ਕਿਸਾਨ ਅੰਦੋਲਨ ਦੇ ਰੰਗ ’ਚ ਰੰਗੇ ਪੰਜਾਬ ਦੇ ਸਾਰੇ ਪਿੰਡ

ਜਲੰਧਰ : ਦਿੱਲੀ ਵਿੱਚ ਹੋਣ ਵਾਲੀ ਕਿਸਾਨ ਟਰੈਕਟਰ ਪਰੇਡ ਸਬੰਧੀ ਪੰਜਾਬ ਦੇ ਕਿਸਾਨਾਂ ਵਿੱਚ ਭਾਰੀ ਉਤਸ਼ਾਹ ਹੈ। ਸੂਬੇ ਦੇ ਪਿੰਡ ਕਿਸਾਨੀ ਅੰਦੋਲਨ ਵਿੱਚ ਪੂਰੀ ਤਰ੍ਹਾਂ ਨਾਲ ਰੰਗੇ ਗਏ ਹਨ। ਹਰ ਪਿੰਡ ਵਿੱਚੋਂ ਟਰੈਕਟਰ ਟਰਾਲੀਆਂ ਤੇ ਹੋਰ ਗੱਡੀਆਂ ਵਿੱਚ ਦਿਨ-ਰਾਤ ਲੋਕ ਦਿੱਲੀ ਵੱਲ ਕੂਚ ਕਰ ਰਹੇ ਹਨ। ਇਹ ਕਿਸਾਨ ਅੰਦੋਲਨ ਅਜਿਹਾ ਪਹਿਲਾ ਅੰਦੋਲਨ ਹੈ, ਜਿਸ ਵਿੱਚ ਭਾਜਪਾ ਨੂੰ ਛੱਡ ਕੇ ਪੰਜਾਬ ਦੇ ਸਾਰੇ ਲੋਕ ਸਿੱਧੇ ਤੌਰ ’ਤੇ ਜੁੜ ਚੁੱਕੇ ਹਨ। ਪਿੰਡਾਂ ਵਿੱਚ ਦਿੱਲੀ ਦੇ ਅੰਦੋਲਨ ਤੋਂ ਬਿਨਾਂ ਹੋਰ ਕਿਸੇ ਵੀ ਮੁੱਦੇ ’ਤੇ ਚਰਚਾ ਨਹੀਂ ਹੋ ਰਹੀ। ਦੋਆਬੇ ਦੇ ਪਿੰਡਾਂ ਵਿੱਚ ਰੋਜ਼ਾਨਾ ਕਿਸਾਨ ਆਪ-ਮੁਹਾਰੇ ਦਿੱਲੀ ਵੱਲ ਜਾ ਰਹੇ ਹਨ। ਬਹੁਤੇ ਕਿਸਾਨਾਂ ਨੇ ਤੇਲ ਦੀ ਬੱਚਤ ਕਰਨ ਦਾ ਬੜਾ ਸਿਆਣਪ ਭਰਿਆ ਰਾਹ ਲੱਭਿਆ ਹੈ। ਇੱਕੋ ਪਿੰਡ ਤੇ ਕਸਬਿਆਂ ਤੋਂ ਜਾਣ ਵਾਲੇ ਟਰੈਕਟਰਾਂ ਨੂੰ ਵੱਡੇ ਟਰਾਲਿਆਂ ’ਤੇ ਲੱਦ ਕੇ ਦਿੱਲੀ ਲਿਜਾਇਆ ਜਾ ਰਿਹਾ ਹੈ। ਕਾਲਾ ਸੰਘਿਆਂ ਕਸਬੇ ਵਿੱਚੋਂ ਦੋ ਟਰਾਲਿਆਂ ’ਤੇ 11 ਟਰੈਕਟਰ ਲੱਦੇ ਗਏ ਹਨ, ਜਿਹੜੇ ਦਿੱਲੀ ਕਿਸਾਨ ਪਰੇਡ ਵਿੱਚ ਸ਼ਾਮਲ ਹੋਣਗੇ। ਕਿਸਾਨ ਪ੍ਰੇਮ ਸਿੰਘ ਸੰਘਾ, ਜਸਵੰਤ ਸਿੰਘ ਸੰਘਾ, ਬਲਜੀਤ ਸਿੰਘ ਸੰਘਾ, ਨਰਿੰਦਰ ਸਿੰਘ ਸੰਘਾ ਅਤੇ ਬਹਾਦਰ ਸਿੰਘ ਨੇ ਦੱਸਿਆ ਕਿ ਕਈ ਟਰਾਲੀਆਂ ਵਿੱਚ ਵੀ ਦੋ-ਦੋ ਟਰੈਕਟਰ ਵੀ ਲੱਦੇ ਹੋਏ ਸਨ। ਕੰਢੀ ਕਿਸਾਨ ਸੰਘਰਸ਼ ਕਮੇਟੀ ਦੇ ਵਾਈਸ ਚੇਅਰਮੈਨ ਜਰਨੈਲ ਸਿੰਘ ਗੜ੍ਹਦੀਵਾਲਾ ਨੇ ਦੱਸਿਆ ਕਿ ਦਿੱਲੀ ਜਾਣ ਲਈ ਇੱਕ ਟਰੈਕਟਰ ਵਿੱਚ 15 ਹਜ਼ਾਰ ਦਾ ਡੀਜ਼ਲ ਪੈਂਦਾ ਹੈ। ਟਰਾਲਿਆਂ ’ਤੇ ਟਰੈਕਟਰ ਲੱਦ ਕੇ ਲੈ ਜਾਣ ਨਾਲ ਤੇਲ ਦੀ ਵੱਡੀ ਬੱਚਤ ਹੋਵੇਗੀ।

