ਸਰਕਾਰ ਨਾਲ ਦਬਾਅ ਹੇਠ ਗੱਲਬਾਤ ਨਹੀਂ: ਟਿਕੈਤ

ਕੁਰੂਕਸ਼ੇਤਰ : ਭਾਰਤੀ ਕਿਸਾਨ ਯੂਨੀਅਨ ਟਿਕੈਤ ਦੇ ਮੁੱਖ ਬੁਲਾਰੇ ਤੇ ਕਿਸਾਨ ਆਗੂ ਰਾਕੇਸ਼ ਟਿਕੈਤ ਨੇ ਅੱਜ ਕਿਹਾ ਕਿ ਉਹ ਕਿਸੇ ਦਬਾਅ ਵਿੱਚ ਆ ਕੇ ਸਰਕਾਰ ਨਾਲ ਗੱਲਬਾਤ ਨਹੀਂ ਕਰਨਗੇ। ਟਿਕੈਤ ਨੇ ਕਿਹਾ ਕਿ ਦਿੱਲੀ ਦੀਆਂ ਸਰਹੱਦਾਂ ’ਤੇ ਕਾਲੇ ਖੇਤੀ ਕਾਨੂੰਨਾਂ ਖ਼ਿਲਾਫ ਡਟੇ ਕਿਸਾਨ ਇਨ੍ਹਾਂ ਕਾਨੂੰਨਾਂ ਨੂੰ ਰੱਦ ਕਰਨ ਤੇ ਫਸਲਾਂ ਦੀ ਐੱਮਐੱਸਪੀ ’ਤੇ ਖਰੀਦ ਦੀ ਕਾਨੂੰਨੀ ਗਾਰੰਟੀ ਦਿੱਤੇ ਜਾਣ ਦੀ ਆਪਣੀ ਮੰਗ ’ਤੇ ਅੱਜ ਵੀ ਕਾਇਮ ਹਨ। ਟਿਕੈਤ ਨੇ ਸਾਫ਼ ਕਰ ਦਿੱਤਾ ਕਿ ਇਨ੍ਹਾਂ ਮੰਗਾਂ ਦੀ ਪੂਰਤੀ ਤੱਕ ਕਿਸਾਨਾਂ ਦਾ ਸੰਘਰਸ਼ ਜਾਰੀ ਰਹੇਗਾ। ਉਨ੍ਹਾਂ ਕਿਹਾ ਕਿ ਸਰਕਾਰ ਕਿਸੇ ਗ਼ਲਤਫ਼ਹਿਮੀ ਵਿੱਚ ਨਾ ਰਹੇ ਕਿ ਕਿਸਾਨ ਘਰਾਂ ਨੂੰ ਮੁੜ ਜਾਣਗੇ। ਟਿਕੈਤ ਨੇ ਕਿਹਾ ਕਿ ਉਨ੍ਹਾਂ ਖੇਤੀ ਕਾਨੂੰਨ ਰੱਦ ਕਰਨ ਤੇ ਹੋਰ ਮੰਗਾਂ ਲਈ ਸਰਕਾਰ ਨੂੰ 2 ਅਕਤੂਬਰ ਤੱਕ ਦਾ ਸਮਾਂ ਦਿੱਤਾ ਹੈ ਤੇ ਉਸ ਮਗਰੋਂ ਹੀ ਅਗਲੇਰੀ ਯੋਜਨਾ ਘੜੀ ਜਾਵੇਗੀ। ਟਿਕੈਤ ਨੇ ਗਣਤੰਤਰ ਦਿਵਸ ਮੌਕੇ ਲਾਲ ਕਿਲੇ ’ਤੇ ਪ੍ਰਦਰਸ਼ਨਕਾਰੀਆਂ ਨੂੰ ਉਕਸਾਉਣ ਦੇ ਦੋਸ਼ ’ਚ ਨਾਮਜ਼ਦ ਅਦਾਕਾਰ ਦੀਪ ਸਿੱਧੂ ਦੀ ਗ੍ਰਿਫ਼ਤਾਰੀ ਨੂੰ ਜਾਇਜ਼ ਕਰਾਰ ਦਿੱਤਾ ਹੈ। ਕਿਸਾਨ ਆਗੂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਰਾਜ ਸਭਾ ’ਚ ਲੰਘੇ ਦਿਨ ਕੀਤੀ ਤਕਰੀਰ ਦੌਰਾਨ ਕਿਸਾਨ ਆਗੂਆਂ ਨੂੰ ‘ਅੰਦੋਲਨਜੀਵੀ’ ਦੱਸਣ ’ਤੇ ਸਖ਼ਤ ਇਤਰਾਜ਼ ਜਤਾਇਆ। ਟਿਕੈਤ ਹਰਿਆਣਾ ਦੇ ਕੁਰੂਕਸ਼ੇਤਰ ਜ਼ਿਲ੍ਹੇ ਦੇ ਪਿੰਡ ਗੁਮਥਲਾ ਗੜੂ ਵਿੱਚ ਸੰਯੁਕਤ ਕਿਸਾਨ ਮੋਰਚਾ ਵੱਲੋਂ ਕਰਵਾਈ ਕਿਸਾਨ ਮਹਾਪੰਚਾਇਤ ਨੂੰ ਸੰਬੋਧਨ ਕਰ ਰਹੇ ਸਨ। ਪਿਛਲੀਆਂ ਮਹਾਪੰਚਾਇਤਾਂ ਵਾਂਗ ਹਜ਼ਾਰਾਂ ਦੀ ਤਾਦਾਦ ਵਿੱਚ ਲੋਕ ਇਸ ਵਿੱਚ ਸ਼ਾਮਲ ਹੋਏ। ਟਿਕੈਤ ਗਰੁੱਪ ਵੱਲੋਂ ਕਰਵਾਈ ਇਹ ਤੀਜੀ ਕਿਸਾਨ ਮਹਾਪੰਚਾਇਤ ਸੀ।

