ਟਰੈਕਟਰ ਪਰੇਡ ਲਈ ਕਿਸਾਨਾਂ ਨੇ ਕਮਰ ਕੱਸੀ

ਨਵੀਂ ਦਿੱਲੀ : ਖੇਤੀ ਕਾਨੂੰਨਾਂ ਖ਼ਿਲਾਫ਼ ਸੰਯੁਕਤ ਕਿਸਾਨ ਮੋਰਚੇ ਵੱਲੋਂ ਕੱਢੀ ਜਾਣ ਵਾਲੀ 26 ਜਨਵਰੀ ਦੀ ‘ਕਿਸਾਨ ਗਣਤੰਤਰ ਪਰੇਡ’ ਦੀ ਕਿਸਾਨ ਯੂਨੀਅਨਾਂ ਦੇ ਪੂਰੀ ਤਿਆਰੀ ਕੱਸ ਲਈ ਹੈ ਤੇ ਹੁਣ ਪੁਲੀਸ ਵੱਲੋਂ ਹਰੀ ਝੰਡੀ ਮਿਲ ਜਾਣ ਮਗਰੋਂ ਇਸ ਵਿਸ਼ਾਲ ਪਰੇਡ ਲਈ ਹਦਾਇਤਾਂ ਤੇ ਨਿਯਮ ਵੀ ਜਾਰੀ ਕਰ ਦਿੱਤੇ ਗਏ ਹਨ।

ਸਿੰਘੂ ਬਾਰਡਰ ’ਤੇ ਪ੍ਰੈੱਸ ਕਾਨਫਰੰਸ ਦੌਰਾਨ ਕਿਸਾਨ ਆਗੂ ਹਰਜੀਤ ਰਵੀ ਨੇ ਦੱਸਿਆ ਕਿ ਪਰੇਡ ਵਿੱਚ ਸਿਰਫ਼ ਟਰੈਕਟਰ ਤੇ ਹੋਰ ਗੱਡੀਆਂ ਚੱਲਣਗੀਆਂ ਪਰ ਟਰਾਲੀਆਂ ਨਹੀਂ ਜਾਣਗੀਆਂ। ਇਸ ਦੌਰਾਨ ਉਹੀ ਟਰਾਲੀਆਂ ਤੁਰਨਗੀਆਂ ਜਿਨ੍ਹਾਂ ਵਿੱਚ ਵਿਸ਼ੇਸ਼ ਝਾਕੀਆਂ ਬਣੀਆਂ ਹੋਣਗੀਆਂ। ਉਨ੍ਹਾਂ ਕਿਹਾ ਕਿ ਦੇਸ਼ ਦੇ ਗਣਤੰਤਰ ਦਿਵਸ ਮੌਕੇ ਆਮ ਲੋਕਾਂ ਵੱਲੋਂ ਕਦੇ ਵੀ ਅਜਿਹੀ ਪਰੇਡ ਨਹੀਂ ਸੀ ਕੱਢੀ ਗਈ। ਇਸ ਇਤਿਹਾਸਕ ਪਰੇਡ ਰਾਹੀਂ ਕਿਸਾਨ ਦੁਨੀਆਂ ਤੇ ਦੇਸ਼ ਨੂੰ ਆਪਣਾ ਦੁੱਖ ਦਰਦ ਅਤੇ ਤਿੰਨਾਂ ਖੇਤੀ ਕਾਨੂੰਨਾਂ ਦਾ ਕੱਚ-ਸੱਚ ਸਾਹਮਣੇ ਲਿਆਉਣਗੇ। ਉਨ੍ਹਾਂ ਸਭ ਨੂੰ ਅਪੀਲ ਕੀਤੀ ਕਿ ਇਹ ਇਤਿਹਾਸਕ ਪਰੇਡ ਸ਼ਾਨਦਾਰ ਤੇ ਸ਼ਾਂਤਮਈ ਢੰਗ ਕੀਤੀ ਜਾਵੇ। ਇਸ ਨਾਲ ਹੀ ਕਿਸਾਨਾਂ ਦੀ ਜਿੱਤ ਹੋਵੇਗੀ।

