ਤੇ ਰੱਖਿਆ ਗਿਆ ਸੀ।

ਨਿਰਭੈਆ ਤੇ ਉਸ ਦੇ ਪਰਿਵਾਰਕ ਮੈਂਬਰਾਂ ਨੂੰ ਉੱਥੇ ਭੇਜਣ ਦਾ ਇੰਤਜ਼ਾਮ ਕੀਤਾ ਗਿਆ। ਉਨ੍ਹਾਂ ਦੇ ਪਾਸਪੋਟ ਤੇ ਵੀਜ਼ਾ ਤਿਆਰ ਕੀਤੇ ਗਏ ਤੇ ਇਕ ਏਅਰ ਐਂਬੂਲੈਂਸ ਰਾਹੀਂ ਉਨ੍ਹਾਂ ਨੂੰ ਉੱਥੇ ਭੇਜਿਆ ਗਿਆ। ਸਿੰਗਾਪੁਰ ਰਸਤੇ ਨਿਰਭੈਆ ਨੂੰ ਜ਼ਬਰਦਸਤ ਦਿਲ ਦਾ ਦੌਰਾ ਪਿਆ ਸੀ ਪਰ ਕਿਸੇ ਤਰ੍ਹਾਂ ਉਹ ਹਸਪਤਾਲ ਪਹੁੰਚ ਗਈ ਸੀ। ਉੱਥੇ ਡਾਕਟਰਾਂ ਨੇ ਉਸ ਨੂੰ ਬਚਾਉਣ ਦੀ ਪੂਰੀ ਕੋਸ਼ਿਸ਼ ਕੀਤੀ ਪਰ ਨਾਕਾਮ ਰਹੇ। 29 ਦਸੰਬਰ ਨੂੰ ਨਿਰਭੈਆ ਨੇ ਰਾਤ ਕਰੀਬ ਸਵਾ ਦੋ ਵਜੇ ਉੱਥੇ ਹੀ ਦਮ ਤੋੜ ਦਿੱਤਾ ਸੀ।

ਇਸ ਪੂਰੇ ਮਾਮਲੇ ‘ਚ ਦਿੱਲੀ ਪੁਲਿਸ ਦੀ ਮਹਿਲਾ ਅਧਿਕਾਰੀ ਨੇ ਤੁਰੰਤ ਕਾਰਵਾਈ ਕਰਦਿਆਂ ਘਟਨਾ ਦੇ ਦੋ ਦਿਨਾਂ ਬਾਅਦ ਹੀ ਛੇ ਵਿਚੋਂ ਚਾਰ ਦੋਸ਼ੀਆਂ ਰਾਮ ਸਿੰਘ, ਮੁਕੇਸ਼, ਵਿਨੈ ਸ਼ਰਮਾ ਤੇ ਪਵਨ ਗੁਪਤਾ ਨੂੰ ਗ੍ਰਿਫ਼ਤਾਰ ਕਰ ਲਿਆ। 21 ਦਸੰਬਰ 2012 ਨੂੰ ਪੁਲਿਸ ਨੇ ਪੰਜਵੇਂ ਦੋਸ਼ੀ ਜਿਹੜਾ ਨਾਬਾਲਗ ਸੀ, ਨੂੰ ਦਿੱਲੀਓਂ ਤੇ ਛੇਵੇਂ ਦੋਸ਼ੀ ਅਕਸ਼ੈ ਕੁਮਾਰ ਨੂੰ ਬਿਹਾਰ ਤੋਂ ਗ੍ਰਿਫ਼ਤਾਰ ਕੀਤਾ ਸੀ। ਫਾਸਟ ਟ੍ਰੈਕ ਕੋਰਟ ਬਣਾਈ ਗਈ। ਸਾਕੇਤ ਦੀ ਫਾਸਟ ਟ੍ਰੈਕ ਕੋਰਟ ‘ਚ ਇਹ ਮਾਮਲਾ ਸੁਣਿਆ ਗਿਆ। ਪੁਲਿਸ ਨੇ ਇਸ ਮਾਮਲੇ ‘ਚ 80 ਲੋਕਾਂ ਨੂੰ ਗਵਾਹ ਬਣਾਇਆ। ਇਸੇ ਦੌਰਾਨ 11 ਮਾਰਚ, 2013 ਨੂੰ ਦੋਸ਼ੀ ਬੱਸ ਮੁਲਾਜ਼ਮ ਬੱਸ ਚਾਲਕ ਰਾਮ ਸਿੰਘ ਨੇ ਤਿਹਾੜ ਜੇਲ੍ਹ ‘ਚ ਆਤਮਹੱਤਿਆ ਕਰ ਲਈ ਸੀ।

ਅਦਾਲਤ ਵੱਲੋਂ ਚਾਰਾਂ ਬਾਲਗ ਦੋਸ਼ੀਆਂ ਨੂੰ ਫਾਂਸੀ ਦੀ ਸਜ਼ਾ ਸੁਣਾਈ ਗਈ ਜਦਕਿ ਇਕ ਦੋਸ਼ੀ ਨੂੰ ਸਕੂਲ ਪ੍ਰਮਾਣ ਪੱਤਰ ਦੇ ਆਧਾਰ ‘ਤੇ ਨਾਬਾਲਗ ਮੰਨਦੇ ਹੋਏ ਤਿੰਨ ਸਾਲ ਬਾਲ ਸੁਧਾਰ ਗ੍ਰਹਿ ‘ਚ ਰਹਿਣ ਦੀ ਸਜ਼ਾ ਦਿੱਤੀ ਗਈ। ਇਸ ਤੋਂ ਬਾਅਦ ਹਾਈ ਕੋਰਟ ਤੇ ਫਿਰ ਸੁਪਰੀਮ ਕੋਰਟ ‘ਚ ਵੀ ਦੋਸ਼ੀਆਂ ਨੂੰ ਮਿਲੀ ਫਾਂਸੀ ਦੀ ਸਜ਼ਾ ‘ਤੇ ਮੋਹਰ ਲੱਗੀ। ਇਸ ਤੋਂ ਬਾਅਦ ਵੀ ਕਾਫ਼ੀ ਕਾਨੂੰਨੀ ਪ੍ਰਕਿਰਿਆ ਹੋਣ ਦੇ ਚੱਲਦੇ ਇਸ ਨੂੰ ਮਾਮਲੇ ਨੂੰ ਅੰਜਾਮ ਤਕ ਪਹੁੰਚਣ ‘ਚ 7 ਸਾਲ ਤੋਂ ਜ਼ਿਆਦਾ ਸਮਾਂ ਲੱਗ ਗਿਆ। ਇਸ ਘਟਨਾ ਤੋਂ ਬਾਅਦ ਊਸ਼ਾ ਮਹਿਰਾ ਕਮਿਸ਼ਨ ਦਾ ਗਠਨ ਹੋਇਆ ਜਿਸ ਨੇ ਸੁਰੱਖਿਆ ਵਰਗੇ ਮੁੱਦਿਆਂ ‘ਤੇ ਤਮਾਮ ਜ਼ਿੰਮੇਵਾਰ ਵਿਭਾਗਾਂ ‘ਚ ਸੰਵਾਦ ਦੀ ਘਾਟ ਤੇ ਇਸ ਨੂੰ ਦੂਰ ਕਿਵੇਂ ਕੀਤਾ ਜਾਵੇ, ਨਾਲ ਸਬੰਧਤ ਆਪਣੀ ਰਿਪੋਰਟ ਪੇਸ਼ ਕੀਤੀ ਸੀ।

Leave a Reply

Your email address will not be published. Required fields are marked *