ਮਹਾਪੰਚਾਇਤ ਨੂੰ ਸੰਬੋਧਨ ਕਰਦਿਆਂ ਰਾਕੇਸ਼ ਟਿਕੈਤ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਕਿਸਾਨ ਆਗੂਆਂ ਨੂੰ ‘ਅੰਦੋਲਨਜੀਵੀ’ ਦੱਸਣ ਵਾਲੇ ਬਿਆਨ ’ਤੇ ਪਲਟ ਵਾਰ ਕਰਦਿਆਂ ਕਿਹਾ, ‘ਅਸੀਂ ਅੰਦੋਲਨ ਕਰਦੇ ਹਾਂ, ਪਰ ਅਸੀਂ ਜੁਮਲੇਬਾਜ਼ ਨਹੀਂ ਹਾਂ। ਐੱਮਐੱਸਪੀ ’ਤੇ ਕਾਨੂੰਨ ਬਣਨਾ ਚਾਹੀਦਾ ਹੈ, ਜੋ ਨਹੀਂ ਬਣ ਰਿਹਾ। ਤਿੰਨੋਂ ਕਾਲੇ ਕਾਨੂੰਨ ਖਤਮ ਹੋਣੇ ਚਾਹੀਦੇ ਹਨ, ਪਰ ਨਹੀਂ ਹੋ ਰਹੇ।’ ਉਨ੍ਹਾਂ ਕਿਹਾ ਕਿ ਸਾਲ 2011 ਵਿੱਚ ਤਤਕਾਲ ਪ੍ਰਧਾਨ ਮੰਤਰੀ ਨੇ ਕਿਹਾ ਸੀ ਕਿ ਦੇਸ਼ ਵਿੱਚ ਐੱਮਐੱਸਪੀ ’ਤੇ ਕਾਨੂੰਨ ਬਣੇਗਾ, ਪਰ ਇਹ ਵੀ ਮਹਿਜ਼ ਜੁਮਲੇਬਾਜ਼ੀ ਹੀ ਸਾਬਤ ਹੋਈ। ਉਨ੍ਹਾਂ ਜ਼ੋਰ ਦੇ ਕੇ ਆਖਿਆ ਕਿ ਦਿੱਲੀ ਦੀਆਂ ਬਰੂਹਾਂ ’ਤੇ ਚੱਲ ਰਿਹਾ ਕਿਸਾਨ ਅੰਦੋਲਨ ਅਜੇ ਲੰਮਾ ਚੱਲੇਗਾ। ਟਿਕੈਤ ਨੇ ਕਿਹਾ ਕਿ ਹੁਣ ਸਰਕਾਰ ਨੂੰ 2 ਅਕਤੂਬਰ ਤੱਕ ਦਾ ਸਮਾਂ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਦਿੱਲੀ ਗਏ ਕਿਸਾਨ ਮੁੜਨ ਵਾਲੇ ਨਹੀਂ ਤੇ ਸਰਕਾਰ ਕਿਸੇ ਗਲਤਫ਼ਹਿਮੀ ਵਿੱਚ ਨਾ ਰਹੇ। ਉਨ੍ਹਾਂ ਕਿਹਾ, ‘ਅਸੀਂ ਸਰਕਾਰ ਨੂੰ ਕਾਨੂੰਨ ਰੱਦ ਕਰਨ ਲਈ 2 ਅਕਤੂਬਰ ਤੱਕ ਦਾ ਸਮਾਂ ਦਿੱਤਾ ਹੈ। ਇਸ ਮਗਰੋਂ ਹੀ ਅਸੀਂ ਅੱਗੇ ਦੀ ਯੋਜਨਾ ਘੜਾਂਗੇ। ਅਸੀਂ ਕਿਸੇ ਦਬਾਅ ਵਿੱਚ ਆ ਕੇ ਸਰਕਾਰ ਨਾਲ ਚਰਚਾ ਨਹੀਂ ਕਰਾਂਗੇ।’

