ਭਾਰਤੀ ਖੇਤਰ ’ਚ ਦਾਖ਼ਲ ਡਰੋਨ ’ਤੇ ਫਾਇਰਿੰਗ

ਪਠਾਨਕੋਟ : ਬਮਿਆਲ ਸੈਕਟਰ ਦੇ ਬੀਓਪੀ ਪਹਾੜੀਪੁਰ ਵਿੱਚ ਬੀਤੀ ਰਾਤ ਇੱਕ ਡਰੋਨ ਭਾਰਤੀ ਸਰਹੱਦ ਅੰਦਰ ਦਾਖ਼ਲ ਹੋਇਆ, ਜਿਸ ’ਤੇ ਬੀਐੱਸਐੱਫ ਦੇ ਜਵਾਨਾਂ ਵੱਲੋਂ ਫਾਇਰਿੰਗ ਕੀਤੀ ਗਈ। ਸੂਤਰਾਂ ਮੁਤਾਬਕ, ਇਹ ਡਰੋਨ ਪਹਾੜੀਪੁਰ ਦੇ ਸਾਹਮਣੇ ਪੈਂਦੀ ਪਾਕਿਸਤਾਨ ਦੀ ਨਿਊਜਲਾਲਾ ਚੌਕੀ ਤੋਂ ਲਾਂਚ ਕੀਤਾ ਗਿਆ ਹੋ ਸਕਦਾ ਹੈ। ਪੁਲੀਸ ਤੇ ਬੀਐੱਸਐੱਫ ਵੱਲੋਂ ਸਰਹੱਦੀ ਇਲਾਕੇ ਵਿੱਚ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਹੈ।

ਐੱਸਪੀ ਅਪਰੇਸ਼ਨ ਹੇਮਪੁਸ਼ਪ ਸ਼ਰਮਾ ਨੇ ਦੱਸਿਆ ਕਿ ਬੀਤੀ ਰਾਤ ਲਗਪਗ 8.45 ਵਜੇ ਗਸ਼ਤ ਕਰ ਰਹੇ ਬੀਐੱਸਐੱਫ ਦੇ ਜਵਾਨਾਂ ਨੂੰ ਅਸਮਾਨ ਵਿੱਚ ਸ਼ੱਕੀ ਗੂੰਜ ਸੁਣਾਈ ਦਿੱਤੀ ਅਤੇ ਝਮਕਦੀ ਹੋਈ ਲਾਈਟ ਨਜ਼ਰ ਆਈ। ਉਨ੍ਹਾਂ ਨੇ ਚਾਰ ਗੋਲੀਆਂ ਚਲਾਈਆਂ, ਜਿਸ ਮਗਰੋਂ ਡਰੋਨ ਵਾਪਸ ਪਾਕਿਸਤਾਨ ਵੱਲ ਪਰਤ ਗਿਆ। ਬੀਐੱਸਐੱਫ ਵੱਲੋਂ ਇਸ ਦੀ ਸੂਚਨਾ ਤੁਰੰਤ ਪਠਾਨਕੋਟ ਪੁਲੀਸ ਨੂੰ ਦਿੱਤੀ ਗਈ। ਪੁਲੀਸ ਵੱਲੋਂ ਅੱਜ ਸਵੈਟ ਟੀਮਾਂ, ਡਾਗ ਸਕੁਐੱਡ, ਬੰਬ ਨਕਾਰਾ ਕਰਨ ਵਾਲੇ ਦਸਤੇ ਅਤੇ ਬੀਐੱਸਐੱਫ ਨਾਲ ਮਿਲ ਕੇ ਕੌਮਾਂਤਰੀ ਸਰਹੱਦ ਪਹਾੜੀਪੁਰ ਦੇ ਨਾਲ ਲੱਗਦੇ ਪਿੰਡਾਂ ਧਲੋਤਰ, ਭੁਪਾਲਪੁਰ, ਢੀਂਡਾ, ਸਕੋਲ, ਸਿੰਬਲ, ਬਮਿਆਲ, ਕਾਸ਼ੀ ਬਾੜਮਾ, ਜੈਦਪੁਰ, ਖੁਦਾਈਪੁਰ, ਫਰਵਾਲ, ਪਹਾੜੀਪੁਰ, ਮਾਖਨਪੁਰ, ਮੰਮੀਆਂ, ਲਸਿਆਣ, ਕੋਟਲੀ, ਖੋਜਕੀਚੱਕ, ਨਿਆਲ, ਬਸਾਊ ਬਾੜਮਾਂ, ਆਦਮ ਬਾੜਮਾਂ, ਮਝੀਰੀਆਂ ਆਦਿ ਵਿੱਚ ਤਲਾਸ਼ੀ ਮੁਹਿੰਮ ਚਲਾਈ ਗਈ। ਸੁਰੱਖਿਆ ਟੀਮਾਂ ਵੱਲੋਂ ਖੰਡਰ ਹੋਈਆਂ ਇਮਾਰਤਾਂ, ਖੇਤਾਂ, ਜੰਗਲ, ਗੁੱਜਰਾਂ ਦੇ ਡੇਰਿਆਂ ਆਦਿ ਦੀ ਵੀ ਛਾਣ-ਬੀਣ ਕੀਤੀ ਗਈ। ਪਾਕਿਸਤਾਨ ਵੱਲੋਂ ਪਿਛਲੇ ਸਮੇਂ ਦੌਰਾਨ ਭਾਰਤੀ ਖੇਤਰ ਅੰਦਰ ਡਰੋਨ ਭੇਜੇ ਜਾਣ ਦੀਆਂ ਘਟਨਾਵਾਂ ਵਿੱਚ ਵਾਧਾ ਹੋਇਆ ਹੈ।

Leave a Reply

Your email address will not be published. Required fields are marked *