ਭਾਜਪਾ ਨਾਲ ਗੂੜ੍ਹੀ ਸਾਂਝ ਰੱਖਣ ਵਾਲੇ ਹੁਸ਼ਿਆਰਪੁਰ ਜ਼ਿਲ੍ਹੇ ਦੇ ਦਰਜਨਾਂ ਪਿੰਡਾਂ ਵਿੱਚ ਵੱਸਦੇ ਰਾਜਪੂਤ ਕਿਸਾਨ ਵੀ ਦਿੱਲੀ ਦੀ ਇਸ ਖੇਤੀ ਕਾਨੂੰਨਾਂ ਵਿਰੁੱਧ ਹੋਣ ਵਾਲੀ ਪਰੇਡ ਵਿੱਚ ਸ਼ਾਮਲ ਹੋਣ ਲਈ ਵੱਡੀ ਗਿਣਤੀ ਵਿੱਚ ਜਾ ਰਹੇ ਹਨ। ਨੰਗਲ ਅਵਾਣਾਂ ਪਿੰਡ ਦੇ ਸਰਪੰਚ ਸੌਰਭ ਮਿਨਹਾਸ ਨੇ ਦੱਸਿਆ ਕਿ ਉਨ੍ਹਾਂ ਦੇ ਦਾਦਾ ਜਨ ਸੰਘ ਨਾਲ ਲੰਬੇ ਸਮੇਂ ਤੋਂ ਕੰਮ ਕਰਦੇ ਆ ਰਹੇ ਸਨ ਤੇ ਉਨ੍ਹਾਂ ਦਾ ਸਾਰਾ ਪਰਿਵਾਰ ਵੀ ਭਾਜਪਾ ਨੂੰ ਹੀ ਵੋਟਾਂ ਪਾਉਂਦਾ ਆ ਰਿਹਾ ਹੈ ਪਰ ਖੇਤੀ ਕਾਨੂੰਨਾਂ ਖ਼ਿਲਾਫ਼ ਉਹ ਕਿਸਾਨਾਂ ਦੇ ਨਾਲ ਖੜ੍ਹੇ ਹਨ। ਪਿੰਡ ਬਹਿਬਲ ਮੰਝ ਦੇ 60 ਸਾਲਾ ਵਿਜੈ ਸਿੰਘ ਨੇ ਦੱਸਿਆ ਕਿ ਉਹ ਇਥੇ ਹੋਣ ਵਾਲੇ ਖੇਤੀ ਕਾਨੂੰਨਾਂ ਵਿਰੁੱਧ ਪ੍ਰਦਰਸ਼ਨਾਂ ਵਿੱਚ ਵੀ ਸ਼ਾਮਲ ਹੁੰਦੇ ਰਹੇ ਹਨ ਤੇ ਹੁਣ ਦਿੱਲੀ ਕਿਸਾਨ ਪਰੇਡ ਵਿੱਚ ਜਾਣਗੇ, ਜਦਕਿ ਉਹ ਪਿਛਲੇ ਲੰਮੇ ਸਮੇਂ ਤੋਂ ਭਾਜਪਾ ਦੇ ਹਮਾਇਤੀ ਰਹੇ ਹਨ।

Leave a Reply

Your email address will not be published. Required fields are marked *