ਪਿਹੋਵਾ-ਕੈਥਲ ਰੋਡ ’ਤੇ ਪਿੰਡ ਗੁਮਥਲਾ ਦੀ ਅਨਾਜ ਮੰਡੀ ਵਿੱਚ ਕਰਵਾਈ ਕਿਸਾਨ ਮਹਾਪੰਚਾਇਤ ਵਿੱਚ ਰਾਕੇਸ਼ ਟਿਕੈਤ ਦੁਪਹਿਰ ਤਿੰਨ ਵਜੇ ਦੇ ਕਰੀਬ ਪੁੱਜੇ ਸਨ। ਕਿਸਾਨਾਂ ਨੇ ਉਨ੍ਹਾਂ ਦਾ ਜ਼ੋਰਦਾਰ ਸਵਾਗਤ ਕੀਤਾ। ਇਸ ਤੋਂ ਪਹਿਲਾਂ ਪੰਜਾਬੀ ਗਾਇਕਾ ਰੁਪਿੰਦਰ ਹਾਂਡਾ ਨੇ ਮੰਚ ਤੋਂ ਹਰਿਆਣਾ ਗੌਰਵ ਸਨਮਾਨ ਵਾਪਸ ਕਰਨ ਦਾ ਐਲਾਨ ਕੀਤਾ। ਕਿਸਾਨ ਲੋਕ ਸਵਰਾਜ ਪਾਰਟੀ ਦੇ ਪ੍ਰਧਾਨ ਅਤੇ ਸਾਬਕਾ ਆਈਪੀਐੱਸ ਰਣਬੀਰ ਸ਼ਰਮਾ ਵੀ ਕਿਸਾਨਾਂ ਨੂੰ ਸਮਰਥਨ ਦੇਣ ਲਈ ਮਹਾਪੰਚਾਇਤ ਵਿੱਚ ਪੁੱਜੇ। ਮਹਾਪੰਚਾਇਤ ’ਚ ਜੁੜਨ ਵਾਲੇ ਇਕੱਠ ਦੇ ਮੱਦੇਨਜ਼ਰ ਸੁਰੱਖਿਆ ਵਿਵਸਥਾ ਦੇ ਪੁਖਤਾ ਇੰਤਜ਼ਾਮ ਕੀਤੇ ਗਏ ਸਨ। ਪੁਲੀਸ ਨੇ 5 ਨਾਕੇ ਲਗਾਏ ਗਏ ਸਨ। ਮਹਾਪੰਚਾਇਤ ਵਿੱਚ ਹਰਿਆਣਾ ਹੀ ਨਹੀਂ, ਪੰਜਾਬ ਅਤੇ ਉੱਤਰ ਪ੍ਰਦੇਸ਼ ਤੋਂ ਵੀ ਲੋਕ ਆਏ। ਕੁਰੂਕਸ਼ੇਤਰ ਆਉਂਦੇ ਹੋਏ ਟਿਕੈਤ ਰਸਤੇ ਵਿੱਚ ਪਾਣੀਪਤ ਵਿੱਚ ਵੀ ਰੁਕੇ, ਜਿਥੇ ਉਨ੍ਹਾਂ 26 ਜਨਵਰੀ ਨੂੰ ਲਾਲ ਕਿਲੇ ’ਤੇ ਧਾਰਮਿਕ ਝੰਡਾ ਝੁਲਾਉਣ ਦੇ ਦੋਸ਼ ’ਚ ਨਾਮਜ਼ਦ ਦੀਪ ਸਿੱਧੂ ਨੂੰ ਪੁਲੀਸ ਵਲੋਂ ਗ੍ਰਿਫਤਾਰ ਕਰਨ ਦੀ ਕਾਰਵਾਈ ਨੂੰ ਜਾਇਜ਼ ਕਰਾਰ ਦਿੱਤਾ।

Leave a Reply

Your email address will not be published. Required fields are marked *