ਉਨ੍ਹਾਂ ਕਿਹਾ ਕਿ ਸੰਯੁਕਤ ਕਿਸਾਨ ਮੋਰਚੇ ਵੱਲੋਂ ਪਰੇਡ ਲਈ ਦੋ ਰੂਟ ਤੈਅ ਕੀਤੇ ਜਾ ਚੁੱਕੇ ਹਨ ਤੇ ਬਾਕੀ ਦੇ ਦੋ ਰੂਟ ਭਲਕੇ ਤੈਅ ਕੀਤੇ ਜਾਣਗੇ ਜੋ ਸਭ ਨੂੰ ਡਿਜੀਟਲ ਢੰਗ ਨਾਲ ਮਿਲ ਸਕਦੇ ਹਨ। ਉਨ੍ਹਾਂ ਹਦਾਇਤ ਕੀਤੀ ਕਿ ਪਰੇਡ ਲੰਬੀ ਚੱਲਣ ਕਰਕੇ 24 ਘੰਟੇ ਦਾ ਰਾਸ਼ਨ ਨਾਲ ਲੈ ਕੇ ਚੱਲਿਆ ਜਾਵੇ ਤੇ ਜਾਮ ’ਚ ਫਸਣ ਦੀ ਹਾਲਤ ’ਚ ਪਾਣੀ ਤੇ ਹੋਰ ਪ੍ਰਬੰਧ ਕੀਤੇ ਜਾਣ। ਪਹਿਲਾਂ ਦੇ ਐਲਾਨ ਮੁਤਾਬਕ ਟਰੈਕਟਰਾਂ ਉੱਪਰ ਕੌਮੀ ਝੰਡੇ ਦੇ ਨਾਲ ਸਿਰਫ਼ ਕਿਸਾਨ ਜਥੇਬੰਦੀ ਦਾ ਹੀ ਝੰਡਾ ਲੱਗੇਗਾ। ਸਿਆਸੀ ਪਾਰਟੀ ਦੇ ਝੰਡੇ ਦੀ ਮਨਾਹੀ ਹੋਵੇਗੀ। ਇਸ ਦੌਰਾਨ ਕਿਸਾਨਾਂ ਕੋਲ ਕੋਈ ਹਥਿਆਰ ਜਾਂ ਲੱਠ ਆਦਿ ਨਹੀਂ ਹੋਣਾ ਚਾਹੀਦਾ। ਉਨ੍ਹਾਂ ਕਿਹਾ ਕਿ ਪਰੇਡ ਦੌਰਾਨ ਕੋਈ ਵੀ ਨਾਂਹ-ਪੱਖੀ ਨਾਅਰਾ ਨਹੀਂ ਲਾਇਆ ਜਾਵੇਗਾ। ਪਰੇਡ ਵਿੱਚ ਸ਼ਾਮਲ ਹੋਣ ਲਈ ਮੋਬਾਈਲ ਨੰਬਰ 84483-85556 ’ਤੇ ਮਿਸਡ ਕਾਲ ਦੇਣੀ ਹੋਵੇਗੀ। ਉਨ੍ਹਾਂ ਕਿਹਾ ਕਿ ਹਦਾਇਤਾਂ ਮੁਤਾਬਕ ਪਰੇਡ ਦੇ ਅੱਗੇ ਆਗੂਆਂ ਦੀਆਂ ਗੱਡੀਆਂ ਚੱਲਣਗੀਆਂ ਤੇ ਪਰੇਡ ਨੂੰ ਹਰੀ ਜੈਕੇਟ ਪਾਈ ਵਾਲੰਟੀਅਰ ਚਲਾਉਣਗੇ ਅਤੇ ਉਨ੍ਹਾਂ ਦੀਆਂ ਹਦਾਇਤਾਂ ਦੀ ਪਾਲਣਾ ਕੀਤੀ ਜਾਵੇਗੀ। ਪੁਲੀਸ ਤੇ ਵਲੰਟੀਅਰ ਮਿਲ ਕੇ ਕਿਸਾਨਾਂ ਨੂੰ ਰੂਟ ਬਾਰੇ ਦੱਸਦੇ ਰਹਿਣਗੇ। ਮੋਰਚੇ ਵੱਲੋਂ ਕਿਹਾ ਗਿਆ ਹੈ ਕਿ ਕੋਈ ਵੀ ਗੱਡੀ ਜਾਂ ਟਰੈਕਟਰ ਰਾਹ ਵਿੱਚ ਡੇਰਾ ਨਹੀਂ ਲਾਵੇਗਾ ਜੇ ਅਜਿਹਾ ਕੋਈ ਕਰਦਾ ਹੈ ਤਾਂ ਕਾਰਕੁਨ ਉਸ ਨੂੰ ਹਟਾ ਦੇਣਗੇ। ਸਾਰੀ ਪਰੇਡ ਖਤਮ ਹੋ ਕੇ ਵਾਪਸ ਆਪਣੇ ਟਿਕਾਣੇ ਉੱਪਰ ਆਵੇਗੀ। ਇਕ ਟਰੈਕਟਰ ’ਤੇ ਡਰਾਈਵਰ ਸਮੇਤ 5 ਲੋਕਾਂ ਦੇ ਬੈਠਣ ਦੀ ਆਗਿਆ ਹੋਵੇਗੀ ਅਤੇ ਕੋਈ ਵੀ ਟਰੈਕਟਰ ਦੇ ਬੋਨਟ, ਬੰਪਰ ਜਾਂ ਛੱਤ ਉੱਪਰ ਨਹੀਂ ਬੈਠੇਗਾ। ਕਿਸੇ ਨੂੰ ਵੀ ਡੈੱਕ ਚਲਾਉਣ ਦੀ ਆਗਿਆ ਨਹੀਂ ਦਿੱਤੀ ਜਾਵੇਗੀ। ਨਸ਼ਾ ਕਰਕੇ ਗੱਡੀ ਟਰੈਕਟਰ ਚਲਾਉਣ ਵਾਲੇ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ ਤੇ ਵਲੰਟੀਅਰ ਵੀ ਅਜਿਹੇ ਲੋਕਾਂ ’ਤੇ ਨਜ਼ਰ ਰੱਖਣਗੇ। ਹਰਿੰਦਰ ਸਿੰਘ ਲੱਖੋਵਾਲ ਨੇ ਕਿਹਾ ਕਿ ਉਨ੍ਹਾਂ ਗਣਤੰਤਰ ਦਿਵਸ ਦੀ ਕਦਰ ਕਰਨੀ ਹੈ ਤੇ ਲੋਕਾਂ ਦਾ ਦਿਲ ਜਿੱਤਣਾ ਹੈ ਅਤੇ ਖਾਸ ਕਰਕੇ ਔਰਤਾਂ ਦਾ ਸਨਮਾਨ ਕਰਨਾ ਹੈ। ਔਰਤਾਂ ਲਈ ਪਰੇਡ ਵਿੱਚ ਵੱਖਰੇ ਪ੍ਰਬੰਧ ਕੀਤੇ ਗਏ ਹਨ।

Leave a Reply

Your email address will not be published. Required fields are marked *